ਇੰਡੋ ਅਮੈਰੀਕਨ ਹੈਰੀਟੇਜ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

ਇੰਡੋ ਅਮੈਰੀਕਨ ਹੈਰੀਟੇਜ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ

ਸਾਨ ਫਰਾਸਿਸਕੋ/ਬਿਊਰੋ ਨਿਊਜ਼ :
ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ 101ਵਾਂ ਸ਼ਹੀਦੀ ਦਿਨ ਗ਼ਗਦਰ ਪਾਰਟੀ ਦੇ ਦਫ਼ਤਰ, ਗ਼ਦਰ ਮੈਮੋਰੀਅਲ ਸਾਨ ਫਰਾਸਿਸਕੋ (ਯੁਗਾਤਰ ਆਸ਼ਰਮ) ਵਿਚ 12 ਨਵੰਬਰ ਨੂੰ ਮਨਾਇਆ ਗਿਆ। ਇੰਡੋ ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ, ਗ਼ਦਰ ਮੈਮੋਰੀਅਲ ਫਾਉਂਡੇਸ਼ਨ ਆਫ ਕੈਲੀਫੋਰਨੀਆ ਸੈਕਰਾਮੈਂਟੋ ਅਤੇ ਇੰਡੋ ਅਮੈਰੀਕਨ ਦੇਸ਼ ਭਗਤ ਫਾਉਂਡੇਸ਼ਨ ਬੇ-ਏਰੀਆ ਵਲੋਂ ਕੌਂਸਲੇਟ ਜਨਰਲ ਆਫ ਇੰਡੀਆ ਦੇ ਸਹਿਯੋਗ ਨਾਲ ਮਨਾਇਆ ਗਿਆ। ਸਮਾਗਮ ਵਿਚ ਸੈਕਰੋਮੈਂਟੋ, ਮੋਡੈਸਟੋ, ਮਰਸਿਡ, ਫਰਿਜ਼ਨੋ, ਸਟਾਕਟਨ, ਫਰੀਮੌਂਟ, ਵਲੇਹੋ, ਸੈਨਹੋਜ਼ੇ ਅਤੇ ਸਾਨ ਫਰਾਸਿਸਕੋ ਤੋਂ ਆਏ ਲੋਕਾਂ ਨੇ ਸ਼ਿਰਕਤ ਕੀਤੀ। ਸ. ਦਿਲਬਾਗ ਸਿੰਘ ਸੰਧੂ, ਸੁਰਜੀਤ ਸਿੰਘ ਅਟਵਾਲ ਅਤੇ ਸ. ਗਮਦੂਰ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਡਿਪਟੀ ਕੌਂਸਲੇਟ ਜਨਰਲ ਸ੍ਰੀ ਰੋਹਿਤ ਰਾਥੀਸ਼ ਨੇ ਆਪਣੀ ਤਕਰੀਰ ਨਾਲ ਕੀਤੀ। ਉਨ੍ਹਾਂ ਸਮਾਗਮ ਵਿਚ ਪਹੁੰਚੇ ਹੋਏ ਸਮੂਹ ਲੋਕਾਂ ਦਾ ਸਵਾਗਤ ਕੀਤਾ ਅਤੇ ਦੇਸ਼ ਭਗਤ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਰਾਜ ਬਰਾੜ ਦੇ ਦੇਸ਼ ਭਗਤੀ ਭਿੰਨੇ ਗੀਤ ਤੋਂ ਬਾਅਦ ਸ. ਗੁਰਦੀਪ ਸਿੰਘ ਅਣਖੀ ਨੇ ਗ਼ਦਰ ਪਾਰਟੀ ਦੇ ਆਸ਼ਿਆਂ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ਮਜ਼੍ਹਬੀ ਆਧਾਰ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਦੀ ਪੁਰਜ਼ੋਰ ਨਿਖੇਧੀ ਕੀਤੀ। ਉਨ੍ਹਾਂ ਨਵੰਬਰ 16, 1915 ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ‘ਤੇ ਚੜ੍ਹਣ ਵਾਲੇ ਸ. ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਸ. ਬਖਸ਼ੀਸ਼ ਸਿੰਘ, ਸ. ਸਰੈਣ ਸਿੰਘ (ਛੋਟਾ), ਸ. ਸਰੈਣ ਸਿੰਘ (ਵੱਡਾ), ਸ. ਹਰਨਾਮ ਸਿੰਘ, ਸ. ਜਗਤ ਸਿੰਘ ਅਤੇ ਸ੍ਰੀ ਵਿਸ਼ਣੂ ਗਿਣੇਸ਼ ਪਿੰਗਲੇ ਦੀ ਸੋਚ ਤੋਂ ਰੌਸ਼ਨੀ ਲੈ ਕੇ ਅੱਜ ਦੇ ਸਮਾਜ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਕੀਤੀ।
ਇਸਤਰੀ ਸਭਾ ਪੰਜਾਬ ਦੀ ਆਗੂ ਬੀਬੀ ਨਿਰਮਲਾ ਦੇਵੀ ਨੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਪੇਸ਼ ਕਰਦਿਆਂ ਭਰਪੂਰ ਇਕੱਠ ਲਈ ਸੰਸਥਾਵਾਂ ਨੂੰ ਵਧਾਈ ਦਿੱਤੀ। ਡਾ. ਮਲਕੀਤ ਸਿੰਘ ਕਿੰਗਰਾ ਨੇ ਕਵਿਤਾਵਾਂ ਦੇ ਹਵਾਲੇ ਦੇ ਕੇ ਸੱਚੇ-ਸੁੱਚੇ ਦੇਸ਼ ਭਗਤ ਪਰਵਾਨਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸ. ਦਵਿੰਦਰ ਸਿੰਘ ਨਾਮਧਾਰੀ ਨੇ ਬਾਬਾ ਰਾਮ ਸਿੰਘ ਪ੍ਰਤੀ ਸ਼ਰਧਾ ਭਰੀ ਕਵਿਤਾ ਪੜ੍ਹੀ। ਸ. ਪਰੀਤਮ ਸਿੰਘ ਗਰੇਵਾਲ ਨੇ ਗ਼ਦਰ ਮੈਮੋਰੀਅਲ ਦੀ ਮੁੜ ਉਸਾਰੀ ਪ੍ਰਤੀ ਯਤਨਾਂ ਵਾਸਤੇ ਸਮੂਹ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਕੌਂਸਲੇਟ ਆਫਿਸ ਤੋਂ ਮੰਗ ਵੀ ਕੀਤੀ ਕਿ ਸ਼ਹੀਦਾਂ ਨਾਲ ਸਬੰਧਤ ਹੋਰ ਵੀ ਵਸਤਾਂ ਜੋ ਹੇਠਲੇ ਕਮਰੇ ਵਿਚ ਬੰਦ ਹਨ, ਨੂੰ ਲੋਕਾਂ ਦੇ ਦੇਖਣ ਲਈ ਰੱਖਿਆ ਜਾਵੇ। ਅਮਰਜੀਤ ਜੌਹਲ, ਹਰਜੀਤ ਸਿੰਘ ਮਰਸਿਡ ਅਤੇ ਪ੍ਰਿੰਸੀਪਲ ਹਜੂਰਾ ਸਿੰਘ ਦੇ ਸੁਰੀਲੇ ਗੀਤਾਂ ਅਤੇ ਕਵਿਤਾਵਾਂ ਨੇ ਸਮਾਗਮ ਨੂੰ ਚਾਰ ਚੰਨ ਲਾਏ। ਮਾਸਟਰ ਹਰਮੇਸ਼ ਲਾਲ ਨੇ ਵੀ ਸ. ਕਰਤਾਰ ਸਿੰਘ ਸਰਾਭਾ ਦੀ ਕਵਿਤਾ ਗਾ ਕੇ ਸੁਣਾਈ। ਮਾਸਟਰ ਲਛਮਣ ਸਿੰਘ ਰਾਠੌਰ ਅਤੇ ਸ. ਗਰੁਦੇਵ ਸਿੰਘ ਘਣਗਸ ਨੇ ਆਪਣੀ ਸ਼ਰਧਾਂਜਲੀ ਪ੍ਰਭਾਵਸ਼ਾਲੀ ਕਵਿਤਾਵਾਂ ਰਾਹੀਂ ਪੇਸ਼ ਕੀਤੀ। ਸ. ਹਰਨੇਕ ਸਿੰਘ ਨੇ ਵੀ ਇਕ ਕਵਿਤਾ ਸੁਣਾ ਕੇ ਆਪਣੀ ਸ਼ਰਧਾਂਜਲੀ ਪੇਸ਼ ਕੀਤੀ। ਫਰਿਜ਼ਨੋ ਜਥੇ ਨਾਲ ਆਈ ਬੀਬੀ ਸੁਰਜੀਤ ਕੌਰ ਨੇ ਵੀ ਦੇਸ਼ ਭਗਤੀ ਨੂੰ ਪਰਣਾਏ ਆਪਣੇ ਪਰਿਵਾਰ ਬਾਰੇ ਸੰਖੇਪ ਵਿਚ ਗੱਲ ਕੀਤੀ।
ਅਖੀਰ ਵਿਚ ਸੁਰਿੰਦਰ ਸਿੰਘ ਮੰਢਾਲੀ ਨੇ ਦੂਰੋਂ ਦੂਰੋਂ ਆਈਆਂ ਸਭ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਕੌਂਸਲੇਟ ਆਫਿਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਫੋਰਮ ਵਲੋਂ 20 ਨਵੰਬਰ 2016 ਨੂੰ ਫਰਿਜ਼ਨੋ ਵਿਚ ਕਰਵਾਏ ਜਾ ਰਹੇ ਇਕ ਹੋਰ ਸਮਾਗਮ ਵਿਚ ਵੀ ਇਸੇ ਤਰ੍ਹਾਂ ਸ਼ਾਮਲ ਹੋਣ। ਇਹ ਸਾਮਗਮ ਇੰਡੀਆ ਓਵਨ ਦੇ ਹਾਲ ਵਿਚ ਦੁਪਿਹਰ ਬਾਅਦ 2 ਵਜੇ ਤੋਂ 5 ਵਜੇ ਤੱਕ ਹੋਵੇਗਾ।
ਇੰਡੋ ਅਮੈਰੀਕਨ ਦੇਸ਼ ਭਗਤ ਫਾਉਂਡੇਸ਼ਨ ਵਲੋਂ ਲੰਗਰ ਅਤੇ ਅਟਵਾਲ ਭਰਾਵਾਂ ਵਲੋਂ ਗੰਨੇ ਦੀ ਰਸ ਦੀ ਸੇਵਾ ਕੀਤੀ ਗਈ। ਹਰਜਿੰਦਰ ਢੇਸੀ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।