ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਕਾਰ ਸੇਵਾ ਮੁਕੰਮਲ

ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਕਾਰ ਸੇਵਾ ਮੁਕੰਮਲ

ਲਾਹੌਰ: ਲਹਿੰਦੇ ਪੰਜਾਬ ਵਿਚ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਥਿਤ ਗੁਰਦੁਆਰਾ ਬਾਲ ਲੀਲਾ ਸਾਹਿਬ ਕਾਰ ਸੇਵਾ ਤੋਂ ਬਾਅਦ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਆਪਣੇ ਬਚਪਨ ਵਿਚ ਆਪਣੇ ਸਾਥੀਆਂ ਸੰਗ ਖੇਡਦੇ ਸਨ। 

ਗੁਰਦੁਆਰਾ ਬਾਲ ਲੀਲਾ ਸਾਹਿਬ ਗੁਰਦੁਆਰਾ ਜਨਮ ਸਥਾਨ ਸਾਹਿਬ ਤੋਂ 300 ਮੀਟਰ ਦੱਖਣ-ਪੂਰਬ ਵੱਲ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਵਿਚ ਨਾਨਕਸਰ ਸਰੋਵਰ ਵੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਅਤੇ ਨਨਕਾਣਾ ਸਾਹਿਬ (ਰਾਏ ਭੋਇ ਕੀ ਤਲਵੰਡੀ) ਦੇ ਪ੍ਰਬੰਧਕ ਰਾਏ ਬੁਲਾਰ ਨੇ ਬਣਵਾਇਆ ਸੀ। 

ਗੁਰਦੁਆਰਾ ਬਾਲ ਲੀਲਾ ਸਾਹਿਬ ਦਾ ਪ੍ਰਬੰਧ 1921 ਤੋਂ ਪਹਿਲਾਂ ਨਿਰਮਲੇ ਸੰਪਰਦਾ ਕੋਲ ਸੀ। 1921 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਨਾਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕੋਲ ਰਿਹਾ। ਪਰ 1947 ਵਿਚ ਬਣੇ ਹਾਲਾਤਾਂ ਤੋਂ ਬਾਅਦ ਪਾਕਿਸਤਾਨ ਸਥਿਤ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸਮੇਤ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਪਾਕਿਸਤਾਨ ਦੇ ਵਕਫ ਬੋਰਡ ਕੋਲ ਚਲੇ ਗਿਆ ਸੀ। 

ਪ੍ਰਾਪਤ ਜਾਣਕਾਰੀ ਮੁਤਾਬਿਕ ਕਈ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਯੂਕੇ ਦੇ ਗੁਰੂ ਕਾ ਬਾਗ ਜਥਾ, ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ (ਤਰਨਤਾਰਨ), ਵਕਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਸੀ। ਹੁਣ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਮੁਕੰਮਲ ਹੋਣ ਉਪਰੰਤ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ।