ਅਮਰੀਕਾ: ਡਿਪਟੀ ਕਾਂਸਟੇਬਲ ਦੇ ਅਹੁਦੇ 'ਤੇ ਨਿਯੁਕਤ ਹੋਇਆ 21 ਸਾਲਾ ਸਿੱਖ ਨੌਜਵਾਨ

ਅਮਰੀਕਾ: ਡਿਪਟੀ ਕਾਂਸਟੇਬਲ ਦੇ ਅਹੁਦੇ 'ਤੇ ਨਿਯੁਕਤ ਹੋਇਆ 21 ਸਾਲਾ ਸਿੱਖ ਨੌਜਵਾਨ

ਵਾਸ਼ਿੰਗਟਨ, (ਏ.ਟੀ ਬਿਊਰੋ): ਅਮਰੀਕਾ ਦੇ ਹੈਰਿਸ ਕਾਉਂਟੀ ਵਿਚ 21 ਸਾਲਾ ਸਿੱਖ ਨੌਜਵਾਨ ਅੰਮ੍ਰਿਤ ਸਿੰਘ ਨੇ ਸਥਾਨਕ ਪੁਲਸ ਵਿਭਾਗ ਵਿਚ ਨਿਯੁਕਤੀ ਹਾਸਲ ਕੀਤੀ ਹੈ। ਅੰਮ੍ਰਿਤ ਸਿੰਘ ਹੈਰਿਸ ਕਾਉਂਟੀ ਪੁਲਸ ਮਹਿਕਮੇ ਦੇ ਇਤਿਹਾਸ 'ਚ ਡਿਪਟੀ ਕਾਂਸਟੇਬਲ ਬਣਨ ਵਾਲਾ ਪਹਿਲਾ ਸਿੱਖ ਹੈ। ਸਥਾਨਕ ਸਿੱਖਾਂ ਵਿਚ ਅੰਮ੍ਰਿਤ ਸਿੰਘ ਦੀ ਨਿਯੁਕਤੀ 'ਤੇ ਖੁਸ਼ੀ ਦਾ ਮਾਹੌਲ ਹੈ।

ਅੰਮ੍ਰਿਤ ਸਿੰਘ ਨੇ ਪੰਜ ਮਹੀਨਿਆਂ ਦੀ ਸਿਖਲਾਈ ਮਗਰੋਂ ਬੀਤੇ ਦਿਨੀਂ ਆਪਣੇ ਅਹੁਦੇ ਦੀ ਸਹੁੰ ਚੁੱਕੀ। 

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਪੁਲਸ ਮਹਿਕਮਿਆਂ 'ਚ ਸਿੱਖਾਂ ਨੂੰ ਆਪਣੇ ਧਾਰਮਕ ਚਿੰਨ੍ਹਾਂ ਸਮੇਤ ਨੌਕਰੀ ਕਰਨ 'ਤੇ ਪਾਬੰਦੀਆਂ ਸਨ ਪਰ ਸਾਲ 2015 'ਚ ਹੈਰਿਸ ਕਾਉਂਟੀ ਵਿਚ ਹੀ ਸਿੱਖ ਸੰਦੀਪ ਸਿੰਘ ਧਾਲੀਵਾਲ ਨੇ ਅਦਾਲਤੀ ਮੁਕੱਦਮਾ ਜਿੱਤ ਕੇ ਧਾਰਮਿਕ ਚਿੰਨ੍ਹਾਂ ਸਮੇਤ ਨੌਕਰੀ ਕਰਨ ਦਾ ਹੱਕ ਬਹਾਲ ਕਰਾਇਆ ਸੀ। ਬੀਤੇ ਸਮੇਂ ਡਿਊਟੀ ਦੌਰਾਨ ਹੋਏ ਇੱਕ ਹਮਲੇ 'ਚ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਹੋ ਗਈ ਸੀ।

ਅੰਮ੍ਰਿਤ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਲੋਕਾਂ ਦੀ ਸੁਰੱਖਿਆ ਦੇ ਕਾਰਜ ਨਾਲ ਜੁੜਨਾ ਚਾਹੁੰਦਾ ਸੀ। ਪਰ ਇਸ ਲਈ ਉਹਨਾਂ ਸਾਹਮਣੇ ਚੁਣੌਤੀ ਸੀ ਕਿ ਉਹ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਕਰਦਿਆਂ ਕਿਹੜੇ ਮਹਿਕਮੇ 'ਚ ਇਹ ਕੰਮ ਕਰ ਸਕਦੇ ਹਨ। ਅੰਮ੍ਰਿਤ ਸਿੰਘ ਨੇ ਕਿਹਾ, "ਮੈਂ ਇਸ ਕੰਮ ਲਈ ਆਪਣਾ ਧਰਮ ਨਹੀਂ ਸੀ ਛੱਡਣਾ ਚਾਹੁੰਦਾ।" 

ਅੰਮ੍ਰਿਤ ਸਿੰਘ ਦੇ ਪਿਤਾ ਸੁਹੇਲ ਸਿੰਘ ਨੇ ਕਿਹਾ ਕਿ ਹਲਾਂਕਿ ਉਹ ਜਾਣਦੇ ਹਨ ਕਿ ਕੰਮ ਖਤਰਿਆਂ ਵਾਲਾ ਹੈ ਪਰ ਉਹ ਆਪਣੇ ਪੁੱਤਰ ਦੀ ਇਸ ਕੰਮ ਲਈ ਨਿਯੁਕਤੀ 'ਤੇ ਖੁਸ਼ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।