ਇਰਾਨ- ਇਜਰਾਈਲ ਵਿਚ ਛਿੜ ਸਕਦਾ ਮਹਾਸੰਗਰਾਮ

ਇਰਾਨ- ਇਜਰਾਈਲ ਵਿਚ ਛਿੜ ਸਕਦਾ ਮਹਾਸੰਗਰਾਮ

ਅਮਰੀਕਾ ਦੀ ਚਿਤਾਵਨੀ ਦੇ ਬਾਵਜੂਦ ਈਰਾਨ ਇਜਰਾਈਲ ਉਪਰ ਹਮਲੇ ਲਈ ਉਤਾਰੂ

*ਇਜ਼ਰਾਈਲ ਨੇ ਈਰਾਨ ਦੇ ਦੋ ਖੁਫ਼ੀਆ ਫ਼ੌਜੀ ਟਿਕਾਣਿਆਂ ਸਮੇਤ ਮਿਜ਼ਾਈਲ ਫੈਕਟਰੀਆਂ ਨੂੰ ਕੀਤਾ ਸੀ ਤਬਾਹ

*ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੀ ਇਮਾਰਤ ਨੂੰ ਬਣਾਇਆ ਨਿਸ਼ਾਨਾ

  ਈਰਾਨ 'ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਇਕ ਵਾਰ ਫਿਰ ਵਧ ਗਿਆ ਹੈ। ਇਜ਼ਰਾਈਲ ਨੇ 25 ਅਕਤੂਬਰ ਨੂੰ ਕਈ ਈਰਾਨੀ ਫੌਜੀ ਟਿਕਾਣਿਆਂ ਤੇ ਮਿਜ਼ਾਈਲ ਨਿਰਮਾਣ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੇ ਕਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਈਰਾਨ ਦੀ ਰਾਜਧਾਨੀ ਦੇ ਦੱਖਣ-ਪੂਰਬ ਵਿਚ ਇਕ ਗੁਪਤ ਫੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਜ਼ਰਾਈਲੀ ਸੂਤਰਾਂ ਨੇ ਇਹ ਵੀ ਕਿਹਾ ਕਿ ਚਾਰ ਐਸ-300 ਏਅਰ ਡਿਫੈਂਸ ਬੈਟਰੀਆਂ, ਜੋ ਰਣਨੀਤਕ ਸਥਾਨਾਂ 'ਤੇ ਸਨ, 'ਤੇ ਹਮਲਾ ਕੀਤਾ ਗਿਆ ਸੀ।ਦੂਜੇ ਪਾਸੇ, ਈਰਾਨ ਦੀ ਫੌਜ ਨੇ ਕਿਹਾ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਇਲਾਮ, ਖੁਜ਼ੇਸਤਾਨ ਤੇ ਤਹਿਰਾਨ ਦੇ ਆਲੇ-ਦੁਆਲੇ ਦੇ ਪ੍ਰਾਂਤਾਂ ਵਿਚ ਸਰਹੱਦੀ ਰਾਡਾਰ ਪ੍ਰਣਾਲੀਆਂ 'ਤੇ ਹਮਲਾ ਕਰਨ ਲਈ "ਬਹੁਤ ਹਲਕੇ ਹਥਿਆਰਾਂ" ਦੀ ਵਰਤੋਂ ਕੀਤੀ, ਜਿਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।

 ਦੂਜੇ ਪਾਸੇ ਇਜ਼ਰਾਇਲੀ ਹਵਾਈ ਹਮਲੇ ਤੋਂ ਬਾਅਦ ਕੁਝ ਸੈਟੇਲਾਈਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਕ ਅਮਰੀਕੀ ਖੋਜਕਰਤਾ ਨੇ ਕਿਹਾ ਸੀ ਕਿ ਹਮਲੇ ਵਿਚ ਈਰਾਨ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਉਸਦੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਪ੍ਰੋਗਰਾਮ ਦਾ ਹਿੱਸਾ ਸੀ।ਦੂਸਰੇ ਰਿਸਰਚਰ ਨੇ ਦੱਸਿਆ ਕਿ ਉਨ੍ਹਾਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿੱਥੇ ਈਰਾਨ ਬੈਲਿਸਟਿਕ ਮਿਜ਼ਾਈਲਾਂ ਲਈ ਸੌਲਿਡ ਫਿਊਲ ਮਿਲਾਉਣ ਲਈ ਇਸਤੇਮਾਲ ਕਰਦਾ ਹੈ। ਉਨ੍ਹਾਂ ਰਾਇਟਰਜ਼ ਨੂੰ ਦੱਸਿਆ ਕਿ ਇਜ਼ਰਾਈਲ ਦੇ ਤਹਿਰਾਨ ਨੇੜੇ ਇਕ ਵਿਸ਼ਾਲ ਫ਼ੌਜੀ ਕੰਪਲੈਕਸ ਵਿਚ ਇਮਾਰਤਾਂ 'ਤੇ ਹਮਲਾ ਕੀਤਾ ਹੈ।

ਸੈਟੇਲਾਈਟ ਫੋਟੋਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਇਮਾਰਤਾਂ ਵਿੱਚ ਈਰਾਨ ਦਾ ਪਾਰਚਿਨ ਮਿਲਟਰੀ ਬੇਸ ਨਜ਼ਰ ਆਉਂਦਾ ਹੈ। ਜਿੱਥੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਸ਼ੱਕ ਹੈ ਕਿ ਈਰਾਨ ਨੇ ਪਹਿਲਾਂ ਉੱਚ ਵਿਸਫੋਟਕਾਂ ਦਾ ਪ੍ਰੀਖਣ ਕੀਤਾ ਸੀ, ਜੋ ਪ੍ਰਮਾਣੂ ਹਥਿਆਰ ਨੂੰ ਚਾਲੂ ਕਰ ਸਕਦਾ ਹੈ।ਹੋਰ ਨੁਕਸਾਨ ਨੇੜਲੇ ਮਿਲਟਰੀ ਬੇਸ 'ਤੇ ਦੇਖਿਆ ਜਾ ਸਕਦਾ ਹੈ, ਜਿਸ ਬਾਰੇ ਵਿਸ਼ਲੇਸ਼ਕ ਮੰਨਦੇ ਹਨ ਕਿ ਇੱਕ ਭੂਮੀਗਤ ਸੁਰੰਗ ਪ੍ਰਣਾਲੀ ਹੈ ਅਤੇ ਮਿਜ਼ਾਈਲ ਉਤਪਾਦਨ ਸਾਈਟਾਂ ਨੂੰ ਲੁਕਾਉਂਦੀ ਹੈ। ਕਈ ਈਰਾਨੀ ਫੌਜੀ ਅਫਸਰਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ।

ਈਰਾਨ ਲੰਬੇ ਸਮੇਂ ਤੋਂ ਜ਼ੋਰ ਦੇ ਰਿਹਾ ਸੀ ਕਿ ਉਸਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ, ਹਾਲਾਂਕਿ ਇਜਰਾਈਲ, ਪੱਛਮੀ ਖੁਫੀਆ ਏਜੰਸੀਆਂ ਅਤੇ ਹੋਰਾਂ ਦਾ ਕਹਿਣਾ ਹੈ ਕਿ ਤਹਿਰਾਨ ਦਾ 2003 ਤੱਕ ਇੱਕ ਸਰਗਰਮ ਪ੍ਰਮਾਣੂ ਹਥਿਆਰ ਪ੍ਰੋਗਰਾਮ ਸੀ।

ਈਰਾਨ 'ਤੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਦੇ ਹਮਲਿਆਂ ਨਾਲ ਈਰਾਨ ਨੂੰ 'ਗੰਭੀਰ ਨੁਕਸਾਨ' ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਈਰਾਨ 'ਤੇ ਹੋਏ ਇਸ ਹਮਲੇ ਨਾਲ ਇਜ਼ਰਾਈਲ ਦੇ ਸਾਰੇ ਟੀਚੇ ਹਾਸਲ ਹੋ ਗਏ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਦੇ ਸਾਰੇ ਲੜਾਕੂ ਜਹਾਜ਼ ਈਰਾਨ 'ਤੇ ਹਮਲੇ ਦੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਸੁਰੱਖਿਅਤ ਵਾਪਸ ਪਰਤ ਗਏ ਹਨ। ਜੇਕਰ ਈਰਾਨ ਦੁਬਾਰਾ ਕੋਈ ਜਵਾਬੀ ਕਾਰਵਾਈ ਕਰਦਾ ਹੈ ਤਾਂ ਉਹ ਇਸਦੇ ਲਈ ਤਿਆਰ ਹਨ। ਹਾਲਾਂਕਿ ਹੁਣ ਅਲੀ ਖਾਮੇਨੇਈ ਨੇ ਜਵਾਬੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ 1 ਅਕਤੂਬਰ ਨੂੰ ਈਰਾਨ ਨੇ ਇੱਕੋ ਸਮੇਂ 18 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਇਸ ਨਾਲ ਤੇਲ ਅਵੀਵ ਵਿਚ ਹੰਗਾਮਾ ਹੋ ਗਿਆ ਸੀ। ਉਦੋਂ ਤੋਂ, ਇਜ਼ਰਾਈਲ ਨੇ ਈਰਾਨ ਤੋਂ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ।

ਕੀ ਮਹਾਂਯੁਧ ਦੀ ਸੰਭਾਵਨਾ ਹੈ?

 ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਭਾਵੇਂ ਦਾਅਵਾ ਹੈ ਕਿ ਹਮਲੇ ਨੇ ‘ਮਿੱਥੇ ਸਾਰੇ ਟੀਚੇ ਪੂਰੇ ਕੀਤੇ ਹਨ’ ਪਰ ਉਨ੍ਹਾਂ ਦਾ ਇਹ ਮੰਨ ਲੈਣਾ ਕਿ ਤਹਿਰਾਨ ਦੇਰ-ਸਵੇਰ ਫ਼ੌਜੀ ਰੂਪ ਵਿਚ ਇਸ ਦਾ ਜਵਾਬ ਨਹੀਂ ਦੇਵੇਗਾ, ਇੱਕ ਕਿਸਮ ਦੀ ਨਾਦਾਨੀ ਹੈ। ਤਹਿਰਾਨ ਦੇ ਮਿਜ਼ਾਈਲ ਹੱਲਿਆਂ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਕੀਤਾ ਹਮਲਾ ਸੰਕੇਤ ਕਰਦਾ ਹੈ ਕਿ ਤਲ ਅਵੀਵ ਨੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇੰਤਜ਼ਾਰ ਅਤੇ ਵਿਚਾਰ ਕੀਤਾ ਹੈ। ਫਿਰ ਵੀ ਇਹ ਬਹੁਤ ਭੜਕਾਊ ਕਾਰਵਾਈ ਹੈ ਜੋ ਪੱਛਮ ਏਸ਼ੀਆ ਨੂੰ ਹੋਰ ਉਲਝਾ ਸਕਦੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਕੀਤੀ ਜਾ ਰਹੀ ਕਾਰਵਾਈ ਨਾਲ ਪਹਿਲਾਂ ਹੀ ਖੇਤਰ ਉਥਲ-ਪੁਥਲ ਦਾ ਸ਼ਿਕਾਰ ਹੈ। ਮਗਰੋਂ ਇਜ਼ਰਾਈਲ ਨੇ ਲਿਬਨਾਨ ਵਿੱਚ ਵੀ ਸੈਨਿਕ ਕਾਰਵਾਈ ਕੀਤੀ ਹੈ ਜਿਸ ਨਾਲ ਟਕਰਾਅ ਦਾ ਘੇਰਾ ਵਧਣ ਦੇ ਆਸਾਰ ਬਣੇ ਹੋਏ ਹਨ।

ਇਜ਼ਰਾਈਲ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਇਸ ਨੇ ਅਮਰੀਕੀ ਦਬਾਅ ਹੇਠ ਇਰਾਨੀ ਤੇਲ ਤੇ ਗੈਸ ਸੋਮਿਆਂ ਉੱਤੇ ਹੱਲਾ ਬੋਲਣ ਤੋਂ ਪਰਹੇਜ਼ ਕੀਤਾ ਹੈ ਪਰ ਇਹ ਸਪੱਸ਼ਟ ਹੈ ਕਿ ਤਲ ਅਵੀਵ ਇਰਾਨ ਵਿਰੁੱਧ ਮੁਕੰਮਲ ਜੰਗ ਛੇੜਨ ਤੋਂ ਝਿਜਕ ਰਿਹਾ ਹੈ। ਇਸ ਲਈ ਸੀਮਤ ਜਿਹੀ ਕਾਰਵਾਈ ਹੀ ਕੀਤੀ ਹੈ। ਪਹਿਲਾਂ ਹੀ ਹਮਾਸ ਅਤੇ ਹਿਜ਼ਬੁੱਲ੍ਹਾ ਨਾਲ ਉਲਝ ਰਹੇ ਇਜ਼ਰਾਈਲ ਦਾ ਮਕਸਦ ਇਰਾਨ ਦੇ ਸੁਪਰੀਮ ਲੀਡਰ ਤੇ ਫ਼ੌਜੀ ਕਮਾਂਡਰਾਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਹਾਲਾਂਕਿ ਇਹ ਸੀਮਤ ਇਜ਼ਰਾਇਲੀ ਕਾਰਵਾਈ ਵੀ ਇਰਾਨ ਨੂੰ ਭੜਕਾਉਣ ਲਈ ਕਾਫ਼ੀ ਹੈ। ਜੇ ਇਜ਼ਰਾਈਲ ਕੋਲ ਆਤਮ-ਰੱਖਿਆ ਦਾ ਹੱਕ ਹੈ ਤਾਂ ਇਰਾਨ ਕੋਲ ਵੀ ਹੈ। ਜੇਕਰ ਬਦਲਾਖੋਰੀ ਦੀ ਇਹ ਕਾਰਵਾਈ ਇੰਝ ਹੀ ਜਾਰੀ ਰਹੀ ਤਾਂ ਬੇਸ਼ੱਕ, ਖੇਤਰੀ ਤਣਾਅ ਵਧਦਾ ਹੀ ਜਾਏਗਾ। ਇਸ ਦੇ ਸਿੱਟੇ ਪੂਰੀ ਦੁਨੀਆ ਨੂੰ ਭੁਗਤਣੇ ਪੈ ਸਕਦੇ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਸ ਹੈ ਕਿ ਇਜ਼ਰਾਇਲੀ ਹੱਲੇ ਤੋਂ ਬਾਅਦ ਇਸ ਆਪਸੀ ਟਕਰਾਅ ਦਾ ਅੰਤ ਹੋ ਜਾਵੇਗਾ ।ਇਜਰਾਈਲੀ ਹਮਲੇ ਤੋਂ ਬਾਅਦ ਅਮਰੀਕਾ ਨੇ ਈਰਾਨ (ਇਰਾਨ ਇਜ਼ਰਾਈਲ ਯੁੱਧ) ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਜ਼ਰਾਈਲ ਤੋਂ ਬਦਲਾ ਲੈਣ ਬਾਰੇ ਨਾ ਸੋਚੇ । ਅਮਰੀਕੀ ਰੱਖਿਆ ਮੰਤਰੀ ਲੋਇਡ ਜੇ ਔਸਟਿਨ ਨੇ ਚਿਤਾਵਨੀ ਦਿੱਤੀ ਕਿ ਈਰਾਨ ਨੂੰ ਇਜ਼ਰਾਈਲ ਦੇ ਹਮਲਿਆਂ ਦਾ ਜਵਾਬ ਦੇਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਵੱਡੀ ਗਲਤੀ ਸਾਬਤ ਹੋਵੇਗਾ। ਅਮਰੀਕਾ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧੇਗਾ।

ਹਾਲਾਂਕਿ ਅਮਰੀਕਾ ਗ਼ਲਤ ਉਮੀਦ ਲਾਈ ਬੈਠਾ ਹੈ, ਕਿਉਂਕਿ ਇਰਾਨ ਇਜ਼ਰਾਈਲ ਨੂੰ ਲਗਾਤਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਪੱਬਾਂ ਭਾਰ ਰੱਖਣਾ ਚਾਹੁੰਦਾ ਹੈ। ਉਹ ਪਹਿਲਾਂ ਹੀ ਹੋਰ ਸੰਗਠਨਾਂ ਨੂੰ ਮੂਹਰੇ ਕਰ ਕੇ ਲੜਾਈ ਲੜ ਰਿਹਾ ਹੈ। ਈਰਾਨ ਬਦਲਾ ਲੈਣ 'ਤੇ ਅੜਿਆ ਹੋਇਆ ਹੈ। ਈਰਾਨ ਨੇ ਹੁਣੇ ਜਿਹੇ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਦਾ ਰਹੇਗਾ।ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੇ ਕਿਹਾ ਕਿ ਯਹੂਦੀ (ਇਜ਼ਰਾਈਲੀ) ਈਰਾਨ ਨੂੰ ਲੈ ਕੇ ਗਲਤ ਧਾਰਨਾਵਾਂ ਬਣਾ ਰਹੇ ਹਨ, ਉਹ ਈਰਾਨ ਨੂੰ ਨਹੀਂ ਜਾਣਦੇ। ਉਹ ਅਜੇ ਵੀ ਈਰਾਨੀ ਲੋਕਾਂ ਦੀ ਤਾਕਤ ਅਤੇ ਦ੍ਰਿੜਤਾ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ ਹਨ। ਅਸੀਂ ਉਨ੍ਹਾਂ ਨੂੰ ਇਹ ਗੱਲਾਂ ਸਮਝਾਉਣੀਆਂ ਹਨ।ਖਾਮੇਨੇਈ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਨੂੰ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਨੂੰ ਈਰਾਨੀ ਲੋਕਾਂ ਦੀ ਤਾਕਤ ਦਿਖਾਉਣ ਲਈ ਹੁਣ ਕੀ ਕਰਨਾ ਚਾਹੀਦਾ ਹੈ ਅਤੇ ਜੋ ਵੀ ਇਸ ਦੇਸ਼ ਦੇ ਹਿੱਤ ਵਿਚ ਹੈ, ਉਹ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯਹੂਦੀ ਹਕੂਮਤ (ਇਜ਼ਰਾਈਲ) ਨੇ ਗਲਤ ਕਦਮ ਚੁੱਕਿਆ ਸੀ। ਸਾਨੂੰ ਉਨ੍ਹਾਂ ਨੂੰ ਈਰਾਨੀ ਲੋਕਾਂ ਦੀ ਤਾਕਤ ਨੂੰ ਸਮਝਾਉਣਾ ਹੋਵੇਗਾ।

ਗ਼ੌਰ ਕੀਤੀ ਜਾਵੇ ਤਾਂ ਦੋਵੇਂ ਮੁਲਕਾਂ ਨੇ ਘੱਟ ਹੀ ਸੰਜਮ ਵਰਤਿਆ ਹੈ ਪਰ ਇਨ੍ਹਾਂ ਨੂੰ ਆਪਸੀ ਤਬਾਹੀ ਦੇ ਇਸ ਰਾਹ ਉੱਤੇ ਚੱਲਣ ਤੋਂ ਪਹਿਲਾਂ ਗੰਭੀਰ ਸੋਚ-ਵਿਚਾਰ ਕਰਨ ਦੀ ਲੋੜ ਹੈ ਜਿਸ ਦੇ ਨਾ ਕੇਵਲ ਪੱਛਮੀ ਏਸ਼ੀਆ ਬਲਕਿ ਪੂਰੇ ਸੰਸਾਰ ਲਈ ਗੰਭੀਰ ਨਤੀਜੇ ਨਿਕਲਣਗੇ।