ਜ਼ਿਮਨੀ ਚੋਣ: ਹਰਿਆਣਾ ਵਿਚ ਭਾਜਪਾ ਤੇ ਰਾਜਸਥਾਨ ਵਿਚ ਕਾਂਗਰਸ ਦੀ ਜਿੱਤ

ਜ਼ਿਮਨੀ ਚੋਣ: ਹਰਿਆਣਾ ਵਿਚ ਭਾਜਪਾ ਤੇ ਰਾਜਸਥਾਨ ਵਿਚ ਕਾਂਗਰਸ ਦੀ ਜਿੱਤ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮਘ ਰਹੀ ਭਾਰਤ ਦੀ ਸਿਆਸੀ ਧੂਣੀ ਵਿਚ ਹਰਿਆਣਾ ਅਤੇ ਰਾਜਸਥਾਨ ਦੀਆਂ ਜਿੰਦ ਅਤੇ ਰਾਮਗੜ੍ਹ ਵਿਧਾਨ ਸਭਾ ਸੀਟਾਂ 'ਤੇ ਹੋਈ ਜ਼ਿਮਨੀ ਚੋਣ ਵਿਚ ਭਾਜਪਾ ਅਤੇ ਕਾਂਗਰਸ ਦੋਵੇਂ ਇਕ ਇਕ ਸੀਟ ਜਿੱਤਣ ਵਿਚ ਕਾਮਯਾਬ ਹੋਏ ਹਨ। 

ਹਰਿਆਣਾ ਦੇ ਹਲਕੇ ਜੀਂਦ ਵਿਚ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਮਿੱਧਾ ਨੇ 12,935 ਵੋਟਾਂ ਨਾਲ ਜਿੱਤ ਦਰਜ ਕੀਤੀ। ਚੌਟਾਲਾ ਪਰਿਵਾਰ ਵਿਚ ਪਏ ਪਾੜ ਤੋਂ ਬਾਅਦ ਆਈਐਨਐਲਡੀ ਛੱਡ ਕੇ ਵੱਖ ਹੋਏ ਦਿਗਵਿਜੇ ਚੌਟਾਲਾ ਨੂੰ 35,293 ਵੋਟਾਂ ਪਈਆਂ ਜਦਕਿ ਮਿੱਧਾ ਨੂੰ 50,566 ਵੋਟਾਂ ਮਿਲੀਆਂ। ਤੀਜੇ ਨੰਬਰ 'ਤੇ ਰਹੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੂੰ 22,740 ਵੋਟਾਂ ਪਈਆਂ ਤੇ ਆਈਐਨਐਲਡੀ ਦੇ ਉਮੀਦਵਾਰ ਨੂੰ 3,454 ਵੋਟਾਂ ਪਈਆਂ

ਜੀਂਦ ਵਿਚ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨਾਂ 'ਤੇ ਪੈਦਾ ਹੋਏ ਵਿਵਾਦ ਕਾਰਨ ਕੁਝ ਦੇਰ ਗਿਣਤੀ ਰੋਕਣੀ ਪਈ ਪਰ ਸੀਆਰਪੀਐਫ ਦੀ ਨਫਰੀ ਵਧਾਉਣ ਤੋਂ ਬਾਅਦ ਗਿਣਤੀ ਕੇਂਦਰ ਵਿਚ ਦੁਬਾਰਾ ਗਿਣਤੀ ਸ਼ੁਰੂ ਕਰ ਦਿੱਤੀ ਗਈ। 

ਗਿਣਤੀ ਕਰਵਾ ਰਹੇ ਉਮੀਦਵਾਰਾਂ ਦੇ ਨੁਮਾਂਇੰਦਿਆਂ ਨੇ ਦਾਅਵਾ ਕੀਤਾ ਕਿ ਕੁਝ ਈਵੀਐਮ ਮਸ਼ੀਨਾਂ ਗਾਇਬ ਸਨ ਜਿਸ ਕਾਰਨ ਉਹ ਵਿਰੋਧ ਵਿਚ ਗਿਣਤੀ ਕੇਂਦਰ ਤੋਂ ਬਾਹਰ ਆ ਗਏ। ਇਸ ਦੌਰਾਨ ਹੋਏ ਵਿਰੋਧ ਪ੍ਰਦਰਸ਼ਨ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ। 

ਜ਼ਿਕਰਯੋਗ ਹੈ ਕਿ ਇਹ ਸੀਟ ਪਹਿਲਾਂ ਆਈਐਨਐਲਡੀ ਕੋਲ ਸੀ। ਆਈਐਨਐਲਡੀ ਦੇ ਵਿਧਾਇਕ ਹਰੀ ਚੰਦ ਮਿੱਧਾ ਦੀ ਮੌਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਤੇ ਜ਼ਿਮਨੀ ਚੋਣ ਵਿਚ ਵਿਧਾਇਕ ਮਿੱਧਾ ਦਾ ਪੁੱਤਰ ਭਾਜਪਾ ਵਲੋਂ ਚੋਣ ਮੈਦਾਨ ਵਿਚ ਉਤਰਿਆ ਸੀ। 

ਰਾਜਸਥਾਨ ਦੇ ਰਾਮਗੜ੍ਹ ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤੀ
ਜੈਪੁਰ: ਰਾਮਗੜ੍ਹ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਉਮੀਦਵਾਰ ਸ਼ਫੀਆ ਜ਼ੁਬੇਰ ਖਾਨ ਨੇ ਭਾਜਪਾ ਦੇ ਉਮੀਦਵਾਰ ਸੁਖਵੰਤ ਸਿੰਘ ਨੂੰ 12,228 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸ਼ਫੀਆ ਨੂੰ 83,311 ਵੋਟਾਂ ਪਈਆਂ ਜਦਕਿ ਸੁਖਵੰਤ ਨੂੰ 71,083 ਵੋਟਾਂ ਮਿਲੀਆਂ। 

ਇਸ ਚੋਣ ਦੌਰਾਨ ਬੀਐਸਪੀ ਵਲੋਂ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੇ ਪੁੱਤਰ ਜਗਤ ਸਿੰਘ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਤੋਂ ਪਹਿਲਾਂ ਇਹ ਸੀਟ ਬੀਐਸਪੀ ਕੋਲ ਸੀ ਤੇ ਪਿਛਲੇ ਸਾਲ 29 ਨਵੰਬਰ ਨੂੰ ਵਿਧਾਇਕ ਲਕਸ਼ਮਣ ਚੌਧਰੀ ਦੀ ਮੌਤ ਹੋ ਗਈ ਸੀ।