ਪਹਿਲੇ ਐਂਗਲੋ-ਸਿੱਖ ਯੁੱਧ ਦੀ ਰਣਭੂਮੀ

ਪਹਿਲੇ ਐਂਗਲੋ-ਸਿੱਖ ਯੁੱਧ ਦੀ ਰਣਭੂਮੀ

ਮਾਸਟਰ ਰਜਿੰਦਰ ਸਿੰਘ 
ਫ਼ਿਰੋਜ਼ਪੁਰ ਤੋਂ ਮੋਗਾ ਮੁੱਖ ਸੜਕ ਉੱਤੇ ਸਥਿਤ ਫ਼ਿਰੋਜ਼ਪੁਰ ਅਤੇ ਤਲਵੰਡੀ ਭਾਈ ਦੇ ਵਿਚਕਾਰ ਇਤਿਹਾਸਕ ਪਿੰਡ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਦੀ ਧਰਤੀ ਆਪਣੀ ਬੁੱਕਲ ਵਿੱਚ ਡੂੰਘਾ ਦਰਦਮਈ ਇਤਿਹਾਸ ਸੰਭਾਲੀ ਬੈਠੀ ਹੈ। ਇਸ ਧਰਤੀ ਦਾ ਜ਼ੱਰਾ-ਜ਼ੱਰਾ ਸ਼ਹੀਦਾਂ ਦੇ ਖ਼ੂਨ ਨਾਲ ਸਿੰਜਿਆ ਹੋਇਆ ਹੈ। ਇਸ ਧਰਤੀ ਨੇ ਅੰਗਰੇਜ਼ਾਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦੇ ਯੁੱਧ ਸਮੇਂ ਆਪਣੇ ਯੋਧੇ ਪੁੱਤਰਾਂ ਦੀਆਂ ਤਲਵਾਰਾਂ ਨਾਲ ਦੁਸ਼ਮਣਾਂ ਦੇ ਡਿੱਗਦੇ ਸਿਰ ਵੀ ਵੇਖੇ ਹਨ ਅਤੇ ਸਿੱਖ ਫ਼ੌਜਾਂ ਦੇ ਗ਼ੱਦਾਰ ਸੈਨਾਪਤੀਆਂ ਤੇਜ ਸਿੰਘ ਅਤੇ ਲਾਲ ਸਿੰਘ ਦੁਆਰਾ ਸਿੱਖ ਰਾਜ ਦੀਆਂ ਫ਼ੌਜਾਂ (ਜਿਨ੍ਹਾਂ ਵਿੱਚ ਸਿੱਖ,ਮੁਸਲਿਮ, ਹਿੰਦੂ ਪਠਾਨ ਅਤੇ ਡੋਗਰੇ ਸਨ) ਦੇ ਯੋਧਿਆਂ ਨਾਲ ਧੋਖਾ ਕਰ ਕੇ ਕਰਵਾਏ ਘਾਣ ਨੂੰ ਵੀ ਅੱਖੀਂ ਵੇਖਿਆ ਹੈ। ਇਸ ਧਰਤੀ ਨੇ ਆਪਣੇ ਯੋਧੇ ਪੁੱਤਰਾਂ ਨੂੰ ਮਣਾਂ ਮੂੰਹੀਂ ਖ਼ੂਨ ਡੋਲ੍ਹ ਕੇ ਆਪਣੇ ਰਾਜ ਸਵੈਮਾਨ ਅਤੇ ਸੱਭਿਆਚਾਰ ਦੀ ਰਾਖੀ ਲਈ ਅੰਗਰੇਜ਼ ਫ਼ੌਜਾਂ (ਜਿਨ੍ਹਾਂ ਵਿੱਚ ਅੰਗਰੇਜ਼ ਪੂਰਬੀਏ, ਭਾਰਤੀ ਰਿਆਸਤਾਂ ਦੇ ਫ਼ੌਜੀ ਸਨ) ਨਾਲ ਲੋਹਾ ਲੈ ਕੇ ਸ਼ਹੀਦੀ ਪ੍ਰਾਪਤ ਕਰਦਿਆਂ ਵੇਖਿਆ ਹੈ।

ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਨੂੰ ਸਤਲੁਜ ਕੰਪੇਨ ਦਾ ਨਾਂ ਦਿੱਤਾ ਗਿਆ ਸੀ। ਪਹਿਲੀ ਲੜਾਈ ਮੁੱਦਕੀ ਦੇ ਸਥਾਨ ’ਤੇ 18 ਦਸੰਬਰ 1845 ਨੂੰ ਹੋਈ ਸੀ। ਇਸ ਦੌਰਾਨ ਜਦੋਂ ਅੰਗਰੇਜ਼ਾਂ ਨੂੰ ਸਿੱਖਾਂ ਦੀ ਯੁੱਧ ਨੀਤੀ ਅਤੇ ਲੜਨ ਸ਼ਕਤੀ ਦਾ ਪਤਾ ਲੱਗਾ ਤਾਂ ਅੰਗਰੇਜ਼ ਅਫ਼ਸਰ ਭੈਭੀਤ ਹੋ ਗਏ। ਮੁੱਦਕੀ ਵਿੱਚ ਸਿੱਖਾਂ ਦੀਆਂ 17 ਤੋਪਾਂ ਖੋਹੀਆਂ ਗਈਆਂ ਸਨ। ਸਿੱਖ ਫ਼ੌਜਾਂ ਦਾ ਵੱਡਾ ਕੈਂਪ ਫ਼ਿਰੋਜ਼ਸ਼ਾਹ ਵਿੱਚ ਪਿੰਡ ਇੱਟਾਂਵਾਲੀ ਵੱਲ ਜਿੱਥੇ ਅੱਜਕੱਲ੍ਹ ਸੈਕੰਡਰੀ ਸਕੂਲ ਹੈ, ਉੱਥੇ ਸੀ। ਸਾਰਾ ਗੋਲਾ, ਬਾਰੂਦ ਅਤੇ ਵੱਡੀਆਂ ਤੋਪਾਂ ਇੱਥੇ ਹੀ ਫਿੱਟ ਸਨ। ਇਸ ਜਗ੍ਹਾ’ ਤੇ ਪਾਣੀ ਦੀ ਵੱਡੀ ਢਾਬ ਸੀ, ਜਿਸ ਉੱਪਰ ਲਾਲ ਸਿੰਘ ਦੇ ਅਧੀਨ 20000 ਸਿੱਖ ਫ਼ੌਜ ਕਬਜ਼ਾ ਜਮਾਈ ਬੈਠੀ ਸੀ। ਤੇਜ ਸਿੰਘ (ਤੇਜਾ ਸਿੰਘ) ਸੈਨਾਪਤੀ ਦੇ ਅਧੀਨ 30 ਹਜਾਰ ਫ਼ੌਜ ਦਾ ਮੇਨ ਕੈਂਪ, ਅਸਲਾ -ਬਾਰੂਦ ਅਤੇ ਤੋਪਾਂ ਫ਼ਿਰੋਜ਼ਪੁਰ ਦੇ ਨਜ਼ਦੀਕ ਪਿੰਡ ਬੱਗੇ ਕੇ ਪਿੱਪਲ ਵਿੱਚ ਸੀ ਜੋ ਲਿਟਲਰ ਦੀ 7000 ਫ਼ੌਜ ਦੀ ਨਿਗਾਹ ਰੱਖ ਰਿਹਾ ਸੀ। ਅਠਾਰਾਂ ਦਸੰਬਰ 1845 ਨੂੰ ਮੁੱਦਕੀ ਦੀ ਲੜਾਈ ਮਗਰੋਂ ਸਿੱਖ ਫ਼ੌਜਾਂ ਆਪਣੇ ਮੇਨ ਕੈਂਪ ਫ਼ਿਰੋਜ਼ਸ਼ਾਹ ਵਿੱਚ ਆ ਗਈਆਂ। ਸੈਨਾਪਤੀ ਤੇਜ ਸਿੰਘ ਦੀ ਫ਼ੌਜ ਦਾ ਮੇਨ ਕੈਂਪ ਭਾਵੇਂ ਪਿੰਡ ਬੱਗੇ ਕੇ ਪਿੱਪਲ ਸੀ ਪਰ ਉਸ ਦੀ ਐਡਵਾਂਸ ਫ਼ੌਜ ਫ਼ਿਰੋਜ਼ਸ਼ਾਹ ਵਿੱਚ ਪਹੁੰਚ ਗਈ ਸੀ।

ਮੁੱਦਕੀ ਦੀ ਲੜਾਈ ਮਗਰੋਂ ਅੰਗਰੇਜ਼ ਅਫ਼ਸਰਾਂ ਦੇ ਹੌਂਸਲੇ ਪਸਤ ਹੋ ਗਏ ਸਨ। ਕਮਾਂਡਰ-ਇਨ-ਚੀਫ਼ ਲਾਰਡ ਹੈਨਰੀ ਹਾਰਡਿੰਗ ਸਿੱਖਾਂ ਵੱਲੋਂ ਬਹਾਦਰੀ ਨਾਲ ਕੀਤੇ ਹਮਲੇ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਹ ੳੰੁਨਾ ਚਿਰ ਹੋਰ ਮੁਸੀਬਤ ਨਹੀਂ ਸਹੇੜਨੀ ਚਾਹੁੰਦਾ ਸੀ ਜਿੰਨਾ ਚਿਰ ਵੱਡੀ ਗਿਣਤੀ ਵਿੱਚ ਫ਼ੌਜ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਨੇੜੇ ਇਕੱਠੀ ਨਹੀਂ ਹੋ ਜਾਂਦੀ। ਦੂਜੇ ਪਾਸੇ ਲਾਰਡ ਹਿਊ ਗਫ ਜੋ ਕਿ ਇਸ ਯੁੱਧ ਦੀ ਕਮਾਂਡ ਸੰਭਾਲ ਰਿਹਾ ਸੀ ਜਲਦੀ ਹਮਲਾ ਕਰਨਾ ਚਾਹੁੰਦਾ ਸੀ ਪਰ ਉਸ ਨੇ ਹਾਰਡਿੰਗ ਦੀ ਗੱਲ ਮੰਨ ਕੇ ਇਹ ਹਮਲਾ ਰੋਕ ਦਿੱਤਾ। ਉੱਧਰ ਸਿੱਖ ਫ਼ੌਜ ਵੀ ਆਰ-ਪਾਰ ਦੀ ਲੜਾਈ ਲੜਨਾ ਚਾਹੁੰਦੀ ਸੀ। ਅੰਗਰੇਜ਼ ਫ਼ੌਜ ਸਿੱਧੀ ਜੰਗ ਲੜਨ ਤੋਂ ਡਰਦੀ ਸੀ। ਅੰਗਰੇਜ਼ ਕਮਾਂਡਰਾਂ ਨੇ ਜਿੰਨਾ ਚਿਰ ਸਿੱਖ ਸੈਨਾਪਤੀਆਂ ਤੇਜ ਸਿੰਘ ਅਤੇ ਲਾਲ ਸਿੰਘ ਨਾਲ ਹੱਥ ਨਹੀਂ ਮਿਲਾ ਲਿਆ ਉੰਨਾ ਚਿਰ ਉਨ੍ਹਾਂ ਦਾ ਸਿੱਖ ਸੈਨਾ ਦੇ ਸਾਹਮਣੇ ਹੋਣ ਦਾ ਹੌਂਸਲਾ ਨਾ ਹੋਇਆ।  21 ਦਸੰਬਰ, 1845 ਨੂੰ ਅੰਗਰੇਜ਼ ਫ਼ੌਜਾਂ ਨੇ ਜਰਨੈਲੀ ਸੜਕ ਰਾਹੀਂ ਫ਼ਿਰੋਜ਼ਸ਼ਾਹ ਵੱਲ ਕੂਚ ਕੀਤਾ। ਸ਼ਾਮ ਦੇ 4 ਵਜੇ ਦੇ ਲਗਪਗ ਜੰਗੀ ਤਰਾਨੇ ਵੱਜੇ। ਤੋੜੇਦਾਰ ਬੰਦੂਕਾਂ ਨੇ ਹਰਕਤ ਕੀਤੀ। ਤੋਪਚੀਆਂ ਨੇ ਭਾਰੇ ਗੋਲੇ ਹੱਥਾਂ ਵਿੱਚ ਫੜ ਕੇ ਪੁਜ਼ੀਸ਼ਨਾ ਲੈ ਲਈਆਂ।

ਜਾਰਜ ਬਰੂਸ ਲਿਖਦਾ ਹੈ, ‘‘18000 ਫ਼ੌਜ ਤਿਆਰ ਖੜ੍ਹੀ ਉਡੀਕ ਰਹੀ ਸੀ। ਢਲਦਾ ਸੂਰਜ ਮੈਦਾਨ ਉੱਤੇ ਲੰਮੇ ਪਰਛਾਵੇਂ ਸੁੱਟ ਰਿਹਾ ਸੀ। ਲਹੂ ਲਿੱਬੜੇ ਰੈਜਮੈਂਟਾਂ ਦੇ ਝੰਡੇ ਅਤੇ ਡਰੈਗਨ ਰੈਜਮੈਂਟਾਂ ਦੇ ਸਿਪਾਹੀਆਂ ਦੀਆਂ ਕਲਗੀਆਂ ਬੇ-ਆਵਾਜ਼ ਹਵਾ ਵਿੱਚ ਝੁਕੀਆਂ ਪਈਆਂ ਸਨ। ਫ਼ੌਜੀ ਇਹ ਅਰਦਾਸਾਂ ਕਰ ਰਹੇ ਸਨ ਕਿ ਉਹ ਇੱਥੋਂ ਜਿਊਂਦੇ ਬਚ ਕੇ ਨਿਕਲ ਸਕਣ।’’ਸਿੱਖਾਂ ਨੇ ਇਸ ਜੰਗ ਵਿੱਚ ਬਹਾਦਰੀ ਦੇ ਇੰਨੇ ਕਾਰਨਾਮੇ ਦਿਖਾਏ ਜਿਨ੍ਹਾਂ ਨੂੰ ਲਾਹੌਰ ਦਰਬਾਰ ਦੇ ਇਤਿਹਾਸਕਾਰ ਤਾਂ ਨਹੀਂ ਲਿਖ ਸਕੇ ਪਰ ਅੰਗਰੇਜ਼ ਕਮਾਂਡਰਾਂ ਨੇ ਜੰਗ ਤੋਂ ਬਾਅਦ ਆਪਣੀਆਂ ਲਿਖਤਾਂ ਵਿੱਚ ਸਿੱਖ ਫ਼ੌਜਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ।

ਫੇਰੂ ਸ਼ਹਿਰ ਦੀ ਲੜਾਈ ਇੰਨੀ ਭਿਆਨਕ ਹੋ ਗਈ ਸੀ ਕਿ ਬ੍ਰਿਟਿਸ਼ ਸੈਨਾਪਤੀ ਲਾਰਡ ਹਾਰਡਿੰਗ ਨੇ ਉਹ ਤਲਵਾਰ ਜੋ ਉਸ ਨੂੰ ਇਨਾਮ ਵਿੱਚ ਮਿਲੀ ਸੀ,ਵਿਆਹ ਸਮੇਂ ਦੀ ਮੁੰਦਰੀ ਅਤੇ ਹੋਰ ਜ਼ਰੂਰੀ ਕਾਗਜ਼ ਫੇਰੂ ਸ਼ਹਿਰ ਦੇ ਮੈਦਾਨ ਵਿੱਚੋਂ ਆਪਣੇ ਪੁੱਤਰ ਰਾਹੀਂ ਵਾਪਸ ਭੇਜ ਦਿੱਤੇ ਅਤੇ ਹਦਾਇਤ ਕੀਤੀ ਕਿ ਜੇ ਹਾਰ ਹੋ ਗਈ ਤਾਂ ਉਸ ਦੇ ਸਾਰੇ ਕਾਗਜ਼ ਸਾੜ ਦਿੱਤੇ ਜਾਣ ਕਿਉਂਕਿ ਉਸ ਨੂੰ ਜਿੱਤ ਤਾਂ ਕੀ ਆਪਣੀ ਜਾਨ ਦੀ ਸਲਾਮਤੀ ਵੀ ਨਜ਼ਰ ਨਹੀਂ ਆ ਰਹੀ ਸੀ ।

ਲੜਾਈ ਵਿੱਚ ਜਦੋਂ ਸਿੱਖ ਫ਼ੌਜਾਂ ਦਾ ਪੱਲੜਾ ਭਾਰੀ ਹੋ ਗਿਆ ਤਾਂ ਗ਼ੱਦਾਰ ਤੇਜ਼ ਸਿੰਘ ਸੈਨਾਪਤੀ ਨੇ ਬਿਗਲ ਵਜਾਉਣ ਵਾਲਿਆਂ ਨੂੰ ਪਿਛਾਂਹ ਹਟਣ ਦਾ ਬਿਗਲ ਵਜਾਉਣ ਦਾ ਹੁਕਮ ਦੇ ਦਿੱਤਾ। ਬਿਗਲ ਸੁਣ ਕੇ ਸਿੱਖ ਘੋੜ ਸਵਾਰ ਅਤੇ ਪੈਦਲ ਫ਼ੌਜ ਕੁਝ ਦੇਰ ਲਈ ਪਿਛਾਂਹ ਹਟ ਗਏ। ਅੰਗਰੇਜ਼ ਸਿਪਾਹੀ ਇਹ ਦੇਖ ਕੇ ਖ਼ੁਸ਼ ਹੋ ਗਏ ਕਿ ਉਨ੍ਹਾਂ ਦੀ ਹਾਰ, ਜਿੱਤ ਵਿੱਚ ਬਦਲ ਗਈ ਹੈ। ਸ਼ਾਹ ਮੁਹੰਮਦ ਨੇ ‘‘ਜੰਗਨਾਮਾ ਸਿੰਘਾਂ ਅਤੇ ਫਰੰਗੀਆਂ’’ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਘਾਟ ਮਹਿਸੂਸ ਕਰਦਿਆਂ ਲਿਖਿਆ ਹੈ :

ਸ਼ਾਹ ਮੁਹੰਮਦਾ,ਇੱਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ,ਅੰਤ ਨੂੰ ਹਾਰੀਆਂ ਨੇ।

ਅੰਗਰੇਜ਼ਾਂ ਨੂੰ ਇਹ ਜਿੱਤ ਬੜੀ ਮਹਿੰਗੀ ਪਈ। ਇਸ ਵਿੱਚ ਅੰਗਰੇਜ਼ਾਂ ਦੇ 2 ਬ੍ਰਿਗੇਡੀਅਰ ਸਖ਼ਤ ਜ਼ਖ਼ਮੀ ਹੋਏ ਅਤੇ ਇੱਕ ਮਾਰਿਆ ਗਿਆ। ਗਵਰਨਰ ਜਨਰਲ ਦੇ ਸਟਾਫ਼ ਵਿੱਚੋਂ ਵੀ 2 ਮਰੇ ਅਤੇ 5 ਫੱਟੜ  ਹੋ ਗਏ। ਅੰਗਰੇਜ਼ਾਂ ਦੇ ਕੁੱਲ 2415 ਸਿਪਾਹੀਆਂ ਦਾ ਨੁਕਸਾਨ ਹੋਇਆ ਜਿਨ੍ਹਾਂ ਵਿੱਚੋਂ 694 ਮਾਰੇ ਗਏ ਅਤੇ 1721 ਫੱਟੜ ਹੋਏ। 21 ਅਤੇ 22 ਦਸੰਬਰ ਨੂੰ ਦੋ ਦਿਨ ਚੱਲੀ ਇਸ ਲੜਾਈ ਵਿੱਚ ਅੰਗਰੇਜ਼ਾਂ ਦਾ 25 ਸਾਲਾ ਬਹਾਦਰ ਲੈਫਟੀਨੈਂਟ ਪੀਟਰ ਕਲੋਨੈਟ ਲੈਬਾਰਡ ਜ਼ਖ਼ਮੀ ਹੋ ਗਿਆ ਅਤੇ ਨਾਲ ਦੇ ਪਿੰਡ ਮਿਸ਼ਰੀ ਵਾਲਾ ਵਿੱਚ ਫ਼ੌਜੀ ਕੈਂਪ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਸੈਨਿਕਾਂ ਅਤੇ ਕਮਾਂਡਰ ਇਨ ਆਰਮਡ ਲੈਫਟੀਨੈਂਟ ਕਰਨਲ ਹੱਥਵੇਟ ਨੇ ਪਿੰਡ ਮਿਸ਼ਰੀ ਵਾਲਾ ਵਿੱਚ ਉਸ ਦੀ ਯਾਦਗਾਰ ਬਣਵਾਈ। ਇਸ ਲੜਾਈ ਦਾ ਮੁੱਖ ਸਲਾਹਕਾਰ ਮੇਜਰ ਬਰਾਡਫੁੱਟ ਅਤੇ ਬ੍ਰਿਗੇਡੀਅਰ ਵੈਲੇਸ ਵੀ ਇੱਥੇ ਮਾਰੇ ਗਏ ਸਨ। ਲਾਰਡ ਹਾਰਡਿੰਗ ਦੀ ਸੁਰੱਖਿਆ ਲਈ ਤਾਇਨਾਤ ਏ.ਡੀ. ਕਾਂਫ ਵਿੱਚੋਂ ਕੋਈ ਵਿਰਲਾ ਹੀ ਬਚਿਆ। ਸਰਦਾਰ ਗੁਰਦੇਵ ਸਿੰਘ ਸਿੱਧੂ ਆਈ.ਏ.ਐਸ. ਰਿਟਾਇਰਡ ਕਮਿਸ਼ਨਰ ਡਿਵੀਜ਼ਨ ਫ਼ਿਰੋਜ਼ਪੁਰ ਨੇ ਆਪਣੀ ਖੋਜ ਦੌਰਾਨ ਬਹੁਤ ਸਾਰੇ ਵੇਰਵੇ ਇਕੱਠੇ ਕੀਤੇ। ਉਨ੍ਹਾਂ ਅਨੁਸਾਰ ਸਿੱਖ ਫ਼ੌਜਾਂ ਦਾ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਸਿੱਖ ਫ਼ੌਜਾਂ ਦੇ ਅੰਦਾਜ਼ਨ 8000 ਸਿਪਾਹੀ ਅਤੇ ਅਫ਼ਸਰ ਨੁਕਸਾਨੇ ਗਏ। ਬਾਅਦ ਵਿੱਚ ਜਦੋਂ ਕਰਮ ਸਿੰਘ ਹਿਸਟੋਰੀਅਨ ਪਿੰਡ ਫ਼ਿਰੋਜ਼ਸ਼ਾਹ ਆਏ ਤਾਂ ਉਨ੍ਹਾਂ ਨੇ ਪਿੰਡ ਦੇ ਬਜ਼ੁਰਗ ਬਾਬਾ ਅਤਰ ਸਿੰਘ ਅਤੇ ਸਾਥੀਆਂ ਤੋਂ ਲੜਾਈ ਦਾ ਅੱਖੀਂ ਡਿੱਠਾ ਹਾਲ ਸੁਣ ਕੇ ਕਲਮਬੰਦ ਕੀਤਾ। ਫੇਰੂ ਸ਼ਹਿਰ ਦੀ ਧਰਤੀ ’ਤੇ ਹੋਈ ਇਸ  ਜੰਗ ਦਾ ਹਾਲ ਕਵੀ ਸ਼ਾਹ ਮੁਹੰਮਦ ਨੇ ਵੀ ਆਪਣੇ ਜੰਗਨਾਮੇ ਵਿੱਚ ਲਿਖਿਆ ਹੈ:

ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਧੇ,
ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।
ਸਿੰਘ ਸੂਰਮੇ ਆਣ ਮੈਦਾਨ ਲੱਥੇ,     
ਗੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ ।
ਉੱਧਰ ਆਪ ਫਰੰਗੀ ਨੂੰ ਭਾਜ ਆਈ, 
ਦੌੜੇ ਜਾਣ ਗੋਰੇ, ਦਿੱਤੀ ਕੰਡ ਮੀਆਂ।
ਸ਼ਾਹ ਮੁਹੰਮਦਾ ਦੇਖ ਮੈਦਾਨ ਜਾ ਕੇ, 
ਰੁਲਦੀ ਗੋਰਿਆਂ ਦੀ ਪਈ ਝੰਡ ਮੀਆਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।