ਕੌਮੀ ਪਾਰਟੀਆਂ ਦੀ ਗਿਣਤੀ ਵਿਚ ਹੋਵੇਗਾ ਵਾਧਾ 

 ਕੌਮੀ ਪਾਰਟੀਆਂ ਦੀ ਗਿਣਤੀ ਵਿਚ ਹੋਵੇਗਾ ਵਾਧਾ 

ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣਨ ਦੀ ਦੌੜ ਵਿਚ

 ਭਾਰਤ ਵਿਚ ਕੌਮੀ ਪੱਧਰ ਦੀਆਂ ਕੁੱਲ ਸੱਤ ਸਿਆਸੀ ਪਾਰਟੀਆਂ ਹਨ, ਪਰ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਕੌਮੀ ਪਾਰਟੀ ਬਣਨ ਦੀ ਦੌੜ ਵਿਚ ਆਪਣੀ ਮੰਜ਼ਿਲ ਦੇ ਬਹੁਤ ਨੇੜੇ ਪਹੁੰਚ ਗਈ ਹੈ। ਕੌਮੀ ਪਾਰਟੀ ਬਣਨ ਲਈ ਚੋਣ ਕਮਿਸ਼ਨ ਵਲੋਂ ਤੈਅ ਮਾਪਦੰਡਾਂ ਵਿਚੋਂ ਘੱਟ ਤੋਂ ਘੱਟ ਇਕ ਮਾਪਦੰਡ ਆਮ ਆਦਮੀ ਪਾਰਟੀ ਇਸ ਸਾਲ ਪੂਰਾ ਕਰ ਲਵੇਗੀ। ਉਸ ਨੂੰ ਤਿੰਨ ਸੂਬਿਆਂ ਵਿਚ ਖੇਤਰੀ ਪਾਰਟੀ ਹੋਣ ਦਾ ਦਰਜਾ ਮਿਲਿਆ ਹੋਇਆ ਹੈ ਅਤੇ ਸਾਲ ਦੇ ਅਖੀਰ ਵਿਚ ਗੁਜਰਾਤ ਤੇ ਹਿਮਾਚਲ ਪ੍ਰ ਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿੱਥੇ ਉਹ ਚੋਣਾਂ ਲੜੇਗੀ। ਆਪ  ਪਾਰਟੀ ਨੂੰ ਉਮੀਦ ਹੈ ਕਿ ਉਹ ਇਸ ਸਾਲ ਦੇ ਅਖੀਰ ਵਿਚ ਇਸ ਨੂੰ ਪੂਰਾ ਕਰ ਲਵੇਗੀ। ਉਸ ਨੂੰ ਅਜੇ ਗੋਆ, ਪੰਜਾਬ ਤੇ ਦਿੱਲੀ ਵਿਚ ਖੇਤਰੀ ਪਾਰਟੀ ਦਾ ਦਰਜਾ ਮਿਲਿਆ ਹੋਇਆ ਹੈ। ਇਸ ਸਮੇਂ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ, ਸੀਪੀਐਮ., ਸੀਪੀਆਈ., ਬਸਪਾ ਤੇ ਐਨਸੀਪੀ. ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੈ। ਐਨਪੀਪੀ. ਪੂਰਬ-ਉੱਤਰ ਦੀ ਪਹਿਲੀ ਪਾਰਟੀ ਹੈ, ਜਿਸ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਿਆ ਹੈ। ਉਹ ਚਾਰ ਸੂਬਿਆਂ (ਮੇਘਾਲਿਆ, ਮਣੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ) ਵਿਚ ਮਾਨਤਾ ਪ੍ਰਾਪਤ ਖੇਤਰੀ ਪਾਰਟੀ ਹੈ। ਸ਼ਰਦ ਪਵਾਰ ਦੀ ਐਨਸੀਪੀ. ਵੀ ਇਕ ਸਮੇਂ ਰਾਸ਼ਟਰੀ ਪਾਰਟੀ ਬਣ ਗਈ ਸੀ, ਪਰ ਬਾਅਦ 'ਵਿਚ ਉਸ ਦਾ ਇਹ ਦਰਜਾ ਬਰਕਰਾਰ ਨਾ ਰਿਹਾ। ਉਹ ਹੁਣ ਫਿਰ ਇਸ ਦੌੜ ਵਿਚ ਹੈ ਅਤੇ ਨਵੀਂ ਪਾਰਟੀ ਨੀਤੀਸ਼ ਕੁਮਾਰ ਦਾ ਜਨਤਾ ਦਲ (ਯੂ.) ਹੈ, ਜਿਸ ਨੇ ਮਨੀਪੁਰ ਵਿਚ ਛੇ ਸੀਟਾਂ ਜਿੱਤੀਆਂ ਹਨ। ਬਿਹਾਰ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਉਸ ਨੂੰ ਖੇਤਰੀ ਪਾਰਟੀ ਦਾ ਦਰਜਾ ਮਿਲਿਆ ਹੋਇਆ ਹੈ ਅਤੇ 2023 ਦੀਆਂ ਚੋਣਾਂ ਵਿਚ ਉਹ ਮੇਘਾਲਿਆ ਅਤੇ ਨਾਗਾਲੈਂਡ ਵਿਚ ਖੇਤਰੀ ਪਾਰਟੀ ਦਾ ਦਰਜਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।