ਖੁਰਦੇ ਮਿਆਰ: ਓਬਾਮਾ ਦੀ ਰੁਖ਼ਸਤਗੀ, ਟਰੰਪ ਦੀ ਆਮਦ

ਖੁਰਦੇ ਮਿਆਰ: ਓਬਾਮਾ ਦੀ ਰੁਖ਼ਸਤਗੀ, ਟਰੰਪ ਦੀ ਆਮਦ

ਦੁਨੀਆ ਭਰ ਦੇ ਲੋਕਤੰਤਰ ਦੇ ਵਿਦਿਆਰਥੀਆਂ ਨੂੰ ਇਹ ਮੁੱਖ ਸੁਆਲ ਜ਼ਰੂਰ ਪੁੱਛਣਾ ਚਾਹੀਦਾ ਹੈ ਅਤੇ ਉਸ ਦਾ ਜੁਆਬ ਵੀ ਉਨ੍ਹਾਂ ਨੂੰ ਆਪੇ ਹੀ ਦੇਣਾ ਹੋਵੇਗਾ ਕਿ ਅਸੀਂ ਆਪਣੇ ਆਗੂਆਂ ਵਿੱਚ ਜਿਹੜੇ ਗੁਣ ਤਲਾਸ਼ ਕਰਦੇ ਹਾਂ, ਕੀ ਉਨ੍ਹਾਂ ਨੂੰ ਮੁੜ-ਪਰਿਭਾਸ਼ਿਤ ਕਰਨ ਦੀ ਲੋੜ ਹੈ? ਰੀਅਲ ਅਸਟੇਟ ਦੇ ਧੰਦੇ ਨਾਲ ਜੁੜਿਆ ਇੱਕ ਕਾਰੋਬਾਰੀ ਗੋਰੇ ਅਮਰੀਕਨਾਂ ਦੇ ਰੋਹ ਤੇ ਰੋਸ ਦਾ ਕਿਸੇ ਤਰ੍ਹਾਂ ਲਾਭ ਉਠਾ ਲੈਂਦਾ ਹੈ, ਕੀ ਇਸ ਨਾਲ ਲੀਡਰਸ਼ਿਪ ਦੇ ਸਟੈਂਡ ਦਾ ਕੰਮ ਮੁੜ-ਪਰਿਭਾਸ਼ਿਤ ਹੋ ਜਾਂਦਾ ਹੈ? ਕੀ ਆਗੂਆਂ ਲਈ ਉਜੱਡ ਤੇ ਕਰੂਰ ਬਣਨਾ ਜ਼ਰੂਰੀ ਹੈ? ਤਾਂ ਜੋ ਉਹ ਸਾਡੀਆਂ ਭੈੜੀਆਂ ਤੋਂ ਭੈੜੀਆਂ ਤੇ ਬੁਨਿਆਦੀ ਮੂਲ-ਪ੍ਰਵਿਰਤੀਆਂ ਨੂੰ ਜਗਾਉਣ ਦੇ ਕਾਬਲ ਸਾਬਤ ਹੋਣ?
ਹਰੀਸ਼ ਖਰੇ
ਬਰਾਕ ਓਬਾਮਾ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਆਪਣਾ ਦੂਜਾ ਕਾਰਜਕਾਲ ਮੁਕੰਮਲ ਕਰ ਲਿਆ ਅਤੇ ਉਨ੍ਹਾਂ ਦੀ ਥਾਂ ਹੁਣ ਡੋਨਲਡ ਟਰੰਪ ਨੇ ਵਿਸ਼ਵ ਦਾ ਇਹ ਸਭ ਤੋਂ ਵੱਧ ਅਹਿਮ ਅਹੁਦਾ ਸੰਭਾਲ ਲਿਆ ਹੈ। ਅਮਰੀਕਨਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਸ੍ਰੀ ਓਬਾਮਾ ਦਾ ਜਾਂਨਸ਼ੀਨ ਚੁਣਿਆ ਹੈ, ਜਿਹੜਾ ਪਹਿਲਾਂ ਕਦੇ ਵੀ ਕਿਸੇ ਜਨਤਕ ਅਹੁਦੇ ਲਈ ਚੁਣਿਆ ਨਹੀਂ ਗਿਆ ਅਤੇ ਨਾ ਹੀ ਉਸ ਦਾ ਜਨ-ਸੇਵਾ ਦਾ ਪਹਿਲਾਂ ਕੋਈ ਰਿਕਾਰਡ ਹੈ। ਆਧੁਨਿਕ ਯੁੱਗ ਦੀਆਂ ਇਸ਼ਤਿਹਾਰਬਾਜ਼ੀ ਵਿਧੀਆਂ ਅਤੇ ਸੋਸ਼ਲ ਮੀਡੀਆ ਦੇ ਪ੍ਰੋਫ਼ੈਸ਼ਨਲਾਂ ਨੇ ਆਪਣੇ ਪੂਰੇ ਯਤਨਾਂ ਨਾਲ ਇਹੋ ਦਰਸਾਇਆ ਕਿ ਜੇਤੂ ਵਿਅਕਤੀ ਵਿਚ ਇੱਕ ਵਧੀਆ ਹਾਕਮ ਬਣਨ ਦੇ ਸਾਰੇ ਗੁਣ ਮੌਜੂਦ ਹਨ। ਡੋਨਲਡ ਟਰੰਪ ਨੂੰ ਪਹਿਲਾਂ ਹੀ ਅਮਰੀਕੀ ਲੋਕਤੰਤਰ ਅਤੇ ਉਸ ਦੀ ਨਵੀਨਤਾ ਤੇ ਸ਼ਮੂਲੀਅਤਵਾਦੀ ਪਹੁੰਚ ਲਈ ਇੱਕ ਨਜ਼ਰਾਨਾ ਕਰਾਰ ਦਿੱਤਾ ਜਾ ਰਿਹਾ ਹੈ। ਪਰ ਇਸ ਦੇ ਉਲਟ, ਵ੍ਹਾਈਟ ਹਾਊਸ ਦੀ ਦੌੜ ਵਿੱਚ ਡੈਮੋਕਰੈਟਸ ਦੀ ਹਾਰ ਨੂੰ, ਟਰੰਪ ਦੇ ਕੱਟੜ ਸਮਰਥਕਾਂ ਅਤੇ ਖ਼ੁਦ ਉਦਾਰਵਾਦੀਆਂ ਵੱਲੋਂ, ਓਬਾਮਾ ਦੀ ਵਿਰਾਸਤ ਤੇ ਉਸ ਦੀ ਲੀਡਰਸ਼ਿਪ ਨੂੰ ਨਕਾਰਨ ਦੇ ਰੂਪ ਵਿੱਚ ਵੀ ਵੇਖਿਆ ਜਾ ਰਿਹਾ ਹੈ। ਅਜਿਹੇ ਵੇਲੇ ਇੱਕ ਸੁਆਲ ਪੁੱਛਣਾ ਵਾਜਬ ਜਾਪਦਾ ਹੈ: ਕੀ ਸਾਡੇ ਲਈ ਇੱਕ ਲੀਡਰ ਦੀ ਪਰਖ ਕਰਨ ਵਾਸਤੇ ਆਪਣੇ ਮਿਆਰਾਂ ਨੂੰ ਡੇਗਣਾ ਜ਼ਰੂਰੀ ਹੈ, ਉਹ ਵੀ ਕੇਵਲ ਇਸ ਕਰਕੇ ਕਿਉਂਕਿ ਸ੍ਰੀ ਟਰੰਪ ਪੂਰੇ ਘੁਮੰਡੀ ਤੇ ਸ਼ੋਹਦੇ ਅੰਦਾਜ਼ ਨਾਲ ਵ੍ਹਾਈਟ ਹਾਊਸ ਜਾਣ ਵਿੱਚ ਸਫ਼ਲ ਰਹੇ ਹਨ। ਕੀ ਹੁਣ ਹੁਨਰਮੰਦ ਉਸ਼ਟੰਡਬਾਜ਼ਾਂ ਦੀ ਲਗਾਤਾਰ ਚੜ੍ਹਤ ਕਾਰਨ ਲੋਕਤੰਤਰ ਦਾ ਸੰਕਲਪ ਨਿਘਰਦਾ ਹੀ ਚਲਿਆ ਜਾਵੇਗਾ?
ਕੀ ਦੇਸ਼ ਆਪਣੇ ਇੱਕ ਸਿਆਸੀ ਭਾਈਚਾਰੇ ਦਾ ਗਠਨ ਕਰਦਾ ਹੈ ਤੇ ਇਸ ਪਿੱਛੇ ਉਸ ਦਾ ਵਿਸ਼ੇਸ਼ ਇਤਿਹਾਸ ਤੇ ਭੂਗੋਲ ਵੀ ਸ਼ਾਮਲ ਰਹਿੰਦਾ ਹੈ ਅਤੇ ਦੇਸ਼ ਆਪਣੀ ਖ਼ੁਦ ਦੀ ਸੁਵਿਧਾ ਦੀ ਭਾਵਨਾ ਨਾਲ ਸ਼ਕਤੀ, ਦੌਲਤ ਤੇ ਮਰਿਆਦਾ ਦੀ ਵੰਡ ਕਰਦਾ ਹੈ। ਨਾਲ ਹੀ ਇਹ ਖ਼ੁਦ ਆਪਣੇ ਆਦਰਸ਼ ਤੇ ਸਿਧਾਂਤ ਤੈਅ ਕਰਦਾ ਹੈ। ਹਰੇਕ ਸਿਆਸੀ ਭਾਈਚਾਰੇ ਵਿੱਚ ਉਦੋਂ ਅਕਸਰ ਕੜਵੱਲ ਉਭਰਦੇ ਤੇ ਵਿਰੋਧ ਪੈਦਾ ਹੁੰਦੇ ਰਹਿੰਦੇ ਹਨ, ਜਦੋਂ ਸੱਤਾ ਦੀਆਂ ਹਕੀਕਤਾਂ ਪਹਿਲਾਂ ਤੋਂ ਤੈਅਸ਼ੁਦਾ ਆਦਰਸ਼ਾਂ ਨਾਲ ਮੇਲ ਨਹੀਂ ਖਾਂਦੀਆਂ। ਅਮਰੀਕਨਾਂ ਨੇ ਖ਼ੁਦ ਆਪਣੇ ਲਈ ਇੱਕ ਵਿਲੱਖਣ ਸਿਆਸੀ ਭਾਈਚਾਰੇ ਦਾ ਗਠਨ ਕੀਤਾ ਹੈ ਜੋਕਿ ਸਮਾਨਤਾ, ਉਦਾਰਵਾਦ ਤੇ ਪਾਰਦਰਸ਼ਤਾ ਅਤੇ ਸਭਨਾਂ ਲਈ ਮੌਕਿਆਂ ਦੇ ਸਿਧਾਂਤਾਂ ਉੱਤੇ ਆਧਾਰਤ ਹੈ। ਇਤਿਹਾਸਕ ਤੌਰ ‘ਤੇ ਅਮਰੀਕਾ ਨੂੰ ਇਸ ਕਰਕੇ ਲਾਭ ਹੋਇਆ ਕਿਉਂਕਿ ਵਿਆਪਕ ਊਰਜਾ ਤੇ ਪਰਵਾਸੀਆਂ ਦੇ ਉੱਦਮਾਂ ਤੋਂ ਉਸ ਦੇਸ਼ ਨੂੰ ਆਰਥਿਕ ਤੇ ਸਭਿਆਚਾਰਕ ਲਾਹੇ ਪੁੱਜੇ। ਅਤੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਸਿਆਸੀ ਭਾਈਚਾਰੇ ਨੇ ਖ਼ੁਦ ਨੂੰ ਬਚਾ ਲਿਆ ਕਿਉਂਕਿ ਜਦੋਂ ਸਾਰੇ ਨਾਗਰਿਕਾਂ ਲਈ ਸਮਾਨਤਾ ਦੇ ਅਧਿਕਾਰ ਵਾਸਤੇ ਰੋਸ ਮੁਜ਼ਾਹਰੇ ਹੋਣ ਲੱਗੇ, ਤਾਂ ਉਸ ਨੇ ਤੁਰੰਤ ਆਪਣੇ ਸ਼ਹਿਰੀ ਅਧਿਕਾਰਾਂ ਦੇ ਸ਼ਾਸਨ ਨੂੰ ਨਵਾਂ ਰੂਪ ਦੇ ਦਿੱਤਾ। 9/11 ਤੋਂ ਬਾਅਦ ਅਮਰੀਕਾ ਨੇ ਖ਼ੁਦ ਨੂੰ ਲੋਕਤੰਤਰ ਦਾ ਵਿਸ਼ਵ-ਪੱਧਰੀ ਪੈਰਵੀਕਾਰ ਬਣਾਉਣ ਦੇ ਯਤਨ ਕੀਤੇ। ਸਾਲ 2008 ਵਿਚ ਜਦੋਂ ਓਬਾਮਾ ਨੇ ਰਾਸ਼ਟਰਪਤੀ ਦੀ ਚੋਣ ਜਿੱਤੀ, ਤਾਂ ਉਨ੍ਹਾਂ ਦੀ ਉਹ ਜਿੱਤ ਅਮਰੀਕੀ ਆਦਰਸ਼ ਦੀ ਜਿੱਤ ਸੀ। ਅਮਰੀਕੀ ਉਦੋਂ ਆਪਣੇ ਖ਼ੁਦ ਦੇ ਜਮਹੂਰੀ ਇਤਿਹਾਸ ਦੇ ਤਰਕ ਮੁਤਾਬਕ ਚੱਲਣ ਦੀ ਸ਼ੁਰੂਆਤ ਕਰਨ ਲੱਗੇ ਸਨ ਅਤੇ ਜਾਂ ਇੰਜ ਆਖ ਲਵੋ ਕਿ ਉਸ ਜਿੱਤ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਵੇਖਿਆ ਗਿਆ ਸੀ। ਇੱਕ ਸਿਆਹਫ਼ਾਮ ਵਿਅਕਤੀ ਵ੍ਹਾਈਟ ਹਾਊਸ ਵਿਚ ਰਹਿਣ ਲਈ ਆਇਆ ਸੀ। ਉਹ ਸ਼ਾਨਦਾਰ ਛਿਣ ਸੀ, ਜਿਸ ਨੇ ਅਮਰੀਕੀ ਤਜਰਬੇ ਦੀ ਵਿਲੱਖਣਤਾ ਨੂੰ ਨਿਖਾਰ ਕੇ ਪੇਸ਼ ਕੀਤਾ। ਉਹ ਗੱਲ ਸੱਚਮੁਚ ਰਾਹਤ ਦੇਣ ਵਾਲੀ ਸੀ ਕਿ ਓਬਾਮਾ ਨੇ ਰਾਸ਼ਟਰਪਤੀ ਦੀ ਚੋਣ; ਮੈਲਕੌਮ 10ਵੇਂ ਵਾਂਗ ਕੋਈ ਨਸਲੀ ਵਿਰੋਧ ਭੜਕਾ ਕੇ ਨਹੀਂ ਜਿੱਤੀ ਸੀ, ਸਗੋਂ ਉਨ੍ਹਾਂ ਨੇ ਅਮਰੀਕਾ ਦੀਆਂ ਸਮੱਸਿਆਵਾਂ ਦੇ ਸੂਝਬੂਝ-ਭਰਪੂਰ ਜਵਾਬ ਦੇ ਕੇ ਅਮਰੀਕੀ ਨਾਗਰਿਕਾਂ ਦੀਆਂ ਵਧੀਆ ਤੇ ਸੱਚੀਆਂ ਮੂਲ ਪ੍ਰਵਿਰਤੀਆਂ ਨੂੰ ਉਜਾਗਰ ਕੀਤਾ ਸੀ ਅਤੇ ਇਸ ਦੇ ਨਾਲ ਹੀ ਬਾਹਰੀ ਵਿਸ਼ਵ ਨੂੰ ਵੀ ਇੱਕ ਨਰਮ-ਖ਼ਿਆਲੀ ਤੇ ਵਾਜਬ ਲੀਡਰਸ਼ਿਪ ਦੇਣ ਦਾ ਭਰੋਸਾ ਦਿਵਾਇਆ ਸੀ। ਪਰ ਵਿਡੰਬਨਾ ਦੀ ਹੱਦ ਵੇਖੋ ਕਿ ਓਬਾਮਾ ਦੀ ਨਿੰਦਾ ਇਹ ਆਖ ਕੇ ਕੀਤੀ ਜਾਂਦੀ ਰਹੀ ਕਿ ਉਹ ਤਾਂ ਜ਼ਿਆਦਾਤਰ ਪ੍ਰੋਫ਼ੈਸਰਾਂ ਵਰਗੀਆਂ ਗੱਲਾਂ ਕਰਦੇ ਰਹੇ, ਵਧੇਰੇ ਬੌਧਿਕ ਹਨ ਅਤੇ ਪੇਸ਼ੇਵਾਰਾਨਾ ਤੇ ਅਸਰਦਾਰ ਆਗੂ ਇਸ ਲਈ ਹਨ ਕਿਉਂਕਿ ਉਹ ਕੁਝ ਜ਼ਿਆਦਾ ਹੀ ਬਾਰੀਕਬੀਨ ਹਨ।
ਕੀ ਉਹ ਇੱਕ ਮਾੜੇ ਆਗੂ ਸਨ? ਵ੍ਹਾਈਟ ਹਾਊਸ ਵਿਚ ਓਬਾਮਾ ਦੇ ਅੱਠ ਸਾਲ ਬਿਹਤਰੀਨ ਢੰਗ ਨਾਲ ਬੀਤੇ ਹਨ ਅਤੇ ਉਸ ਨੂੰ ਰਲਵੇਂ-ਮਿਲਵੇਂ ‘ਆਸ਼ੀਰਵਾਦ’ ਵਾਲੀ ਸਥਿਤੀ ਕਿਹਾ ਜਾ ਸਕਦਾ ਹੈ। ਅਸਲ ਵਿਚ ਇਹ ‘ਰਲਵਾਂ-ਮਿਲਵਾਂ ਆਸ਼ੀਰਵਾਦ’ ਤਾਂ ਸ਼ਾਇਦ ਹੁਣ ਆਧੁਨਿਕ ਲੋਕਤੰਤਰ ਵਿੱਚ ਲਗਭਗ ਹਰੇਕ ਆਗੂ ਲਈ ਲਾਜ਼ਮੀ ਜਿਹਾ ਨਤੀਜਾ ਬਣ ਗਿਆ ਹੈ; ਖ਼ਾਸ ਕਰ ਕੇ ਅਮਰੀਕਾ ਦੀ ਸਿਆਸੀ ਵਿਵਸਥਾ ਵਿੱਚ ਤਾਂ ਅਜਿਹਾ ਬਹੁਤਾ ਹੁੰਦਾ ਹੈ, ਜਿੱਥੇ ਕਾਰਜਕਾਰੀ ਅਧਿਕਾਰੀ ਨੂੰ ਸੰਸਥਾਗਤ ਤੌਰ ‘ਤੇ ਹਰ ਹਾਲਤ ਵਿੱਚ ਵਿਧਾਨ-ਮੰਡਲ ਨਾਲ ਸੱਤਾ ਤੇ ਅਥਾਰਟੀ ਦੀ ਮਿਲ-ਬੈਠ ਕੇ ਗੱਲਬਾਤ ਕਰਵਾਉਣੀ ਹੀ ਪੈਂਦੀ ਹੈ। ਪ੍ਰਭਾਵਸ਼ਾਲੀ ਲੀਡਰਸ਼ਿਪ ਰਾਸ਼ਟਰਪਤੀ ਨੂੰ ਆਸਾਨੀ ਨਾਲ ਜਾਂ ਆਪਣੇ-ਆਪ ਹੀ ਨਹੀਂ ਮਿਲ ਜਾਂਦੀ। ਉਨ੍ਹਾਂ ਨੂੰ ਤਾਂ ਲੀਡਰ ਵਾਲੇ ਛੱਬ ਤੋਂ ਉਦੋਂ ਹੀ ਦੂਰ ਕਰਨ ਦੇ ਯਤਨ ਆਰੰਭ ਦਿੱਤੇ ਗਏ ਸਨ ਜਦੋਂ ਉਹ ਦੇਸ਼ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਵਜੋਂ ਪਹਿਲੀ ਵਾਰ ਵ੍ਹਾਈਟ ਹਾਊਸ ਸਥਿਤ ਆਪਣੇ ‘ਓਵਲ’   ਦਫ਼ਤਰ ਵਿੱਚ ਗਏ ਸਨ। ਜ਼ਾਹਰ ਹੈ ਕਿ ਇਸ ਪਿੱਛੇ ਨਿਰੋਲ ਸਿਆਸਤ ਸੀ।
ਦੁਨੀਆ ਭਰ ਦੇ ਲੋਕਤੰਤਰ ਦੇ ਵਿਦਿਆਰਥੀਆਂ ਨੂੰ ਇਹ ਮੁੱਖ ਸੁਆਲ ਜ਼ਰੂਰ ਪੁੱਛਣਾ ਚਾਹੀਦਾ ਹੈ ਅਤੇ ਉਸ ਦਾ ਜੁਆਬ ਵੀ ਉਨ੍ਹਾਂ ਨੂੰ ਆਪੇ ਹੀ ਦੇਣਾ ਹੋਵੇਗਾ ਕਿ ਅਸੀਂ ਆਪਣੇ ਆਗੂਆਂ ਵਿੱਚ ਜਿਹੜੇ ਗੁਣ ਤਲਾਸ਼ ਕਰਦੇ ਹਾਂ, ਕੀ ਉਨ੍ਹਾਂ ਨੂੰ ਮੁੜ-ਪਰਿਭਾਸ਼ਿਤ ਕਰਨ ਦੀ ਲੋੜ ਹੈ? ਰੀਅਲ ਅਸਟੇਟ ਦੇ ਧੰਦੇ ਨਾਲ ਜੁੜਿਆ ਇੱਕ ਕਾਰੋਬਾਰੀ ਗੋਰੇ ਅਮਰੀਕਨਾਂ ਦੇ ਰੋਹ ਤੇ ਰੋਸ ਦਾ ਕਿਸੇ ਤਰ੍ਹਾਂ ਲਾਭ ਉਠਾ ਲੈਂਦਾ ਹੈ, ਕੀ ਇਸ ਨਾਲ ਲੀਡਰਸ਼ਿਪ ਦੇ ਸਟੈਂਡ ਦਾ ਕੰਮ ਮੁੜ-ਪਰਿਭਾਸ਼ਿਤ ਹੋ ਜਾਂਦਾ ਹੈ? ਕੀ ਆਗੂਆਂ ਲਈ ਉਜੱਡ ਤੇ ਕਰੂਰ ਬਣਨਾ ਜ਼ਰੂਰੀ ਹੈ? ਤਾਂ ਜੋ ਉਹ ਸਾਡੀਆਂ ਭੈੜੀਆਂ ਤੋਂ ਭੈੜੀਆਂ ਤੇ ਬੁਨਿਆਦੀ ਮੂਲ-ਪ੍ਰਵਿਰਤੀਆਂ ਨੂੰ ਜਗਾਉਣ ਦੇ ਕਾਬਲ ਸਾਬਤ ਹੋਣ? ਯੂਰੋਪ ਵਿੱਚ ਅੰਧ-ਰਾਸ਼ਟਰਵਾਦੀ ਇਸ ਵੇਲੇ ਗੜਬੜੀਆਂ ਕਰ ਰਹੇ ਹਨ ਅਤੇ ਇਨ੍ਹਾਂ ਜਾਹਿਲਾਂ ਦੀ ਚੜ੍ਹਤ ਦੀ ਸੰਭਾਵਨਾ ਵੀ ਉਭਰਦੀ ਵਿਖਾਈ ਦਿੰਦੀ ਹੈ। ਏਂਜਲਾ ਮਰਕੇਲ ਦੀ ਹਮਦਰਦਾਨਾ ਸਮਰੱਥਾ ਨੂੰ ਛੁਟਿਆ ਕੇ ਵੇਖਿਆ ਜਾ ਰਿਹਾ ਹੈ, ਅਤੇ ਅਡੰਬਰਬਾਜ਼ਾਂ ਨੂੰ ਬਹੁਤ ਸਤਿਕਾਰ ਨਾਲ ਸੁਣਿਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ਵਿੱਚ ਨਿਰਾਸ਼ਾਜਨਕ ਪੱਖ ਇਹ ਹੈ ਕਿ ਬਿਰਤਾਂਤਕ ਉਦਯੋਗ ਦਾ ਪੂਰਾ ਤਾਣ ਟਰੰਪ ਦੇ ਅਤੇ ਯੂਰੋਪ ਵਿੱਚ ਸੱਜ-ਪਿਛਾਖੜੀ ਸੋਚ ਵਾਲੇ ਹੋਰ ਆਗੂਆਂ ਦੇ ਉਭਾਰ ਨੂੰ ਤਰਕਪੂਰਨ ਦੱਸਣ ਉੱਤੇ ਲੱਗਾ ਹੋਇਆ ਹੈ ਅਤੇ ਇਸ ਨੂੰ ਬੁੱਧੀਜੀਵੀਆਂ ਦੇ ਕੁਲੀਨ ਵਰਗਾਂ ਵਿਰੁੱਧ ਬਿਲਕੁਲ ਦਰੁਸਤ ਬਗ਼ਾਵਤ ਆਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਮ ਜਨਤਾ ਦੀਆਂ ਚਿੰਤਾਵਾਂ ਪ੍ਰਤੀ ਉਦਾਸੀਨ ਮੰਨਿਆ ਜਾ ਰਿਹਾ ਹੈ। ਇਨ੍ਹਾਂ ਅਖੌਤੀ ਕੁਲੀਨ ਵਰਗਾਂ ਬਾਰੇ ਵੀ ਇਹ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦਾ ਫਲ਼ ਮਿਲਿਆ ਹੈ।
ਜਿਵੇਂ ਕਿ ਉੱਘੇ ਇਤਿਹਾਸਕਾਰ ਆਰਥਰ ਐੱਮ. ਸ਼ਲੈਸਿੰਗਰ ਜੂਨੀਅਰ ਨੇ ਬਿਆਨ ਕੀਤਾ ਸੀ, ਅਮਰੀਕਾ ਇਸ ਵੇਲੇ ਇਤਿਹਾਸਕ ‘ਚੱਕਰਾਂ’ ਵਿਚੋਂ ਲੰਘ ਰਿਹਾ ਹੈ; ਇਹ ਚੱਕਰ ਉਦੋਂ ਆਉਂਦੇ ਹਨ ਜਦੋਂ ਕਾਰਵਾਈਆਂ, ਜਨੂੰਨ, ਆਦਰਸ਼ਵਾਦ ਤੇ ਸੁਧਾਰ; ਵਹਿਣ, ਗਤੀਹੀਣਤਾ, ਅਨੰਦਵਾਦ ਅਤੇ ਸਨਕਵਾਦ ਦੇ ਸੀਜ਼ਨਾਂ ਨੂੰ ਮੌਕਾ ਦਿੰਦੇ ਹਨ। ਇਸ ਘਟਨਾਕ੍ਰਮ ਦੀ ਕੁਰਖ਼ਤਗੀ ਇਹ ਹੈ ਕਿ ਅਮਰੀਕਨਾਂ ਨੇ ਆਪਣੇ ਵਿਸ਼ਵਾਸ ਦਾ ਦਾਅ ਡੋਨਲਡ ਟਰੰਪ ਜਿਹੇ ਵਿਕਰੀਕਾਰ ਉੱਤੇ ਲਾਇਆ ਹੈ। ਇਹ ਵੱਖਰੀ ਗੱਲ ਹੈ ਕਿ ਰਵਾਇਤੀ ਅਮਰੀਕਨਾਂ ਦੇ ਉਦਾਰਵਾਦੀ ਸਟੈਂਡ ਅਤੇ ਪਰਵਾਸੀਆਂ ਦੀ ਨਵੀਨ ਤੇ ਉਤੇਜਨਾਪੂਰਨ ਊਰਜਾ ਟਰੰਪ-ਅੰਤਰਾਲ ਨੂੰ ਲੰਘਾ ਦੇਵੇਗੀ ਅਤੇ ਅਮਰੀਕੀ ਰੂਹ ਨੂੰ ਕੋਈ ਸਥਾਈ ਨੁਕਸਾਨ ਵੀ ਨਹੀਂ ਪੁੱਜੇਗਾ।
ਦਲੀਲਾਂ ਅਤੇ ਨਾਅਰੇ ਲਾਜ਼ਮੀ ਤੌਰ ਉੱਤੇ ਪੱਖਪਾਤੀ ਢੰਗ ਨਾਲ ਵੋਟਰਾਂ ਦੇ ਇੱਕ ਵਰਗ ਨੂੰ ਲਾਮਬੰਦ ਕਰਨ ਲਈ ਤਿਆਰ ਕੀਤੇ ਜਾਂਦੇ ਹਨ, ਇੱਕ ਜਮਹੂਰੀ ਢਾਂਚੇ ਵਿੱਚ ਸਿਆਸੀ ਲੀਡਰਸ਼ਿਪ ਮੁੱਖ ਤੌਰ ਉੱਤੇ ਇਸੇ ਦੀ ਭਾਲ ਵਿਚ ਰਹਿੰਦੀ ਹੈ। ਸਿਆਸੀ ਲੀਡਰਸ਼ਿਪ ਇੱਕ ਰਾਸ਼ਟਰਪਤੀ ਜਾਂ ਇੱਕ ਪ੍ਰਧਾਨ ਮੰਤਰੀ ਉੱਤੇ ਪ੍ਰਭਾਵਸ਼ਾਲੀ ਕਿਸਮ ਦਾ ਬੋਝ ਪਾਉਂਦੀ ਹੈ – ਜਿਵੇਂ ਰਾਸ਼ਟਰੀ ਹਿਤ ਤੇ ਰਾਸ਼ਟਰੀ ਮਹਿਮਾ ਦੀ ਭਾਲ ਦਾ ਬੋਝ; ਉਹ ਵੀ ਇਸ ਤਰ੍ਹਾਂ ਕਿ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਸਗੋਂ ਲਾਭ ਹੋਵੇ। ਜਦੋਂ ਕੋਈ ਆਗੂ ਉਸ ਪ੍ਰਭਾਵਸ਼ਾਲੀ ਬੋਝ ਦੀ ਭਾਵਨਾ ਅਨੁਸਾਰ ਚੱਲਣ ਤੋਂ ਅਸਮਰੱਥ  ਹੋ ਜਾਂਦਾ ਹੈ, ਤਾਂ ਉਸ ਦੇ ਆਪਣੇ ਹੀ ਸਾਥੀ ਨਾਗਰਿਕ ਉਸ ਨੂੰ ਸਮਰਥਨ ਦੇਣਾ ਬੰਦ ਕਰ ਦਿੰਦੇ ਹਨ ਅਤੇ ਸਮੁੱਚਾ ਵਿਸ਼ਵ ਇੰਝ ਹੀ ਕਰਦਾ ਹੈ।
ਅਸੀਂ ਜ਼ਿਆਦਾਤਰ ਅਣ-ਇਤਿਹਾਸਕ ਤਰੀਕੇ ਨਾਲ ਜਿਊਣਾ ਪਸੰਦ ਕਰਦੇ ਹਾਂ। ਇੱਕ ਫ਼ੈਸ਼ਨ ਦੇ ਤੌਰ ‘ਤੇ ਬਰਾਕ ਓਬਾਮਾ ਦੀਆਂ ਕਮੀਆਂ ਦੀ ਸਖ਼ਤ ਨਿਖੇਧੀ ਕਰਨੀ ਬਹੁਤ ਆਸਾਨ ਹੋ ਸਕਦੀ ਹੈ, ਪਰ ਇਸ ਬਾਰੇ ਥੋੜ੍ਹਾ ਵਿਚਾਰ ਕਰਨਾ ਬੇਹੱਦ ਲਾਹੇਵੰਦ ਰਹੇਗਾ ਕਿ ਜੇ ਸਾਲ 2008 ਵਿਚ ਓਬਾਮਾ ਆਪਣੇ ਰਿਪਬਲਿਕਨ ਵਿਰੋਧੀ ਨੂੰ ਹਰਾਉਣ ਤੋਂ ਨਾਕਾਮ ਰਹਿ ਜਾਂਦੇ, ਤਾਂ ਅਮਰੀਕਾ ਅਤੇ ਸਮੁੱਚੇ ਸੰਸਾਰ ਦੀ ਹੋਣੀ ਕਿਹੋ ਜਿਹੀ ਹੋਣੀ ਸੀ। ਅਮਰੀਕਾ ਅਤੇ ਬਾਕੀ ਸੰਸਾਰ ਨੇ ਨਿਸ਼ਚਤ ਤੌਰ ਉੱਤੇ ਇੱਕ-ਦੂਜੇ ਨਾਲ ਟਕਰਾਅ ਦੇ ਰਾਹ ਤੁਰ ਪੈਣਾ ਸੀ, ਅਸਥਿਰਤਾ ਪੈਦਾ ਹੋਣੀ ਸੀ ਅਤੇ ਵਿਸ਼ਾਲ ਵਿਸ਼ਵ ਪੱਧਰ ਉੱਤੇ ਅਵਿਵਸਥਾ ਫੈਲ ਜਾਣੀ ਸੀ। ਜੇ ਹੋਰ ਕੁਝ ਨਹੀਂ ਤਾਂ, ਸਾਨੂੰ ਇਸ ਗੱਲ ਲਈ ਓਬਾਮਾ ਦੇ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਜਾਰਜ ਬੁਸ਼-ਡਿੱਗ ਚੈਨੀ ਜੁੱਗ ਦੀਆਂ ਵਧੀਕੀਆਂ ਤੋਂ ਆਪਣੇ ਕਦਮ ਪਿਛਾਂਹ ਖਿੱਚੇ। ਓਬਾਮਾ ਦੀ ਨਿਗਰਾਨੀ ਹੇਠ ਅਮਰੀਕਾ ਇੱਕ ਸ਼ਾਂਤ ਤੇ ਸਰਲ ਸਮਾਜ ਬਣ ਸਕਿਆ; ਭਾਵੇਂ ਬਹੁਤੇ ਅਮਰੀਕਨਾਂ ਨੂੰ ਛੇਤੀ ਗੁੱਸਾ ਆ ਜਾਂਦਾ ਹੈ ਤੇ ਉਹ ਜੰਗਲ਼ੀ ਬਣ ਜਾਂਦੇ ਹਨ। ਟਰੰਪ ਦੀ ਸਫ਼ਲਤਾ ਨਾਲ ਓਬਾਮਾ ਦੀਆਂ ਪ੍ਰਾਪਤੀਆਂ ਕਿਸੇ ਵੀ ਤਰ੍ਹਾਂ ਘਟ ਨਹੀਂ ਜਾਂਦੀਆਂ। ਇਹ ਵੱਡੀ ਇਤਿਹਾਸਕ ਗ਼ਲਤੀ ਹੋਵੇਗੀ ਕਿ ਜੇ ਅਸੀਂ ਟਰੰਪ ਦੀ ਆਮਦ ਨੂੰ ਇਤਿਹਾਸਕ ਤੌਰ ਉੱਤੇ ਲਾਜ਼ਮੀ ਕਰਾਰ ਦੇਵਾਂਗੇ।
ਸਦੀਆਂ ਪਹਿਲਾਂ ਅਰਸਤੂ ਨੇ ਸਾਡੇ ਮੌਜੂਦਾ ਯੁੱਗ ਦੀ ਦੋਚਿੱਤੀ ਬਾਰੇ ਸੰਕੇਤ ਦੇ ਦਿੱਤੇ ਸਨ: ਕੇਵਲ ਲੋਕਾਂ ਦੇ ਬਿਹਤਰ ਹਿਤਾਂ ਲਈ ਰਾਜ ਕਰਨ ਵਾਲਾ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਆਮ ਤੌਰ ਉੱਤੇ ਦੁਰਲੱਭ ਹੁੰਦਾ ਹੈ ਤੇ ਲੱਭਣਾ ਔਖਾ ਹੁੰਦਾ ਹੈ। ਬੇਸ਼ੱਕ ਲੋਕਤੰਤਰ ਅਜਿਹੇ ਸਤਿਕਾਰਤ ਤੇ ਸੱਦਬੁੱਧ ਹਾਕਮਾਂ ਨੂੰ ਲੱਭਣ ਤੇ ਉਨ੍ਹਾਂ ਨੂੰ ਸੱਤਾ ਸੌਂਪਣ ਲਈ ਬਿਹਤਰੀਨ ਤੇ ਨਿਆਂਸੰਗਤ ਪ੍ਰਣਾਲੀਆਂ ਤਿਆਰ ਕਰਦਾ ਹੈ। ਅਤੇ ਇਸੇ ਕਾਰਨ ਹੀ ਟਰੰਪ ਦੀ ਜਿੱਤ ਵਾਲੇ ਪੈਮਾਨੇ ਦੀ ਵਰਤੋਂ ਸਮੁੱਚੀ ਦੁਨੀਆ ਦੇ ਲੋਕਤੰਤਰਾਂ ਵਿੱਚ ਲੀਡਰਸ਼ਿਪ ਦੇ ਮਿਆਰੀ ਪੈਮਾਨਿਆਂ ਨੂੰ ਘਟਾਉਣ ਲਈ ਨਹੀਂ ਕੀਤੀ ਜਾ ਸਕਦੀ।