ਗ੍ਰੇਟ ਖਲੀ ਤੋਂ ਵੀ ਲੰਬਾ ਹੈ ਪੰਜਾਬ ਪੁਲਿਸ ਦਾ 'ਹੁਨਰਬਾਜ਼' ਜਗਦੀਪ ਸਿੰਘ

ਗ੍ਰੇਟ ਖਲੀ ਤੋਂ ਵੀ ਲੰਬਾ ਹੈ ਪੰਜਾਬ ਪੁਲਿਸ ਦਾ 'ਹੁਨਰਬਾਜ਼' ਜਗਦੀਪ ਸਿੰਘ

ਅੰਮ੍ਰਿਤਸਰ ਟਾਈਮਜ਼

ਜੇਕਰ ਤੁਸੀਂ ਗੁਰੂ ਨਗਰੀ ਦੇ ਹੈੱਡ ਕਾਂਸਟੇਬਲ ਜਗਦੀਪ ਸਿੰਘ ਨਾਲ ਸੈਲਫੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੂਲ ਜਾਂ ਕੁਰਸੀ ਲਿਆਉਣੀ ਪਵੇਗੀ। ਦਰਅਸਲ, ਜਗਦੀਪ ਦੁਨੀਆ ਦਾ ਸਭ ਤੋਂ ਲੰਬਾ ਸਿਪਾਹੀ ਹੈ। ਉਨ੍ਹਾਂ ਦੀ ਵਿਸ਼ੇਸ਼ ਸ਼ਖਸੀਅਤ ਨੂੰ ਦੇਖ ਕੇ ਹੁਣ ਪੰਜਾਬ ਦੇ ਨਾਲ-ਨਾਲ ਦੇਸ਼-ਵਿਦੇਸ਼ ਦੇ ਲੋਕ ਵੀ ਹੈਰਾਨ ਹਨ। 7 ਫੁੱਟ 6 ਇੰਚ ਕੱਦ ਵਾਲੇ ਜਗਦੀਪ ਨੇ ਹਾਲ ਹੀ ਵਿੱਚ ਆਪਣੀ 18 ਮੈਂਬਰੀ ਟੀਮ ਸਮੇਤ ਇੱਕ ਨਿੱਜੀ ਟੈਲੀਵਿਜ਼ਨ ਚੈਨਲ ਦੇ ਟੈਲੇਂਟ ਸ਼ੋਅ ਹੁਨਰਬਾਜ਼ਵਿੱਚ ਗੱਤਕੇ ਦੇ ਜੌਹਰ ਦਿਖਾਏ। ਉਸ ਨੂੰ ਸਟੇਜ 'ਤੇ ਦੇਖ ਕੇ ਦਰਸ਼ਕ, ਸ਼ੋਅ ਦੇ ਹੋਸਟ ਭਾਰਤੀ ਤੇ ਹਰਸ਼ ਅਤੇ ਜੱਜ ਮਿਥੁਨ ਚੱਕਰਵਰਤੀ, ਪਰਿਣੀਤੀ ਚੋਪੜਾ ਅਤੇ ਕਰਨ ਜੌਹਰ ਵੀ ਦੰਗ ਰਹਿ ਗਏ।

ਜਦੋਂ ਜਗਦੀਪ ਸਿੰਘ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਤਾਂ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਹੋੜ ਲੱਗ ਗਈ। ਦਿ ਗ੍ਰੇਟ ਖਲੀ (ਦਲੀਪ ਸਿੰਘ ਰਾਣਾ) ਵੀ ਜਗਦੀਪ ਸਿੰਘ ਦੇ ਵੱਡੇ ਕੱਦ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਮਾਣ ਹੁੰਦਾ ਹੈ ਜਦੋਂ ਉਹ ਸੋਚਦਾ ਹੈ ਕਿ ਉਹ ਗ੍ਰੇਟ ਖਲੀ (ਉਚਾਈ 7 ਫੁੱਟ 3 ਇੰਚ) ਤੋਂ ਤਿੰਨ ਇੰਚ ਉੱਚਾ ਹੈ। ਦਰਅਸਲ, ਜਗਦੀਪ  ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੀ ਟੀਮ ਨਾਲ ਗਤਕਾ (ਸਿੱਖ ਮਾਰਸ਼ਲ ਆਰਟ) ਦੇ ਜੌਹਰ ਦਿਖਾ ਰਿਹਾ ਹੈ ਅਤੇ ਉਹ ਆਪਣਾ ਹੁਨਰ ਦਿਖਾਉਣ ਲਈ ਟੀਵੀ ਸਕ੍ਰੀਨ 'ਤੇ ਪਹੁੰਚ ਗਿਆ ਹੈ।ਹੈੱਡ ਕਾਂਸਟੇਬਲ ਜਗਦੀਪ ਸਿੰਘ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਘਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਜਠੋਲ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੀ ਪਤਨੀ ਸੁਖਬੀਰ ਕੌਰ 6 ਫੁੱਟ ਦੇ ਕਰੀਬ ਹੈ। ਤੇਰਾਂ ਸਾਲਾ ਧੀ ਹਰਜਸ਼ਨਦੀਪ ਕੌਰ ਦਾ ਕੱਦ ਵੀ 5.7 ਇੰਚ ਹੈ।

ਪੰਜਾਬ ਪੁਲਸ ਵਿਚ ਤਾਇਨਾਤ 35 ਸਾਲ ਦੇ ਹੈਡ ਕਾਂਸਟੇਬਲ ਦਾ ਭਾਰ 190 ਕਿੱਲੋਗ੍ਰਾਮ ਹੈ। ਉਹ ਕਹਿੰਦੇ ਹਨ, ਮੈਂ ਸਪੋਰਟ ਲਈ ਕੁਰਸੀ ਨੂੰ ਕੰਧ ਨਾਲ ਲਗਾ ਕੇ ਰੱਖਦਾ ਹਾਂ ਅਤੇ ਫਿਰ ਉਸ 'ਤੇ ਬੈਠਦਾ ਹਾਂ। ਨਹੀਂ ਤਾਂ ਇਹ ਟੁੱਟ ਜਾਂਦੀ ਹੈ ਅਤੇ ਸ਼ਰਮਿੰਦਗੀ ਹੁੰਦੀ ਹੈ।ਜਗਦੀਪ ਨੂੰ ਆਮਤੌਰ 'ਤੇ ਪੁਲ ਵਰਗੇ ਸੰਵੇਦਨਸ਼ੀਲ ਇਲਾਕਿਆਂ 'ਤੇ ਸੁਰੱਖਿਆ ਡਿਊਟੀ ਵਿਚ ਤਾਇਨਾਤ ਕੀਤਾ ਜਾਂਦਾ ਹੈ ਅਤੇ ਉਹ ਕਿਸੇ ਵਿਸ਼ੇਸ਼ ਪੁਲਸ ਸਟੇਸ਼ਨ ਵਿਚ ਕੰਮ ਨਹੀਂ ਕਰ ਪਾਉਂਦੇ ਹਨ। ਉਨ੍ਹਾਂ ਦੀ ਜਿਸ ਪੋਸਟ 'ਤੇ ਨਿਯੁਕਤੀ ਹੁੰਦੀ ਹੈ ਉੱਥੇ ਉਨ੍ਹਾਂ ਨੂੰ ਲਗਾਤਾਰ ਗਸ਼ਤ ਕਰਨੀ ਪੈਂਦੀ ਹੈ ਪਰ ਇਸ ਲਈ ਉਹ ਪੁਲਸ ਵਾਹਨਾਂ ਦਾ ਪ੍ਰਯੋਗ ਨਹੀਂ ਕਰ ਪਾਉਂਦੇ, ਕਿਉਂਕਿ ਗੱਡੀਆਂ ਉਨ੍ਹਾਂ ਦੇ ਲਈ ਬਹੁਤ ਛੋਟੀਆਂ ਹੁੰਦੀਆਂ ਹਨ। ਇਸ ਦੀ ਬਜਾਏ, ਉਹ ਆਪਣੀ ਮੋਡੀਫਾਈ ਮਹਿੰਦਰਾ ਬਲੈਰੋ ਦਾ ਇਸਤੇਮਾਲ ਕਰਦੇ ਹਨ। ਜਗਦੀਪ ਨੇ ਕਿਹਾ, ਇਹ ਮੇਰੇ ਲਈ ਮਹਿੰਗਾ ਪੈ ਜਾਂਦਾ ਹੈ ਕਿਉਂਕਿ ਮੈਨੂੰ ਆਪਣੀ ਜੇਬ ਵਿਚੋਂ ਗੱਡੀ ਵਿਚ ਤੇਲ ਪਵਾਉਣਾ ਪੈਂਦਾ ਹੈ ਪਰ ਕੋਈ ਦੂਜਾ ਬਦਲ ਨਹੀਂ ਹੈ।

ਅਮਰੀਕਾ ਤੋਂ ਆਉਂਦੇ ਹਨ ਬੂਟ ਅਤੇ ਚੱਪਲਾਂ :

ਜਗਦੀਪ ਕਾਫੀ ਸਮਾਂ ਪਹਿਲਾਂ ਹੀ ਵਿਚ ਲਾਸ ਏਂਜਲਸ ਵਿਚ 'ਅਮਰੀਕਾ ਗਾਟ ਟੈਲੰਟ' ਸ਼ੋਅ ਵਿਚ ਹਿੱਸਾ ਲੈਣ ਤੋਂ ਬਾਅਦ ਅਮਰੀਕਾ ਤੋਂ ਪਰਤੇ ਹਨ। ਉਨ੍ਹਾਂ ਕਿਹਾ ਕਿ ਹਰ ਦਿਨ ਜੀਵਨ ਵਿਚ ਉਨ੍ਹਾਂ ਲਈ ਪਰੇਸ਼ਾਨੀਆਂ ਲੈ ਕੇ ਆਉਂਦਾ ਹੈ। ਜਗਦੀਪ ਨੂੰ ਆਪਣੇ ਕੱਪੜੇ ਅਤੇ ਵਰਦੀ ਸਵਾਉਣ ਤੋਂ ਪਹਿਲਾਂ ਕਈ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੂਟ ਲੱਭਣ ਲਈ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਉਹ ਅਮਰੀਕਾ ਤੋਂ ਇੰਪੋਰਟ ਹੋਣ ਵਾਲੇ ਯੂ.ਐਸ.ਸਾਈਜ਼ 20 ਦੇ ਬੂਟ ਅਤੇ ਚੱਪਲਾਂ ਪਾਉਂਦੇ ਹਨ। ਖਾਣ ਦੇ ਬਾਰੇ ਵਿਚ ਉਹ ਉਹ ਕਹਿੰਦੇ ਹਨ, ਜਦੋਂ ਮੈਂ ਛੋਟਾ ਸੀ, ਤਾਂ ਮੈਂ ਸਲਾਦ,ਜਈ, ਫਲ ਅਤੇ ਲੱਗਭਗ 8 ਲਿਟਰ ਦੁੱਧ ਦੇ ਨਾਲ ਹਰ ਦਿਨ ਲੱਗਭਗ ਦੋ ਦਰਜਨ ਆਂਡੇ ਖਾਂਦਾ ਸੀ ਪਰ ਹੁਣ ਮੇਰਾ ਖਾਣਾ ਘੱਟ ਹੋ ਗਿਆ ਹੈ।