ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ

ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ

ਵਿਸ਼ੇਸ

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਦੀਵਾਲੀ ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਨੂੰ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਨੁੱਖ ਦੇ ਸੰਘਰਸ਼, ਉਸ ਦੇ ਰਸਤਿਆਂ ਵਿੱਚ ਆਉਂਦੀਆਂ ਰੁਕਾਵਟਾਂ, ਉਸ ਦੀ ਲੰਮੀ ਜੱੱਦੋ-ਜਹਿਦ ਦੀ ਇਬਾਰਤ ਤੇ ਉਸ ਦੇ ਹਾਰਨ-ਜਿੱਤਣ ਦੀਆਂ ਗਾਥਾਵਾਂ ਉਸ ਦੇ ਸਿਰੜ ਜਿੰਨੀਆਂ ਹੀ ਪੁਰਾਣੀਆਂ ਹਨ। ਮਨੁੱਖ ਜਦੋਂ ਵੀ ਆਪਣੇ ਸੰਘਰਸ਼ ਦੀ ਯਾਤਰਾ ਵਿੱਚ ਜੇਤੂ ਬਣ ਕੇ ਨਿਕਲਦਾ ਹੈ ਤਾਂ ਆਪਣੀ ਜਿੱਤ ਦੇ ਮੌਕੇ ’ਤੇ ਉਹ ਖ਼ੁਸ਼ੀ ਦਾ ਪ੍ਰਗਟਾਵਾ ਕਰਦਾ ਹੈ ਤੇ ਰੱਜ ਕੇ ਜਸ਼ਨ ਮਨਾਉਂਦਾ ਹੈ। ਜਦੋਂ ਉਹ ਖ਼ੁਸ਼ੀ ਨੂੰ ਦੂਜਿਆਂ ਨਾਲ ਸਾਂਝਾ ਕਰਦਾ ਹੈ ਤਾਂ ਉਸ ਦੀ ਖ਼ੁਸ਼ੀ ਦੂਣ-ਸਵਾਈ ਹੋ ਜਾਂਦੀ ਹੈ। ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਲੋਕ ਇਸ ਮੌਕੇ ਦੀਆਂ ਅਥਾਹ ਖ਼ੁਸ਼ੀਆਂ ਨੂੰ ਦੂਜਿਆਂ ਨਾਲ ਵੰਡਾਉਂਦੇ ਹਨ। ਰਲ-ਮਿਲ ਕੇ ਕਿਸੇ ਨਾ ਕਿਸੇ ਰੂਪ ਵਿੱਚ ਖ਼ੁਸ਼ੀਆਂ ਮਨਾਉਣ ਵਾਲਾ ਅਜਿਹਾ ਕੋਈ ਨਾ ਕੋਈ ਤਿਉਹਾਰ ਲਗਪਗ ਹਰੇਕ ਸਮਾਜ ਵਿੱਚ ਮਨਾਇਆ ਜਾਂਦਾ ਹੈ। ਮਨੁੱਖ ਆਪਣੀ ਸਪੰਨਤਾ ਦੇ ਜਸ਼ਨ ਮਨਾਉਂਦਾ ਹੈ।ਦੀਵਾਲੀ ਦਾ ਤਿਉਹਾਰ ਮਨੁੱਖ ਲਈ ਕਈ ਤਰ੍ਹਾਂ ਦੇ ਸੁਨੇਹੇ ਲੈ ਕੇ ਆਉਂਦਾ ਹੈ। ਲੋਕ ਆਪਣੇ ਘਰਾਂ, ਦਫ਼ਤਰਾਂ, ਕਾਰੋਬਾਰੀ ਅਦਾਰਿਆਂ, ਸਾਂਝੇ ਅਸਥਾਨਾਂ, ਵਸਤੂਆਂ, ਵਸਤਰਾਂ ਤੇ ਹੋਰ ਵੀ ਬਹੁਤ ਕੁਝ ਦੀ ਸਫ਼ਾਈ ਕਰਦੇ ਹਨ। ਸਾਫ਼ ਸੁਥਰਾ ਘਰ, ਦਫ਼ਤਰ, ਵਸਤਰ ਆਦਿ ਸਭ ਨੂੰ ਚੰਗੇ ਲੱਗਦੇ ਹਨ। ਇਸ ਮੌਕੇ ’ਤੇ ਮਨੁੱਖ ਨੂੰ ਉੱਜਵਲ ਵਿਚਾਰ ਧਾਰਨ ਕਰਨ ਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਕਲਪ ਵੀ ਕਰਨਾ ਚਾਹੀਦਾ ਹੈ। ਉਸ ਕੋਲ ਉਜਾਲਾ ਕਰਨ ਦੇ ਵਿਭਿੰਨ ਸਾਧਨ ਹਨ ਜੋ ਹਰ ਕਿਸੇ ਨੂੰ ਚੰਗੇ ਲੱਗਦੇ ਹਨ। ਇਸੇ ਸੰਦਰਭ ਵਿੱਚ ਦੀਵਾਲੀ ਦੇ ਮਹੱਤਵ ਨੂੰ ਪਛਾਣਨ ਦੀ ਲੋੜ ਹੈ। ਦੀਵਾਲੀ ਦੀਆਂ ਬਹੁਰੰਗੀ ਰੌਸ਼ਨੀਆਂ ਦਾ ਮਤਲਬ ਇਹ ਲਿਆ ਜਾਣਾ ਚਾਹੀਦਾ ਹੈ ਕਿ ਮਨੁੱਖ ਹਨੇਰੇ ਤੋਂ ਪ੍ਰਕਾਸ਼ ਵੱਲ ਵਧਦਾ ਜਾਵੇ। ਹਨੇਰਾ ਵੀ ਤਾਂ ਜੀਵਨ ਦਾ ਇੱਕ ਹਿੱਸਾ ਹੈ... ਜਿਸ ਨੂੰ ਹਰ ਕੋਈ ਸਵੀਕਾਰ ਕਰਦਾ ਹੈ। ਮਨੁੱਖ ਦੀ ਇੱਕ ਵੱਡੀ ਪ੍ਰਾਪਤੀ ਇਹ ਹੈ ਕਿ ਹਨੇਰੇ ਨੂੰ ਦੂਰ ਕਰਨ ਦੀ ਕਲਾ ਵੀ ਉਸ ਕੋਲ ਹੈ। ਹਨੇਰੇ ਨੂੰ ਪਛੰਡਣ ਲਈ ਨਵੇਂ ਉਤਸ਼ਾਹ ਦੀ ਲੋੜ ਹੁੰਦੀ ਹੈ। ਨਵੇਂ ਦਿਸਹੱਦੇ ਛੂੰਹਦੇ ਰਹਿਣ ਦੀ ਇੱਛਾ ਸ਼ਕਤੀ ਰੱਖਣ ਵਾਲੇ ਸਮਾਜ ਨਵੀਂ ਨਵੇਲੀ ਰੌਸ਼ਨੀ ਦੀ ਤਲਾਸ਼ ਕਰ ਹੀ ਲੈਂਦੇ ਹਨ। ਅਜਿਹਾ ਕਰਕੇ ਉਹ ਆਪਣੀ ਹਰ ਦੀਵਾਲੀ ਰੌਸ਼ਨੀਆਂ ਨਾਲ ਭਰ ਸਕਦੇ ਹਨ। ਸਿਹਤਮੰਦ ਵਿਚਾਰ ਤਰੰਗਾਂ ਤੇ ਮਨੁੱਖ ਦੀ ਚੰਗੀ ਨੀਅਤ ਵਾਲੇ ਮਜ਼ਬੂਤ ਇਰਾਦੇ ਦੀਵਾਲੀ ਦਾ ਅਸਲ ਤੇ ਸਹੀ ਆਨੰਦ ਦੇ ਸਕਦੇ ਹਨ।

ਅਜੋਕੇ ਮਨੁੱਖ ਦੀਆਂ ਮਨੋ-ਗ੍ਰੰਥੀਆਂ ਦਾ ਜੰਜਾਲ ਉਸ ਨੂੰ ਰੌਸ਼ਨੀ ਤੋਂ ਦੂਰ ਲਿਜਾ ਰਿਹਾ ਹੈ। ਉਲਝਣਾਂ, ਤਣਾਓ, ਗੁੰਝਲਾਂ ਆਦਿ ਵਧ ਰਹੀਆਂ ਹਨ। ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਛਿਨ-ਭੰਗਰ ਲਈ ਹਨੇਰੇ ਦੀ ਜਿੱਤ ਹੁੰਦੀ ਪ੍ਰਤੀਤ ਹੁੰਦੀ ਹੈ, ਪਰ ਇਹ ਇੱਕ ਭੁਲਾਂਦਰਾ ਹੁੰਦਾ ਹੈ। ਰੌਸ਼ਨੀ ਕਰਨ, ਰੌਸ਼ਨੀ ਵੱਲ ਵਧਣ ਤੇ ਆਪਣੇ ਅੰਦਰ ਨੂੰ ਜਗਮਗਾਉਣ ਤੋਂ ਬਿਨਾਂ ਨਾ ਕਿਸੇ ਨੂੰ ਅਸਲ ਜਿੱਤ ਪ੍ਰਾਪਤ ਹੁੰਦੀ ਹੈ, ਨਾ ਹੁਲਾਸ, ਨਾ ਹੁਲਾਰਾ ਮਿਲਦਾ ਹੈ। ਦੀਵਾਲੀ ਦੇ ਇਸ ਸੰਦੇਸ਼ ਤੇ ਇਸ ਮਹੱਤਵ ਨੂੰ ਸਮਝਣ ਦੀ ਲੋੜ ਹੈ। ਦੀਵਾਲੀ ਦਾ ਉਤਸਵ ਮਹਾਨਤਾ ਅਤੇ ਪਵਿੱਤਰਤਾ ਦੇ ਜਿਨ੍ਹਾਂ ਆਦਰਸ਼ਾਂ ਨੂੰ ਮਿਥ ਕੇ ਸ਼ੁਰੂ ਹੋਇਆ ਹੋਵੇਗਾ, ਉਹ ਮਹੱਤਵ ਅਤੇ ਸੰਦੇਸ਼ ਅਸੀਂ ਭੁੱਲਦੇ ਜਾ ਰਹੇ ਹਾਂ। ਪੈਸੇ, ਵਸੀਲਿਆਂ ਤੇ ਆਧੁਨਿਕਤਾ ਦੀ ਅੰਨ੍ਹੀ ਦੌੜ ਵਿੱਚ ਅਸੀਂ ਦੀਵਾਲੀ ਦੇ ਵਾਸਤਵਿਕ ਮਹੱਤਵ ਨੂੰ ਵਿਸਾਰ ਕੇ ਫੋਕੇ ਵਿਖਾਵੇ, ਖੋਖਲੀ ਸ਼ਾਨੋ-ਸ਼ੌਕਤ, ਇਸ ਤਿਉਹਾਰ ਨੂੰ ਇੱਕ ਮੌਕੇ ਵਜੋਂ ਵਰਤਣ ਦੀ ਉਡੀਕ ਅਤੇ ਫਜ਼ੂਲ ਕਿਸਮ ਦੇ ਆਡੰਬਰਾਂ ਵਿੱਚ ਉਲਝਦੇ ਜਾ ਰਹੇ ਹਾਂ। ਅਜਿਹੇ ਆਡੰਬਰ ਤੇ ਵਿਖਾਵਾ ਇਸ ਤਿਉਹਾਰ ਨੂੰ ਬਹੁਤ ਮਹਿੰਗਾ ਤੇ ਖਰਚੀਲਾ ਬਣਾ ਦਿੰਦੇ ਹਨ। ਖ਼ਰੀਦ ਕੇ ਜਾਂ ਕਿਰਾਏ ’ਤੇ ਲਿਆਂਦੇ ਬਿਜਲੀ ਦੇ ਬਹੁਰੰਗੇ ਬਲਬਾਂ ਨਾਲ ਘਰ ਨੂੰ ਸਜਾਉਣਾ, ਬੱਚਿਆਂ ਲਈ ਨਵੇਂ ਕੱਪੜੇ ਖ਼ਰੀਦਣੇ, ਖਿਡਾਉਣੇ ਖ਼ਰੀਦਣੇ, ਵਿਤੋਂ ਬਾਹਰੀ ਅਣਲੋੜੀਂਦੀ ਆਤਿਸ਼ਬਾਜ਼ੀ ਖ਼ਰੀਦਣੀ, ਦੋਸਤਾਂ ਰਿਸ਼ਤੇਦਾਰਾਂ, ਆਂਢ-ਗੁਆਂਢ ਨੂੰ ਰੱਖ ਰਖਾਓ ਲਈ ਮਹਿੰਗੇ ਤੋਹਫਿਆਂ ਦਾ ਦੇਣ-ਲੈਣ ਕਰਨਾ, ਘਰ ਨੂੰ ਅਣਲੋੜੀਂਦਾ ਰੰਗ-ਰੋਗਨ ਕਰਵਾਉਣਾ, ਬੱਚਿਆਂ ਦੀਆਂ ਮੰਗਾਂ ਦੀ ਲੰਮੀ ਸੂਚੀ ਨੂੰ ਪੂਰਾ ਕਰਨ ਲਈ ਪੂਰਾ ਤਾਣ ਲਾ ਦੇਣਾ ਆਦਿ ਦੀਵਾਲੀ ਦੇ ਅਵਸਰ ’ਤੇ ਅਜਿਹਾ ਕੁਝ ਕਰਨਾ ਜ਼ਰੂਰੀ ਸਮਝਿਆ ਜਾਣ ਲੱਗ ਪਿਆ ਹੈ। ਹੁਣ ਧਾਰਨਾ ਇਹ ਬਣ ਗਈ ਹੈ ਕਿ ਜੇ ਇਹ ਕੁਝ ਨਾ ਕੀਤਾ ਤਾਂ ਲੋਕ ਕੀ ਕਹਿਣਗੇ ?ਇਹ ਪ੍ਰਸ਼ਨ ਆਮ ਆਦਮੀ ਲਈ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ। ਅਸਲ ਵਿੱਚ ਅਣਕਿਆਸੀ ਮਹਿੰਗਾਈ ਦੇ ਇਸ ਸਮੇਂ ਵਿੱਚ ਸਾਧਾਰਨ ਆਦਮੀ ਲਈ ਦੀਵਾਲੀ ਮਨਾਉਣੀ ਮੁਸ਼ਕਲ ਵੀ ਹੋ ਗਈ ਹੈ ਤੇ ਪਹੁੰਚ ਤੋਂ ਬਾਹਰ ਵੀ। ਇੱਥੇ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਫੋਕਾ ਵਿਖਾਵਾ ਕਰਕੇ ਤੇ ਆਡੰਬਰ ਰਚ ਕੇ ਹੀ ਦੀਵਾਲੀ ਮਨਾਈ ਜਾ ਸਕਦੀ ਹੈ? ਕੀ ਇਸ ਸਭ ਕੁਝ ਤੋਂ ਬਗੈਰ ਦੀਵਾਲੀ ਦੀਆਂ ਖ਼ੁਸ਼ੀਆਂ ਵਿੱਚ ਸ਼ਰੀਕ ਨਹੀਂ ਹੋਇਆ ਜਾ ਸਕਦਾ ? ਕੀ ਉਪਰੋਕਤ ਗੱਲਾਂ ਦੀ ਪੂਰਤੀ ਕਰਕੇ ਹੀ ਦੀਵਾਲੀ ਦੇ ਮਹੱਤਵ ਨੂੰ ਸਮਝਿਆ ਜਾ ਸਕਦਾ ਹੈ ? ਦੀਵਾਲੀ ਦੇ ਮਹੱਤਵ ਨੂੰ ਸਮਝਣ ਲਈ ਇਹ ਪ੍ਰਸ਼ਨ ਬੜੇ ਮਹੱਤਵਪੂਰਨ ਹਨ ਜਿਨ੍ਹਾਂ ’ਤੇ ਸੰਜੀਦਗੀ ਨਾਲ ਵਿਚਾਰ ਕਰਨੀ ਬਣਦੀ ਹੈ। ਚੀਜ਼ਾਂ ਦਾ ਖਿਲਾਰਾ ਪਾਉਣ, ਫ਼ਜ਼ੂਲਖਰਚੀ ਕਰਨ, ਅਣਲੋੜੀਂਦਾ ਵਿਖਾਵਾ ਕਰਨ, ਬੇਹਿਸਾਬੇ ਆਡੰਬਰ ਰਚਣ ਤੋਂ ਬਗੈਰ ਵੀ ਦੀਵਾਲੀ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਸਕਦੀਆਂ ਹਨ। ਆਤਿਸ਼ਬਾਜ਼ੀ ਨਾ ਚਲਾਈ ਜਾਵੇ ਜਾਂ ਘੱਟ ਤੋਂ ਘੱਟ ਪ੍ਰਤੀਕ ਮਾਤਰ ਚਲਾਈ ਜਾਵੇ ਤਾਂ ਅਸੀਂ ਹਵਾ ਦੇ ਪ੍ਰਦੂਸ਼ਣ ਦੇ ਨਾਲ ਨਾਲ ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਵਾਂਗੇ। ਉਸ ਦਿਨ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਰਲਣ ਦੀ ਮਾਤਰਾ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਦੀਵਾਲੀ ਦੇ ਤਿਉਹਾਰ ’ਤੇ ਬਾਜ਼ਾਰਾਂ ਵਿੱਚ ਹਰੇਕ ਚੀਜ਼ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਮੁੱਲ ਵੱਧ ਤੇ ਵਸਤੂ ਘਟੀਆ ਹੁੰਦੀ ਹੈ। ਚੋਰ ਬਾਜ਼ਾਰੀ ਹੁੰਦੀ ਹੈ। ਕੀ ਲੋਕਾਂ ਵੱਲੋਂ ਖ਼ਰੀਦੀ ਜਾਣ ਵਾਲੀ ਚੀਜ਼ ਦੀ ਮੰਗ ਵਧਣ ਕਰਕੇ ਵੱਡੇ ਵਪਾਰੀਆਂ, ਕਾਰੋਬਾਰੀਆਂ ਤੇ ਛੋਟੇ ਦੁਕਾਨਦਾਰਾਂ ਵੱਲੋਂ ਮਹਿੰਗਾਈ ਵਧਾ ਦੇਣੀ ਸਰਾਸਰ ਲੁੱਟ ਅਤੇ ਮੌਕੇ ਦਾ ਅਣ-ਉਚਿਤ ਲਾਭ ਉਠਾਉਣਾ ਨਹੀਂ ? ਕੀ ਇਹੀ ਦੀਵਾਲੀ ਦਾ ਸੁਨੇਹਾ ਹੈ ? ਤਿਉਹਾਰਾਂ ਦੇ ਦਿਨੀਂ ਥਾਂ ਥਾਂ ਲੱਗੇ ਸੇਲ ਦੇ ਬੈਨਰ, ਫਲੈਕਸ, ਵੱਡੇ ਵੱਡੇ ਹੋਰਡਿੰਗਜ਼ ਤੇ ਹੋਰ ਮਾਧਿਅਮਾਂ ਰਾਹੀਂ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਦੀਵਾਲੀ ਦੇ ਨਾਂ ’ਤੇ ਗਾਹਕਾਂ ਨਾਲ ਨਿਰਾ ਧੋਖਾ ਨਹੀਂ ?

ਕੁਝ ਲੋਕ ਦੀਵਾਲੀ ਦੇ ਮੌਕੇ ’ਤੇ ਲੱਛਮੀ ਦੀ ਪੂਜਾ ਕਰਦੇ ਹਨ। ਇਹ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਲੱਛਮੀ ਦੀ ਪੂਜਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਉਹ ਨਾਰਾਜ਼ ਹੋ ਜਾਵੇਗੀ। ਗੱਲ ਵਿਸ਼ਵਾਸ ਦੀ ਹੈ। ਕਈ ਪ੍ਰਸ਼ਨ ਵੀ ਉੱਠਦੇ ਹਨ। ਅਜਿਹੇ ਵਿੱਚ ਦੌਲਤ ਦੇ ਖ਼ਜ਼ਾਨੇ ਕਿਵੇਂ ਭਰਨਗੇ ? ਕੀ ਫਿਰ ਲੱਛਮੀ ਪੂਜਾ ਸਵਾਰਥ ਹਿਤ ਨਹੀਂ ਕੀਤੀ ਜਾ ਰਹੀ ਹੁੰਦੀ? ਜੇ ਸਵਾਲ ਖ਼ਜ਼ਾਨੇ ਭਰਪੂਰ ਕਰਨ ਤੇ ਪੈਸੇ ਨਾਲ ਮਾਲਾ ਮਾਲ ਹੋਣ ਦਾ ਹੈ ਤਾਂ ਸਪੱਸ਼ਟ ਹੈ ਕਿ ਇਸ ਪਿੱਛੇ ਵੀ ਮਨੁੱਖ ਦੀ ਖੁਦਗ਼ਰਜ਼ੀ ਕੰਮ ਕਰ ਰਹੀ ਹੁੰਦੀ ਹੈ। ਜੇ ਦੀਵਾਲੀ ਵਾਲੇ ਦਿਨ ਜਾਂ ਰਾਤ ਸਮੇਂ ਧੰਨ ਦੌਲਤ ਦੀ ਪੂਜਾ ਹੀ ਕਰਨੀ ਹੈ, ਲੋਕਾਂ ਦੀ ਲੁੱਟ ਕਰਨੀ ਹੈ, ਸ਼ਰਾਬ ਜਾਂ ਹੋਰ ਨਸ਼ੇ ਪੀਣੇ-ਖਾਣੇ ਹਨ, ਜੂਆ ਖੇਡਣਾ ਹੈ, ਲੱਚਰ ਗੀਤ ਵੇਖਣੇ/ਸੁਣਨੇ ਹਨ, ਉਨ੍ਹਾਂ ਦੀਆਂ ਧੁਨੀਆਂ/ਬੋਲਾਂ ’ਤੇ ਬੇਹੂਦਾ ਕਿਸਮ ਦੇ ਨਾਚ ਨੱਚਣੇ ਹਨ ਤਾਂ ਲੱਛਮੀ ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਦਾ ਕੀ ਲਾਭ ? ਕੀ ਇਸੇ ਲਈ ਹੀ ਅਸੀਂ ਹਰੇਕ ਸਾਲ ਦੀਵਾਲੀ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ? ਸਾਡਾ ਧਾਰਮਿਕ ਵਿਰਸਾ ਬਹੁਤ ਮਹਾਨ ਹੈ। ਦੀਵਾਲੀ ਵਾਲੇ ਦਿਨ ਸਾਨੂੰ ਆਪਣੇ ਗੁਰੂਆਂ, ਭਗਤਾਂ, ਸੰਤਾਂ, ਪੈਗੰਬਰਾਂ ਦੀਆਂ ਵਡਮੁੱਲੀਆਂ ਤੇ ਮਹਾਨ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਕਲਪ ਕਰਨਾ ਚਾਹੀਦਾ ਹੈ। ਪਹਿਲਾਂ ਕੀਤੇ ਹੋਏ ਸੰਕਲਪ ਨੂੰ ਦ੍ਰਿੜ੍ਹ ਕੀਤਾ ਜਾਣਾ ਚਾਹੀਦਾ ਹੈ। ਸਬਰ, ਸੰਤੋਖ, ਧੀਰਜ ਤੇ ਸੰਜਮ ਵਿੱਚ ਰਹਿ ਕੇ ਤਿਉਹਾਰ ਮਨਾਉਣ ਤੇ ਜੀਵਨ ਬਤੀਤ ਕਰਨ ਦਾ ਆਨੰਦ ਉਠਾਉਣਾ ਚਾਹੀਦਾ ਹੈ।ਕਰੋਨਾ ਵਰਗੀ ਆਫ਼ਤ ਦੇ ਸਮੇਂ ਦੀਵਾਲੀ ਦੇ ਅਵਸਰ ’ਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਸਗੋਂ ਵਧੇਰੇ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ। ਸਮੇਂ ਸਮੇਂ ਸਰਕਾਰਾਂ ਵੱਲੋਂ ਲਗਾਈਆਂ ਜਾਂਦੀਆਂ ਪਾਬੰਦੀਆਂ ਦੀ ਪਾਲਣਾ ਕਰਨੀ ਸਮੇਂ ਦੀ ਲੋੜ ਬਣ ਗਈ ਹੈ। ਪਾਬੰਦੀਆਂ ਤਾਂ ਹਨ ਹੀ, ਇਨ੍ਹਾਂ ਸਥਿਤੀਆਂ ਵਿੱਚ ਸਵੈ ਜ਼ਾਬਤਾ ਬਣਾਈ ਰੱਖਣ ਦੀ ਵਧੇਰੇ ਲੋੜ ਹੈ। ਕਾਮਿਆਂ ਕੋਲੋਂ ਰੁਜ਼ਗਾਰ ਖੁੱਸ ਰਿਹਾ ਹੈ। ਬੇਰੁਜ਼ਗਾਰੀ ਤੇ ਮਹਿੰਗਾਈ ਵਧਦੀ ਜਾ ਰਹੀ ਹੈ। ਸਾਧਾਰਨ ਮਨੁੱਖ ਬੇਚੈਨ ਹੈ। ਪਿਛਲੇ ਗਿਆਰਾਂ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ’ਤੇ ਬੈਠਣ ਲਈ ਮਜਬੂਰ ਹੈ। ਉਸ ਦੇ ਭਵਿੱਖ ਦੀ ਅਨਿਸ਼ਚਿਤਤਾ, ਉਸ ਵੱਲੋਂ ਉਠਾਏ ਜਾ ਰਹੇ ਨੁਕਸਾਨ ਤੇ ਉਸ ਵੱਲੋਂ ਝੱਲੀਆਂ ਜਾ ਰਹੀਆਂ ਮੁਸੀਬਤਾਂ ਦਾ ਅਨੁਮਾਨ ਲਗਾਉਣਾ ਕਠਿਨ ਹੈ। ਇਸ ਸਮੇਂ ’ਤੇ ਇਨ੍ਹਾਂ ਹਾਲਤਾਂ ਵਿੱਚ ਤਿਉਹਾਰਾਂ ਦੇ ਮੌਕੇ ’ਤੇ ਬੇਹੱਦ ਸੰਜਮ ਵਰਤਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਦੀਵਾਲੀ ਦੇ ਤਿਉਹਾਰ ’ਤੇ ਮਨੁੱਖ ਨੂੰ ਸਵੈ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੋਵੇਗੀ। ਸਾਵਧਾਨੀਆਂ ਵਰਤ ਕੇ ਸੰਜਮਤਾ ਨਾਲ ਦੀਵਾਲੀ ਮਨਾਉਣ ਦੀ ਲੋੜ ਦੀ ਤੀਬਰਤਾ ਨੂੰ ਸਮਝਣਾ ਵੀ ਸਮੇਂ ਦੀ ਮੰਗ ਬਣ ਗਈ ਹੈ। ਇਨ੍ਹਾਂ ਕੁਝ ਗੱਲਾਂ ’ਤੇ ਗੌਰ ਕਰਕੇ ਅਸੀਂ ਦੀਵਾਲੀ ਦੇ ਮਹੱਤਵ ਨੂੰ ਬਿਹਤਰ ਸਮਝ ਸਕਦੇ ਹਾਂ ਤੇ ਦੀਵਾਲੀ ਨੂੰ ਯਾਦਗਾਰੀ ਤਿਉਹਾਰ ਬਣਾਉਣ ਵਿੱਚ ਆਪਣਾ ਬਣਦਾ ਹਿੱਸਾ ਪਾ ਸਕਦੇ ਹਾਂ।