ਅਜੋਕਾ ਸਿੱਖ ਚਿੰਤਨ ,ਲਿਖਾਰੀ ਤੇ ਕਥਾਵਾਚਕ

ਅਜੋਕਾ ਸਿੱਖ ਚਿੰਤਨ ,ਲਿਖਾਰੀ ਤੇ ਕਥਾਵਾਚਕ

                                     ਸਪੋਕਸਮੈਨ ਰਸਾਲਾ ਤੇ ਕਾਲਾ ਅਫਗਾਨਾ ਦੀਆਂ ਲਿਖਤਾਂ

ਗੁਰਬਾਣੀ ਅਤੇ ਸਿੱਖੀ ਦੀਆਂ ਵਿਆਖਿਆ ਪ੍ਰਣਾਲੀਆਂ ਸਦਾ ਹੀ ਸਿੱਖਾਂ ਦਾ ਮੂਲ ਸਰੋਕਾਰ ਰਹੀਆਂ ਹਨ। ਉਨ੍ਹੀਵੀਂ ਸਦੀ ਦੇ ਮਗਰਲੇ ਦਹਾਕਿਆਂ ਤੱਕ ਵਿਆਖਿਆ ਪ੍ਰਣਾਲੀਆਂ ਦਾ ਮੁੱਦਾ ਅਜਿਹੇ ਮਸਲੇ ਦੇ ਤੌਰ ਤੇ ਨਹੀਂ ਸੀ ਲਿਆ ਜਾਂਦਾ ਜਿਸਦਾ ਕਿ ਫੌਰੀ ਹੱਲ ਕੀਤੇ ਜਾਣ ਦੀ ਲੋੜ ਸੀ। ਨਿਹੰਗ ਸਿੰਘਾਂ ਦੇ ਰੂਪ ਵਿਚ ਖਾਲਸੇ ਦੀ ਗੁਰਬਾਣੀ ਅਤੇ ਸਿੱਖੀ ਪ੍ਰਤੀ ਪਹੁੰਚ, ਜੋ ਕਿ ਲਿਖਤਾਂ ਨਾਲੋਂ ਅਮਲ ਵਿਚ ਵਧੇਰੇ ਸਿ਼ੱਦਤ ਨਾਲ ਪ੍ਰਗਟ ਹੋ ਰਹੀ ਸੀ, ਨਿਰਮਲਾ ਅਤੇ ਉਦਾਸੀ ਆਦਿਕ ਬਾਕੀ ਵਿਆਖਿਆ ਪ੍ਰਣਾਲੀਆਂ ਨਾਲ ਇਕ ਚੰਗੇ ਸਹਿਚਾਰ ਦਾ ਪ੍ਰਮਾਣ ਦੇ ਰਹੀ ਸੀ। ਗੁਰਬਾਣੀ ਦੇ ਬਹੁ-ਅਰਥੀ ਪਸਾਰਾਂ ਨੂੰ ਸਿੱਖਾਂ ਦੇ ਅਨੁਭਵ ਵਿਚ ਇਕ ਅਜਿਹੀ ਥਾਂ ਪ੍ਰਾਪਤ ਸੀ, ਕਿ ਸਹਿਜ ਦੀਆਂ ਪਰਤਾਂ ਦੇ ਬਦਲਵੇਂ ਪਸਾਰ ਖਾਲਸੇ ਦੀ ਹਸਤੀ ਨੂੰ ਚੁਣੌਤੀ ਦੀ ਬਜਾਏ, ਉਸਦੇ ਆਪੇ ਨੂੰ ਸਫਰ ਦੇ ਅਨੇਕ ਪੜਾਵਾਂ ਵਿਚ ਇਕੋ ਵੇਲੇ ਪ੍ਰਗਟ ਹੋ ਰਿਹਾ ਵਿਖਾਉ਼ਦੇ ਸਨ। ਖਾਲਸੇ ਦੀ ਧਰਮ  ਪ੍ਰਤੀ ਪਹੁੰਚ, ਜੋ ਕਿ ਕੁੱਝ ਵੀ ਹੋ ਸਕਦੀ ਸੀ ਪਰ ਨਿਰੰਕੁਸ਼ ਤੇ ਦਮਨਕਾਰੀ ਨਹੀਂ ਸੀ, ਜਿ਼ੰਦਗੀ ਦੇ ਵਿਗਾਸ ਨਾਲ ਇਕਸੁਰ ਹੋ ਕੇ ਆਪਣਾ ਆਪ ਪ੍ਰਗਟ ਕਰ ਰਹੀ ਸੀ। ਖਾਲਸੇ ਦੀ ਲਿਖਤ ਵਿਚ ਗੈਰਹਾਜ਼ਰੀ ਪਰ ਅਮਲ ਦੀ ਸਿ਼ੱਦਤ ਨੇ ਇਸ ਅਨੁਭਵ ਦੀ ਸਾਬਤਕਦਮੀ ਕਿਸੇ ਸੋਹਣੇ ਅਹਿਸਾਸ ਵਿਚ ਸੰਭਾਲਕੇ ਰੱਖੀ। ਵਕਤ ਦੇ ਬੀਤਣ ਨਾਲ ਖਾਲਸਾ ਸਿੱਖ ਸੰਸਥਾਵਾਂ ਵਿਚੋਂ ਲੱਗਭੱਗ ਗੈਰ ਹਾਜ਼ਰ ਹੋ ਗਿਆ। ਇਸ ਨਾਲ ਸਾਰੇ ਸਮੀਕਰਨ ਬਦਲੇ ਗਏ। ੳੇੁਨ੍ਹੀ਼ਵੀ਼ ਸਦੀ ਦੇ ਅਖੀਰ ਵਿਚ ਸਿੱਖਾਂ ਅੰਦਰ ਸ਼ੁਰੂ ਹੋਇਆ ਵਾਰਤਾਲਾਪ ਦਾ ਅਮਲ ਇਸੇ ਹੀ ਵਰਤਾਰੇ ਦੇ ਜੁਆਬ ਵਿਚ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਵਾਰਤਾਲਾਪ ਦਾ ਇਹ ਨਵਾਂ ਰੂਪ ਸਿੱਖਾਂ ਨੂੰ ਹਰ ਨਵੇਂ ਦਿਨ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ। ਪਿਛਲੇ ਦੋ ਕੁ ਦਹਾਕਿਆਂ ਦੌਰਾਨ ਇਸਦੀ ਸੁਰ ਵਧੇਰੇ ਤਿੱਖੀ ਤੇ ਤੀਬਰ ਹੋਈ ਹੈ। ਹੱਥਲਾ ਲੇਖ ਇਸ ਵਰਤਾਰੇ ਤੇ ਝਾਤ ਪਾਉਣ ਦਾ ਇਕ ਨਿਮਾਣਾ ਜਿਹਾ ਜਤਨ ਹੈ। ਇਸ ਸਬੰਧ ਵਿਚ ਅਜਿਹੀ ਸਖਿਤੀ ਦੇ ਵੇਰਵੇ ਤੋਂ ਬਾਅਦ ਅਸੀਂ ਇਸ ਵਰਤਾਰੇ ਦੇ ਉਥਾਨ ਤੇ ਵਿਕਾਸ ਬਾਰੇ ਵਿਚਾਰ ਕਰਾਂਗੇ।

 

ਪਿਛਲੇ ਡੇਢ ਦੋ ਦਹਾਕਿਆਂ ਤੋ, ਜਦੋਂ ਤੋਂ ਸਪੋਕਸਮੈਨ ਰਸਾਲਾ ਤੇ ਕਾਲਾ ਅਫਗਾਨਾ ਦੀਆਂ ਲਿਖਤਾਂ ਸਾਹਮਣੇ ਆਈਆਂ ਹਨ, ਸਿੱਖੀ ਦੀ ਵਿਆਖਿਆ ਵਿਚ ਇਕ ਨਵਾਂ ਰੁਝਾਨ ਸਾਹਮਣੇ ਆਇਆ ਹੈ। ਇਹ ਪਹੁੰਚ ਨਾਂ ਤਾਂ ਕਿਸੇ ਪੁਰਾਣੀ ਪ੍ਰੰਪਰਾ ਨਾਲ ਇਕਸੁਰਤਾ ਵਿਚ ਹੈ, ਨਾਂ ਹੀ ਇਸਨੇ ਕੋਈ ਨਵਾਂ ਗਿਆਨ ਹਾਸਲ ਕਰਨ ਵੱਲ ਰੁਚੀ ਵਿਖਾਈ ਹੈ। ਇਸ ਪਹੁੰਚ ਵਾਲੇ ਬਹੁਤੇ ਬੰਦੇ ਧਰਮ ਜਾਂ ਫਲਸਫੇ ਦੀ ਕਿਸੇ ਵੀ ਪ੍ਰੰਪਰਿਕ ਜਾਂ ਆਧੁਨਿਕ ਵਿੱਦਿਆ ਤੋਂ ਕੋਰੇ ਹਨ। ਇਹਨਾਂ ਦੀ ਟੇਕ ਤਰਕ ਵਿਗਿਆਨ ਤੇ ਹੈ ਜਿਸਦੀ ਬਾਲ-ਬੋਧ ਦੇ ਪੱਧਰ ਦੀ ਜਾਣਕਾਰੀ ਵੀ ਇਹਨਾਂ ਦੀਆਂ ਲਿਖਤਾਂ ਵਿਚੋਂ ਪ੍ਰਗਟ ਨਹੀਂ ਹੁੰਦੀ। ਇਹਨਾਂ ਲਿਖਤਾਂ ਵਿਚ ਧਰਮ, ਸੱਭਿਆਚਾਰ, ਬੋਲੀ ਤੇ ਨੈਤਿਕਤਾ ਆਦਿਕ ਬਾਰੇ ਕੁੱਝ ਨਿਰਣੇ ਹਨ, ਜਿਹਨਾਂ ਦੇ ਅਧਾਰ ਤੇ ਹਰ ਗੱਲ ਦੀ ਨਿਰਖ-ਪਰਖ ਕਰਨ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਜਿਸ ਗਿਆਨ ਰਾਹੀਂ ਇਹ ਸਾਰਾ ਮੁਹਾਵਰਾ ਸਥਾਪਤ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ, ਅਸੀਂ ਇਹ ਵਿਚਾਰ ਕਰਨੀ ਹੈ ਕਿ ਉਹ ਗਿਆਨ ਅਸਲ ਵਿਚ ਕੀ ਹੈ? ਉਹ ਗਿਆਨ ਕਿਹੜੀ ਪ੍ਰੰਪਰਾ ਨਾਲ ਸਬੰਧਿਤ ਹੈ? ਉਸ ਗਿਆਨ ਨੂੰ ਇੱਕ ਬ੍ਰਹਿਮੰਡੀ ਪੱਧਰ ਦਾ ਅੰਤਮ ਸੱਚ ਬਣਾਕੇ ਪੇਸ਼ ਕਰਨ ਦੀ ਕੀ ਤੁਕ ਬਣਦੀ ਹੈ? ਸਾਰਿਆਂ ਤੋਂ ਵੱਡੀ ਗੱਲ, ਇਸ ਗਿਆਨ ਦੇ ਕਥਿਤ ਅਲੰਬਰਦਾਰਾਂ ਨੂੰ ਅਸਲ ਵਿਚ ਇਸ ਦਾ ਕਿੰਨ੍ਹਾਂ ਕੁ ਪਤਾ ਹੈ? ਇਹ ਕੁਝ ਸਵਾਲ ਹਨ, ਜਿੰਨ੍ਹਾਂ ਵੱਲ ਧਿਆਨ ਦਿਵਾਉਣਾ ਇਸ ਲੇਖ ਦਾ ਮਕਸਦ ਹੈ।

ਇਹ ਗਿਆਨ ਜੋ ਕਿ ਆਧੁਨਿਕਤਾਵਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੰਗਰੇਜ਼ ਦੇ ਨਾਲ ਸਾਡੀ ਧਰਤੀ ਤੇ ਆਇਆ। ਯੁਰਪ ਦੇ ਐਨਲਾਈਟਨਮੈਂਟ ਫਲਸਫੇ ਤੇ ਅਧਾਰਿਤ ਇਸ ਤਰਕਵਾਦੀ ਪਹੁੰਚ ਪਿੱਛੇ ਜਿੰ਼ਦਗੀ ਪ੍ਰਤੀ ਇਕ ਖਿਆਲ ਸੀ ਜੋ ਕਿ ਈਸਾਈਅਤ ਨੂੰ ਧੁਰਾ ਬਣਾਕੇ ਦੁਨੀਆਂ ਦੀਆਂ ਸਾਰੀਆਂ ਧਾਰਮਿਕ, ਸੱਭਿਆਚਾਰ ਤੇ ਨਸਲੀ ਪ੍ਰੰਪਰਾਵਾਂ ਨੂੰ ਪ੍ਰੀਭਾਸਿ਼ਤ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ। ਇਸ ਪਹੁੰਚ ਦਾ ਨਸਲੀ ਪੱਖ ਸਮਝਣਾ ਸਾਰੀ ਸਥਿਤੀ ਦਾ ਸਹੀ ਜਾਇਜ਼ਾ ਲੈਣ ਲਈ ਜ਼ਰੂਰੀ ਹੈ। ਨਸਲੀ ਇਸ ਲਈ ਕਿ ਯੁਰਪੀਨਾਂ ਵਲੋਂ ਕੀਤੀਆਂ ਈਸਾਈਅਤ ਦੀਆਂ ਵਿਆਖਿਆਵਾਂ ਅਸਲ ਵਿਚ ਈਸਾਈਅਤ ਦੇ ਨਾਂ ਤੇ ਗੋਰੀ ਨਸਲ ਦੀ ਚੌਧਰ ਜਮਾਉਣ ਦਾ ਹੀ ਸਾਧਨ ਸਨ। ਦੂਜੇ ਸ਼ਬਦਾਂ ਵਿਚ ਯੁਰਪੀ ਫਲਸਫੇ ਤਹਿਤ ਕੀਤੀ ਗਈ ਈਸਾਈਅਤ ਜਾਂ ਕਹਿ ਲਓ ਧਰਮ ਦੀ ਵਿਆਖਿਆ ਅਸਲ ਵਿਚ ਯੁਰਪ ਦੀ ਸਾਮਰਾਜੀ ਬਿਰਤੀ ਦੀ ਪੈਦਾਇਸ਼ ਜਿਸ ਵਿਚ ਆਪਣੀ ਨਸਲ ਨਾਲ ਸਨਕੀ ਕਿਸਮ ਦੇ ਲਗਾਅ ਦੇ ਨਾਲ ਨਾਲ ਬਾਕੀ ਨਸਲਾਂ ਦੇ ਲੋਕਾਂ ਲਈ ਅੰਨ੍ਹੀ ਨਫਰਤ ਵੀ ਸੀ। ਇਸ ਲਈ ਜਦ ਯੁਰਪੀਨ ਇਕ ਸਾਮਰਾਜੀ ਤਾਕਤ ਦੇ ਤੌਰਤੇ ਬਾਹਰ ਨਿੱਕਲੇ ਤਾਂ ਉਹ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਇਕ ਵਿਆਖਿਆ ਪ੍ਰਣਾਲੀ ਵੀ ਨਾਲ ਹੀ ਲੈ ਕੇ ਆਏ। ਇਸ ਵਿਆਖਿਆ ਪ੍ਰਣਾਲੀ ਤਹਿਤ ਦਿੱਤੀ ਧਰਮ ਦੀ ਵਿਆਖਿਆ ਨੂੰ ਜੋ ਕਿ, ਅਸਲ ਵਿਚ ਈਸਾਈਅਤ ਦੀ ਵਿਆਖਿਆ ਸੀ, ਇਕ ਪੂਰਨ ਤੇ ਆਖਰੀ ਵਿਆਖਿਆ ਦੇ ਤੌਰਤੇ ਪੇਸ਼ ਕੀਤਾ ਗਿਆ। ਦੂਜੇ ਧਰਮਾਂ ਦੇ ਲੋਕਾਂ ਸਾਹਮਣੇ ਇਹ ਸ਼ਰਤ ਰੱਖੀ ਗਈ ਕਿ ਉਹ ਆਧੁਨਿਕਤਾਵਾਦ ਦੇ ਮਿਆਰਾਂ ਅਨੁਸਾਰ ਆਪਣੇ ਧਰਮ ਨੂੰ ਧਰਮ ਸਿੱਧ ਕਰਕੇ ਵਿਖਾਉਣ। ਆਧੁਨਿਕਤਾਵਾਦ ਪਿੱਛੇ ਦਲੀਲ ਇਹ ਬਣਾਈ ਗਈ ਕਿ ਇਹ ਇੱਕ ਪ੍ਰਪੱਕ ਵਿਆਖਿਆ ਪ੍ਰਣਾਲੀ ਹੈ ਕਿਉਂਕਿ ਇਹ ਤਰਕ ਆਧਾਰਿਤ ਵਿਗਿਆਨਕ ਪਹੁੰਚ ਤੇ ਅਧਾਰਿਤ ਹੈ। ਇਹ ਸੱਚ ਲੁਕੋ ਲਿਆ ਗਿਆ ਕਿ ਇਹ ਯੁਰਪੀਨਾਂ ਦੀਆਂ ਨਸਲਵਾਦੀ ਤੇ ਸਾਮਰਾਜੀ ਬਿਰਤੀਆਂ ਵਿਚੋਂ ਪੈਦਾ ਹੋਈ ਇਕ ਦਾਰਸ਼ਨਿਕ ਪਹੁੰਚ ਜਿਸ ਨੂੰ ਸਥਾਪਿਤ ਕਰਨ ਲਈ ਈਸਾਈਅਤ ਦਾ ਨਾਂ ਬੜੀ ਢੀਠਤਾਈ ਨਾਲ ਵਰਤਿਆ ਗਿਆ ਹੈ। ਸਿੱਖਾਂ ਦੇ ਮਾਮਲੇ ਵਿਚ, ਕਿਉਂਕਿ ਸਿੰਘ ਸਭਾ ਲਹਿਰ ਦੇ ਸੰਚਾਲਿਕਾਂ ਨੂੰ ਇਹ ਗੱਲ ਪਤਾ ਨਹੀਂ ਸੀ ਕਿ ਕਥਿਤ ਤਰਕ ਅਧਾਰਿਤ ਆਧੁਨਿਕ ਪਹੁੰਚ ਪਿੱਛੇ ਅਸਲ ਮਨਸੂਬੇ ਕੀ ਸਨ, ਕਿਉਂ ਕਿ ਉਹ ਨਹੀਂ ਸਨ ਸਮਝਦੇ ਕਿ ਸਿੱਖੀ ਦੀ ਆਧੁਨਿਕ ਤਰਜ਼ ਦੀ ਵਿਆਖਿਆ ਪੇਸ਼ ਕਰਨ ਲੱਗਿਆਂ ਉਹ ਅਸਲ ਵਿਚ ਇਸ ਦੀ ਰੂਹ ਨਾਲੋਂ ਅਲਹਿਦਗੀ ਵੱਲ ਨੂੰ ਵਧ ਰਹੇ ਸਨ, ਉਹਨਾਂ ਬੜੇ ਜੋਸ਼-ਖਰੋਸ਼ ਨਾਲ ਆਧੁਨਿਕਤਾਵਾਦੀ ਪਹੁੰਚ ਅਪਨਾਉਣ ਦਾ ਰਾਹ ਫੜ੍ਹਿਆ। ਉਹ ਇਸ ਜਾਲ ਵਿਚ ਫਸ ਗਏ ਕਿ ਆਧੁਨਿਕ ਮਿਆਰ ਬ੍ਰਹਿਮੰਡੀ ਪੱਧਰ ਦੇ ਅੰਤਮ ਮਿਆਰ ਹਨ, ਜਿਹਨਾਂ ਦਾ ਹੋਰ ਕੋਈ ਬਦਲ ਮੌਜੂਦ ਨਹੀਂ ਹੈ। ਇੱਥੇ ਸਿੰਘ ਸਭਾ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਨਵੀਂ ਵਿਆਖਿਆ ਦੇ ਧਾਰਨੀ ਹੋਣ ਦੇ ਬਾਵਜੂਦ ਵੀ ਉਹ ਸਿੱਖੀ ਦੀ ਰੂਹ ਨਾਲ ਇਸ ਕਦਰ ਇਕਸੁਰ ਸਨ ਕਿ ਆਪਣੇ ਜੀਵਨ ਦੌਰਾਨ ਉਹਨਾਂ ਵਿਚੋਂ ਬਹੁਤੇ ਪੁਰਾਣੀ ਕਿਸਮ ਦੇ ਸ਼ਾਨਾਂਮੱਤੇ ਸਿੱਖ ਹੀ ਰਹੇ। ਪਰ ਲੰਮੇ ਸਮੇਂ ਵਿਚ ਉਹਨਾਂ ਵਲੋਂ ਸਥਾਪਿਤ ਕੀਤੀ ਵਿਆਖਿਆ ਪ੍ਰਣਾਲੀ ਦਾ ਮੁੱਲ ਸਿੱਖਾਂ ਨੂੰ ਜ਼ਰੂਰ ਤਾਰਨਾ ਪਿਆ। ਸਿੰਘ ਸਭਾ ਲਹਿਰ ਦੇ ਸੰਚਾਲਕ ਭਾਵੇਂ ਪੱਛਮੀ ਫਲਸਫੇ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਸਨ, ਪਰ ਉਹਨਾਂ ਦੀ ਵਿਦਵਤਾ ਦਾ ਇਕ ਖਾਸ ਮਿਆਰ ਸੀ। ਉਹ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ ਤੇ ਸਿੱਖੀ ਅਤੇ ਸਿੱਖਾਂ ਦੇ ਇਤਿਹਾਸ ਦੇ ਹੋਰ ਸਰੋਤਾਂ ਦੀ ਡੂੰਘੀ ਜਾਣਕਾਰੀ ਰੱਖਦੇ ਸਨ। ਕਹਿਣ ਤੋਂ ਭਾਵ ਸਿੰਘ ਸਭਾ ਨਾਲ ਸਬੰਧਤ ਵਿਦਵਾਨਾਂ ਦੇ ਪੱਛਮੀ ਫਲਸਫੇ ਤੋਂ ਅਨਜਾਣ ਹੋਣ ਕਾਰਨ ਉਹਨਾਂ ਦੇ ਕੰਮ ਵਿਚ ਜੋ ਸਮੱਸਿਆਵਾਂ ਆਈਆਂ, ਉਹਨਾਂ ਦੀ ਇਕ ਹੱਦ ਸੀ ਕਿਉਂਕਿ ਉਹ ਆਪਣੇ ਆਪਣੇ ਖੇਤਰ ਦੇ ਪ੍ਰਬੀਨ ਵਿਦਵਾਨ ਜ਼ਰੂਰ ਸਨ। ਇਸ ਲਈ ਸਭ ਘਾਟਾਂ ਦੇ ਬਾਵਜੂਦ ਅਸੀਂ ਸਿੰਘ ਸਭਾ ਲਹਿਰ ਦੇ ਸਦਾ ਲਈ ਦੇਣਦਾਰ ਰਹਾਂਗੇ।

 

 ਪਰ ਅੱਜ ਹਾਲਾਤ ਕੁੱਝ ਹੋਰ ਹੋ ਗਏ ਹਨ। ਵਿਦਵਤਾ ਦੀਆਂ ਉਹ ਪ੍ਰੰਪਰਾਵਾਂ, ਜੋ ਸਿੰਘ ਸਭਾ ਲਹਿਰ ਤੱਕ ਕਿਸੇ ਨਾ ਕਿਸੇ ਰੂਪ ਵਿਚ ਸਲਾਮਤ ਸਨ, ਖਤਮ ਹੋ ਚੁੱਕੀਆਂ ਹਨ। ਸੰਨ 1849 ਤੋਂ ਬਾਅਦ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਸਿੱਖਾਂ ਦੇ ਪੱਲੇ ਅਜਿਹੀ ਤਾਕਤ ਨਹੀਂ ਸੀ, ਜਿਸ ਸਦਕਾ ਉਹ ਕੋਈ ਆਪਣੀ ਸਿੱਖਿਆ ਪ੍ਰਣਾਲੀ ਪੇਸ਼ ਕਰਦੇ। ਇਸਤੋਂ ਇਲਾਵਾ ਵੀ ਹਿੰਦੁਸਤਾਨ ਤੇ ਰਾਜ ਕਰਨ ਵਾਲੀ ਧਿਰ ਨੇ ਸਿਵਲ, ਪੁਲਿਸ ਤੇ ਫੋਜੀ ਅਧਿਕਾਰੀਆਂ ਦੀ ਸਿਖਲਾਈ ਨੂੰ ਛੱਡਕੇ ਕਿਸੇ ਵੀ ਵਿਦਿਅਕ ਸੰਸਥਾ ਦਾ ਕੋਈ ਸਨਮਾਨਯੋਗ ਰੂਪ ਸਾਹਮਣੇ ਨਹੀਂ ਆਉਣ ਦਿੱਤਾ। ਪਹਿਲਾਂ ਬਾਹਮਣਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਵਿੱਦਿਆ ਤੋਂ ਕੋਰੇ ਰੱਖਿਆ, ਹੁਣ ਅਜਿਹਾ ਹੋਰ ਬਹਾਨਿਆਂ ਤਹਿਤ ਹੋ ਰਿਹਾ ਹੈ। ਬਾਹਮਣਾਂ ਵਲੋਂ ਸਦੀਆਂ ਤੋਂ ਅਨਪੜ੍ਹ ਰੱਖੀ ਹਿੰਦੁਸਤਾਨ ਦੀ ਮਜ਼ਲੂਮ ਦਲਿਤ ਜਨਤਾ ਐਨੀ ਕੁ ਮਾਸੂਮ ਹੈ ਕਿ ਭਾਰਤੀ ਹਾਕਮਾਂ ਲਈ ਮਹਿਜ਼ ਅਵੇਸਲੇ ਹੋ ਜਾਣਾ ਹੀ ਕਾਫੀ ਹੈ। ਇਹਨਾਂ ਕਾਰਨਾਂ ਕਰਕੇ ਸਿੰਘ ਸਭਾ ਤੋਂ ਬਾਅਦ ਸਿੱਖਾਂ ਅੰਦਰ ਕੁੱਝ ਕੁ ਵਿਦਵਾਨ ਤਾਂ ਪੈਦਾ ਹੋਏ ਪਰ ਸਿੰਘ ਸਭਾ ਵਾਂਗ ਪੂਰੀ ਦੀ ਪੂਰੀ ਲਹਿਰ ਕਦੇ ਸਾਹਮਣੇ ਨਹੀਂ ਆਈ। ਅਜਿਹੀ ਕਿਸੇ ਲਹਿਰ ਦੀ ਅਣਹੋਂਦ ਸਦਕਾ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਵਿਦਵਾਨਾਂ ਦੇ ਹੁੰਦਿਆਂ ਵੀ ਸਿੰਘ ਸਭਾ ਦੀ ਸਥਾਪਿਤ ਕੀਤੀ ਵਿਆਖਿਆ ਪ੍ਰਣਾਲੀ ਦਾ ਕੋਈ ਬਦਲ ਸਾਹਮਣੇ ਨਾ ਆਇਆ। ਅਜਿਹੀ ਸਥਿਤੀ ਵਿਚ ਇਕ ਇਸ ਤਰ੍ਹਾਂ ਦੀ ਪਹੁੰਚ ਵਾਲੇ ਵਿਅਕਤੀ ਸਿੱਖੀ ਬਾਰੇ ਲਿਖਣ ਲੱਗੇ, ਜਿਹੜੇ ਕਿ ਨਾ ਤਾਂ ਉਹ ਸਿੱਖੀ ਦੇ ਕਰੀਬ ਹਨ ਤੇ ਨਾ ਉਹਨਾਂ ਕੋਲ ਕਿਸੇ ਕਿਸਮ ਦੀ ਅਕਾਦਮਿਕ ਯੋਗਤਾ ਹੈ। ਘੱਗੇ ਤੇ ਕਾਲੇ ਅਫਗਾਨੇ ਵਰਗੇ ਬੰਦੇ ਸਿੱਖਾਂ ਦੇ ਸੰਜੀਦਾ ਵਿਦਿਆਰਥੀਆਂ ਵਲੋਂ ਅਜਿਹੇ ਖਰੜ ਗਿਆਨੀਆਂ ਦੀ ਕਤਾਰ ਵਿਚ ਹੀ ਰੱਖੇ ਜਾਂਦੇ ਹਨ। 

 

ਪ੍ਰਭਸ਼ਰਨਦੀਪ ਸਿੰਘ