ਰਾਮਪੁਰਾ (ਸੰਗਰੂਰ) ਘਟਨਾ ਬਾਰੇ ਕਾਰਵਾਂ ਦਾ ਝੂਠ ਬੇਪਰਦ, ਪਰ ਆਖਿਰ “ਅਗਾਂਹਵਧੂ” ਖਬਰਖਾਨਾ ਅਜਿਹਾ ਕਰ ਕਿਉਂ ਰਿਹੈ?
ਪੀਲੀ ਪੱਤਰਕਾਰੀ ਤੇ ਫੁੱਟਪਾਊ ਲੀਹਾਂ ਤੇ ਚੱਲਦਿਆਂ ਬਿਪਰਵਾਦੀ ਹਕੂਮਤ ਦੇ ਏਜੰਡੇ ਨੂੰ ਅੱਗੇ ਵਧਾ ਰਿਹੈ ‘ਅਗਾਂਹਵਧੂ’ ਖਬਰਖਾਨਾ
ਸੁਖਵਿੰਦਰ ਸਿੰਘ
ਜੂਨ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਦਾ ਸਭ ਤੋਂ ਵੱਧ ਦਰਦਨਾਕ ਅਹਿਸਾਸ ਬੀਤੇ ਕੁੱਝ ਸਾਲਾਂ ਤੋਂ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ। 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਕਰਕੇ ਕੁੱਝ ਸਮੇਂ ਬਾਅਦ ਬਰਗਾੜੀ ਪਿੰਡ ਵਿਚ ਬੇਅਦਬ ਕਰਨ ਦੀ ਘਟਨਾ ਤੋਂ ਸ਼ੁਰੂ ਹੋਇਆ ਇਹ ਬੇਅਦਬੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 2015 ਵਾਲੀ ਬੇਅਦਬੀ ਦੀ ਘਟਨਾ ਵਿਚ ਮੁੱਖ ਦੋਸ਼ੀ ਵਜੋਂ ਡੇਰਾ ਸਿਰਸਾ ਦੀ ਪਛਾਣ ਹੋਈ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਾਜਿਸ਼ਾਂ ਰਚੀਆਂ ਗਈਆਂ। ਹਲਾਂਕਿ ਅਜੇ ਤਕ ਬੇਅਦਬੀ ਕਰਨ ਵਾਲੇ ਕਿਸੇ ਦੋਸ਼ੀ ਨੂੰ ਕਈ ਸਜ਼ਾ ਨਹੀਂ ਹੋਈ ਹੈ। ਬੇਅਦਬੀਆਂ ਦੇ ਰੁਝਾਨ ਵਿਚ ਇਕ ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਜ਼ਿਆਦਾਤਰ ਥਾਵਾਂ 'ਤੇ ਬੇਅਦਬੀ ਦੇ ਕਸੂਰਵਾਰ ਨੂੰ ਮੰਦਬੁੱਧੀ ਸਾਬਤ ਕਰ ਦਿੱਤਾ ਜਾਂਦਾ ਹੈ ਜਾਂ ਫੇਰ ਬੇਅਦਬੀ ਦੀ ਵਾਰਦਾਤ ਨੂੰ ਕਿਸੇ ਬੱਚੇ ਤੋਂ ਅੰਜ਼ਾਮ ਦਵਾਇਆ ਜਾਂਦਾ ਹੈ।
ਇਸੇ ਤਰ੍ਹਾਂ ਦੀ ਇਕ ਘਟਨਾ ਪਿਛਲੇ ਮਹੀਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਵਿਚ ਵਾਪਰੀ। ਇੱਥੇ 27 ਜੂਨ ਨੂੰ ਸਵੇਰੇ ਇਕ 12 ਕੁ ਸਾਲ ਦੀ 7ਵੀਂ ਜਮਾਤ ਵਿਚ ਪੜ੍ਹਦੀ ਬੱਚੀ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ੍ਹ ਦਿੱਤੇ। ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਅਤੇ ਪਿੰਡ ਵਾਲਿਆਂ ਵੱਲੋਂ ਪੁੱਛਣ 'ਤੇ ਬੱਚੀ ਨੇ ਮੰਨ ਵੀ ਲਿਆ ਕਿ ਉਸ ਕੋਲੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬੇਅਦਬ ਹੋਏ ਹਨ। ਇਸ ਤੋਂ ਬਾਅਦ ਪੁਲਸ ਹੋਰ ਬੇਅਦਬੀ ਦੇ ਮਾਮਲਿਆਂ ਵਾਂਗ ਇਸ ਮਾਮਲੇ ਵਿਚ ਵੀ ਜਾਂਚ ਕਰ ਰਹੀ ਹੈ।
ਬੀਤੇ ਕੱਲ੍ਹ ਖੱਬੇਪੱਖੀ ਵਿਚਾਰਧਾਰਾ ਨਾਲ ਸਬੰਧਿਤ ਮੰਨੀ ਜਾਂਦੀ ਅੰਗਰੇਜ਼ੀ ਦੀ ਖਬਰਾਂ ਵਾਲੀ ਵੈਬਸਾਈਟ "ਦਾ ਕਾਰਵਾਂ" ਵੱਲੋਂ ਇਸ ਬੇਅਦਬੀ ਦੀ ਘਟਨਾ ਨਾਲ ਸਬੰਧਿਤ ਇਕ ਰਿਪੋਰਟ ਛਾਪੀ ਗਈ। ਇਸ ਰਿਪੋਰਟ ਵਿਚ ਘਟਨਾ ਦੀ ਪੇਸ਼ਕਾਰੀ ਕੁੱਝ ਇਸ ਢੰਗ ਨਾਲ ਕੀਤੀ ਗਈ ਜਿਸ ਵਿਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਅਦਬੀ ਤੋਂ ਪੀੜਤ ਸਿੱਖਾਂ ਵੱਲੋਂ ਬੇਅਦਬੀ ਕਰਨ ਵਾਲੀ ਬੱਚੀ ਨਾਲ ਬੇਇਨਸਾਫੀ ਕੀਤੀ ਗਈ। "ਦੀ ਕਾਰਵਾਂ" ਦੀ ਉਪਰੋਕਤ ਰਿਪੋਰਟ ਨੂੰ ਅਸੀਂ ਆਪਣੀ ਇਸ ਰਿਪੋਰਟ ਵਿਚ ਜ਼ਮੀਨੀ ਹਕੀਕਤ ਦੇ ਤੱਥਾਂ ਨਾਲ ਮੇਲਦਿਆਂ ਘੋਖਣ ਦੀ ਕੋਸ਼ਿਸ਼ ਕਰਾਂਗੇ।
"ਦੀ ਕਾਰਵਾਂ" ਦੀ ਰਿਪੋਰਟ ਵਿਚ ਬੇਅਦਬੀ ਕਰਨ ਵਾਲੀ ਬੱਚੀ ਦੀ ਜਾਤ ਪਛਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਹੈ। ਪੂਰੀ ਰਿਪੋਰਟ ਵਿਚ ਬੱਚੀ ਦੀ ਪਛਾਣ ਨੂੰ ਦਲਿਤ ਦਸਦਿਆਂ ਇਸ ਨੂੰ ਜਾਤ ਅਧਾਰਤ ਧੱਕੇ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਵਿਚ ਸਰਗਰਮ ਖੱਬੇਪੱਖੀ ਧਿਰਾਂ ਪਹਿਲਾਂ ਤੋਂ ਹੀ ਦਲਿਤ ਨੂੰ ਸਿੱਖ ਧਾਰਾ ਤੋਂ ਅਲਹਿਦਾ ਕਰਕੇ ਖੜ੍ਹਾਉਣ ਲਈ ਸਰਗਰਮ ਹਨ। ਜਦਕਿ ਇਸ ਪੂਰੇ ਮਾਮਲੇ ਵਿਚ ਜਾਤ ਅਧਾਰਤ ਕੋਈ ਵੀ ਪਹਿਲੂ ਕਾਰਜਸ਼ੀਲ ਨਹੀਂ ਸੀ। ਇਹ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸੀ। ਇਹ ਬੇਅਦਬੀ ਜਿਸ ਗੁਰਦੁਆਰਾ ਸਾਹਿਬ ਵਿਚ ਵਾਪਰੀ, ਉਹ ਸਮੁੱਚੇ ਪਿੰਡ ਦਾ ਸਾਂਝਾ ਗੁਰਦੁਆਰਾ ਸਾਹਿਬ ਹੈ ਜਿੱਥੇ ਪਿੰਡ ਦੇ ਸਾਰੇ ਭਾਈਚਾਰੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਆਉਂਦੇ ਹਨ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਸਵੇਰੇ ਨਿਤਨੇਮ ਕਰਨ ਤੋਂ ਬਾਅਦ ਹੁਕਮਨਾਮਾ ਸਾਹਿਬ ਲੈ ਕੇ ਚਲੇ ਗਿਆ ਸੀ। ਉਸਦੇ ਦੱਸਣ ਮੁਤਾਬਕ ਹੁਕਮਨਾਮਾ ਸਾਹਿਬ 642 ਅੰਗ ਤੋਂ ਆਇਆ ਸੀ। ਜਦੋਂ ਉਸਨੇ ਬਾਅਦ ਵਿਚ ਸਰੂਪ ਦੇ ਦਰਸ਼ਨ ਕੀਤੇ ਤਾਂ 642 ਤੋਂ ਲੈ ਕੇ 653 ਤੱਕ ਅੰਗ 10 ਸੈਂਟੀਮੀਟਰ ਦੇ ਕਰੀਬ ਪਾਟੇ ਹੋਏ ਸਨ।
ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਇਸ ਸਬੰਧੀ ਜਦੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿਚ ਲੱਗੇ ਸੀਸੀਟੀਵੀ ਦੀ ਘੋਖ ਕੀਤੀ ਗਈ ਤਾਂ ਉਸ ਵਿਚ ਨਜ਼ਰ ਆਇਆ ਕਿ ਪਾਠੀ ਸਿੰਘ ਦੇ ਜਾਣ ਮਗਰੋਂ ਗੁਰਦੁਆਰਾ ਸਾਹਿਬ ਵਿਚ ਪਿੰਡ ਦੀ ਇਕ ਬੀਬੀ ਅਤੇ ਇਹ ਬੱਚੀ ਮੋਜੂਦ ਸਨ। ਕੈਮਰੇ ਦੀ ਰਿਕਾਰਡਿੰਗ ਮੁਤਾਬਕ ਜਦੋਂ ਬੀਬੀ ਵੀ ਚਲੇ ਗਈ ਤਾਂ ਸਿਰਫ ਬੱਚੀ ਗੁਰਦੁਆਰਾ ਸਾਹਿਬ ਵਿਚ ਰਹਿ ਗਈ ਸੀ। ਗ੍ਰੰਥੀ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੀ ਰਿਕਾਰਡਿੰਗ ਵਿਚ ਨਜ਼ਰ ਪੈਂਦਾ ਹੈ ਕਿ ਬੱਚੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਾਂਦੀ ਹੈ ਅਤੇ ਰੁਮਾਲਾ ਸਾਹਿਬ ਚੁੱਕਦੀ ਹੈ।
ਪਿੰਡ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਜਦੋਂ ਬੱਚੀ ਨੂੰ ਪਿੰਡ ਦੇ ਮੋਹਤਬਾਰਾਂ ਵੱਲੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਪਹਿਲਾਂ ਉਹ ਅਜਿਹਾ ਕੁੱਝ ਵੀ ਕਰਨ ਤੋਂ ਇਨਕਾਰ ਕਰਦੀ ਰਹੀ ਪਰ ਬਾਅਦ ਵਿਚ ਜਦੋਂ ਉਸਨੂੰ ਸੀਸੀਟੀਵੀ ਰਿਕਾਰਡਿੰਗ ਦਿਖਾਈ ਗਈ ਤਾਂ ਉਸਨੇ ਮੰਨਿਆ ਕਿ ਉਸ ਕੋਲੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬੇਅਦਬ ਹੋਏ ਹਨ।
ਹਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਲਗਦਾ ਹੈ ਕਿ ਇਹ ਕੰਮ ਬੱਚੀ ਤੋਂ ਕਿਸੇ ਵੱਲੋਂ ਕਰਵਾਇਆ ਗਿਆ ਹੈ ਅਤੇ ਇਸਦੀ ਜਾਂਚ ਕਰਨ ਲਈ ਪਿੰਡ ਦੀ ਕਮੇਟੀ ਨੇ ਪੁਲਸ ਨੂੰ ਇਤਲਾਹ ਦਿੱਤੀ ਤਾਂ ਕਿ ਬੱਚੀ ਨੂੰ ਇਸ ਕੰਮ ਲਈ ਵਰਤਣ ਵਾਲੇ ਦੋਸ਼ੀ ਦਾ ਪਤਾ ਲੱਗ ਸਕੇ।
ਮੌਕੇ 'ਤੇ ਪਹੁੰਚੇ ਸਿੱਖ ਆਗੂ
ਇਸ ਘਟਨਾ ਸਬੰਧੀ ਪਤਾ ਲੱਗਣ 'ਤੇ ਇਲਾਕੇ ਵਿਚੋਂ 10 ਦੇ ਕਰੀਬ ਵੱਖ-ਵੱਖ ਸਿੱਖ ਆਗੂ ਪਹੁੰਚੇ ਜਿਹਨਾਂ ਵਿਚ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋਹ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਗੁਰਦੀਪ ਸਿੰਘ ਕਾਲਾਝਾੜ ਸ਼ਾਮਲ ਸਨ।
"ਦੀ ਕਾਰਵਾਂ" ਵੱਲੋਂ ਛਾਪੀ ਰਿਪੋਰਟ ਵਿਚ ਅਣਪਛਾਤੇ ਪੁਲਸੀਆਂ ਦੇ ਹਵਾਲੇ ਨਾਲ ਬਿਆਨ ਛਾਪਿਆ ਗਿਆ ਹੈ ਕਿ ਉੱਥੇ ਮੌਕੇ 'ਤੇ ਮੋਜੂਦ ਸਿੱਖਾਂ ਨੇ ਆਪਣੀਆਂ ਤਲਵਾਰਾਂ ਤਕ ਬਾਹਰ ਕੱਢ ਲਈਆਂ। ਇਸ ਬਿਆਨ ਦੇ ਹਵਾਲੇ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੁਲਸ ਨੂੰ ਸਿੱਖ ਦਬਾਅ ਦੇ ਚਲਦਿਆਂ ਮਜ਼ਬੂਰੀ ਵਿਚ ਕੁੜੀ ਖਿਲਾਫ ਕਾਰਵਾਈ ਕਰਨੀ ਪਈ।
ਜਦਕਿ ਮੌਕੇ 'ਤੇ ਮੋਜੂਦ ਗੁਰਦੀਪ ਸਿੰਘ ਕਾਲਾਝਾੜ ਨੇ ਅੰਮ੍ਰਿਤਸਰ ਟਾਈਮਜ਼ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਉੱਥੇ ਕੋਈ ਮਾਹੌਲ ਨਹੀਂ ਸੀ। ਉਹਨਾਂ ਦੱਸਿਆ ਕਿ ਸਿਰਫ 10 ਦੇ ਕਰੀਬ ਸਿੱਖ ਆਗੂ ਉੱਥੇ ਪਹੁੰਚੇ ਸਨ ਤੇ ਬਾਕੀ ਸਭ ਪਿੰਡ ਦੇ ਲੋਕ ਸਨ। ਉਹਨਾਂ ਕਿਹਾ ਕਿ ਪੁਲਸ ਉੱਥੇ ਮੌਕੇ 'ਤੇ ਉਹਨਾਂ ਤੋਂ ਪਹਿਲਾਂ ਪਹੁੰਚ ਚੁੱਕੀ ਸੀ ਅਤੇ ਬੱਚੀ ਮੰਨ ਚੁੱਕੀ ਸੀ ਕਿ ਉਸ ਕੋਲੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ।
ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਉਹ ਬੇਅਦਬੀ ਤੋਂ ਅਗਲੇ ਦਿਨ 28 ਜੂਨ ਨੂੰ ਪਿੰਡ ਰਾਮਪੁਰਾ ਗਏ ਸਨ ਤੇ ਉਹਨਾਂ ਨੇ ਮਹਿਜ਼ ਦੋ ਮਿੰਟ ਬੱਚੀ ਨਾਲ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਉਹਨਾਂ ਬੱਚੀ ਨੂੰ ਪਿਆਰ ਨਾਲ ਪੁੱਛਿਆ ਸੀ ਕਿ ਉਸ ਨੂੰ ਅਜਿਹਾ ਕਰਨ ਲਈ ਕਿਸ ਨੇ ਕਿਹਾ ਹੈ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਪੁਲਸ ਬੱਚੀ ਨੂੰ ਨਾਲ ਲੈ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਮੌਕੇ 'ਤੇ ਮੋਜੂਦ ਰਹੇ ਗੁਰਨੈਬ ਸਿੰਘ ਰਾਮਪੁਰ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਿਸੇ ਦੀ ਸਾਜਿਸ਼ ਹੈ। ਉਹਨਾਂ ਕਿਹਾ ਕਿ ਬੱਚੀ ਤੋਂ ਕਿਸੇ ਨੇ ਇਹ ਕੰਮ ਕਰਵਾਇਆ ਹੈ ਅਤੇ ਕਾਨੂੰਨ ਮੁਤਾਬਕ ਇਸਦੀ ਜਾਂਚ ਕਰਨੀ ਪੁਲਸ ਦਾ ਕੰਮ ਹੈ। ਉਹਨਾਂ ਦੱਸਿਆ ਕਿ ਰਾਮਪੁਰਾ ਅਤੇ ਉਸਦੇ ਨਾਲ ਲਗਦੇ ਪਿੰਡਾਂ ਵਿਚ ਵੱਡੀ ਗਿਣਤੀ ਲੋਕ ਡੇਰਾ ਸਿਰਸਾ ਨਾਲ ਜੁੜੇ ਹੋਏ ਹਨ। ਰਾਮਪੁਰਾ ਪਿੰਡ ਦੇ ਨੇੜੇ ਹੀ ਡੇਰਾ ਸਿਰਸਾ ਦਾ ਨਾਮ ਚਰਚਾ ਘਰ ਵੀ ਹੈ।
"ਦੀ ਕਾਰਵਾਂ" ਦੀ ਰਿਪੋਰਟ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦਾ ਬਿਆਨ ਛਾਪਿਆ ਗਿਆ ਹੈ ਜਿਸ ਵਿਚ ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਘਟਨਾਵਾਂ ਕਈ ਸਿੱਖ ਜਥੇਬੰਦੀਆਂ ਲਈ ਸਿੱਖੀ ਦੇ ਨਾਂ 'ਤੇ ਪੈਸਾ ਕਮਾਉਣ ਦਾ ਮੌਕਾ ਵੀ ਬਣ ਜਾਂਦੀਆਂ ਹਨ।
ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਜਦੋਂ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬ੍ਰਿਧ ਹੋ ਜਾਂਦੇ ਹਨ ਤਾਂ ਕਈ ਵਾਰ ਹੱਥ ਲਾਇਆਂ ਵੀ ਅੰਗ ਪਾਟ ਜਾਂਦੇ ਹਨ। ਪਿੰਡ ਦੇ ਗ੍ਰੰਥੀ ਸਿੰਘ ਨੇ ਦੱਸਿਆ ਕਿ ਜਿਸ ਸਰੂਪ ਦੇ ਅੰਗ ਬੇਅਦਬ ਹੋਏ ਹਨ ਉਹ ਸਰੂਪ ਬ੍ਰਿਧ ਨਹੀਂ ਸੀ।
ਬੀਬੀ ਕਿਰਨਜੋਤ ਕੌਰ ਦੇ ਨਾਂ ਹੇਠ ਛਪੇ ਬਿਆਨਾਂ ਵਿਚ ਉਪਰੋਕਤ ਘਟਨਾ ਵਿਚ ਵਰਤੇ ਰਵੱਈਏ ਨੂੰ ਤਾਲਿਬਾਨੀ ਤੌਰ ਤਰੀਕੇ ਨਾਲ ਮੇਲ ਦਿੱਤਾ ਗਿਆ ਹੈ। ਬੀਬੀ ਕਿਰਨਜੋਤ ਕੌਰ ਨੂੰ ਜਦੋਂ ਅੰਮ੍ਰਿਤਸਰ ਟਾਈਮਜ਼ ਵੱਲੋਂ ਸਵਾਲ ਕੀਤਾ ਗਿਆ ਕਿ, "ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਕਰਨਾ ਸਿੱਖਾਂ ਦੀ ਤਾਲਿਬਾਨੀ ਸੋਚ ਹੈ, ਜਿਵੇਂ ਤੁਹਾਡੇ ਕਾਰਵਾਂ ਵਿਚ ਛਪੇ ਬਿਆਨ ਵਿਚ ਲਿਖਿਆ ਗਿਆ ਹੈ?" ਤਾਂ ਉਹਨਾਂ ਕਿਹਾ, "ਮੇਰੀ ਗੱਲ ਨੂੰ ਘਟਨਾ ਦੇ ਵੇਰਵਿਆਂ ਵਿਚਲੇ ਸੰਧਰਭ ਤੋਂ ਬਾਹਰ ਲਿਜਾ ਕੇ ਉਹ ਕਹਿਣ ਦੀ ਕੋਸ਼ਿਸ਼ ਹੈ ਜੋ ਮੈਂ ਨਹੀਂ ਕਿਹਾ।" ਉਹਨਾਂ ਕਿਹਾ, "ਇੱਕ 10 ਸਾਲ ਦੇ ਬੱਚੇ ਨੂੰ ਖੌਫਜਦਾ ਕਰਕੇ ਤਿੰਨ ਦਿਨ ਥਾਣੇ ਬੰਦ ਕਰਵਾਉਣਾ ਤਾਲੀਬਾਨੀ ਵਰਤਾਰਾ ਹੈ। ਕੀ ਉਹ ਬੱਚੀ ਮੁੜ ਗੁਰਦੁਆਰੇ ਆਏਗੀ ਜੋ ਰੋਜ਼ ਉਥੇ ਸੇਵਾ ਕਰਦੀ ਸੀ ? ਸਹੀ ਤਰੀਕਾ ਉਸ ਨੂੰ ਗਲਤੀ ਦਾ ਅਹਿਸਾਸ ਕਰਵਾ ਕੇ ਖਿਮਾਯਾਚਨਾ ਦਾ ਤਰੀਕਾ ਦੱਸਣਾ ਚਾਹੀਦਾ ਸੀ। ਜੇ ਜਾਣਬੁਝ ਕੇ ਉਸ ਨੇ ਬੇਅਦਬੀ ਕੀਤੀ ਹੁੰਦੀ ਤਾਂ ਆਪੇ ਗਲਤੀ ਨਾ ਮੰਨਦੀ। ਸੀ ਸੀ ਟੀ ਵੀ ਤੋਂ ਸਿਰਫ ਅੰਦਾਜ਼ੇ ਲਾਏ ਗਏ ਹਨ।"
ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਸਿੱਖ ਲਈ ਸਭ ਤੋਂ ਉੱਚ ਗੁਰੂ ਗ੍ਰੰਥ ਸਾਹਿਬ ਹਨ ਤੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਣ ਦੇ ਬਾਅਦ ਵੀ ਸਿੱਖ ਪੂਰਨ ਸ਼ਾਂਤਮਈ ਰਹਿ ਕੇ ਇਨਸਾਫ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਕਿਸੇ ਨੂੰ ਤਾਲਿਬਾਨੀ ਤੌਰ ਤਰੀਕਾ ਲਗਦਾ ਹੈ ਤਾਂ ਉਸਦੀ ਸੋਚ 'ਤੇ ਤਰਸ ਹੀ ਕੀਤਾ ਜਾ ਸਕਦਾ ਹੈ।
"ਦੀ ਕਾਰਵਾਂ" ਵੱਲੋਂ ਆਪਣੀ ਰਿਪੋਰਟ ਵਿਚ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਬਿਆਨ ਵੀ ਵਰਤਿਆ ਗਿਆ ਹੈ ਜੋ ਕਹਿ ਰਹੇ ਹਨ ਕਿ ਬੱਚੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨਾ ਸਹੀ ਨਹੀਂ ਸੀ। ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦਿਆਂ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਗਲਤ ਹੈ, ਪਰ ਸਿੱਖ ਜਥੇਬੰਦੀਆਂ ਵੱਲੋਂ ਮਾਮਲੇ ਦੀ ਪੜਤਾਲ ਦੀ ਮੰਗ ਕਰਨਾ ਬਿਲਕੁਲ ਗਲਤ ਨਹੀਂ ਹੈ।
ਦੱਸ ਦਈਏ ਕਿ ਉਪਰੋਕਤ ਕੁੜੀ ਨੂੰ 1 ਜੁਲਾਈ ਨੂੰ ਬੱਚਿਆਂ ਦੀ ਸੁਣਵਾਈ ਲਈ ਤੈਅ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਹੁਣ ਅਗਲੀ ਤਰੀਕ 22 ਸਤੰਬਰ ਤੈਅ ਕੀਤੀ ਗਈ ਹੈ।
ਸੋ, ਉਪਰੋਕਤ ਤੱਥਾਂ ਨੂੰ ਵਾਚਿਆਂ ਅਤੇ "ਦੀ ਕਾਰਵਾਂ" ਵਿਚ ਛਪੀ ਰਿਪੋਰਟ ਦੀ ਘੋਖ ਕੀਤਿਆਂ ਪ੍ਰਤੀਤ ਹੁੰਦਾ ਹੈ ਕਿ ਇਸ ਸਾਰੇ ਮਸਲੇ ਨੂੰ ਰਿਪੋਰਟ ਰਾਹੀਂ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਅਗਾਂਹਵਧੂ ਮੀਡੀਏ ਵਜੋਂ ਜਾਣੇ ਜਾਂਦੇ ਅਦਾਰੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਭਾਰਤ ਦੀ ਅਗਾਂਹਵਧੂ ਧਿਰ ਪੰਜਾਬ ਦੇ ਖਾਸੇ ਅਤੇ ਸਿੱਖ ਸੰਵੇਦਨਾ ਤੋਂ ਉਲਟ ਹੀ ਵਿਚਰਦੀ ਰਹੀ ਹੈ ਅਤੇ ਸਿੱਖੀ ਵਿਚ ਪਈਆਂ ਕੁਦਰਤੀ ਬਰਕਤਾਂ ਨੂੰ ਆਪਣੇ ਮਨਾਂ ਵਿਚ ਮਹਾਨ ਨਕਸ਼ਾਂ ਵਜੋਂ ਸਿਰਜੇ ਵਿਚਾਰਾਂ ਤੋਂ ਉਤਾਂਹ ਲੰਘਦਿਆਂ ਪ੍ਰਵਾਨ ਨਹੀਂ ਕਰਦੀ।
Comments (0)