ਖੇਤਰੀ ਪਾਰਟੀਆਂ ਦੇ ਭਾਜਪਾ ਵਿਰੋਧੀ ਮੋਰਚੇ ਵਿਚ ਹੋ ਰਹੀ ਏ ਦੇਰੀ

ਖੇਤਰੀ ਪਾਰਟੀਆਂ ਦੇ ਭਾਜਪਾ ਵਿਰੋਧੀ ਮੋਰਚੇ ਵਿਚ ਹੋ ਰਹੀ ਏ ਦੇਰੀ

ਤੇਲੰਗਾਨਾ ਦੇ ਮੁੱਖ ਮੰਤਰੀ ਵਿਰੋਧੀ ਨੇਤਾਵਾਂ ਨਾਲ ਗੱਲਬਾਤ

 2024 ਵਿਚ ਅਗਲੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਵਲੋਂ ਭਾਜਪਾ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਬੀਤੇ ਬੁੱਧਵਾਰ ਨੂੰ ਕਿਹਾ ਸੀ ਕਿ ਕਾਂਗਰਸ ਤੋਂ ਬਿਨਾਂ ਤੀਜਾ ਮੋਰਚਾ ਸੰਭਵ ਨਹੀਂ ਹੈ। ਹਾਲਾਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਖੇਤਰੀ ਪਾਰਟੀਆਂ ਦਾ ਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਦੋਂ ਕਿ ਡੀ.ਐਮ.ਕੇ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਰਫ਼ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਹੀ ਭਾਜਪਾ ਦਾ ਵਿਰੋਧ ਕਰਨ ਲਈ ਵਚਨਬੱਧ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਉਹ ਦੇਸ਼ ਨੂੰ 'ਨਵੀਂ ਦਿਸ਼ਾ' ਦੇਣ ਲਈ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰ ਰਹੇ ਹਨ, ਪਰ ਜ਼ੋਰ ਦੇ ਕੇ ਉਨ੍ਹਾਂ ਕਿਹਾ ਕਿ ਅਜੇ ਇਹ ਕਹਿਣਾ ਗ਼ਲਤ ਹੋਵੇਗਾ ਕਿ ਖੇਤਰੀ ਸਿਆਸੀ ਸੰਗਠਨਾਂ ਵਲੋਂ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਲਈ ਦੇਸ਼ ਭਰ ਵਿਚ ਯਾਤਰਾ ਕਰ ਰਹੇ ਹਨ ਅਤੇ ਇਸ ਨੂੰ ਕਾਂਗਰਸ ਨੂੰ ਛੱਡ ਕੇ ਖੇਤਰੀ ਪਾਰਟੀਆਂ ਦੇ ਭਾਜਪਾ ਦੇ ਖ਼ਿਲਾਫ਼ ਸਾਂਝਾ ਗੱਠਜੋੜ ਬਣਾਉਣ ਦੇ ਯਤਨਾਂ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਮਮਤਾ ਬੈਨਰਜੀ ਨੇ ਵੀ ਗ਼ੈਰ-ਕਾਂਗਰਸ ਅਤੇ ਗ਼ੈਰ-ਭਾਜਪਾ ਦਲਾਂ ਨੂੰ ਬੈਠਕ ਕਰਨ ਸੰਬੰਧੀ ਇਕ ਪੱਤਰ ਭੇਜਿਆ ਹੈ, ਪਰ ਇਸ ਸੰਬੰਧੀ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਹੋਈ।