ਪਰਵਾਸ’ ਦਾ ਸੁਪਨਾ ਲੈਂਦੇ ਪਰਵਾਸੀ!

ਪਰਵਾਸ’ ਦਾ ਸੁਪਨਾ ਲੈਂਦੇ ਪਰਵਾਸੀ!

ਪਰਵਾਸੀ ਦਾ ਇਰਾਦਾ ਹੀ ਉਸ ਦਾ ਸਰਮਾਇਆ ਹੁੰਦਾ ਹੈ

ਕੈਨੇਡਾ ਵੱਲ ਇਹ ਮੇਰਾ ਤੀਜਾ ਗੇੜਾ ਹੈ। ਕੋਰੋਨਾ ਨਾ ਆਉਂਦਾ ਤਾਂ ਸ਼ਾਇਦ ਪੰਜਵਾਂ-ਛੇਵਾਂ ਹੁੰਦਾ। ਹਰ ਗੇੜੇ ਕੈਨੇਡਾ ਦਾ ਤਲਿਸਮ ਮੱਧਮ ਪੈ ਰਿਹਾ ਹੈ। ਜਿਹੜੀਆਂ ਗੱਲਾਂ ਕਰਕੇ ਇਹ ਮੁਲਕ ਸੁਪਨਾ ਲੱਗਦਾ ਸੀ, ਪੰਜਾਬ ਬੈਠਿਆਂ ਨੂੰ ਆਪਣੇ ਵੱਲ ਖਿੱਚਦਾ ਸੀ, ਉਹ ਗੱਲਾਂ ਹੁਣ ਛੋਟੀਆਂ ਲੱਗਣ ਲੱਗੀਆਂ ਹਨ। ਇੱਥੇ ਹੰਢਾਏ ਜਾ ਰਹੇ ਅਨੁਭਵਾਂ ਦੀ ਚੀਸ ਵੱਡੀ ਲੱਗਦੀ ਹੈ। ਕੋਰੋਨਾ ਦੌਰਾਨ ਜਦੋਂ ਪੜ੍ਹਦੇ, ਸੁਣਦੇ ਸਾਂ ਕਿ ਕੈਨੇਡਾ ਸਰਕਾਰ ਘਰ ਬੈਠਿਆਂ ਨੂੰ ਦੋ-ਦੋ ਹਜ਼ਾਰ ਡਾਲਰ ਦੇ ਰਹੀ ਹੈ ਤਾਂ ਟਰੂਡੋ ਉੱਪਰ ਰਸ਼ਕ ਆਉਂਦਾ ਸੀ। ਆਪਣੇ ਦੇਸ਼ ਦੀ ਹਕੂਮਤ ਨੂੰ ਲਾਹਨਤਾਂ ਪਾਉਂਦੇ ਸਾਂ। ਇੱਥੇ ਆ ਕੇ ਪਤਾ ਲੱਗਾ ਹੈ ਕਿ ਉਸ ਖੈਰਾਤ ਨੂੰ ਹਕੂਮਤ ਮੰਡੀ ਦੀ ਗੁੱਝੀ ਜੁਗਤ ਰਾਹੀਂ ਵਸੂਲ ਕਰ ਰਹੀ ਹੈ। ਨਿੱਤ ਵਰਤੋਂ ਦੀ ਹਰ ਚੀਜ਼ ਦੀ ਕੀਮਤ ਡਿਉੜੀ-ਦੁੱਗਣੀ ਹੋ ਗਈ ਹੈ। ਗਰੌਸਰੀ ਕਰਦਿਆਂ ਕਾਰ ਦੀ ਡਿੱਗੀ ਵਿਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ਨਹੀਂ ਆਉਂਦੀ। ਸਭ ਤੋਂ ਵੱਡੀ ਮਾਰ ਪਈ ਹੈ ਪ੍ਰਾਪਰਟੀ ਨੂੰ। ਕੋਰੋਨਾ ਦੌਰਾਨ ਪਤਲੀ ਪੈ ਗਈ ਵਿੱਤੀ ਹਾਲਤ ਨੂੰ ਸੁਧਾਰਨ ਲਈ ਬੈਂਕਾਂ ਨੇ ਕਰਜ਼ੇ ਉੱਪਰ ਵਿਆਜ ਦਰਾਂ ਦੋ ਪਰਸੈਂਟ ਤੋਂ ਵੀ ਹੇਠਾਂ ਲੈ ਆਂਦੀਆਂ। ਨਤੀਜਾ ਇਹ ਹੋਇਆ ਕਿ ਪਹਿਲਾਂ ਹੀ ਪੂੰਜੀਪਤੀ ਹੋਏ ਲੋਕਾਂ ਨੇ ਹੋਰ ਨਵੇਂ ਘਰ ਖ਼ਰੀਦਣੇ ਸ਼ੁਰੂ ਕਰ ਦਿੱਤੇ। ਗਾਹਕ ਵਧਣ ਨਾਲ ਕੀਮਤਾਂ ਵੀ ਵਧ ਗਈਆਂ। ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਏ ਤੇ ਨਵੇਂ-ਨਵੇਂ ਪੀਆਰ ਹੋਏ ਬੱਚਿਆਂ ਲਈ ਘਰ ਖ਼ਰੀਦਣੇ ਤਾਂ ਮੁਸ਼ਕਲ ਹੋਏ ਈ, ਕਿਰਾਏ ’ਤੇ ਰਹਿਣਾ ਵੀ ਔਖਾ ਹੋ ਗਿਆ। ਇਸ ਦਾ ਨਤੀਜਾ ਇਹ ਹੋਇਆ ਕਿ ਲੋਕਾਂ ਦਾ ਇਸ ਮੁਲਕ ਨਾਲੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੇ ਇੱਥੋਂ ਕਿਸੇ ਹੋਰ ਦੇਸ਼ ਵਿਚ ਜਾਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਇਕ ਨਵੇਂ ਸਰਵੇਖਣ ਮੁਤਾਬਕ ਤੀਹ ਫ਼ੀਸਦੀ ਨੌਜਵਾਨ ਪਰਵਾਸੀਆਂ ਨੇ ਅਗਲੇ ਦੋ ਸਾਲਾਂ ਦੌਰਾਨ ਕੈਨੇਡਾ ਛੱਡਣ ਦਾ ਮਨ ਬਣਾ ਲਿਆ ਹੈ। ਇਹ ਸਰਵੇਖਣ ਕੈਨੇਡੀਅਨ ਨਾਗਰਿਕਤਾ ਸਬੰਧੀ ਸੰਸਥਾ ਲੀਗਰ ਵੱਲੋਂ ਕਰਵਾਇਆ ਗਿਆ ਹੈ। ਇਸ ਸਰਵੇਖਣ ਮੁਤਾਬਕ 18-34 ਸਾਲ ਉਮਰ ਵਰਗ ਦੇ ਤੀਹ ਪ੍ਰਤੀਸ਼ਤ ਨਵੇਂ ਬਣੇ ਕੈਨੇਡੀਅਨ ਅਤੇ 23 ਪ੍ਰਤੀਸ਼ਤ ਯੂਨੀਵਰਸਿਟੀ ਪੜਾਕੂ ਅਗਲੇ ਦੋ ਸਾਲਾਂ ਦੌਰਾਨ ਕਿਸੇ ਹੋਰ ਦੇਸ਼ ਜਾਣ ਦਾ ਮਨ ਬਣਾਈ ਬੈਠੇ ਹਨ। ਇਨ੍ਹਾਂ ਹਾਲਤਾਂ ਦੇ ਚੱਲਦਿਆਂ ਵੀ ਕੈਨੇਡਾ ਦਾ ਯੂਥ ਇਹ ਸਮਝਦਾ ਹੈ ਕਿ ਕੈਨੇਡਾ ਨੇ ਪਰਵਾਸੀਆਂ ਨੂੰ ਬਿਹਤਰ ਜੀਵਨ ਜਿਊਣ ਦੀਆਂ ਸਹੂਲਤਾਂ ਦਿੱਤੀਆਂ ਹਨ ਪਰ ਨਵੇਂ ਸਰਵੇਖਣ ਇਹ ਸੰਕੇਤ ਦੇ ਰਹੇ ਹਨ ਕਿ ਕੈਨੇਡਾ ਵਿਚ ਆਪਣਾ ਭਵਿੱਖ ਵੇਖਣ ਵਾਲਿਆਂ ਦਾ ਵਿਸ਼ਵਾਸ ਡਗਮਗਾਇਆ ਹੈ ਅਤੇ ਇਹ ਓਟਾਵਾ ਲਈ ਖ਼ਤਰੇ ਦੀ ਘੰਟੀ ਹੈ। ਇਸ ਰੁਝਾਨ ਦਾ ਸਭ ਤੋਂ ਵੱਡਾ ਕਾਰਨ ਇੱਥੇ ਜਿਊਣਾ ਮਹਿੰਗਾ ਹੋ ਗਿਆ ਹੈ। ਵਧਦੀਆਂ ਕੀਮਤਾਂ ਦਾ ਮਤਲਬ ਦੁਨੀਆ ਵਿਚ ਕਿਸੇ ਹੋਰ ਸਥਾਨ ਦੀ ਭਾਲ ਜਿੱਥੇ ਰਹਿਣਾ, ਖਾਣਾ-ਪੀਣਾ, ਜੀਵਨ ਦੀਆਂ ਸਾਧਾਰਨ ਸੁੱਖ-ਸਹੂਲਤਾਂ ਨੂੰ ਮਾਣਨਾ ਆਸਾਨ ਹੋਵੇ। ਜੇਬ ਵਿਚ ਛਣਕਦੀ ਭਾਨ ਹੋਵੇ ਅਤੇ ਜਿਊਣ ਦੇ ਸਬੱਬ ਖ਼ਰੀਦਣ ਦੀ ਔਕਾਤ ਹੋਵੇ। ਤੰਗੀਆਂ-ਤੁਰਸ਼ੀਆਂ ਜਿਨ੍ਹਾਂ ਨੂੰ ਗਲੋਂ ਲਾਹੁਣ ਲਈ ਉਨ੍ਹਾਂ ਆਪਣੀ ਜਨਮ ਭੋਇੰ ਛੱਡੀ ਹੈ, ਆਪਣਾ ਵਤਨ ਛੱਡਿਆ ਹੈ, ਆਪਣੀ ਹੋਂਦ ਨਾਲ ਜੁੜੇ ਬਹੁਤ ਸਾਰੇ ਸਵਾਲ ਛੱਡੇ ਹਨ, ਮੁੜ ਉਨ੍ਹਾਂ ਲਈ ਵੰਗਾਰ ਨਾ ਬਣ ਜਾਣ। ਪਰਵਾਸ ਹਮੇਸ਼ਾ ਬਿਹਤਰ ਜੀਵਨ ਹਾਲਤਾਂ ਦੀ ਤਲਾਸ਼ ਵਿਚ ਨਿਕਲੇ ਲੋਕਾਂ ਦਾ ਸੁਪਨਾ ਹੁੰਦਾ ਹੈ। ਜਦੋਂ ਇਹ ਸੁਪਨਾ ਟੁੱਟਦਾ ਹੈ ਤਾਂ ਤਲਾਸ਼ ਵੀ ਨਵੇਂ ਰਾਹ ਲੱਭਦੀ ਹੈ। ਜਦ ਘਰੋਂ ਨਿਕਲ ਹੀ ਤੁਰੇ ਤਾਂ ਫਿਰ ਇੱਥੇ ਕੀ ਤੇ ਉੱਥੇ ਕੀ। ਨਵੀਆਂ ਰਾਹਾਂ ਪਿਛਲੀਆਂ ਥਾਵਾਂ ਦੇ ਚੇਤਿਆਂ ਨੂੰ ਵੀ ਪੈੜਾਂ ਦਾ ਹਮਸਫ਼ਰ ਬਣਾ ਲੈਂਦੀਆਂ ਹਨ। ਮਲਟੀਕਲਚਰਡ ਸੱਭਿਅਤਾ ਲਈ ਵਿਕਾਸ ਦੀ ਗਤੀ ਦਾ ਹੁਸਨ ਨੌਜਵਾਨ ਇਰਾਦਿਆਂ ਦਾ ਮੁਥਾਜ ਹੁੰਦਾ ਹੈ। ਪਰਵਾਸੀਆਂ ਦਾ ਇਕ ਹੋਰ ਪਰਵਾਸ ’ਤੇ ਤੁਰ ਜਾਣ ਦਾ ਇਰਾਦਾ ਹਕੂਮਤਾਂ ਲਈ ਪਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ। ਪਰਵਾਸੀ ਦਾ ਇਰਾਦਾ ਹੀ ਉਸ ਦਾ ਸਰਮਾਇਆ ਹੁੰਦਾ ਹੈ। ਕਠਿਨ ਹਾਲਤਾਂ ’ਚੋਂ ਨਿਕਲ ਕੇ ਆਪਣੀ ਮਿਹਨਤ, ਜਜ਼ਬੇ ਅਤੇ ਇਰਾਦੇ ਨਾਲ ਨਵੀਆਂ ਮੰਜ਼ਿਲਾਂ ਸਰ ਕਰਨੀਆਂ ਭਾਵ ਆਪਣੇ ਲਈ ਇਕ ਨਵੀਂ ਦੁਨੀਆ ਸਿਰਜਣੀ ਉਸ ਦਾ ਸੁਪਨਾ ਹੁੰਦਾ ਹੈ। ਪਰਵਾਸ ਨੰਗੇ ਪੈਰੀਂ ਤਪਦੇ ਥਲ ਨੂੰ ਗਾਹੁੰਦਾ ਨਖ਼ਲਿਸਤਾਨ ਹੁੰਦਾ ਹੈ। ਉਹ ਪੀੜ੍ਹੀਆਂ ਦੀ ਗ਼ੁਰਬਤ ਧੋਣ ਲਈ ਬੇਘਰ ਹੋ ਕੇ ਘਰ ਦੀ ਤਲਾਸ਼ ’ਚ ਨਿਕਲੀ ਆਸ ਹੁੰਦਾ ਹੈ। ਆਸਰਾ ਦਿੱਤੇ ਮੁਲਕ ਨੇ ਇਨ੍ਹਾਂ ਗੱਲਾਂ ਦਾ ਲਾਹਾ ਖੱਟਦਿਆਂ ਹਰ ਤਰ੍ਹਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਇਨ੍ਹਾਂ ਪਰਵਾਸੀਆਂ ਦੀ ਊਰਜਾ ਨੂੰ ਵਰਤਣਾ ਹੁੰਦਾ ਹੈ। ਸਰਵੇ ਦੱਸਦੇ ਹਨ ਕਿ ਅੱਜ ਮਹਿੰਗਾਈ ਦੀ ਇਸ ਮਾਰ ਦਾ ਡੰਗ ਪਿਛਲੇ ਤੀਹਾਂ ਸਾਲਾਂ ’ਚ ਸਭ ਤੋਂ ਵੱਧ ਹੈ। ਅਰਥ ਸ਼ਾਸਤਰੀ ਇਸ ਰੁਝਾਨ ਦੇ ਹੋਰ ਵਧਣ ਦੀ ਚੇਤਾਵਨੀ ਦੇ ਰਹੇ ਹਨ। 

ਕੈਨੇਡਾ ਨਾਲੋਂ ਮੋਹ-ਭੰਗ ਹੋਣ ਦੇ ਹੋਰ ਕਾਰਨਾਂ ਵਿਚ ਪਰਵਾਸੀਆਂ ਲਈ ਇੱਜ਼ਤ-ਮਾਣ ਵਾਲੀਆਂ ਨੌਕਰੀਆਂ ਦੀ ਥੁੜ੍ਹ ਵੀ ਹੈ। ਵੇਅਰ-ਹਾਊਸ ਦੀ ਜੌਬ ਉਹ ਵੀ ਘੱਟ ਤਨਖ਼ਾਹਾਂ ’ਤੇ ਕਰਨ ਲਈ ਮਜਬੂਰ ਹੋਣਾ, ਆਪਣੀ ਯੋਗਤਾ ਦੇ ਅਨੁਕੂਲ ਜੌਬ ਨਾ ਮਿਲਣੀ, ਕੋਈ ਸਤਿਕਾਰਤ ਸਮਾਜਿਕ ਰੁਤਬਾ ਨਾ ਮਿਲਣਾ ਆਦਿ ਵੀ ਇਕ ਵੱਡਾ ਕਾਰਨ ਹੈ ਕਿ ਲੋਕ ਇੱਥੋਂ ਚਲੇ ਜਾਣ ਦਾ ਸੋਚ ਰਹੇ ਹਨ। ਯੂਨੀਵਰਸਿਟੀ ਦੀ ਪੜ੍ਹਾਈ ਮੁਕੰਮਲ ਕਰ ਚੁੱਕੇ ਸਿਰਫ਼ ਤੀਹ ਪ੍ਰਤੀਸ਼ਤ ਪਰਵਾਸੀਆਂ ਦਾ ਹੀ ਮੰਨਣਾ ਹੈ ਕਿ ਉਨ੍ਹਾਂ ਨੂੰ ਚੰਗੀ ਜੌਬ ਅਤੇ ਉੱਚਿਤ ਤਨਖ਼ਾਹ ਮਿਲ ਰਹੀ ਹੈ। ਬਹੁਤੇ ਟਰੱਕ ਡਰਾਈਵਰ ਬਣਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਓਥੇ ਪੈਸੇ ਵੱਧ ਬਣਦੇ ਹਨ। ਆਪਣੇ ਹੋਰ ਭੈਣਾਂ-ਭਰਾਵਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜੇਕਰ ਉਹ ਇੱਥੇ ਆ ਕੇ ਆਪਣਾ ਭਵਿੱਖ ਤਲਾਸ਼ਣ ਤੋਂ ਖ਼ਬਰਦਾਰ ਕਰ ਰਹੇ ਹਨ ਤਾਂ ਇਸ ਦਾ ਕਾਰਨ ਉੱਪਰ ਦੱਸੇ ਹਾਲਾਤ ਹੀ ਹਨ। ਇਹ ਕੈਨੇਡਾ ਕਲਚਰ ਦਾ ਇਕ ਪੱਖ ਹੈ। ਉਂਜ ਜਿਸ ਸਿਸਟਮ ਦੀ ਸ਼ਲਾਘਾ ਕਰਦੇ ਅਸੀਂ ਇੱਥੇ ਆ ਵਸੇ ਹਾਂ ਉਸ ਸਿਸਟਮ ਨੂੰ ਬਣਾਈ ਰੱਖਣਾ ਵੀ ਸਾਡਾ ਫ਼ਰਜ਼ ਹੈ। ਸਿਸਟਮ ਵਿਚ ਪੈਦਾ ਹੋ ਰਹੇ ਵਿਗਾੜ ਵਿਚ ਸਾਨੂੰ ਆਪਣੀ ਭੂਮਿਕਾ ਦਾ ਲੇਖਾ-ਜੋਖਾ ਵੀ ਕਰਨਾ ਬਣਦਾ ਹੈ। ਅਸੀਂ ਇਸ ਫ਼ਰਜ਼ ਨਾਲ ਕਿੰਨੀ ਕੁ ਵਫ਼ਾਦਾਰੀ ਪਾਲ ਰਹੇ ਹਾਂ, ਇਸ ਫ਼ਿਕਰ ਬਾਰੇ ਕਦੇ ਫਿਰ ਗੱਲ ਕਰਾਂਗੇ।

ਮਲਵਿੰਦਰ 

97795-91344