ਸਿਖ ਪੰਥ ਅਕਾਲ ਤਖਤ ਸਾਹਿਬ ਦੇ ਨਾਮ ਛਪ ਰਹੇ ਨਕਲੀ ਬਿਆਨਾਂ ਤੋਂ ਸੁਚੇਤ ਰਹੇ
ਜਥੇਦਾਰ ਨੇ ਸੁਣਾਇਆ ਫੈਸਲਾ ਕਿ ਰਹਿਤ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੇ ਸੁਰਮਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ-ਇੰਗਲੈਂਡ ਦੀ ਇਕ ਵੀਕਲੀ ਪੰਜਾਬੀ ਅਖਬਾਰ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਿਆਨ ਛਾਪਿਆ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗ ਦੇ ਹਕ ਵਿਚ ਨਹੀਂ ਹਨ।ਇਹ ਫੈਸਲਾ ਸ੍ਰੋਮਣੀ ਕਮੇਟੀ ਦਾ ਹੈ।ਜਦ ਕਿ ਸਿੰਘ ਸਾਹਿਬਾਨ ਨੇ ਖੁਦ ਇਹ ਪੰਥਕ ਫੈਸਲਾ ਦਿਤਾ ਕਿ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਦੇ ਰੰਗ ,ਬਸੰਤੀ ਜਾਂ ਸੁਰਮਈ ਹੋਣਗੇ।
ਪਰ ਹੁਣ ਇੰਗਲੈਂਡ ਤੋਂ ਛਪੀਆਂ ਖਬਰਾਂ ਦਾ ਜਥੇਦਾਰ ਜੀ ਨੇ ਖੰਡਨ ਕੀਤਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਮੁਤਾਬਿਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਠੀਕ ਕਰਨ ਦੇ ਸਬੰਧ ਵਿਚ ਉਨ੍ਹਾਂ ਦੇ ਹਵਾਲੇ ਨਾਲ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ ਦਾ ਖੰਡਨ ਕੀਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਹੈ ਕਿ ਲੰਘੇ ਦਿਨੀਂ ਇੰਗਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਕੁਝ ਸਿੰਘ ਮਿਲੇ ਸਨ, ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਸਬੰਧੀ ਸਵਾਲ ਕੀਤੇ। ਇਸ ਦੇ ਸਬੰਧ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਦੱਸਿਆ ਸੀ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਦਲਣ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਨਵਾਂ ਜਾਂ ਕੋਈ ਵੱਖਰਾ ਫੈਸਲਾ ਨਹੀਂ ਕੀਤਾ ਬਲਕਿ 1936 ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ’ਬਸੰਤੀ ਜਾਂ ਸੁਰਮਈ’ ਰੰਗ ਦੇ ਹੋਣੇ ਚਾਹੀਦੇ ਹਨ। ਇਸ ਕਰਕੇ ਸਿੱਖ ਰਹਿਤ ਮਰਯਾਦਾ ਦੇ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਸਹੀ ਕੀਤਾ ਗਿਆ ਹੈ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਸਿੰਘਾਂ ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਸੰਗਤ ਵਲੋਂ ਪ੍ਰਗਟਾਈ ਜਾ ਰਹੀ ਦੁਬਿਧਾ ਨੂੰ ਦੂਰ ਕਰਨ ਦੇ ਸਬੰਧ ਵਿਚ, 15 ਜੁਲਾਈ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹੋਇਆ ਆਦੇਸ਼ ਪੱਤਰ ਪੜ੍ਹ ਕੇ ਵੀ ਸੁਣਾਇਆ ਸੀ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਵਾਲੇ ਨਾਲੇ ਸੱਚਾਈ ਤੋਂ ਦੂਰ ਫੈਲਾਈਆਂ ਜਾ ਰਹੀਆਂ ਖ਼ਬਰਾਂ ਬਿਲਕੁਲ ਝੂਠੀਆਂ ਅਤੇ ਗੁੰਮਰਾਹਕੁੰਨ ਹਨ ਅਤੇ ਸੰਗਤ ਸੁਚੇਤ ਰਹੇ।ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ, ਫੋਨ:98780-70008.ਵਲੋਂ ਜਾਰੀ ਕੀਤਾ ਗਿਆ।
ਜਥੇਦਾਰ ਜੀ ਦਾ ਇਹ ਫੈਸਲਾ ਸਪਸ਼ਟੀਕਰਨ ਰੂਪ ਵਿਚ ਸ਼ਲਾਘਾਯੋਗ ਹੈ। ਸਿਖ ਪੰਥ ਨੂੰ ਇਹਨਾਂ ਭਰਮ ਫੈਲਾਊ ਬਿਆਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਅਕਾਲ ਤਖਤ ਸਾਹਿਬ ਦੇ ਨਾਮ ਝੂਠੇ ਜਾਰੀ ਹੋ ਰਹੇ ਹਨ
ਜਥੇਦਾਰ ਜੀ ਨੂੰ ਬੇਨਤੀ ਹੈ ਕਿ ਉਹ ਜਦੋ ਜਦੋਂ ਸਿਧਾਂਤਕ ਫੈਸਲਾ ਕਰਨਗੇ,ਸਿਖ ਪੰਥ ਦੇਸਾਂ ਵਿਦੇਸ਼ਾਂ ਵਿਚ ਉਨ੍ਹਾਂ ਦੀ ਤਾਕਤ ਬਣਕੇ ਖਲੋਏਗਾ,ਜਿਵੇਂ ਨਿਸ਼ਾਨ ਸਾਹਿਬ ਦੇ ਫੈਸਲੇ ਉਪਰ ਸਿਖ ਪੰਥ ਜਥੇਦਾਰ ਨਾਲ ਹੈ।
Comments (0)