ਬਾਦਲ ਦਲ ਦਾ ਭਵਿੱਖ ਤੇ ਰਾਮੂਵਾਲੀਆ ਦੀ ਟਿਪਣੀ 

ਬਾਦਲ ਦਲ ਦਾ ਭਵਿੱਖ ਤੇ ਰਾਮੂਵਾਲੀਆ ਦੀ ਟਿਪਣੀ 

                   ਪੰਜਾਬ ਵਿਚ ਵੀ ਸ਼੍ਰੋਮਣੀ ਕਮੇਟੀ ਵਿਚ ਬਗ਼ਾਵਤ ਦੀ ਸੰਭਾਵਨਾ ਬਣ ਰਹੀ ਹੈ                                           

ਬਾਦਲਕਿਆਂ ਬਾਰੇ  ਪੁਰਾਣੇ ਅਕਾਲੀ ਨੇਤਾ ਬਲਵੰਤ ਸਿੰਘ ਰਾਮੂਵਾਲੀਆ ਨੇ ਦਿਲਚਸਪ ਟਿਪਣੀ ਕੀਤੀ ਕਿ  ਬਾਦਲ ਦੇ ਚਾਰ ਬੰਦੇ ਵਿਧਾਨ ਸਭਾ ਪਹੁੰਚੇ।ਪਰ ਇਹਨਾਂ ਵਿਚੋਂ ਇਕ ਬਸਪਾ ਦਾ ਹੈ।ਬਾਦਲਾਂ ਦਾ ਨਹੀਂ। ਕੀ ਤਿੰਨ ਜਣੇ ਸਿਆਸੀ ਪਾਰਟੀ ਦੀ ਅਰਥੀ ਚੁਕ ਸਕਦੇ ਹਨ।ਇਕ ਤਾਂ ਇਸ ਵਿਚ ਬੀਬੀ ਹੈ ਜੋ ਮਜੀਠੀਆ ਤੋਂ ਜਿਤੀ ਹੈ। ਉਹ ਇਹ ਭਾਰ ਕਿਥੋਂ ਚੁਕੇਗੀ।ਇਹ ਸਿਆਸੀ ਪਾਰਟੀ ਦੀ ਅਰਥੀ ਸੁਟਕੇ ਭਜਣਗੇ। ਪੰਥਕ ਵਿਦਵਾਨਾਂ ਦਾ ਬਾਦਲਾਂ ਬਾਰੇ ਕੇਂਦਰੀ ਨੁਕਤਾ ਹੈ ਕਿ ਬਾਦਲਕਿਆਂ ਨੇ ਪੰਥ ਛਡ ਦਿਤਾ ਤੇ ਭਗਵੇਂ ਪਖੀ ਪੰਜਾਬੀ ਪਾਰਟੀ ਬਣ ਗਿਆ।ਇਹ ਬਾਦਲ ਰੰਗੀ ਅਕਾਲੀ ਸਿਆਸਤ ਦੀ ਮੌਤ ਹੈ। ਪੰਥ ਦਾ ਸੰਕਲਪ ਬ੍ਰਹਿਮੰਡੀ ਚੇਤਨਾ ਦਾ ਵਿਸ਼ਵ ਪਾਸਾਰ ਹੈ।ਪੰਜਾਬੀ ਚੇਤਨਾ ਖਾਲਸਾ ਜੀ ਦਾ ਇਕ ਏਜੰਡਾ ਹੈ।ਸਰਬਤ ਦਾ ਭਲਾ ਬ੍ਰਹਿਮੰਡੀ ਚੇਤਨਾ ਅਕਾਲੀ ਰਾਜਨੀਤੀ ਦੀ ਪੰਥਕ ਚੇਤਨਾ ਹੈ ਜੋ ਬਾਦਲਕਿਆਂ ਨੇ ਅਖੌਤੀ ਨਿਰਪੱਖਤਾ ਅਧੀਨ ਖਤਮ ਕੀਤੀ ਹੈ।ਅੱਜ ਤੁਸੀਂ ਦੇਖੋ ਬਾਦਲਕਿਆਂ ਦਾ ਪੰਥ ਨੇ ਸਾਥ ਛਡਿਆ ਇਹ ਸਿਆਸੀ ਮੌਤ ਦੇ ਨੇੜੇ ਪਹੁੰਚ ਗਏ ਜਿਥੇ ਕੋਈ ਆਕਸੀਜਨ ਕੰਮ ਨਹੀਂ ਕਰ ਰਹੀ। ਅਗੋਂ ਬਾਦਲਕਿਆਂ ਨਾਲ ਕੀ ਵਾਪਰੇਗਾ ਉਸਦਾ ਅਗਾਜ ਗੁਰੂ ਘਰ ਦੇ ਕੀਰਤਨੀਆਂ ਨੇ ਕਰ ਦਿਤਾ ਕਿ ਜਥੇਦਾਰ ਹਰਪ੍ਰੀਤ ਸਿੰਘ ਦਾ ਫੁਰਮਾਨ ਜਿਸ ਵਿਚ ਬਾਦਲਾਂ ਦੀ ਹਾਰ ਦਾ ਕਾਰਣ ਪੰਥ ਨੂੰ ਜਿੰਮੇਵਾਰ ਠਹਿਰਾ ਕੇ ਜਲੀਲ ਕੀਤਾ ਉਸ ਨੂੰ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ।ਬਾਦਲਕੇ ਤਿੰਨ ਜਥੇਦਾਰਾਂ ਦੀ ਬਲੀ ਲੈ ਚੁਕੇ ਹਨ ਜਿਹਨਾਂ ਵਿਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ,ਜਥੇਦਾਰ ਗੁਰਬਚਨ ਸਿੰਘ ,ਜਥੇਦਾਰ ਹਰਪ੍ਰੀਤ ਸਿੰਘ ਸ਼ਾਮਲ ਹਨ।ਖਾਲਸਾ ਪੰਥ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਵਲੋਂ ਸੌਪੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਚੁਕਾ ਹੈ ਕਿ ਥੋਡੇ ਵਿਚ ਮੈਂ ਵਸਦਾ ਹਾਂ।ਸੰਸਾਰੀ ਗੁਲਾਮੀ ਵਿਚੋਂ ਬਾਹਰ ਨਿਕਲੋ।ਜੇ ਖਾਲਸਾ ਜੀ ਵਿਚ ਇਹ ਅਹਿਸਾਸ ਨਾ ਹੁੰਦਾ ਤਾਂ ਬਾਦਲ ਦਲ ਦੀ ਪੰਜਾਬ ਉਪਰ ਪ੍ਰਭੂਸੱਤਾ ਚਲਦੀ ਰਹਿੰਦੀ।ਸ਼ਿਵਲਿੰਗ ਪੂਜਾ ਮਥੇ ਉਪਰ ਸਨਾਤਨੀ ਤਿਲਕ ,ਹੋਲੀ ਦੇ ਰੰਗ , ਪ੍ਰੇਮੀਆਂ ਦੇ ਸਿਰਸਾ ਵਾਲੇ ਪਿਤਾ ਜੀ ਸੌਦਾ ਵਾਲਿਆਂ ਦੀ ਕਿਰਪਾ ਨਾ ਵਰਸ ਸਕੀ।ਬਾਦਲ ਕੇ  ਪੰਥ ਨੂੰ ਅਵਾਜ਼ ਮਾਰ ਰਹੇ ਹਨ ਬਹੁੜੋ ਖਾਲਸਾ ਜੀ।ਪਰ ਖਾਲਸਾ ਜੀ ਸਤਿਗੁਰੂ ਦਸ਼ਮੇਸ਼ ਕਲਗੀਧਰ ਪਿਤਾ ਸਾਹਿਬ ਗੋਬਿੰਦ ਸਿੰਘ ਜੀ ਦੀ ਭਗਤੀ ਵਿਚ ਮਸਤ ਹਨ। ਇਸ ਭਗਤੀ ਵਿਚ ਜੋ ਲੋਕ ਬਾਦਲਕਿਆਂ ਨੂੰ ਛਡ ਖਾਲਸਾ ਜੀ ਦੀ ਗੁਰ ਭਗਤੀ ਵਿਚ ਸ਼ਾਮਲ ਹੋਣਗੇ ਉਹ ਪ੍ਰਵਾਨੇ ਜਾਣਗੇ।ਇਸ ਭਗਤੀ ਵਿਚੋਂ ਨਵ ਅਕਾਲੀ ਦਲ ਦੀ ਸਿਰਜਣਾ ਹੋਵੇਗੀ।ਵਿਚਾਰਾਂ ਨੂੰ ਰਿੜਕਨ ਦਾ ਅਗਾਜ ਗੁਰੂ ਘਰ ਦੇ ਕੀਰਤਨੀਆਂ ਨੇ ਦਰਬਾਰ ਸਾਹਿਬ ਤੋਂ ਕਰਕੇ ਇਤਿਹਾਸ ਦੀ ਪੁਨਰ ਸਿਰਜਣਾ ਵਲ ਸਫਰ  ਦਾ ਹੁੰਗਾਰਾ ਦਿਤਾ ਹੈ।ਬਾਦਲ ਦਲ ਦੇ ਮਹਾਂਰਥੀ ਆਪਣੇ ਵਿਚੋਂ ਉਠ ਰਹੀ ਬਗਾਵਤ ਨੂੰ ਲੁਕਾ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਬੀਤੇ ਦਿਨੀਂ  ਪਾਰਟੀ ਮੁੱਖ ਦਫ਼ਤਰ ਵਿਚ ਹੋਈਆਂ ਮੀਟਿੰਗਾਂ ਦੌਰਾਨ ਚੋਣ ਨਤੀਜਿਆਂ ਦੀ ਕੀਤੀ ਸਮੀਖਿਆ ਮੌਕੇ ਸੀਨੀਅਰ ਅਕਾਲੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦਿਆਂ ਇਸ ਹਾਰ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ।ਜ਼ਿਲ੍ਹਾ ਪ੍ਰਧਾਨਾਂ ਦਾ ਕਹਿਣਾ ਸੀ ਕਿ 2017 ਦੀਆਂ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਮੁੱਖ ਅਕਾਲੀ ਆਗੂਆਂ ਨੇ ਆਪਣੇ ਕੰਮ ਕਰਨ ਦੇ ਤੌਰ ਤਰੀਕਿਆਂ ਵਿਚ ਕੋਈ ਤਬਦੀਲੀ ਨਹੀਂ ਲਿਆਂਦੀ ਅਤੇ ਪੰਥ ਵਿਰੋਧੀ ਵਰਤਾਰਾ ਲਗਾਤਾਰ ਜਾਰੀ ਰਖਿਆ।  ਪਾਰਟੀ ਦਾ ਪੰਥਕ ਅਕਸ ਖ਼ਤਮ ਕਰਨ ਦਾ ਵੀ ਬਾਦਲ ਪਰਿਵਾਰ ਉਪਰ ਕਈ ਪ੍ਰਧਾਨਾਂ ਦੋਸ਼ ਲਗਾਇਆ ਤੇ ਕਈਆਂ ਨੇ ਬੇਅਦਬੀਆਂ ਦੇ ਮੁੱਦਿਆਂ ਤੇ ਡੇਰਾ ਸਿਰਸਾ ਕਾਰਨ ਘਿਰੇ ਜਥੇਬੰਦੀ ਲਈ ਬਾਦਲ ਲੀਡਰਸ਼ਿਪ ਨੂੰ ਜ਼ਿੰਮੇਵਾਰ ਦੱਸਿਆ । ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਪਾਰਟੀ 'ਚ ਬਾਦਲਾਂ ਨੂੰ ਛਡਕੇ ਨਵੀਂ ਲੀਡਰਸ਼ਿਪ  ਸਿਰਜਣ ਦੀ ਵੀ ਗੱਲ ਕਹੀ ਗਈ ।ਪਰ ਪਾਰਟੀ ਦਫ਼ਤਰ ਵਲੋਂ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਪ੍ਰੈਸ ਨੋਟ ਵਿਚ ਇਸ ਦੇ ਉਲਟ ਇਹ ਦਾਅਵਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਰੱਦ ਕਰਦਿਆਂ ਉਨ੍ਹਾਂ ਨੂੰ ਕੰਮ ਕਰਦੇ ਰਹਿਣ ਲਈ ਕਿਹਾ। ਜਥੇਦਾਰਾਂ ਦੀ ਬਾਦਲ ਪਰਿਵਾਰ ਵਿਰੁਧ ਨਰਾਜਗੀ ਤੇ ਪਸਰ ਰਹੀ ਬਗਾਵਤ ਦੀ ਖਬਰ ਨਾ ਫੈਲਣ ਦਿਤੀ। ਬਾਦਲ ਪਰਿਵਾਰ ਨੂੰ ਦਿਲੀ ਵਿਚ ਸਿਆਸੀ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਦੇ 28 ਮੈਂਬਰਾਂ ਨੇ ਬਾਦਲ ਦਲ ਤੋਂ ਵੱਖਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਉਣ ਦਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ  ਆਪਣੀ ਵੱਖਰੀ ਇਕਾਈ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦਾ ਗਠਨ ਕਰ ਲਿਆ ਹੈ ਜਿਸ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ’ਚੋਂ ਵੀ ਬਾਦਲ ਧੜੇ ਦਾ ਸਫ਼ਾਇਆ ਹੋ ਗਿਆ ਹੈ। ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ ਕਿਉਂਕਿ ਬਹੁਤੇ ਅਹੁਦੇਦਾਰ ਤੇ ਕਾਰਕੁਨ ਨਵੇਂ ਬਣੀ ਇਕਾਈ ’ਚ ਚਲੇ ਗਏ ਹਨ। ਬਾਦਲ ਧੜੇ ਦਾ ਰਕਾਬਗੰਜ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਹੇਠ ਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ।

 ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਹਨ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਐੱਮਪੀਐੱਸ ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ ਕੇਪੀ ਨੂੰ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਦੋਂ ਤੱਕ ਪਾਰਟੀ ਨੂੰ ਚੋਣ ਨਿਸ਼ਾਨ ਵੀ ਮਿਲ ਜਾਵੇਗਾ। ਇਸ ਕਮੇਟੀ ਵਿਚ ਆਤਮਾ ਸਿੰਘ, ਬਲਬੀਰ ਸਿੰਘ ਵਿਵੇਕ ਵਿਹਾਰ, ਅਮਰਜੀਤ ਸਿੰਘ, ਅਮਰਜੀਤ ਸਿੰਘ ਪਿੰਕੀ ਤੇ ਹਰਵਿੰਦਰ ਸਿੰਘ ਕੇਪੀ ਨੂੰ ਸ਼ਾਮਲ ਕੀਤਾ ਗਿਆ ਹੈ।  ਕਾਲਕਾ ਨੇ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਪੰਥ ਦਾ ਭਰੋਸਾ ਗੁਆ ਲਿਆ ਹੈ ਜਿਸ ਦਾ ਸਬੂਤ ਪੰਜਾਬ ਚੋਣਾਂ ਦੇ ਨਤੀਜੇ ਹਨ।  ਇਸ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਦਿੱਲੀ ਵਿਚ ਆਪਣਾ ਯੂਨਿਟ ਚਲਦਾ ਰੱਖਣ ਲਈ ਅਵਤਾਰ ਸਿੰਘ ਹਿਤ ਦੀ ਅਗਵਾਈ ਵਿਚ ਜਿਹੜੀ 7 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ, ਉਸ ਦੇ ਵੀ ਬਹੁਤੇ ਮੈਂਬਰਾਂ ਵਲੋਂ ਉਸ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤੇ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ।  ਵਿਧਾਨ ਸਭਾ ਵਿਚ ਹਾਰ ਤੋਂ ਬਾਅਦ ਅਕਾਲੀ ਦਲ ਬਾਦਲ ਕੋਲੋਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਤਖ਼ਤ ਪਟਨਾ ਸਾਹਿਬ ਦਾ ਪ੍ਰਬੰਧ ਖੁਸ ਚੁਕਾ  ਹੈ।ਪੰਜਾਬ ਵਿਚ ਵੀ ਸ਼੍ਰੋਮਣੀ ਕਮੇਟੀ ਵਿਚ ਬਗ਼ਾਵਤ ਦੀ ਸੰਭਾਵਨਾ ਬਣ ਰਹੀ ਹੈ। ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਬਾਦਲਾਂ ਦੀ ਰਾਜਨੀਤਕ ਤਬਾਹੀ ਦਾ ਕਾਰਣ ਬਣ ਰਿਹਾ ਹੈ। ਸਤਾ ਦਾ ਹੰਕਾਰ ਬੰਦੇ ਨੂੰ ਕਿਥੇ ਡੇਗ ਦਿੰਦਾ ਹੈ ਇਸ ਦੇ ਨਜਾਰੇ ਕਾਂਗਰਸ ਵਿਚ ਵੀ ਦੇਖਣ ਨੂੰ  ਮਿਲਣਗੇ।