...ਦੇਵ ਨੀ ਕਿਸੇ ਨੇ ਬਣ ਜਾਣਾ

...ਦੇਵ ਨੀ ਕਿਸੇ ਨੇ ਬਣ ਜਾਣਾ
ਮਰਹੂਮ ਦੇਵ ਥਰੀਕੇਵਾਲਾ (ਹਰਦੇਵ ਦਿਲਗੀਰ) ਜੀ

ਪੰਜਾਬੀ ਦੇ ਮਸ਼ਹੂਰ ਤੇ ਹਰਮਨ ਪਿਆਰੇ ਗੀਤਕਾਰ..

ਪੰਜਾਬੀ ਦੇ ਮਸ਼ਹੂਰ ਤੇ ਹਰਮਨ ਪਿਆਰੇ ਗੀਤਕਾਰ ਦੇਵ ਥਰੀਕੇਵਾਲਾ ਜੀ ਅੱਜ (25 ਜਨਵਰੀ, 2022) ਨਹੀਂ ਰਹੇ। ਸ਼ਾਇਦ ਹੀ ਪੰਜਾਬੀ ਬੋਲਣ ਵਾਲਾ ਕੋਈ ਅਜਿਹਾ ਬਾਸ਼ਿੰਦਾ ਹੋਵੇ ਜਿਸਨੇ ਜ਼ਿੰਦਗੀ ਵਿੱਚ ਕਦੇ ‘ਟਿੱਲੇ ਤੋਂ ਸੂਰਤ ਨਾ ਦੇਖੀ ਹੋਵੇ’ ਜਾਂ ‘ਮਾਂ ਹੁੰਦੀ ਐ ਮਾਂ ਉਹ ਦੁਨੀਆਂ ਵਾਲਿਓ’ ਨਾ ਸੁਣਿਆ ਹੋਵੇ, ਬਹੁਤਿਆਂ ਨੇ ਤਾਂ ਸੱਥਾਂ, ਪਰ੍ਹਿਆਂ, ਖੇਤਾਂ ਤੇ ਬਾਲ-ਸਭਾਵਾਂ ਵਿੱਚ ਗਾਇਆ ਵੀ ਬਹੁਤ ਹੋਵੇਗਾ। ਦੇਵ ਦੇ ਗੀਤ ਪੰਜਾਬੀਆਂ ਨੇ ਲੋਕ-ਗੀਤਾਂ ਵਾਂਗ ਗਾਏ ਤੇ ਸੁਣੇ ਹਨ। ਦੇਵ ਥਰੀਕੇਵਾਲੇ ਵਾਲੇ ਨੂੰ ਭਾਵੇਂ ਕੋਈ ਜਾਣਦਾ ਹੋਵੇ ਜਾਂ ਨਾ ਪਰ ਕੋਈ ਵੀ ਪੰਜਾਬੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਸਨੇ ਇਹ ਗੀਤ ਨਹੀਂ ਮਾਣੇ। ਦੇਵ ਨੂੰ ਆਪਣੀ ਕਲਮ ਸਮੇਤ ਅੱਜ ‘ਰਾਤ ਜੰਗਲ ਵਿੱਚ ਪਈ ਹੈ’, ਉਸਦੀ ਛਾਤੀ ’ਤੇ ਚੱਲਦਾ ਹਲ਼ ਜਿੰਨਾਂ ਡੂੰਘਾ ਜਾਵੇਗਾ ਓਨੀ ਹੀ ਉੱਚੀ ਹੂਕ ਨਾਲ਼ ਉਹ ਗੁਰੂ ਗੋਰਖ ਨੂੰ ਟਿੱਲੇ ਤੋਂ ਦਿਸਦੀ ਸੂਰਤ ਦਿਖਾਉਂਦਾ ਰਹੇਗਾ। ਉਰਦੂ ਦੇ ਅਫ਼ਸਾਨਾ-ਨਿਗਾਰ ਸਆਦਤ ਹਸਨ ਮੰਟੋ ਨੇ ਆਪਣੀ ਮੌਤ ਤੋਂ ਪਹਿਲਾਂ ਕਿਹਾ ਸੀ ਕਿ ‘ਮੇਰੀ ਕਬਰ ਉੱਤੇ ਲਿਖ ਦਿਓ, “ਇੱਥੇ ਸਆਦਤ ਹਸਨ ਮੰਟੋ ਹੈ।

ਉਸਦੇ ਨਾਲ ਛੋਟੀ ਕਹਾਣੀ ਲਿਖਣ ਦੀਆਂ ਸਾਰੀਆਂ ਕਲਾਵਾਂ ਅਤੇ ਰਹੱਸਾਂ ਨੂੰ ਦਫ਼ਨ ਕੀਤਾ ਗਿਆ ਹੈ...’,ਦੇਵ ਥਰੀਕੇਵਾਲਾ ਵੀ ਹਜ਼ਾਰਾਂ ਗੀਤਾਂ ਨੂੰ ਨਾਲ਼ ਲੈ ਚੱਲ ਵਸਿਆ ਹੈ। ਆਪਣੀ ਸਾਰੀ ਜ਼ਿੰਦਗੀ ਵਿੱਚ ਦੇਵ ਨੇ ਅਜਿਹੇ ਗੀਤ ਲਿਖੇ ਜੋ ਪੰਜਾਬੀਆਂ ਦੀ ਜ਼ੁਬਾਨ ਉੱਤੇ ਗੁੜ ਦੇ ਸਵਾਦ ਵਾਂਗ ਪਏ ਹਨ। ‘ਜੈਮਲ ਫੱਤਾ’, ‘ਜੱਗਾ’, ‘ਜੁਗਨੀ’, ‘ਜਿਉਣਾ ਮੌੜ’, ‘ਸੱਸੀ’, ‘ਹੀਰ ਦੀਆਂ ਕਲੀਆਂ’, ‘ਪੂਰਨ’ ਵਰਗੀਆਂ ਪੰਜਾਬ ਦੀਆਂ ਲੋਕ ਗਾਥਾਵਾਂ ਨਾਲ਼ ਪੰਜਾਬ ਦੇ ਲੋਕਾਂ ਦੀ ਡੂੰਘੀ ਸਾਂਝ ਵਿੱਚ ਦੇਵ ਦੀ ਕਲਮ ਦਾ ਵੱਡਾ ਯੋਗਦਾਨ ਹੈ। ਪੰਜਾਬ ਦੇ ਲੋਕ ਮਾਪਿਆਂ ਪ੍ਰਤੀ ਬੱਚਿਆਂ ਦੇ ਫ਼ਰਜ਼ ਨੂੰ ‘ਛੇਤੀ ਕਰ ਸਰਵਣ ਪੁੱਤਰਾ’ ਦੇ ਪੈਮਾਨਿਆਂ ਨਾਲ਼ ਮੇਚਦੇ ਹਨ। ਪੰਜਾਬੀ ਗੀਤਕਾਰੀ ਦਾ ਇਹ ‘ਬਾਬਾ ਬੋਹੜ’ ਅੱਜ ਉਸ ਘੜੀ ਅਲਵਿਦਾ ਕਹਿ ਗਿਆ ਹੈ ਜਦੋਂ ਨਵੇਂ ਉੱਠ ਰਹੇ ‘ਗੀਤਕਾਰਾਂ’ ਨੂੰ ਉਸ ਕੋਲੋਂ ਸੇਧ ਲੈਣ ਦੀ ਲੋੜ ਸੀ। ਪੰਜਾਬੀ ਸਾਹਿਤ ਅਤੇ ਸੱਭਿਆਚਾਰ, ਪੰਜਾਬੀ ਬੋਲੀ ਤੇ ਪੰਜਾਬੀਅਤ ਵਿੱਚੋਂ ਉਸਦਾ ਇੱਕ ‘ਬੋਹੜ’ ਹੋਰ ਚਲਾ ਗਿਆ ਜਿਸਦੀ ਥਾਵੇਂ ਹੁਣ ਕੋਈ ਹੋਰ ਨਹੀਂ ਉੱਗ ਸਕਦਾ। ਦੇਵ ਥਰੀਕੇਵਾਲਾ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਗੀਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਿੱਚ ਵੱਸਦੇ ਰਹਿਣਗੇ। ਸਰਬਜੀਤ ਵਿਰਦੀ ਦਾ 2019 ਵਿੱਚ ਲਿਖਿਆ ਇਹ ਗੀਤ ਇਸ ਸਮੇਂ ਹੋਰ ਵੀ ਸਾਰਥਕ ਲੱਗਦਾ ਹੈ ਕਿ ‘ਗੀਤਕਾਰ ਬਹੁਤ ਜੰਮਦੇ ਪਰ ਦੇਵ ਨਹੀਂ ਕਿਸੇ ਨੇ ਬਣ ਜਾਣਾ....’

ਅਰਸ਼