ਆਮ ਕਿਸਾਨ ਚੜ੍ਹੇਗਾ ਸਿਆਸਤ ਦੀ ਭੇਟ !

ਆਮ ਕਿਸਾਨ ਚੜ੍ਹੇਗਾ ਸਿਆਸਤ ਦੀ ਭੇਟ !

ਕਰੋਨਾ ਕਾਲ ਵਿਚ ਸਿਆਸਤੀ ਖੇਡ

ਕਿਸਾਨੀ ਮੋਰਚਾ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ । ਸਿਆਸਤੀ ਲੋਕ ਇਸ ਕਿਸਾਨੀ ਸੰਘਰਸ਼ ਵਿੱਚ ਆਪਣੀਆਂ ਰੋਟੀਆਂ ਸੇਕ ਰਹੇ ਹਨ । ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਜੋ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਲਗਾਤਾਰ ਬੈਠ ਕੇ ਸੰਘਰਸ਼ ਕਰ ਰਿਹਾ ਹੈ ਉਹ ਇਕ ਆਮ ਕਿਸਾਨ ਹੈ। ਜਿਸ ਦੇ ਦਿਲ ਵਿਚ ਇਕ ਉਮੀਦ ਹੈ ਕੀ ਸਰਕਾਰ ਇਕ ਨਾ ਇਕ ਦਿਨ ਇਹਨਾਂ ਖੇਤੀ ਬਿੱਲਾਂ ਨੂੰ ਵਾਪਸ ਲਵੇਗੀ। ਅਸੀਂ ਜਦੋਂ ਵੀ ਸ਼ੋਸ਼ਲ ਮੀਡੀਆ 'ਤੇ ਕਿਸਾਨੀ ਸੰਘਰਸ਼ ਨੂੰ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਚੰਦ ਲੋਕਾਂ ਦੀਆਂ ਫੋਟੋਆਂ ਹੀ ਸਾਹਮਣੇ ਆਉਂਦੀਆਂ ਹਨ । ਕਦੇ ਇਨ੍ਹਾਂ ਲੀਡਰਾਂ ਤੋਂ ਇਲਾਵਾ ਉਹ ਚਿਹਰੇ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਰੂਹ ਨੂੰ ਛੂਹ ਜਾਂਦੇ ਹਨ। ਉਨ੍ਹਾਂ ਦੇ ਚਿਹਰੇ ਕਦੇ ਮੀਡੀਆ ਨੇ ਨਹੀਂ ਦਿਖਾਏ, ਕਿਉਂਕਿ ਉਹ ਕਿਸਾਨੀ ਸੰਘਰਸ਼ ਦਾ ਸੱਚ ਹਨ। ਇਹ ਉਹ ਰੂਹਾਂ ਹਨ ਜੋ ਉਮੀਦ ਨਾਲ ਠੰਡ ਅਤੇ ਗਰਮੀ ਨਾਲ ਲੜ੍ਹ ਰਹੇ ਹਨ। ਸਾਡੀ ਹਕੂਮਤ ਨੇ ਕਦੇ ਇਹ ਨਹੀਂ ਸੋਚਿਆ ਕਿ ਸਾਡਾ ਦੇਸ਼ ਲੋਕਤੰਤਰੀ ਹੈ ਤੇ ਆਮ ਲੋਕਾਂ ਦੀ ਅਵਾਜ਼ ਸੁਣਨੀ ਇਸ ਦਾ ਫ਼ਰਜ ਹੈ। ਬੇਸ਼ਕ ਵਿਸ਼ਵ ਵਿਚ ਅਸੀਂ ਲੋਕਤੰਤਰੀ ਦੇਸ਼ ਹੋਣ 'ਤੇ ਫ਼ਕਰ ਮਹਿਸੂਸ ਕਰਦੇ ਹਨ ਪਰ ਅੰਦਰਲੀ ਸਿਆਸਤ ਤਾਨਾਸ਼ਾਹੀ ਨੁਕਤੇ ਅਪਣਾ ਰਹੀ ਹੈ। ਸਰਕਾਰ ਨੂੰ ਜੇ ਲੱਗਦਾ ਹੈ ਕਿ ਇਨਹਾਂ ਬਿੱਲਾਂ ਨਾਲ ਕਿਸਾਨਾਂ ਦਾ ਭਲਾ ਹੋਵੇਗਾ ਤਾਂ ਉਹ ਆਮ ਲੋਕਾਂ ਵਿਚ ਆ ਕੇ ਇਸ ਵਾਰੇ ਕਿਉਂ ਰਾਬਤਾ ਕਾਇਮ ਨਹੀਂ ਕਰਦੀ। 

ਕਿਸਾਨੀ ਸੰਘਰਸ਼ ਵਿਚ ਲਗਾਤਾਰ ਹੱਕ ਮੰਗਦੇ ਇਹ ਲੋਕ ਭਾਰਤ ਦੇ ਵਾਸੀ ਹੀ ਹੈ। ਜਿੱਥੇ ਲੋਕਤੰਤਰੀ ਸ਼ਬਦਾ ਦੇ ਵਾਕ ਵਰਤੇ ਜਾਂਦੇ ਹਨ। ਕਰੋਨਾ ਕਾਲ ਵਿਚ ਸਿਆਸਤ ਬਹੁਤ ਖੇਡੀ ਜਾ ਰਹੀ ਹੈ। ਇਕ ਪਾਸੇ ਲੋਕਡਾਊਨ ਦੁਬਾਰਾ ਲੱਗਣੇ ਸ਼ੁਰੂ ਹੋ ਗਏ ਹਨ, ਦੂਜੇ ਪਾਸੇ ਨਵੀਂਆ ਰਣਨਿਤੀਆ ਬਣਾਈਆ ਜਾ ਰਹੀਆ ਹਨ। ਬਿੱਲਾਂ ਨੂੰ ਉਦੋਂ ਮਨਜ਼ੂਰ ਕੀਤਾ ਗਿਆ  ਜਦੋਂ ਲੋਕ ਘਰਾਂ ਵਿਚ ਬੰਦ ਸਨ, ਜੇ ਕਿਸਾਨੀ ਬਿੱਲ ਕਿਸਾਨਾ ਦੇ ਹੱਕ ਵਿਚ ਸਨ ਤਾਂ ਆਮ ਲੋਕਾਂ ਦੀ ਸਹਿਮਤੀ ਕਿਉਂ ਨਹੀਂ ਲਈ ਗਈ। ਜਦੋਂ ਸੱਭ ਕੁਝ ਬੰਦ ਸੀ ਤਾਂ ਲੋਕਾਂ ਲਈ ਬਣਾਏ ਕਾਨੂੰਨ ਕਮਰੇ ਵਿਚ ਬੈਠ ਕੇ ਬਿਨਾਂ ਦੱਸੇ ਕਿਉਂ ਪਾਸ ਕੀਤੇ ਗਏ। ਰਾਜ ਸਰਕਾਰਾ ਨੇ ਕਿਵੇਂ ਮੰਨਜ਼ੂਰ ਕਰਵਾ ਦਿੱਤੇ ਇਹ ਬਿੱਲ ਜੋ ਹੁਣ ਵੋਟਾਂ ਲਈ ਕਿਸਾਨਾਂ ਨਾਲ ਖੜ੍ਹਨ ਦਾ ਦਾਵਾ ਕਰ ਰਹੀਆ ਹਨ। ਇਹ ਸਾਰੀ ਸਿਆਸਤ ਹੈ, ਤੇ ਇਸ ਦੀ ਭੇਟ ਕੋਈ ਲੀਡਰ ਨਹੀਂ  ਆਮ ਕਿਸਾਨ ਹੀ ਚੜ੍ਹੇਗਾ।

 

ਸਰਬਜੀਤ ਕੌਰ *ਸਰਬ*