ਸਿੱਧੂ ਦਾ ਜਾਨਸ਼ੀਨ ਭਾਲਣ ਲੱਗੀ ਕਾਂਗਰਸ 

 ਸਿੱਧੂ ਦਾ ਜਾਨਸ਼ੀਨ ਭਾਲਣ ਲੱਗੀ ਕਾਂਗਰਸ 

ਦਰਪਣ ਝੂਠ ਨਹੀਂ ਬੋਲਦਾ   

                              *ਕਾਂਗਰਸ ਹਾਈਕਮਾਂਡ ਦੇ ਫੈਸਲੇ ਉਪਰ  ਹੰਗਾਮਾ ਨਾ ਹੋਇਆ 

                                     * ਹਿੰਦੂਤਵ ਤੋਂ ਦੂਰੀ ਬਣਾਉਣ ਦੀ ਚਰਚਾ ਛਿੜੀ                                                                                           

 ਜਾਣਕਾਰ ਸੂਤਰਾਂ ਅਨੁਸਾਰ  ਨਵਜੋਤ ਸਿੰਘ ਸਿੱਧੂ ਵਲੋਂ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਪਿੱਛੋਂ ਨਵੀਂ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕਾਂ ਦੀ ਲੀਡਰਸ਼ਿਪ ਦਾ ਮਾਮਲਾ ਕੁਝ ਦਿਨਾਂ ਲਈ ਲਟਕ ਗਿਆ ਲਗਦਾ ਹੈ । ਕਈ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਇਹ ਕਹਿੰਦੇ ਸੁਣੇ ਗਏ ਹਨ ਕਿ ਪਹਿਲਾਂ ਸਿੱਧੂ ਦੇ ਅਸਤੀਫ਼ਾ ਦੇਣ ਨਾਲ ਖ਼ਾਲੀ ਹੋਣ ਵਾਲੇ ਅਹੁਦੇ ਦਾ ਫ਼ੈਸਲਾ ਕੀਤਾ ਜਾਵੇ, ਉਸ ਤੋਂ ਪਿੱਛੋਂ ਹੀ ਨਵੀਂ ਵਿਧਾਨ ਸਭਾ ਵਿਚ ਲੀਡਰ ਚੁਣਿਆ ਜਾਵੇ ।ਇਸ ਸੰਬੰਧ ਵਿਚ 18 ਚੁਣੇ ਗਏ ਕਾਂਗਰਸੀ ਵਿਧਾਇਕਾਂ 'ਚੋਂ ਕਿਸੇ ਇਕ 'ਤੇ ਨੇਤਾ ਦਾ ਤਾਜ ਸਜਾਇਆ ਜਾਵੇ । ਇਸ ਬਾਰੇ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਚੁਣੇ ਗਏ ਤਿੰਨ ਵਿਧਾਇਕਾਂ ਪ੍ਰਤਾਪ ਸਿੰਘ ਬਾਜਵਾ, ਤਿ੍ਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂਅ ਲਿਆ ਜਾ ਰਿਹਾ ਹੈ ।ਇਹ ਤਿੰਨ ਹੀ ਸੀਨੀਅਰ ਕਾਂਗਰਸੀ ਵਿਧਾਇਕ ਹਨ ।ਤਿੰਨੇ ਹੀ ਵੱਖ-ਵੱਖ ਵਜ਼ਾਰਤਾਂ ਵਿਚ ਮੈਂਬਰ ਰਹੇ ਹਨ । ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਤਿੰਨੇ ਹੀ ਮਾਝੇ ਦੇ ਰਹਿਣ ਵਾਲੇ ਹਨ ਤੇ ਲਗਦੈ ਕਿ ਇਨ੍ਹਾਂ ਵਿਚ ਨਵੀਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਬਣਨ ਦੀ ਇਕ ਤਰ੍ਹਾਂ ਨਾਲ ਦੌੜ ਸ਼ੁਰੂ ਹੋ ਗਈ ਹੈ । 

 

ਯਾਦ ਰਹੇ ਕਿ ਬੀਤੇ ਦਿਨੀਂ ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਉਮੀਦ ਦੇ ਉਲਟ ਕੋਈ ਹੰਗਾਮਾ ਨਹੀਂ ਹੋਇਆ। ਪਾਰਟੀ ਲੀਡਰਸ਼ਿਪ ਨਾਲੋਂ ਨਾਰਾਜ਼ ਜੀ-23 ਦੇ ਨੇਤਾਵਾਂ ਨੇ ਹਾਈਕਮਾਨ ਦੇ ਫ਼ੈਸਲਿਆਂ 'ਤੇ ਸਵਾਲ ਚੁੱਕਣ ਦੀ ਬਜਾਏ ਅੱਗੇ ਵਧ ਕੇ ਹਰ ਫ਼ੈਸਲੇ ਦਾ ਸਮਰਥਨ ਕੀਤਾ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦਾ ਵੀ ਵਿਰੋਧ ਨਹੀਂ ਹੋਇਆ। ਉਲਟਾ ਗ਼ੁਲਾਮ ਨਬੀ ਆਜ਼ਾਦ ਨੇ ਕੈਪਟਨ ਨੂੰ ਹਟਾਉਣ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਕ ਸਾਲ ਪਹਿਲਾਂ ਹੀ ਹਟਾ ਦੇਣਾ ਚਾਹੀਦਾ ਸੀ। ਇਸ 'ਤੇ ਸੋਨੀਆ ਗਾਂਧੀ ਨੇ ਉਨ੍ਹਾਂ ਨਾਲ ਸਹਿਮਤੀ ਜਤਾਈ ਅਤੇ ਕਿਹਾ ਹੈ ਕਿ ਹਟਾਉਣ ਵਿਚ ਦੇਰੀ ਹੋਈ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਪਾਰਟੀ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਗਈ ਤਾਂ ਸਾਰੇ ਨੇਤਾਵਾਂ ਨੇ ਇਸ 'ਤੇ ਸਹਿਮਤੀ ਜਤਾਈ। ਰਾਹੁਲ ਗਾਂਧੀ ਦੇ ਫਿਰ ਤੋਂ ਪ੍ਰਧਾਨ ਬਣਨ ਦੇ ਸਵਾਲ 'ਤੇ ਵੀ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਇਕ ਮੱਤ ਸਨ। ਸਾਰਿਆਂ ਨੇ ਕਾਂਗਰਸ ਹਾਈਕਮਾਨ ਭਾਵ ਗਾਂਧੀ ਪਰਿਵਾਰ ਦੇ ਸਮਰਥਨ ਦੀ ਗੱਲ ਕਹੀ, ਪਰ ਉਸੇ ਦਰਮਿਆਨ ਕਈ ਸੁਝਾਅ ਬਹੁਤ ਚੰਗੇ ਦਿੱਤੇ ਗਏ, ਜਿਨ੍ਹਾਂ 'ਤੇ ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਵੀ ਸਹਿਮਤ ਹੋਏ। ਸਭ ਤੋਂ ਗੰਭੀਰ ਅਤੇ ਚੰਗੇ ਸੁਝਾਅ ਆਨੰਦ ਸ਼ਰਮਾ ਨੇ ਦਿੱਤੇ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਆਏ ਨੇਤਾਵਾਂ ਨੂੰ ਸੂਬਿਆਂ ਵਿਚ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੇ ਨਰਮ ਹਿੰਦੂਤਵ ਦੀ ਰਾਜਨੀਤੀ ਤੋਂ ਵੀ ਦੂਰੀ ਬਣਾਉਣ ਨੂੰ ਕਿਹਾ ਅਤੇ ਇਹ ਵੀ ਕਿਹਾ ਕਿ ਸੂਬਾ ਪ੍ਰਧਾਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਨਾ ਬਣਾਏ ਜਾਣ।