ਸਿੱਖ ਮਸਲਿਆਂ ਵਿੱਚ ਬੇਲੋੜਾ ਦਖ਼ਲ

ਸਿੱਖ ਮਸਲਿਆਂ ਵਿੱਚ ਬੇਲੋੜਾ ਦਖ਼ਲ

ਭਾਰਤੀ ਦੂਤਾਵਾਸਾਂ ਦੀਆਂ ਕਾਰਵਾਈਆਂ ਹੋਰ ਵਧਾਉਂਦੀਆਂ ਨੇ ਦੋਵਾਂ ਧਿਰਾਂ ਵਿਚਾਲੇ ਪਾੜਾ
ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਦੀ ਇੱਕ ਯੂਨੀਵਰਸਿਟੀ ਵਿੱਚ ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸੈਮੀਨਾਰ ਦੌਰਾਨ ਅੰਮ੍ਰਿਤਧਾਰੀ ਸਿੱਖ ਆਗੂ ਵਲੋਂ ਰੋਸ ਪ੍ਰਗਟਾਉਣ ਦੀ ਘਟਨਾ ਉਚੇਚੇ ਧਿਆਨ ਅਤੇ ਸੋਚ ਵਿਚਾਰ ਦੇ ਨਾਲ ਨਾਲ ਸਿੱਖ ਪੱਖ ਨੂੰ ਬੜੇ ਜ਼ੋਰਦਾਰ ਰੂਪ ਵਿੱਚ ਉਜਾਗਰ ਕਰਦੀ ਹੈ। ਲੋਇਲਾ ਮੈਰੀਮੌਟ ਯੂਨੀਵਰਸਿਟੀ ‘ਚ ਕਰਵਾਇਆ ਇਹ ਸੈਮੀਨਾਰ ਸ਼ੁਰੂ ਤੋਂ ਹੀ ਸਿੱਖਾਂ ਦੇ ਧਿਆਨ ਦਾ ਕੇਂਦਰ ਬਣਿਆ ਹੋਇਆ ਸੀ । ਇਸਦੇ ਪ੍ਰਬੰਧਕਾਂ ਦੇ ਕਿਰਦਾਰ ਅਤੇ ਨੀਅਤ ਬਾਰੇ ਸਿੱਖ ਹਲਕਿਆਂ ‘ਚ ਖਦਸ਼ਾ ਹੋਣ ਤੋਂ ਇਲਾਵਾ ਇਸ ਸੈਮੀਨਾਰ ਲਈ ਭਾਰਤੀ ਕੌਂਸਲੇਟ ਦਾ ਸ਼ਰੇਆਮ ਥਾਪੜਾ ਕਿਸੇ ਤੋਂ ਲੁਕਿਆ ਨਹੀਂ ਸੀ। ਯੋਗੀ ਭਜਨ ਦੇ ਚੇਲਿਆਂ ਵਲੋਂ ਭਾਰਤੀ ਕੌਂਸਲੇਟ ਦੀ ਚਾਪਲੂਸੀ ਲਈ ਲੋਇਲਾ ਮੈਰੀਮੌਟ ਯੂਨੀਵਰਸਿਟੀ ‘ਚ ‘ਸਿੱਖ ਅਤੇ ਜੈਨੀ ਅਧਿਆਪਨ’ ਵਿਭਾਗ ਦੇ ਸਹਿਯੋਗ ਨਾਲ ਰੱਖੇ ਇਸ ਪ੍ਰੋਗਰਾਮ ‘ਚ ‘ਸਵਾ ਲੱਖ ਸਿੰਘ’ ਦਾ ਵਿਰੋਧ ਸਮੁੱਚੀ ਸਿੱਖ ਕੌਮ ਦੇ ਜ਼ਜ਼ਬਾਤ ਦੀ ਤਰਜ਼ਮਾਨੀ ਕਿਹਾ ਜਾ ਸਕਦਾ ਹੈ। ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਲੰਘੇ ਸ਼ੁਕਰਵਾਰ ਨੂੰ ਕਰਵਾਏ ਸੈਮੀਨਾਰ ‘ਚ ਪ੍ਰਬੰਧਕਾਂ ਵਲੋਂ ‘ਦਸਤਾਰ’ ਨੂੰ ਭਾਰਤੀ ਕੌਂਸਲੇਟ ਦੇ ਸਿਰ ਸਜਾਉਣ ਦੀ ਕਾਰਵਾਈ ਸਿੱਖਾਂ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਦੀ ਸ਼ਰੇਆਮ ਬੇਅਦਬੀ ਤੋਂ ਘੱਟ ਨਹੀਂ ਸੀ। ਇਸੇ ਲਈ ਸਿੱਖ ਇਨਫਰਮੇਸ਼ਨ ਸੈਂਟਰ ਦੇ ਭਾਈ ਭਜਨ ਸਿੰਘ ਭਿੰਡਰ ਵਲੋਂ ਕੀਤੇ ਜ਼ੋਰਦਾਰ ਵਿਰੋਧ ਅੱਗੇ ਕੋਈ ਚਾਰਾ ਚਲਦਾ ਨਾ ਵੇਖ ਪ੍ਰਬੰਧਕਾਂ ਨੂੰ ‘ਚਾਹ ਪੀਣ ਦੀ ਬਰੇਕ’ ਦੇ ਬਹਾਨੇ ਕਾਰਵਾਈ ਮੁਲਤਵੀ ਕਰਨ ਬਿਨਾਂ ਹੋਰ ਕੋਈ ਚਾਰਾ ਨਜ਼ਰ ਨਹੀਂ ਸੀ ਆਉਂਦਾ।
ਭਾਰਤ ਸਰਕਾਰ ਅਤੇ ਉਸਦੇ ਝੋਲੀਚੁੱਕਾਂ ਵਲੋਂ ਸਿੱਖਾਂ ਖ਼ਾਸ ਕਰ ਵਿਦੇਸ਼ਾਂ ਵਿਚਲੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਬੋਲੋੜਾ ਦਖ਼ਲ ਦਿੱਤੇ ਜਾਣ ਨਾਲ ਜਿਹੜੀ ਕੁੜਿਤਣ ਤੇ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ ਉਨ੍ਹਾਂ ਲਈ ਵਿਦੇਸ਼ਾਂ ਵਿਚਲੇ ਭਾਰਤੀ ਦੂਤਾਵਾਸ ਅਪਣੀ ਜੁੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਹ ਅਕਸਰ ਅਜਿਹੀਆਂ ਕਾਰਵਾਈਆਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਹੁੰਦੇ ਦੱਸੇ ਜਾਂਦੇ ਹਨ । ਭਾਰਤ ਵਿੱਚ ਸਰਕਾਰਾਂ ਵਲੋਂ ਸਿੱਖਾਂ ਨਾਲ ਕੀਤੇ ਵਿਤਕਰੇ ਅਤੇ ਵਧੀਕੀਆਂ ਦਾ ਪ੍ਰਵਾਸੀ ਸਿੱਖਾਂ ਉੱਤੇ ਵੀ ਅਸਰ ਹੋਣਾ ਤੇ ਉਸ ਵਿਰੁਧ ਪ੍ਰਤੀਕਰਮ ਸੁਭਾਵਕ ਹੈ। ਅਜਿਹੇ ਸਾਰੇ ਮਸਲਿਆਂ ਦੇ ਪੈਦਾ ਹੋਣ ਤੇ ਪੇਚੀਦਾ ਹੋਣ ਪਿੱਛੇ ਅਸਲ ਵਿੱਚ ਭਾਰਤ ਵਿਚਲੀਆਂ ਹਿੰਦੂਤਵੀ ਧਿਰਾਂ ਦੀ ਸਿੱਖਾਂ ਨੂੰ ਅਪਣੇ ਜੂਲੇ ਹੇਠ ਰੱਖਣ ਦੀ ਗਿਣੀਮਿੱਥੀ ਸਾਜ਼ਿਸ਼ ਅਧੀਨ ਅਕਸਰ ਬਹੁਤੀ ਵਾਰੀ ਅਸਿੱਧੇ ਤੌਰ ਉੱਤੇ ਕੀਤੀਆਂ ਜਾਂਦੀਆਂ ਕਾਰਵਾਈ ਹੁੰਦੀਆਂ ਹਨ। ਹਿੰਦੂ ਪੱਖੀ ਕੇਂਦਰੀ ਤੇ ਸੂਬਾ ਸਰਕਾਰਾਂ ਸਿੱਖਾਂ ਦੇ ਭਲੇ ਦੀ ਆੜ ‘ਚ ਉਲਟਾ ਅਪਣੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਅੰਜ਼ਾਮ ਦਿੰਦੀਆਂ ਹਨ। ਪਰ  ਅਜਿਹੀਆਂ ਸਾਜ਼ਿਸਾਂ ਦਾ ਭੇਤ ਖੁਲ੍ਹੇ ਰੂਪ ਵਿੱਚ ਸਾਹਮਣੇ ਆਉਣ ਨਾਲ ਸਿੱਖ ਸਗੋਂ ਵੱਧ ਰੋਹ ਨਾਲ ਪ੍ਰਤੀਕਰਮ ਕਰਦੇ ਹਨ। ਭਾਵੇਂ ਵਿਦੇਸ਼ਾਂ ਵਿਚਲੇ ਭਾਰਤੀ ਦੂਤਾਵਾਸਾਂ/ਕੌਂਸਲੇਟਾਂ ਦਾ ਸਿੱਖਾਂ ਨਾਲ ਰਿਸ਼ਤਾ ਬਹੁਤਾ ਸੁਖਾਵਾਂ ਨਹੀਂ ਰਿਹਾ ਪਰ ‘ਅਪਰੇਸ਼ਨ ਬਲਿਊ ਸਟਾਰ’ ਅਤੇ ਉਸਤੋਂ ਬਾਅਦ ਨਵੰਬਰ 84 ਦੇ ਸਿੱਖ ਕਤਲੇਆਮ ਨੇ ਦੋਵਾਂ ਧਿਰਾਂ ਵਿਚਾਲੇ ਵਿਰੋਧ ਦੀ ਅਜਿਹੀ ਪੱਕੀ ਲਕੀਰ ਖਿੱਚ ਦਿੱਤੀ ਜਿਹੜੀ ਵਰ੍ਹਿਆਂ ਤੋਂ ਹੋਰ ਗੂੜ੍ਹੀ ਹੁੰਦੀ ਆ ਰਹੀ ਹੈ।
ਬਣਦਾ ਤਾਂ ਇਹ ਹੈ ਕਿ ਭਾਰਤੀ ਦੂਤਾਵਾਸ ਪ੍ਰਵਾਸੀ ਸਿੱਖਾਂ ਦੇ ਮਸਲਿਆਂ, ਗੁੱਸੇ, ਨਾਰਾਜ਼ਗੀ ਅਤੇ ਵਿਰੋਧ ਪ੍ਰਤੀ ਸੂਝ ਬੂਝ ਵਾਲੀ ਪਹੁੰਚ ਰਖਦੇ ਹੋਏ ਸਮਝਣ, ਸਮਝਾਉਣ ਅਤੇ ਸੁਲਝਾਉਣ ਵਾਸਤੇ ਅਪਣੀ ਸਰਕਾਰ ਤੇ ਸਿੱਖਾਂ ਵਿਚਾਲੇ ਕੜੀ ਦਾ ਕੰਮ ਕਰਨ। ਪਰ ਉਹ ਦਿੱਲੀ ਵਿਚਲੇ ਨੀਤੀਘਾੜਿਆਂ ਦੇ ਹਰ ਪੁੱਠੇ-ਸਿੱਧੇ ਹੁਕਮ ਅੱਗੇ ਡੰਡਾਉਤ ਵਜੋਂ ਉਲਟਾ ਸਿੱਖਾਂ ਵਿੱਚ ਪਾੜਾ ਪਾਉਣ ਲਈ ਇੱਕ ਧੜੇ ਰਾਹੀਂ ਭਾਈਚਾਰੇ ਦੇ ਹਰ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ‘ਬੇਲੋੜੇ ਦਖ਼ਲ’ ਦਾ ਰਾਹ ਅਖ਼ਤਿਆਰ ਕਰਨ ਨੂੰ ਪਹਿਲ ਦਿੰਦੇ ਹਨ। ਇਸ ਬਾਰੇ ਕੋਈ ਭੁਲੇਖਾ ਨਹੀਂ ਕਿ ਭਾਰਤੀ ਕੌਂਸਲੇਟ ਅਪਣੇ ਝੋਲੀਚੁੱਕ ਸਿੱਖਾਂ ਰਾਹੀਂ ਪ੍ਰਵਾਸੀ ਸਿੱਖਾਂ ਵਿੱਚ ਘੁਸਪੈਂਠ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ।
ਸਿੱਖ ਕੌਮ ਦੀ ਭਾਰਤੀ ਹਾਕਮਾਂ ਨਾਲ ਦੂਰੀ ਨੂੰ ਵਧਾਉਣ ਵਾਲੀਆਂ ਜੂਨ 84 ਦੇ ਘੱਲੂਘਾਰੇ ਤੇ ਨਵੰਬਰ 84 ਦੀ ਸਿੱਖ ਨਸ਼ਲਕੁਸ਼ੀ ਦੀਆਂ ਘਟਨਾਵਾਂ ਬਾਅਦ ਅਮਰੀਕਾ, ਕਨੇਡਾ ਅਤੇ ਯੂਰਪ ਸਮੇਤ ਹੋਰਨਾਂ ਮੁਲਕਾਂ ਵਿਚਲੇ ਭਾਰੀ ਗਿਣਤੀ ਸਿੱਖ ਦੋਵਾਂ ਦੁਖਾਂਤਾਂ ਵਿੱਚ ਕੌਮ ਨੂੰ ਇਨਸਾਫ਼ ਨਾਲ ਮਿਲਣ ਕਾਰਨ ਭਾਰਤ ਸਰਕਾਰ ਨਾਲ ਨਾਰਾਜ਼ ਚਲੇ ਆ ਰਹੇ ਹਨ। ਸਿੱਖਾਂ ਵਲੋਂ ਹਰ ਸਾਲ ਭਾਰਤੀ ਦੂਤਾਵਾਸਾਂ ਅੱਗੇ ਕੀਤੇ ਜਾਂਦੇ ਰੋਸ ਮੁਜ਼ਾਹਰੇ ਅਪਣੇ ਦਰਦ ਦਾ ਪ੍ਰਗਟਾ ਅਤੇ ‘ਇਨਸਾਫ਼ ਲੈਣ’ ਦੇ ਯਤਨਾਂ ਦਾ ਹਿੱਸਾ ਹੁੰਦੇ ਹਨ। ਪਰ ਅਜਿਹੇ ਮੌਕਿਆਂ ਉੱਤੇ ਦੋਵਾਂ ਧਿਰਾਂ ਵਿਚਲੇ ਕੁਝ ਗੁੱਸੇਖੋਰਾਂ ਵਿਚਾਲੇ ਅਕਸਰ ਹੁੰਦੀ ਤਲਖ਼ਕਲਾਮੀ ਨੂੰ ਦਿੱਲੀ ਵਿਚਲੀਆਂ ਸਰਕਾਰਾਂ ਵਲੋਂ ਸਗੋਂ ਪ੍ਰਵਾਸੀ ਸਿੱਖਾਂ ਨੂੰ ‘ਸਬਕ ਸਿਖਾਉਣ’ ਲਈ ਹਥਿਆਰ ਵਜੋਂ ਵਰਤਣ ਦਾ ਪ੍ਰਤੀਕਰਮ/ਸਿੱਟਾ ਹਨ ਲੋਇਲਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਨੁਮਾਇੰਦੇ ਵਜੋਂ ਪ੍ਰਗਟਾਇਆ ਸਾਂਤਮਈ ਰੋਸ।
ਸਿਆਣਪ ਇਸੇ ਵਿੱਚ ਹੈ ਕਿ ਪਹਿਲਾਂ ਹੀ ਹਕੂਮਤੀ ਵਧੀਕੀਆਂ ਅਤੇ ਜ਼ੁਲਮਾਂ ਦੀ ਲਗਾਤਾਰ ਪੀੜ ਸਹਿੰਦੀ ਆ ਰਹੀ ਸਿੱਖ ਕੌਮ ਨੂੰ ਹੋਰ ਸਤਾ ਕੇ ਵਿਰੋਧ ਨੂੰ ਭੜਕਾਉਣ ਵਾਲੀਆਂ ਅਪਣੀਆਂ ਕਾਰਵਾਈਆਂ ਬਾਰੇ ਮੁੜ ਵਿਚਾਰ ਕਰਕੇ ਭਾਰਤ ਸਰਕਾਰ ਅਪਣੇ ਦੂਤਾਵਾਸਾਂ ਨੂੰ ਸਿੱਖਾਂ ਪ੍ਰਤੀ ਹਾਂ-ਪੱਖੀ ਪਹੁੰਚ ਅਪਣਾਉਣ ਲਈ ਕਹੇ।