ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਭਾਰਤ ਵਿਚ ਬੰਦ ਹੋ ਸਕਦਾ ਹੈ ਵਟਸਐਪ

ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਭਾਰਤ ਵਿਚ ਬੰਦ ਹੋ ਸਕਦਾ ਹੈ ਵਟਸਐਪ

ਚੰਡੀਗੜ੍ਹ: ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ ਬਣਾਏ ਜਾ ਰਹੇ ਨਵੇਂ ਨਿਯਮਾਂ ਭਾਰਤ ਵਿਚ ਵਟਸਐਪ ਦੀਆਂ ਸੇਵਾਵਾਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਸਕਦੀਆਂ ਹਨ ਤੇ ਵਟਸਐਪ ਭਾਰਤ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਬੰਦ ਵੀ ਕਰ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਕੰਪਨੀ ਦੇ ਉੱਚ ਅਫਸਰ ਵਲੋਂ ਕੀਤਾ ਗਿਆ। 

ਗੌਰਤਲਬ ਹੈ ਕਿ ਭਾਰਤ ਵਿਚ ਵਟਸਐਪ ਦੇ ਸਭ ਤੋਂ ਵੱਧ ਗ੍ਰਾਹਕ ਹਨ ਜੋ ਇਸ ਐਪ ਦੀ ਵਰਤੋਂ ਕਰਦੇ ਹਨ, ਜਿਹਨਾਂ ਦੀ ਮਹੀਨਾਵਾਰ ਗਿਣਤੀ 200 ਮਿਲੀਅਨ ਦੱਸੀ ਜਾਂਦੀ ਹੈ। 

ਵਟਸਐਪ ਦੇ ਸੰਚਾਰ ਵਿਭਾਗ ਦੇ ਮੁਖੀ ਕਾਰਲ ਵੂਗ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਨਵੇਂ ਲਿਆਂਦੇ ਜਾ ਰਹੇ ਨਿਯਮਾਂ ਵਿਚ ਜੋ ਸਭ ਤੋਂ ਵੱਧ ਵਟਸਐਪ ਨੂੰ ਪ੍ਰਭਾਵਿਤ ਕਰੇਗਾ ਉਹ ਸੁਨੇਹਿਆਂ ਵਿਚ ਰੱਖੀ ਜਾਂਦੀ ਗੋਪਨੀਅਤਾ ਨੂੰ ਸਰਕਾਰ ਲਈ ਖੁੱਲ੍ਹਾ ਮੁਹੱਈਆ ਕਰਾਉਣਾ ਹੈ। 

ਫੇਸਬੁੱਕ ਦੀ ਮਾਲਕੀ ਵਾਲੀ ਵਟਸਐਪ ਰਾਹੀਂ ਭੇਜੇ ਜਾਣ ਵਾਲੇ ਸੁਨੇਹੇ ਸਿਰਫ ਭੇਜਣ ਵਾਲੇ ਅਤੇ ਜਿਸ ਨੂੰ ਭੇਜੇ ਜਾ ਰਹੇ ਹਨ, ਇਹਨਾਂ ਦੋਵਾਂ ਵਿਚਕਾਰ ਗੁਪਤ ਰਹਿੰਦੇ ਹਨ ਤੇ ਵਟਸਐਪ ਵੀ ਉਨ੍ਹਾਂ ਸੁਨੇਹਿਆਂ ਨੂੰ ਨਹੀਂ ਪੜ੍ਹ ਸਕਦਾ। ਪਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਕੰਪਨੀ ਇਸ ਵਿਚ ਤਬਦੀਲੀ ਲਿਆਵੇ ਤੇ ਸਰਕਾਰ ਲੋਕਾਂ ਦੇ ਸੁਨੇਹਿਆਂ 'ਤੇ ਅੱਖ ਰੱਖ ਸਕੇ ਤੇ ਪਤਾ ਕਰ ਸਕੇ ਕਿ ਕਿਹੜਾ ਸੁਨੇਹਾ ਕਿਸ ਵਲੋਂ ਭੇਜਿਆ ਗਿਆ ਹੈ।