ਗਿਨੀ ਬਸਾਓ ਦਾ ਹਰਫਨਮੌਲ਼ਾ ਨੇਤਾ ਐਮਿਲਕਰ ਕਬਰਾਲ

 ਗਿਨੀ ਬਸਾਓ ਦਾ ਹਰਫਨਮੌਲ਼ਾ ਨੇਤਾ ਐਮਿਲਕਰ ਕਬਰਾਲ

                                    ਸਖਸ਼ੀਅਤ                                             

ਐਮਿਲਕਰ ਕਬਰਾਲ, ਜਿਸ ਦਾ ਜਨਮ 12 ਸਤੰਬਰ 1924 ਨੂੰ ਹੋਇਆ, ਗਿਨੀ ਬਸਾਓ ਦਾ ਖੇਤੀ ਇੰਜਨੀਅਰ, ਅਫਰੀਕਨ, ਬੁੱਧੀਜੀਵੀ, ਕਵੀ, ਸਿਧਾਂਤਕਾਰ, ਕ੍ਰਾਂਤੀਕਾਰੀ, ਰਾਜਨੀਤਿਕ ਪ੍ਰਬੰਧਕ, ਰਾਸ਼ਟਰਵਾਦੀ ਅਤੇ ਰਾਜਦੂਤ ਸੀ।ਉਹ ਅਫਰੀਕਾ ਦੇ ਬਸਤੀਵਾਦੀ ਵਿਰੋਧੀ ਨੇਤਾਵਾਂ ਵਿਚੋਂ ਪ੍ਰਮੁੱਖ ਨੇਤਾ ਸੀ।ਏਬਲ ਜਾਸੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਕਬਰਾਲ ਨੇ ਗਿਨੀ ਬਸਾਓ ਅਤੇ ਕੇਪ ਵਰਦ ਟਾਪੂ ਵਿਚ ਰਾਸ਼ਟਰਵਾਦੀ ਅੰਦੋਲਨ ਦੀ ਅਗਵਾਈ ਕੀਤੀ ਅਤੇ ਉਸ ਤੋਂ ਬਾਅਦ ਦੇਸ਼ ਵਿਚ ਅਜ਼ਾਦੀ ਦੀ ਜੰਗ ਵਿਚ ਵੀ ਹਿੱਸਾ ਲਿਆ।ਉਸ ਦਾ ਗਿਨੀ ਬਸਾਓ ਦੀ ਅਜ਼ਾਦੀ ਦੀ ਘੋਸ਼ਣਾ ਤੋਂ ਲਗਭਗ ਅੱਠ ਮਹੀਨੇ ਪਹਿਲਾਂ 20 ਜਨਵਰੀ 1973 ਨੂੰ ਕਤਲ ਹੋ ਗਿਆ ਸੀ।ਉਹ ਮਾਰਕਸਵਾਦ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਵਿਸ਼ਵ ਭਰ ਦੇ ਕ੍ਰਾਂਤੀਕਾਰੀ ਸਮਾਜਵਾਦੀਆਂ ਅਤੇ ਰਾਸ਼ਟਰੀ ਅੰਦੋਲਨ ਦੀ ਲੜਾਈ ਲੜਨ ਵਾਲਿਆਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਕੇ ਉੱਭਰਿਆ।

ਕਬਰਾਲ ਦੇ ਰਾਜਨੀਤਿਕ ਵਿਚਾਰਾਂ ਅਤੇ ਉਸ ਦੇ ਗਿਨੀ ਬਸਾਓ ਅਤੇ ਕੇਪ ਵਰਦ ਦੀ ਅਜ਼ਾਦੀ ਵਿਚ ਰੋਲ ਬਾਰੇ ਕ੍ਰਿਸ ਮਾਰਕਰ ਦੁਆਰਾ ਬਣਾਈ ਫਿਲਮ “ਸੈਨਜ਼ ਸੋਲੀਲ (1983)” ਵਿਚ ਗੱਲ ਕੀਤੀ ਗਈ ਹੈ।ਉਸ ਬਾਰੇ ਪੁਰਤਗਾਲੀ ਡੂਕਿਉਮੈਂਟਰੀ “ਐਮਿਲਕਰ ਕਬਰਾਲ” (2010) ਵੀ ਬਣਾਈ ਗਈ ਸੀ।ਮਾਰਚ-ਅਪ੍ਰੈਲ 2020 ਵਿਚ ਬੀਬੀਸੀ ਵਿਸ਼ਵ ਸਾਹਿਤ ਮੈਗਜ਼ੀਨ ਦੁਆਰਾ ਇਕ ਪੋਲ “ਵਿਸ਼ਵ ਦਾ ਮਹਾਨਤਮ ਨੇਤਾ” ਕੌਣ ਕਰਵਾਈ ਗਈ।ਇਸ ਸਰਵੇ ਵਿਚ 20 ਨੇਤਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਨੇ ਆਪਣੇ ਹੌਂਸਲੇ, ਸਹਿਣਸ਼ੀਲਤਾ, ਬੁੱਧੀਮਤਾ ਅਤੇ ਦੂਰ-ਦਰਸ਼ਤਾ ਕਰਕੇ ਆਪਣੀ ਜਗ੍ਹਾ ਬਣਾਈ।5000 ਤੋਂ ਜਿਆਦਾ ਲੋਕਾਂ ਨੇ ਇਸ ਸਰਵੇ ਵਿਚ ਭਾਗ ਲਿਆ ਅਤੇ ਇਸ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ 38 ਪ੍ਰਤੀਸ਼ਤ ਤੋਂ ਜਿਆਦਾ ਵੋਟਾਂ ਨਾਲ ਇਸ ਵਿਚ ਉੱਚਤਮ ਸਥਾਨ ਮਿਲਿਆ।ਇਹ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ, ਉੱਚ ਪ੍ਰਸ਼ਾਸਨ, ਧਰਮ-ਨਿਰਪੱਖਤਾ, ਲੋਕਪ੍ਰਿਯਤਾ, ਲੋਕਾਂ ਦੀ ਭਲਾਈ ਅਤੇ ਆਧੁਨਿਕ ਸਾਮਰਾਜ ਸਥਾਪਿਤ ਕਰਨ ਲਈ ਇਸ ਵਿਚ ਰੱਖਿਆ ਗਿਆ।ਮਹਾਰਾਜਾ ਨੂੰ ਬ੍ਰਿਟਿਸ਼ ਇਤਿਹਾਸਕਾਰ ਮੈਥਊ ਐਚ. ਲੌਕਵੁੱਡ ਦੁਆਰਾ ਨਾਮਜ਼ਦ ਕੀਤਾ ਗਿਆ।ਮਹਾਰਾਜਾ ਰਣਜੀਤ ਸਿੰਘ ਨੇ ਮੁਗਲ ਬਾਦਸ਼ਾਹ ਅਕਬਰ, ਗ੍ਰੇਟ ਬ੍ਰਿਟੇਨ ਦੇ ਕਿੰਗ ਵਿਲੀਅਮ 111, ਚੀ ਦੇ ਰਾਜਾ ਵੂ ਜ਼ੀਟੀਅਨ, ਰੂਸ ਦੀ ਮਹਾਰਾਣੀ ਕੈਥਰੀਨ ਅਤੇ ਫਰਾਂਸ ਦੀ ਰਾਣੀ ਬਲਾਂਸ਼ ਨੂੰ ਇਸ ਦੌੜ ਵਿਚ ਪਛਾੜ ਦਿੱਤਾ।

ਗਿਨੀ ਦੇ ਜਾਣੇ-ਪਛਾਣੇ ਅਜ਼ਾਦੀ ਘੁਲਾਟੀਏ ਐਮਿਲਕਰ ਕਬਰਾਲ ਨੂੰ ਇਸ ਵਿਚ ਪੰਝੀ ਪ੍ਰਤੀਸ਼ਤ ਵੋਟਾਂ ਦੂਜਾ ਸਥਾਨ ਮਿਲਿਆ।ਉਸ ਨੇ ਪੁਰਤਗਾਲ ਨਾਲ ਅਜ਼ਾਦੀ ਦੇ ਸੰਘਰਸ਼ ਵਿਚ ਲੱਖਾਂ ਹੀ ਲੋਕਾਂ ਨੂੰ ਜੱਥੇਬੰਦ ਕੀਤਾ ਅਤੇ ਅਜ਼ਾਦੀ ਹਾਸਿਲ ਕੀਤੀ।ਇਸ ਸੰਘਰਸ਼ ਤੋਂ ਲੋਅ ਪ੍ਰਾਪਤ ਕਰਕੇ ਹੀ ਅਫਰੀਕਨ ਦੇਸ਼ਾਂ ਨੇ ਆਪਣੇ ਆਪ ਨੂੰ ਪੁਰਤਗਾਲੀ ਬਸਤੀਆਂ ਤੋਂ ਅਜ਼ਾਦ ਕੀਤਾ।ਉਸ ਦਾ ਜਨਮ ਬਾਫਟਾ ਦੇ ਇਕ ਛੋਟੇ ਜਿਹੇ ਪਰਿਵਾਰ ਵਿਚ 12 ਸਤੰਬਰ 1924 ਨੂੰ ਹੋਇਆ।ਉਸ ਨੇ ਆਪਣੀ ਉੱਚ ਵਿੱਦਿਆ ਪੁਰਤਗਾਲੀ ਰਾਜਧਾਨੀ ਤੋਂ ਪ੍ਰਾਪਤ ਕੀਤੀ।ਪੁਰਤਗਾਲ ਵਿਚ ਰਹਿੰਦੇ ਹੋਏ ਉਹ ਯੂਰਪੀ ਸੱਭਿਅਤਾ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।ਆਪਣੀ ਵਿੱਦਿਆ ਪੂਰੀ ਕਰਨ ਅਤੇ ਘਰ ਪਰਤਣ ਤੋਂ ਬਾਅਦ ਉਸ ਨੇ ਗਿਨੀ ਦੇ ਲੋਕਾਂ ਨੂੰ ਇਕੱਤਰ ਕੀਤਾ ਅਤੇ ਅਜ਼ਾਦੀ ਲਈ ਸੰਘਰਸ਼ ਵਿੱਢਿਆ।ਗਿਨੀ ਨੂੰ 1973 ਵਿਚ ਅਜ਼ਾਦੀ ਮਿਲੀ, ਪਰ ਕਬਰਾਲ ਇਸ ਅਜ਼ਾਦੀ ਨੂੰ ਦੇਖ ਨਾ ਸਕਿਆ ਕਿਉਂਕਿ ਉਸ ਨੂੰ ਪੁਰਤਗਾਲੀ ਜਾਸੂਸੀਆਂ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ।ਉਸ ਦਾ ਗਿਨੀ ਦੇ ਇਤਿਹਾਸ ਵਿਚ ਖਾਸ ਸਥਾਨ ਹੈ।

ਐਮਿਲਕਰ ਕਬਰਾਲ ਅਸਲ ਵਿਚ ਕਹਿਣੀ ਕਰਨੀ ਵਿਚ ਇਕ ਸਮਾਨਤਾ ਵਾਲਾ ਵਿਅਕਤੀ ਸੀ।ਉਸ ਦੀ ਰਾਜਨੀਤਿਕ ਲੀਡਰਸ਼ਿਪ ਨੂੰ ਉਸ ਦੀਆਂ ਗਤੀਵਿਧੀਆਂ ਦੇ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ।ਸਭ ਤੋਂ ਮਹੱਤਵਪੂਰਨ, ਉਸ ਦੀਆਂ ਲਿਖਤਾਂ ਆਪਣੇ ਸਮਿਆਂ ਦਾ ਵਿਸ਼ਲੇਸ਼ਣ ਹਨ। ਉਸ ਨੇ ਮਹਿਜ਼ ਕਾਲਪਨਿਕ ਸਮਾਜਿਕ ਅਤੇ ਰਾਜਨੀਤਿਕ ਪ੍ਰਸ਼ਨਾਂ ਅਤੇ ਸਿਧਾਂਤਾਂ ਦੀ ਹੀ ਗੱਲ ਨਹੀਂ ਕੀਤੀ।ਉਹ ਆਪਣੇ ਆਪ ਨੂੰ ਰਾਜਨੀਤਿਕ ਸਿਧਾਂਤਕਾਰ ਦੇ ਰੂਪ ਵਿਚ ਨਹੀਂ ਦੇਖਦਾ ਹੈ; ਹਾਲਾਂਕਿ ਉਸ ਦੀਆਂ ਲਿਖਤਾਂ ਦੀ ਸਿਧਾਂਤਕ ਮਹੱਤਤਾ ਹੈ।ਉਹ ਆਪਣੇ ਆਪ ਨੂੰ ਕਿਸੇ ਇਕ ਵਿਚਾਰਧਾਰਾ ਅਤੇ ਸਿਧਾਂਤ ਨਾਲ ਜੋੜ ਕੇ ਦੇਖਣ ਨੂੰ ਪਸੰਦ ਨਹੀਂ ਸੀ ਕਰਦਾ।ਉਸ ਦੀਆਂ ਜਿਆਦਾਤਰ ਲਿਖਤਾਂ ਪਾਰਟੀ ਦਸਤਾਵੇਜ਼ ਹਨ ਅਤੇ ਇਹ ਉਸ ਦੇ ਖਾਸ ਉਦੇਸ਼ਾਂ ਨੂੰ ਜ਼ਾਹਿਰ ਕਰਦੇ ਹਨ।ਪੂਰੇ ਵਿਸ਼ਵ ਵਿੱਚ ਗਿਨੀ ਬਸਾਓ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਕਬਰਾਲ ਆਪਣੇ ਮੁਲਕ ਦਾ ਪਹਿਲਾ ਰਾਜਨੀਤਿਕ ਵਿਚਾਰਕ ਸੀ ਜੋ ਕਿ ਅਫਰੀਕਨ ਕ੍ਰਾਂਤੀ ਦੇ ਦੋ ਦਹਾਕਿਆਂ ਵਿਚੋਂ ਪੈਦਾ ਹੋਇਆ।ਉਸ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਨੂੰ ਬਸਤੀਵਾਦ ਦੀ ਗੁਲਾਮੀ ਤੋਂ ਬਚਾਉਣ ਵਿਚ ਲਗਾ ਦਿੱਤੀ ਅਤੇ ਉਸ ਨੇ ਗਿਨੀ ਦੀ ਅਜ਼ਾਦੀ ਲਈ ਪੀਏਆਈਜੀਸੀ ਪਾਰਟੀ ਦੀ ਸਥਾਪਨਾ ਕੀਤੀ।ਉਸ ਦਾ 1973 ਵਿਚ ਕਤਲ ਕਰ ਦਿੱਤਾ ਗਿਆ, ਪਰ ਪੀਏਆਈਜੀਸੀ ਨੇ ਉਸ ਦਾ ਕੰਮ ਜਾਰੀ ਰੱਖਿਆ ਅਤੇ ਸਤੰਬਰ 1973 ਵਿਚ ਮੁਲਕ ਨੂੰ ਅਜ਼ਾਦੀ ਨਸੀਬ ਹੋਈ।ਗਿਨੀ ਵਿਚ ਕ੍ਰਾਂਤੀ ਲੇਟ ਹੋਈ, ਪਰ ਹੋਰ ਕ੍ਰਾਂਤੀਆਂ ਵਾਂਗ ਇਸ ਵਿਚ ਸਿਧਾਂਤਾਂ ਦਾ ਸੁਮੇਲ ਵੀ ਸੀ।ਬਹੁਤ ਸਾਰੇ ਇਤਿਹਾਸਿਕ ਤੱਥਾਂ ਕਰਕੇ ਗਿਨੀ ਵਿਚ ਹੋਈ ਕ੍ਰਾਂਤੀ ਨੂੰ ਮਹੱਤਵਪੂਰਨ ਸਥਾਨ ਮਿਲਿਆ ਅਤੇ ਇਹ ਵੀ ਦਿਖਾਉਂਦਾ ਹੈ ਕਿ ਸਮੇਂ ਨਾਲ ਕਬਰਾਲ ਦੇ ਸਿਧਾਂਤਾਂ ਨੂੰ ਵੀ ਇਤਿਹਾਸਿਕ ਮਹੱਤਤਾ ਮਿਲੀ ਹੈ।ਕਬਰਾਲ ਦੀ ਜ਼ਿੰਦਗੀ ਦਾ ਉਦੇਸ਼ ਬਸਤੀਵਾਦੀ ਨਿਜਾਮ ਦਾ ਖਾਤਮਾ ਕਰਨਾ ਸੀ ਅਤੇ ਸਿਧਾਂਤ ਦੇ ਪੱਧਰ ’ਤੇ ਉਹ ਅਫਰੀਕਨ ਸਮਾਜਵਾਦ ਦੀਆਂ ਅਪ੍ਰਚਲਿਤ ਰਵਾਇਤਾਂ ਨੂੰ ਖਤਮ ਕਰਨਾ ਚਾਹੁੰਦਾ ਸੀ।ਪੁਰਤਗਾਲ ਅਫਰੀਕਨ ਕਲੋਨੀਆਂ, ਖਾਸ ਕਰਕੇ ਗਿਨੀ ਵਿਚ,1960 ਤੋਂ ਹੀ ਲੜਾਈ ਲੜਦਾ ਆ ਰਿਹਾ ਹੈ।

ਗਿਨੀ ਦੀ ਸਰਕਾਰ ਦਾ ਤਖਤਾ ਪਲਟ ਕਰਨ ਅਤੇ ਕਬਰਾਲ ਨੂੰ ਮਾਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ ਅਤੇ ਪੁਰਤਗਾਲ ਦੇਸ਼ ਨੂੰ ਪੁਰਤਗਾਲੀ-ਗਿਨੀ ਨਹੀਂ ਸੀ ਬਣਾ ਸਕਿਆ।ਇਸ ਤਰਾਂ ਦੀ ਸਥਿਤੀ ਉਨ੍ਹਾਂ ਵਿਅਕਤੀਆਂ ਦੇ ਵਿਚਾਰਾਂ ਦਾ ਅਧਿਐਨ ਮੰਗਦੀ ਹੈ ਜੋ ਅੰਦੋਲਨ ਦੀ ਅਗਵਾਈ ਕਰ ਰਹੇ ਹੁੰਦੇ ਹਨ।ਐਮਿਲਕਰ ਕਬਰਾਲ ਨੇ ਇਸ ਸਥਿਤੀ ਦੀ ਆਪਣੀ ਪੁਸਤਕ “ਗਿਨੀ ਵਿਚ ਕ੍ਰਾਂਤੀ: ਆਧੁਨਿਕ ਬਸਤੀਵਾਦੀ ਵਿਰੋਧੀ ਅੰਦੋਲਨ” ਵਿਚ ਮੁੜ ਪਰਿਭਾਸ਼ਾ ਦਿੱਤੀ ਹੈ।ਆਧੁਨਿਕ ਬਸਤੀਵਾਦੀ-ਵਿਰੋਧੀ ਅੰਦੋਲਨ ਵਿਦੇਸ਼ੀ ਸ਼ੋਸ਼ਣ ਦੇ ਖਿਲਾਫ ਬਗਾਵਤ ਸੀ ਅਤੇ ਗਿਨੀ ਦੀ ਵਿਦੇਸ਼ੀ ਸ਼ੋਸ਼ਣ ਦੇ ਸੰਬੰਧ ਵਿਚ ਰਾਸ਼ਟਰੀ ਪ੍ਰਸ਼ਨ ਨੂੰ ਢਾਂਚਾਗਤ ਤਬਦੀਲੀ ਦੁਆਰਾ ਹੀ ਹੱਲ ਕੀਤਾ ਜਾ ਸਕਦਾ ਸੀ।

ਇਸ ਸਥਿਤੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਕਬਰਾਲ ਨੇ ਖੋਜ ਕੀਤੀ ਅਤੇ ਮਾਰਕਸਵਾਦ ਦੇ ਦਵੰਦਾਤਮਕ ਢੰਗ ਦੀ ਵਰਤੋਂ ਕੀਤੀ।ਪੁਰਤਗਾਲ ਦੀ ੪੦੦ ਸਾਲਾਂ ਲੰਬੀ ਹੌਂਦ ਦੇ ਬਾਵਜੂਦ ਵੀ ਗਿਨੀ ਦੇ ਲੋਕਾਂ ਨੇ ਲੋਕਧਾਰਾ ਭਾਈਚਾਰਿਆਂ ਨੂੰ ਮਜਬੂਤ ਰੱਖਿਆ ਹੈ।ਮਾਰਕਸ ਦੁਆਰਾ ਵਿਕਸਿਤ ਕੀਤੇ ਗਏ ਦਵੰਦਾਤਮਕ ਢੰਗ ਦਾ ਮੁੱਖ ਪੱਖ ਅਸਲੀਅਤ ਨੂੰ ਇਸ ਦੀ ਬਣਤਰ ਅਤੇ ਸੰਦਰਭ ਨਾਲੋਂ ਅਲੱਗ ਨਾ ਕਰਕੇ ਦੇਖਣਾ ਹੈ। ਇਹਨਾਂ ਢੰਗਾਂ ਰਾਹੀ ਹੀ ਕਬਰਾਲ ਗਿਨੀ ਵਿਚ ਸਮਾਜਿਕ ਅਤੇ ਆਰਥਿਕ ਵਿਕਾਸ, ਜਮਾਤਾਂ ਦਾ ਵਿਕਾਸ ਅਤੇ ਆਪਸੀ ਦਵੰਦ, ਅਤੇ ਉੱਪਰੀ-ਢਾਂਚੇ (ਸੁਪਰ ਸਟਰਕੱਚਰ) ਦੇ ਤੱਤਾਂ ਜਿਵੇਂ ਧਰਮ, ਕਬੀਲਾਵਾਦ ਦਾ ਵਿਸ਼ਲੇਸ਼ਣ ਦੇ ਪਾਇਆ ਹੈ।ਇਸ ਨੇ ਉਸ ਨੂੰ ਇਹ ਦੇਖਣ ਦੇ ਯੋਗ ਬਣਾਇਆ ਕਿ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਨੂੰ ਕਿਸ ਤਰਾਂ ਦੇ ਅੰਤਰ-ਵਿਰੋਧਾਂ ਨੂੰ ਦੂਰ ਕਰਨ ਦੀ ਲੋੜ ਹੈ।ਕਬਰਾਲ ਦੇ ਮਾਨਵ-ਵਿਗਿਆਨ ਦੇ ਢੰਗ ਗੈਰ-ਮਾਰਕਸਵਾਦੀਆਂ ਤੋਂ ਭਿੰਨ ਹਨ।ਉਸ ਦੇ ਵਿਚਾਰ ਸਮਾਜਿਕ ਜਿੰਦਗੀ ਦੀ ਭੌਤਿਕਵਾਦੀ ਸਮਝ ਉੱਪਰ ਅਧਾਰਿਤ ਹਨ।

ਕਬਰਾਲ ਦੀ ਸਿਧਾਂਤਕ ਸਮਝ ਰਾਸ਼ਟਰੀ ਅਜ਼ਾਦੀ ਦੇ ਸੰਘਰਸ਼ ਦੌਰਾਨ ਹੀ ਵਿਕਸਿਤ ਹੋਈ।ਪੀਏਆਈਜੀਸੀ ਦਾ ਬਸਤੀਵਾਦੀ ਵਿਰੋਧੀ ਸੰਘਰਸ਼ ਬਹੁਤ ਹੀ ਸਫਲ ਰਿਹਾ ਹੈ।ਅਨਪੜ੍ਹ ਕਿਸਾਨਾਂ ਨੂੰ ਕ੍ਰਾਂਤੀਕਾਰੀਆਂ ਵਿਚ ਤਬਦੀਲ ਕਰਨਾ ਕੋਈ ਅਸਾਨ ਕੰਮ ਨਹੀਂ ਸੀ।ਹਥਿਆਰ ਚੁੱਕਣ ਲਈ ਤਿਆਰ ਕਰਨਾ ਹੀ ਕ੍ਰਾਂਤੀਕਾਰੀ ਜੱਥੇਬੰਦੀਆਂ ਦਾ ਪ੍ਰਮੁੱਖ ਕੰਮ ਹੁੰਦਾ ਹੈ ਕਿਉਂ ਕਿ ਲੋਕ ਸੱਤਾ ਦਾ ਸਾਹਮਣਾ ਕਰਨ ਤੋਂ ਡਰ ਜਾਂਦੇ ਹਨ।ਲੈਨਿਨ ਦਾ ਕਹਿਣਾ ਹੈ ਕਿ ਇਕ ਅਨਪੜ੍ਹ ਵਿਅਕਤੀ ਸੱਤਾ ਤੋਂ ਬਾਹਰ ਹੁੰਦਾ ਹੈ, ਉਸ ਨੂੰ ਪਹਿਲ਼ਾਂ ਇਸ ਦਾ ਹੀ ੳ, ਅ ਸਿਖਾਉਣਾ ਪੈਂਦਾ ਹੈ।ਅਜਿਹਾ ਕੀਤੇ ਬਿਨਾਂ ਅਫਵਾਹਾਂ, ਕਹਾਣੀਆਂ ਅਤੇ ਪੱਖਪਾਤੀ ਰਵੱਈਏ ਨੂੰ ਬਲ ਮਿਲਦਾ ਹੈ, ਰਾਜਨੀਤੀ ਨੂੰ ਨਹੀਂ।ਪੀਏਆਈਜੀਸੀ ਦੀ ਸਫਲਤਾ ਕਬਰਾਲ ਦੀ ਇਤਿਹਾਸ ਦੀ ਸਮਝ ਉੱਪਰ ਵੀ ਨਿਰਭਰ ਸੀ ਜਿਸ ਨੇ ਉਸ ਨੂੰ ਗਿਨੀ ਵਿਚ ਮੌਜੂਦ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ।ਗਿਨੀ ਸਮਾਜ ਨੂੰ ਸਮਝਣ ਵਿਚ ਕਬਰਾਲ ਨੇ ਉਨ੍ਹਾਂ ਤੱਤਾਂ ਦੀ ਸਹਾਇਤਾ ਲਈ ਜੋ ਕਿ ਸਮਾਜ ਨੂੰ ਗਤੀਸ਼ੀਲ ਬਣਾਉਣ ਵਿਚ ਸਹਾਈ ਸਨ।ਜਿਸ ਸਮਾਜ ਦਾ ਮੁੱਢਲਾ ਸੁਭਾਅ ਬਸਤੀਵਾਦ ਨੇ ਬਦਲ ਦਿੱਤਾ ਹੋਵੇ, ਉੱਥੇ ਅਜਿਹਾ ਕਰਨਾ ਮੁਸ਼ਕਿਲ ਕੰਮ ਸੀ।ਬਸਤੀਵਾਦ ਅਤੇ ਬਸਤੀਵਾਦ ਨੂੰ ਹਟਾਉਣ ਨੂੰ ਉੱਥੋਂ ਦੇ ਸਮਾਜ ਅਤੇ ਆਰਥਿਕਤਾ ਨੂੰ ਸਮਝੇ ਬਿਨਾਂ ਨਹੀਂ ਸਮਝਿਆ ਜਾ ਸਕਦਾ।ਕੁਝ ਅਫਰੀਕਨ ਨੇਤਾਵਾਂ ਦੀਆਂ ਕਮੀਆਂ ਨੂੰ ਭਾਂਪਦੇ ਹੋਏ ਕਬਰਾਲ ਨੇ ਗਿਨੀ ਲਈ ਸਮਾਜਵਾਦੀ ਹੱਲ ਪੇਸ਼ ਕਰਨ ਦਾ ਯਤਨ ਕੀਤਾ।ਉਸ ਦੀ ਅਗਵਾਈ ਵਾਲੀ ਪੀਏਆਈਜੀਸੀ ਇਕ ਕ੍ਰਾਂਤੀਕਾਰੀ ਪਾਰਟੀ ਹੈ ਜੋ ਕਿ ਸਮਾਜ ਦੇ ਮਾਰਕਸਵਾਦੀ ਵਿਸ਼ਲੇਸ਼ਣ ਉੱਪਰ ਅਧਾਰਿਤ ਹੈ।ਬੇਸਿਲ ਡੇਵਿਡਸਨ ਦਾ ਮੰਨਣਾ ਹੈ ਕਿ ਕਬਰਾਲ ਦੁਆਰਾ ਸ਼ੁਰੂ ਕੀਤਾ ਗਿਆ ਕ੍ਰਾਂਤੀਕਾਰੀ ਅੰਦੋਲਨ ਗਿਨੀ ਦੀ ਸਮਾਜਿਕ ਅਸਲੀਅਤ ਨੂੰ ਸਮਝ ਕੇ ਠੋਸ ਵਿਸ਼ਲੇਸ਼ਣ ਪੇਸ਼ ਕਰਦਾ ਹੈ।

 

ਰਣਜੀਤ ਸਿੰਘ ਕੁਕੀ