ਅਮਰੀਕਾ ਦੇ ਅਹਿਮ ਫੌਜੀ ਟਿਕਾਣੇ ਨੇੜੇ ਅੱਧੀ ਰਾਤ ਨੂੰ ਘੁੰਮ ਰਹੇ 5 ਚੀਨੀ ਨਾਗਰਿਕਾਂ ਵਿਰੁੱਧ ਸ਼ੱਕੀ ਗਤੀਵਿੱਧੀਆਂ ਤਹਿਤ ਦੋਸ਼ ਆਇਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸ਼ੀਗਨ ਰਾਜ ਦੇ ਦੂਰ ਦਰਾਜ ਖੇਤਰ ਵਿਚ ਇਕ ਫੌਜੀ ਟਿਕਾਣੇ ਨੇੜੇ ਅੱਧੀ ਰਾਤ ਵੇਲੇ ਘੁੰਮ ਰਹੇ 5 ਚੀਨੀ ਨਾਗਰਿਕਾਂ ਵਿਰੁੱਧ ਸ਼ੱਕੀ ਸਰਗਰਮੀਆਂ ਦੇ ਮਾਮਲੇ ਤਹਿਤ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ। ਇਹ ਮਾਮਲਾ ਇਕ ਸਾਲ ਦੇ ਵੀ ਵਧ ਸਮੇ ਤੋਂ ਪਹਿਲਾਂ ਦਾ ਹੈ ਜਦੋਂ ਸੁਰੱਖਿਆ ਗਾਰਡਾਂ ਨੂੰ ਚੀਨੀ ਨਾਗਰਿਕਾਂ ਦੀਆਂ ਸਰਗਰਮੀਆਂ ਉਪਰ ਸ਼ੱਕ ਪਿਆ ਸੀ। ਉਸ ਵੇਲੇ ਇਹ ਚੀਨੀ ਨਾਗਰਿਕ ਯੁਨੀਵਰਸਿਟੀ ਆਫ ਮਿਸ਼ੀਗਨ ਦੇ ਵਿਦਿਆਰਥੀ ਸਨ। ਸੰਘੀ ਅਦਾਲਤ ਵਿਚ ਦਾਇਰ ਅਪਰਾਧਕ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਅਗਸਤ 2023 ਵਿਚ ਕੈਂਪ ਗਰੇਲਿੰਗ ਵਿਖੇ ਵਾਪਰੀ ਸੀ ਜਦੋਂ ਚੀਨੀ ਨਾਗਰਿਕਾਂ ਨੇ ਜਾਂਚਕਾਰਾਂ ਨੂੰ ਆਪਣੇ ਦੌਰੇ ਬਾਰੇ ਗੁੰਮਰਾਹ ਕੀਤਾ ਸੀ ਤੇ ਆਪਣੇ ਫੋਨ ਵਿਚੋਂ ਤਸਵੀਰਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਐਫ ਬੀ ਆਈ ਅਨੁਸਾਰ ਚੀਨੀ ਨਾਗਰਿਕਾਂ ਨੇ ਅਮਰੀਕਾ ਵਿਚਲੇ ਅਹਿਮ ਫੌਜੀ ਟਿਕਾਣਿਆਂ ਦੀਆਂ ਤਸਵੀਰਾਂ ਖਿੱਚੀਆਂ ਹਨ। ਡੈਟਰਾਇਟ ਵਿਚਲੇ ਯੂ ਐਸ ਅਟਾਰਨੀ ਦੇ ਦਫਤਰ ਦੇ ਇਕ ਬੁਲਾਰੇ ਗਿਨਾ ਬਲਾਇਆ ਨੇ ਕਿਹਾ ਹੈ ਕਿ ਹਾਲਾਂ ਕਿ ਚੀਨੀ ਨਾਗਰਿਕ ਇਸ ਸਮੇ ਪੁਲਿਸ ਹਿਰਾਸਤ ਵਿਚ ਨਹੀਂ ਹਨ ਪਰੰਤੂ ਉਨਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨਾਂ ਨੂੰ ਸ਼ੱਕੀ ਸਰਗਰਮੀਆਂ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਐਫ ਬੀ ਆਈ ਅਨੁਸਾਰ ਚੀਨੀ ਨਾਗਰਿਕਾਂ ਨੂੰ ਅੱਧੀ ਰਾਤ ਵੇਲੇ ਇਕ ਝੀਲ ਨੇੜੇ ਉਟਾਹ ਨੈਸ਼ਨਲ ਗਾਰਡ ਦੇ ਇਕ ਸਾਰਜੈਂਟ ਮੇਜਰ ਨੇ ਵੇਖਿਆ ਸੀ ਤੇ ਉਸ ਸਮੇ ਇਨਾਂ ਵਿਚੋਂ ਇਕ ਨੇ ਕਿਹਾ ਸੀ ਕਿ ਉਹ ਮੀਡੀਆ ਦੇ ਬੰਦੇ ਹਨ। ਉਸ ਸਮੇ ਚੀਨੀ ਨਾਗਰਿਕ ਆਪਣਾ ਸਮਾਨ ਸਮੇਟ ਕੇ ਖੇਤਰ ਵਿਚੋਂ ਚਲੇ ਗਏ ਸਨ। ਬਾਅਦ ਵਿਚ ਐਫ ਬੀ ਆਈ ਨੂੰ ਪਤਾ ਲੱਗਾ ਕਿ ਚੀਨੀ ਨਾਗਰਿਕਾਂ ਨੇ ਨੇੜੇ ਇਕ ਮੋਟਲ ਵਿਚ ਕਮਰਾ ਵੀ ਕਿਰਾਏ 'ਤੇ ਲਿਆ ਹੋਇਆ ਸੀ ਤਾਂ ਜੋ ਖੇਤਰ ਵਿਚ ਆਪਣੀਆਂ ਸਰਗਰਮੀਆਂ ਜਾਰੀ ਰਖ ਸਕਣ।
Comments (0)