‘ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ’

‘ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ’

ਗੱਜਣਵਾਲਾ ਸੁਖਮਿੰਦਰ ਸਿੰਘ*

1699 ਦੀ ਵਿਸਾਖੀ ਨੂੰ  ਸਿੱਖ ਜਗਤ ਦੀਆਂ ਸਫਾਂ ਵਿਚ ਅਲੌਕਿਕ ਕਰਾਂਤੀ ਦਾ ਇਸਤਕਬਾਲ ਹੋਣ ਵਾਲਾ ਸੀ।ਉਸ ਵਿਸਾਖੀ ਤੋਂ ਪਹਿਲਾਂ  ਸਿੱਖ ਕੌਮ ਸ਼ਸਤਰਬੱਧ ਹੋ ਕੇ ਜੰਗ-ਏ-ਮੈਦਾਨ ਵਿਚ  ਦ੍ਰਿੜਤਾ ਨਾਲ ਕੁੱਦਣ ਦੇ ਸਮੱਰਥ ਹੋ ਚੁੱਕੀ ਸੀ। ਦਸਵੇਂ ਪਾਤਸ਼ਾਹ ਦੀ ਰਹਿਨੁਮਾਈ ਹੇਠ ਭੰਗਾਣੀ ਦੀ   ਫਤਹਿ ਨੇ ਕੌਮ  ਦੀ ਆਤਮਿਕ ਅਵਸਥਾ ਨੂੰ ਉਚੇ ਗਿਆਨ ਦੇ ਮੁਰਾਤਬੇ ‘ਤੇ ਲੈ ਆਂਦਾ ਸੀ। ਪਹਾੜੀ ਰਾਜਿਆਂ ਤੇ ਮੁਗਲਾਂ ਦੇ ਹਮਲਿਆਂ  ਨੂੰ ਪਛਾੜ ਕੇ ਸਿੱਖ ਸੂਰਮਿਆਂ ਦੀ ਚੜ੍ਹਦੀਕਲਾ  ਹੋਰ ਪ੍ਰਚੰਡ ਹੋ ਗਈ ਸੀ।  ਸਿੱਖ ਸੂਰਮੇ , ਦੁਸ਼ਮਣ ਨੂੰ ਆਪਣੀ ਇਕ-ਜੁੱਟਤਾ ਤੇ  ਰੁਹਾਨੀ ਮਨੋਬਲ ਦਾ ਜਲੌਅ ਦਰਸਾ ਚੁੱਕੇ ਸਨ। ਚਾਹੇ ਕੌਮ ਦੀ ਉਸਾਰੀ ਵਿਚ ਲੱਗਿਆਂ ਗੁਰੂ ਸਹਿਬਾਨ ਨੂੰ ਸੰਨ 1469 ਤੋਂ ਲੈ ਕੇ 230 ਸਾਲ ਹੋ ਚੁੱਕੇ ਸਨ । ਪਾਤਸ਼ਾਹ  – ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤੁ- ਦੀ ਮਨਸਾ ਲੈ ਕੇ ਕੌਮ ਵਿਚ ਇਕ ਨਿਆਰੀ ੩੩..  ਸ਼ਕਤੀ  ਲਿਆਉਣ ਦੇ ਰੌਂਅ ਵਿਚ ਹੋਏ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਵਾਲੇ ਸਨ । ਉਹ , ਦੱਬੇ ਲਿਤਾੜੇ ਤੇ ਢੇਰੀ ਢਾਹੀ ਬੈਠੇ ਦੂਜੇ ਲੋਕਾਂ ਵਿਚ ਐਸੀ ਰੁਹਾਨੀ ਸ਼ਕਤੀ ਦਾ ਅਮਲ ਲੋੜਦੇ ਸਨ ਕਿ ਕੌਮ ਸਮੁੱਚੇ ਰੂਪ ਵਿਚ  ਹਰ ਪਲ ਹਰ ਸਮੇਂ ਉਤਸ਼ਾਹੀ ਲੱਗੇ । ਹਿੰਦੂ ਰਾਜਿਆਂ  ਅਤੇ ਕਾਇਰ ਮੁਗਲ ਹਾਕਮਾਂ ਦੇ ਦੰਭ ਤੇ ਸੁਆਰਥ ਪਰਗਟ ਹੋ ਚੁੱਕੇ ਸਨ। ਕਰੀਬ 19 ਸਾਲ ਪਹਿਲਾਂ  ਸੰਨ 1680 ਵਿਚ ਰਣਜੀਤ ਨਗਾਰਾ  ਅਨੰਦਪੁਰ ਦੀ ਹਰਿਆਵਲੀ ਭੋਇਂ ਤੇ ਆਪਣੀ ਧੁਨ ਬਲੰਦ ਕਰ ਰਿਹਾ ਸੀ । ਨਗਾਰਾ ਵਜਦਾ ਤਾਂ ਵਿਰੋਧੀ ਧਿਰਾਂ ਦੀਆਂ  ਧੜਕਣਾਂ ਤੇਜ਼ ਹੋ ਜਾਂਦੀਆਂ। ਪਾਕ ਪਵਿੱਤਰ ਅਨੰਦਪੁਰ ਦੀ ਮਿੱਟੀ ‘ਤੇ  ਪ੍ਰਭੂ-ਸਿਮਰਨ ਦੀ ਲਿਵ ਦਾ ਆਗਾਜ਼ ਹੋ ਚੁੱਕਾ ਸੀ। ਸਤਲੁਜ ਦੇ ਨਿਰਮਲ ਪਾਣੀਆਂ ਦੇ ਨੇੜੇ-ਨੇੜੇ ਪਾਤਸ਼ਾਹ ਦਸਵੇਂ ਦੀਆਂ ਮਨਮੋਹਕ ਰੌਣਕਾਂ ਦਾ ਪਸਾਰਾ ਸੀ ।

ਸਹਿਜੇ ਰਚਿਓ ਖਾਲਸਾ ਦੇ ਮਹਿਬੂਬ ਰਚੈਤਾ ਹਰਿੰਦਰ ਸਿੰਘ ਮਹਿਬੂਬ ਉਸ ਵੇਲੇ ਦੇ ਮੰਜ਼ਰ ਨੂੰ  ਨਿਹਾਰਦੇ ਹੋਏ  ਪੇਸ਼ ਕਰਦੇ ਹਨ:- ਕਲਗੀਆਂ ਵਾਲੇ ਦੀ ਅਪਣੱਤ ਬੇਮਿਸਾਲ ਰਹੱਸਾਂ ਨਾਲ ਭਰਪੂਰ ਸੀ। ਇਕ ਪਾਸੇ  ਇਹ ਗਿਆਨ ਧਿਆਨ ਦੀਆਂ ਦੂਰੀਆਂ ਤਕ ਜਾਂਦੀ ਸੀ  ਦੂਜੇ ਪਾਸੇ ਇਹੀ ਅਪਣੱਤ ਘਰ ਦੀ ਚਾਰਦਿਵਾਰੀ ਦਾ ਨਿੱਘ ਸੀ। ਗੁਰੂ ਸਾਹਿਬ ਦੇ ਅਪਣੱਤ ਦੀ ਛੋਹ  ਲੱਖਾਂ ਵਾਰ ਹੱਸ ਕੇ ਮਰਨ ਦਾ ਚਾਅ ਪੈਦਾ ਕਰਦੀ । ਗੁਰੂ ਦੇ ਝਲਕਾਰੇ ਦੀ  ਤੀਬਰ ਤਾਂਘ , ਪਿਆਸ ਦਾ ਰੂਪ ਹੋ ਚੁੱਕੀ ਸੀ ।-ਏਕ ਮੂਆ ਤੋ ਕਿਆ ਹੁਆ ਜੀਵਤਿ ਕਈ ਹਜ਼ਾਰ- ਇਸ ਅਪਣੱਤ ਅੰਦਰ ਵੱਡੀ ਤੋਂ ਵੱਡੀ ਮੌਤ ਸਾਹਮਣੇ ਪਿਤਾ-ਧਰਾਵਸ  ਦੇਣ ਦੀ ਤਾਕਤ ਸੀ; ਲੱਖਾਂ ਗੁਨਾਹਾਂ  ਪਿੱਛੋਂ  ਬੱਚਿਆ ਦੀ ਭੁੱਲ ਦੇ ਸਾਮਾਨ  ਮੁਆਫ ਕਰਨ ਦਾ ਵਿਸ਼ਾਲ ਜਿਗਰਾ ਸੀ।ਗੁਰੂ ਦਾ ਅਗੰਮੀ ਝਲਕਾਰਾ ਲੱਖਾਂ ਅਕਹਿ ਬਖਸ਼ਸ਼ਾਂ ਦਾ ਦੀਦਾਰ ਕਰਵਾਉਂਦਾ ਜਾਪਦਾ।ਗੁਰੂ ਨਾਨਕ ਸਾਹਿਬ ਜੀ ਨੇ ਇਕ ਵਾਰ ਆਪਣੇ ਮਹਾਨ ਸੰਗੀ ਭਾਈ ਮਰਦਾਨਾ ਜੀ ਨੂੰ ਆਖਿਆ –  ਤੈਨੂੰ ਤੇਰਾ ਧਰਮ ਮੁਬਾਰਕ ਹੋਵੇ  ਪਰ ਸਾਡੀ ਅਰਜ਼ ਮੰਨੀਂ – ਕੇਸ ਸਾਂਭ ਕੇ ਰੱਖਣਾ , ਇਨ੍ਹਾਂ ਨੂੰ  ਨਾਂਹ ਕਟਵਾਈਂ –। ਇਸ ਤਰਾਂ੍ਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਬਹੁਤ ਸਿੱਖ ਸ਼ਰਧਾਲੂ  ਗੁਰੂਆਂ ਵਾਂਗ ਕੇਸਧਾਰੀ  ਸਰੂਪਵਾਲੇ ਚਲੇ ਆ ਰਹੇ ਸਨ ।ਸੰਨ 1699 ਦੀ ਵੈਸਾਖੀ  ਜ਼ੋਰਾਂ-ਸ਼ੋਰਾਂ ਨਾਲ ਉਤੇ ਚੜ੍ਹਦੀ ਆ ਰਹੀ ਸੀ । ਗੁਰੂ ਕਲਗੀਆਂ ਵਾਲੇ ਨੇ ਆਪਣੇ ਪ੍ਰਜੋਜਨ ਹਿਤ ਬਹੁਤ ਪਹਿਲਾਂ ਹੀ ਦੂਰ ਦਰੇਡੇ ਵਸਦੇ  ਕਿਰਤ ਕਰਦੇ ਸਿੱਖ ਸ਼ਰਾਧਾਲੂਆਂ ਵੱਲ ਕੇਸਧਾਰੀ ਸਰੂਪ ਵਾਲੇ ਹੋਣ ਦੇ  ਸੰਦੇਸ਼ੇ ਭੇਜੇ ਤਾਂ ਜੋ ਉਸ ਮਹਾਨ ਦਿਨ ਦੇ ਆਉਣ ‘ਤੇ  ਇਹ ਸਰੂਪ ਵਧੇਰੇ ਗਿਣਤੀ ਵਿਚ ਦਿਸੇ ਤੇ ਦੁਨੀਆ ਤੋਂ  ਨਿਆਰਾ ਲੱੱਗੇ। ਗੁਰੂ ਸਾਹਿਬ ਵੱਲੋਂ ਜਾਪੁ, ਅਕਾਲ ਉਸਤਤਿ ਅਤੇ ਨੌ ਸ਼ਬਦ ਹਜ਼ਾਰੇ ; ਇਹ ਤਿੰਨ ਬਾਣੀਆਂ ਦੀ ਰਚਨਾ ਹੋ ਚੁੱਕੀ ਸੀ।ਸਿੱਖ ਇਨ੍ਹਾਂ ‘ਅਜਪਾ-ਜਾਪੁ’ ਬਾਣੀਆ ਦਾ ਪ੍ਰਭਾਤ ਵੇਲੇ ਆਪਣੇ ਰੰਗ ਵਿਚ  ਗਾਇਨ ਕਰਦੇ ।ਉਧਰ ਸਾਂਝੇ ਤੌਰ ‘ਤੇ ਕੌਮ ਦੀ ਯਾਦ ਨੇ  ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਰੂਪ ਵਿਚ ਸੰਭਾਲਿਆ ਸੀ।ਮਸੰਦ ਜੋ ਦੂਰ ਦੁਰੇਡ ਇਲਾਕਿਆਂ ਵਿਚ ਨਿਯੁਕਤ ਕੀਤੇ ਹੋਏ ਸਨ  ਜਿਨਾਂ ਨੂੰ ਗੁਰੂ ਸਾਹਿਬ ਦੀ ਪ੍ਰਤਿਨਿਧਤਾ ਹੋਣ ਦਾ ਮਾਣ ਹਾਸਲ ਸੀ । ਉਹ ਆਪਣੇ ਧਰਮੀ ਅਕੀਦਿਆਂ ਤੋਂ ਹਿੱਲ ਗਏ ਸਨ , ਆਪਣੇ ਫਰਜ਼ਾਂ , ਨੇਮਾਂ  ‘ਤੇ ਵਿਸਰ ਗਏ ਸਨ । ਭੋਲੇ ਭਾਲੇ ਲੋਕਾਂ ਨੂੰ ਲੁਟਦੇ , ਵਿਚੋਲਪੁਣੇ ਦੀ ਪਦਵੀ ਦੀ ਦੁਰਵਰਤੋਂ ਕਰਦੇ ਤੇ ਗੁਰੂਘਰ ਦੇ ਸੱਚੇ ਸੰਕਲਪ ਨੂੰ ਤਿਆਗ ਕੇ ਆਪਣੇ ਨਿਜੀ ਸੁੱਖਾਂ ਵੱਲ ਹੋ ਤੁਰੇ ਸਨ । ਉਨ੍ਹਾਂ ਕੁਕਰਮੀ ਮਸੰਦਾਂ  ਨੂੰ ਮਸਨਦੀ ਪਦਵੀ ਤੋਂ ਗੁਰੂ ਵੱਲੋਂ  ਵੰਚਿਤ ਕਰ ਦਿਤਾ ਗਿਆ ਸੀ । ਗੁਰੂ ਪਰਜੋਜਨ ਨੇ ਇਹ ਦਰਸਾਉਣਾ ਸੀ ਕਿ ਗੁਰੂ ਉੱਚਤਾ ਦਾ ਸੰਬੰਧ  ਪਦਾਰਥਵਾਦ ਵਾਲੇ ਸੰਸਾਰੀ ਕਰਮ ਨਾਲ ਨਹੀਂ ਹੈ ; ਹਮਾਰਾ ਮਕਸਦ  ਆਪਣੇ  ਆਲੇ ਦੁਆਲੇ ਦੀ ਫਿਜ਼ਾ ਵਿਚ  ਰੁਹਾਨੀਅਤ ਦਾ ਬਿੰਬ ਉਸਾਰਨਾ ਹੈ । ਗੁਰੂ ਸਾਹਿਬ ਨੇ ਮਸੰਦਪ੍ਰਥਾ ਵਿਚ ਆਏ ਨਿਘਾਰ ਬਾਰੇ ਸੋਚ ਵਿਚਾਰ ਕੇ ਕਿ ਇਹ ਮੌਜੂਦਾ ਮਸੰਦਤਾਈ  ਜੋ ਸਿੱਖ ਪੰਥ ਨੂੰ ਉਚਤਾ ਬਖਸ਼ਣ ਦੀ ਥਾਏਂ ਢਾਹ ਲਾ ਰਹੀ ਸੀ , ਜੋ ਆਤਮਿਕ ਮਹੱਤਵ ਤੋਂ ਸੱਖਣੀ ਹੋ ਚੁੱਕੀ ਸੀ ,  ਗੁਰੂ ਸਾਹਿਬ ਨੇ ਇਸ ਮਸੰਦੀ ਵਿਚੋਲਗੀਰੀ ਨੂੰ ਮਨਫੀ ਕਰਕੇ ਸਿੱਖ ਪੰਥ ਨੂੰ ਵੇਲੇ ਸਿਰ ਹੀ ਅਧਿਆਤਮਿਕਤਾ ਸੰਕੇਤ ਦੇ ਦਿਤਾ ਸੀ।

ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਨੂੰ ਆਪਣੀ ਪਾਕ ਛੋਹ ਬਖਸ਼ਣ ਤੇ ਭਰਪੂਰ ਹਾਜ਼ਰੀਆਂ ਲੁਆਉਣ ਪਿੱਛੋਂ  ਅਗਲੇ ਵੱਡੇ ਅਟੱਲ ਰਹੱਸਮਈ ਵਰਤਾਰੇ  ਨੂੰ ਅੰਜ਼ਾਮ ਦੇਣ ਲਈ ਸੀ੍ਰ  ਅਨੰਦਪੁਰ ਡੇਰੇ ਲਾ ਲਏ ਸਨ। ਅਦਿ੍ਿਰਸ਼ਟ ਹੋਣੀ ਨੂੰ ਧਿਆਨ ਗੋਚਰ ਕਰਦਿਆਂ ਏਥੇ ਅਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ ਤੇ ਫਤਹਿਗੜ੍ਹ  ਚਾਰ ਕਿਲ੍ਹੇ ਤਾਮੀਰ ਕਰ ਲਏੇ ਸਨ ।

1699 ਦੀ ਵਿਸਾਖੀ ਤੋਂ ਪਹਿਲਾਂ ਸੀ੍ਰ ਅਨੰਦਪੁਰ ਦੇ ਸਮੇਤ ਹੀ   ਦੇਸ਼ ਦੇ ਦੂਰ ਦੂਰ ਅੱਜ ਦੇ ਲਹਿੰਦੇ ਚੜ੍ਹਦੇ ਪੰਜਾਬਾਂ ਵਿਚ ,ਪੰਜਾ ਸਾਹਿਬ  ਨਨਕਾਣਾ ਸਾਹਿਬ ਵਗੈਰਾ ਥਾਵਾਂ ਤੋਂ ਅਤੇ  ਕਾਬਲ ਕੰਧਾਰ ਦੇਸ਼ਾ ਵਿਚ  ਸਿੱਖ ਸੰਗਤਾਂ ਚਿਰਾਂ ਤੋਂ  ਬਹੁਤ  ਵਿਸਾਖੀਆਂ  ਮਾਣਦੀਆਂ ਚੱਲੀਆਂ ਆ ਰਹੀਆਂ ਸਨ।ਵਿਸਾਖੀ ਦੇ ਪੁਰਬ ਦੇ ਜੋੜ ਮੇਲੇ ਦਾ ਪ੍ਰਚਲਨ ਪਹਿਲੇ ਗਰੂ ਸਹਿਬਾਨ ਤੋਂ  ਸ਼ੁਰੂ ਹੋ ਗਿਆ ਸੀ । ਸ਼ਰਧਾਲੂਆਂ  ਦਾ ਚਾਵਾਂ ਹੁਲਾਸਾਂ ਨਾਲ ਹੋਇਆ ਵਿਸਾਖੀ ਦਾ ਇਕੱਠ ਦੁੱਖਾ ਸੁੱਖਾਂ ਨੂੰ ਸਾਂਝੇ ਕਰਨ ਤੇ ਗੁਰਮਤੇ ਪੁਗਾਉਣ ਲਈ ਵਰਦਾਨ ਬਣਦਾ ਰਿਹਾ। ਭਲੇ ਇਸ ਸ੍ਰੀ ਆਨੰਦਪੁਰ ਦੀ ਧਰਤੀ  ‘ਤੇ ਵੀ  ਸਿੱਖ ਜਗਤ ਦੇ ਲੋਕ ਪਹਿਲਾਂ ਹਰ ਵਾਰ ਹੁੰਮ-ਹੁਮਾ ਕੇ ਪਹੁੰਚਦੇ ਆ ਰਹੇ ਸਨ ਪਰ 1699 ਦੀ ਵਿਸਾਖੀ ਖਾਸ ਪ੍ਰਭਾਵ ਤੇ ਨਵੇਕਲੀ ਛਾਪ ਛੱਡਣ ਵਾਲੀ ਸੀ ।ਇਸ ਵਾਰ ਗੁਰੂ ਸਹਿਬ ਨੇ ਕਿਸੇ ਅਜਬ ਰੂਪ ਵਿਚ ਸੰਗਤਾਂ ਦੇ ਸਨਮੁੱਖ ਹੋਣਾ ਸੀ। ਇਸ  ਵਿਸਾਖੀ ਨੂੰ  ਮਨਾਉਣ  ਲਈ ਗੁਰੂ ਸਾਹਿਬ   ਵੱਲੋਂ ਉਚੇਚੀ ਤਿਆਰੀ ਦੇ ਫਰਮਾਨ ਜਾਰੀ ਹੋਏ ਸਨ। ਦੂਰ ਦਰੇਡ ਦਾ ਇਲਾਕਾ ਸ਼ਾਮਿਲ ਹੋਣ ਤੋਂ ਵਾਂਝਾ ਨਾ ਰਹਿ ਜਾਵੇ  ਦੇਸ਼ ਦੇ ਕੋਨੇ ਕੋਨੇ ‘ਤੇ ਕਾਬਲ ਕੰਧਾਰ ਦਿੱਲੀ ਦੱਖਣ   ਵਸਦੇ  ਸੱਭ ਸਿੱਖਾਂ ਨੂੰ ਬਹੁਤ ਅਗੇਤਰੇ  ਸੰਦੇਸ਼ੇ ਭੇਜੇ  ਗਏ ਸਨ। ਸੰਗਤਾਂ ਦੇ ਸਵਾਗਤ ਲਈ ਸੀ੍ਰ ਅਨੰਦਪੁਰ ਸਾਹਿਬ ਪੂਰੀ ਤਰਾਂ ਸਜ ਚੁਕਿਆ ਸੀ। ਜਿਵੇਂ ਜਿਵੇਂ ਦਿਹਾੜਾ ਨੇੜੇ ਆ ਰਿਹਾ ਸੀ ,  ਗੁਰੂ ਸਾਹਿਬ ਕਿਸੇ ਗਹਿਰੇ ਰਹੱਸ ਵਿਚ ਗੜੂੰਦ ਹੋਏ  ਦੇਰ ਤਕ  ਵਾਹਿਗੁਰੂ ਸਿਮਰਨ ਵਿਚ ਲੀਨ ਹੋਏ ਰਹਿੰਦੇ । ਉਨ੍ਹਾਂ ਦੇ ਚੇਹਰੇ ‘ਤੇ  ਡੁੰਘੀ ਸਮਾਧੀ ਦਾ ਜਲਾਲ ਅਤੇ ਨੈਣਾਂ ਵਿਚ ਅਗੰਮੀ ਚਿੰਤਨ ਤਾਰੀ ਹੋਇਆ ਰਹਿੰਦਾ। ਉਹ ਕਿਸੇ  ਅੰਦਰਲੇ ਵਿਸਮਾਦ ਅਤੇ ਰੱਬੀ ਰਹੱਸ ਵਿਚ ਰੱਤੇ ਹੋਏ ਕਿਸੇ ਮਹਾਨ ਚਿੰਤਨ ਵਿਚ ਰਮੇ ਪਏੇ ਸਨ।ਸੀ੍ਰ ਅਨੰਦਪੁਰ ਦੀ ਪੌਣ ਕਿਸੇ ਵੱਡੀ ਉਡੀਕ ਵਿਚ  ਖਾਮੋਸ਼ ਹੋਈ ਜਾਪਦੀ ਸੀ। ਜਾਣੋ ਦੂਰ ਤਕ ਪਸਰੀ ਹਰੀ ਭਰੀ ਅਨੰਦਪੁਰ ਦੀ ਧਰਤ  ਕਿਸੇ ਵੱਡੇ ਇਨਕਲਾਬ ਦੇ ਹੋਣ ਦਾ ਸੁਨੇਹਾ ਦੇਣ ਲਈ ਤਿਆਰ ਹੋ ਰਹੀ ਸੀ ।ਜਿਵੇਂ ਜਿਵੇਂ  ਵਿਸਾਖੀ ਦਾ ਇਹ ਪੂਰਬ  ਬਰੂਹਾਂ ਦੇ ਨਜ਼ਦੀਕ ਆਉਂਦਾ ਗਿਆ  ਸ੍ਰੀ ਅਨੰਦਪੁਰ ਵਿਚਲੀ ਚਹਿਲ ਪਹਿਲ , ਹਥਿਆਰਾਂ ਦੀ ਲਿਸ਼ਕ ਘੋੜਿਆਂ ਦੀਆਂ ਟਾਪਾਂ ਦੀ ਅਵਾਜ਼ ਅਨੰਦਪੁਰ  ਨੂੰ ਹੋਰ ਅਨੰਦ ਬਖਸ਼ਣ ਲੱਗੀਆਂ ਸਨ। ਗੁਰੂ ਦੇ ਬੋਲ ਲੋਕਾਂ ਨੂੰ ਆਪਣੀ ਜ਼ਿੰਦਗੀ ਜਾਪਦੇ। ਸੰਗਤਾਂ ਦਾ ਹਿਰਦਾ  ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦਰਿਆ ਦੇ ਪਾਣੀ ਵਾਂਗ ਛੱਲਾਂ ਮਾਰਦਾ ਰਹਿੰਦਾ ।ਜਾਣੋ ਗੁਰੂ ਦੀ ਅਪਣੱਤ ਸਿੱਖਾਂ ਸੇਵਕਾਂ ਦੇ ਹਿਰਦਿਆ ਵਿਚ ਸਮ ਚੁੱਕੀ ਸੀ ਰਮ ਚੱਕੀ  ਸੀ।

ਬੱਸ ਹੁਣ ਉਡੀਕ ਦੀਆ ਘੜੀਆਂ ਖਤਮ ਅਤੇ ਖਾਲਸਾ ਪੰਥ ਦੀ ਸਿਰਜਣਾ ਹੋਣ ਵਾਲੀ ਸੀ। ਮੌਤ ਦੇ ਉਹ ਕਹਿਰ ਦੂਰ ਨਹੀਂ ਸਨ ਜਿਸ ਵਿਚ ਸ਼ਹੀਦਾਂ ਦੀ ਉਸ  ਬੇਮਿਸਾਲ  ਪ੍ਰਭਾਤ ਨੇ ਚਮਕਣਾ ਸੀ। ਚਾਰੋ ਸਹਿਬਜ਼ਾਦੇ ਪਰਗਟ ਹੋ ਚੁੱਕੇ ਸਨ । ਹਜ਼ੂਰ ਕਲਗੀਆਂ ਵਾਲੇ ਦੀਆਂ ਇਹ ਨਿਸ਼ਾਨੀਆਂ , ਅੱਖਾਂ ਵਾਲਿਆਂ ਨੂੰ ਮੁੜ ਮੁੜ ਸਮਝਾਉਂਦੀਆਂ ਕਿ ਤੀਸਰੇ ਪੰਥ ਦਾ ਬਾਲਪਨ ਕਿਸ ਤਰ੍ਹਾਂ ਦਾ ਹੈ , ਇਲਾਹੀ ਕਰਮ ਦੀ ਪਹਿਲੀ ਖੂਸ਼ਬੋ ਕਿਸ ਤਰਾਂ ਦੀ ਹੁੰਦੀ ਹੈ ।

ਓੜਕ  1699 ਦੀ ਵਿਸਾਖੀ ਦਾ ਦਿਹਾੜਾ ਆ ਹੀ ਗਿਆ ਜਿਸ ਨੇ ਜਗਤ ਇਤਿਹਾਸ ਦਾ ਵੱਡਾ ਵਰਕਾ ਤੇ ਮਹਾਂ ਦਿਨ ਬਣਨਾ ਸੀ ।ਪੁਰਾਤਨ ਸਿੱਖ ਸ੍ਰੋਤਾਂ ਅਨੁਸਾਰ ਕਈ ਮਹੀਨਿਆ ਤੋਂ ਗੁਰੂ ਦਰਸ਼ਨਾ ਲਈ ਚਲੀਅ ਆ ਰਹੀਆਂ ਸ਼ਰਧਾਵਾਨ  ਸੰਗਤਾਂ  ਦਾ ਜਮਾਵੜਾ ਅੱਸੀ ਹਜ਼ਾਰ ਆਂਕਿਆ ਗਿਆ । ਗੁਰੂ ਸਾਹਿਬ ਅੰਮ੍ਰਿਤ ਵੇਲੇ ਤੋਂ ਹੀ ਵਾਹਿਗੁਰੂ ਬੰਦਗੀ ਵਿਚ ਲੀਨ ਹੋ ਗਏ ਸਨ । ਉਧਰ ਦਰਬਾਰ ਸਜ ਚੁੱਕਿਆ ਸੀ ਸਾਰੇ ਪ੍ਰਬੰਧ ਮੁਕੰਮਲ  ਹੋ ਚੁੱਕੇ ਸਨ ।ਸ੍ਰੀ ਅਨੰਦਪੁਰ ਦੀਆਂ ਛੋਟੀਆਂ ਛੋਟੀਆਂ ਉੱਚੀਆ ਨੀਵੀਆਂ ਥਾਂਵਾਂ ਤੇ ਬਿਰਾਜਮਾਨ ਸਾਹ ਰੋਕੀ ਬੈਠੀਆਂ ਸੰਗਤਾਂ ਨੂੰ ਗੁਰੂ ਸਹਿਬ ਦੇ ਮੁੱਖ ਨੂੰ ਤੱਕਣ ਦੀ ਤੀਬਰ ਉਡੀਕ ਸੀ ।  ਗੁਰੂ ਸਾਹਿਬ ਨੇ  ਭਜਨ-ਬੰਦਗੀ ਅਤੇ ਇਲਾਹੀ ਲਿਵ ਸੰਪੂਰਨ ਕਰਨ ਤੋਂ ਬਾਅਦ  ਆਪਣੇ ਵਸਤਰ ਸ਼ਸਤਰ ਸਜਾਏ। ਪਹਾੜੀ ਢਲਾਨ ਉਪਰ  ਵਿਸ਼ਾਲ ਤੰਬੂ ਸਜਿਆ ਹੋਇਆ ਸੀ। ਦੂਰ ਤਕ ਕਨਾਤਾਂ  ਅਤੇ ਹਜ਼ੂਰ ਦੇ ਬਿਰਾਜਣ  ਲਈ ਸੰਗਮਰਮਰ ਦੀ  ਇਕ ਉਚੀ ਥਾਂ ਖਾਸ ਤੌਰ ‘ਤੇ ਜਚਾਈ ਗਈ ਸੀ। ਉਸ ਦੇ ਪਿਛੇ ਥੋੜਾ ਜੇਹਾ ਹਟਵਾਂ ਇਕ ਨੀਲੇ ਰੰਗ ਦਾ  ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆਂ  ਸੰਗਤਾਂ ਨੇ ਭੋਜਨ-ਪਾਣੀ ਛਕ ਕੇ ਉਥੇ ਜੁੜਨਾ ਸ਼ੁਰੂ ਕਰ ਦਿਤਾ  । ਸਾਰੇ ਦੀਵਾਨ ਵਿੱਚ ਕਿਸੇ ਨੂੰ ਕੁਝ  ਵੀ ਪਤਾ ਨਹੀਂ ਸੀ  ਕਿ ਕੀ ਹੋਣ ਵਾਲਾ ਹੈ ? ਮਾਹੌਲ ਚਾਹੇ  ਸ਼ਾਂਤ ਸੀ ਕੋਈ ਬੇਚੈਨੀ ਵੀ ਨਹੀਂ ਸੀ,  ਕੋਈ ਗਮਗੀਨਤਾ , ਕੋਈ ਕਾਹਲ ਨਹੀਂ ਸੀ ਪਰ ਫਿਰ ਵੀ ਕਿਸੇ ਅਰੂਪ ਆਮਦ ਦਾ ਅਹਿਸਾਸ ਸਾਰੀ ਖਲਕ’ਤੇ ਛਾਇਆ  ਸੀ।

ਕੁਝ ਦੇਰ ਬਾਅਦ ਗੁਰੂ ਸਾਹਿਬ ਨੀਲੇ ਤੰਬੂ ਵਾਲੇ ਪਾਸਿਉਂ ਦੀਵਾਨ ਵਿਚ ਦਾਖਲ ਹੋਏ। ਉਡੀਕ ਵਿਚ ਲੱਗੀਆਂ ਪ੍ਰੇਮੀ ਅੱਖਾਂ ਨੇ  ਤੱਕਣ ਸਾਰ  ਖੁਸ਼ੀ ਤੇ ਚਾਅ ਦੇ ਜੈਕਾਰੇ  ਛੱਡੇ ਤਾਂ  ਧਰਤੀ ਪਾਤਾਲ ਗੂੰਜ ਉੱਠੇ ।ਕਿਸੇ ਨੂੰ ਕੀ ਇਲਮ ਸੀ ਅੱਜ ਦੀ ਕਥਾ-ਪ੍ਰਵਾਹ ਤੇ ਗੁਰੂ-ਪਰਵਚਨ ਪਹਿਲਾਂ ਨਾਲੋਂ ਕਿੰਨੇ ਨਿਆਰੇ ਹੋਣਗੇ।ਹਜ਼ੂਰ ਨੇ ਉਸ ਥੜੇ ਉਪਰ ਖਲੋ ਕੇ ਸੰਗਤਾਂ ਨੂੰ ਕਿਸੇ ਡੁੰਘੀ ਅਪਣੱਤ ਨਾਲ ਵੇਖਿਆ ; ਮਿਆਨ ਚੋਂ  ਤੇਗ ਖਿਚੀ ਤੇ ਪੂਰੇ ਜਬ੍ਹੇ-ਜਲਾਲ ਵਿਚ ਆ ਕੇ ਫਰਮਾਇਆ ‘‘ ਮੈਨੂੰ ਇਕ ਸੀਸ ਚਾਹੀਦਾ ਮੇਰੇ ਸੱਚੇ ਸਿੱਖਾਂ ਚੋਂ ਕੋਈ ਅੱਗੇ ਆਵੇ ”

ਸਨਮੁਖ ਪਰਾ ਸਿਖ ਹੈ ਕੋਈ।
ਸੀਸ ਭੇਟ ਕਰ ਦੇਵੇ ਸੋਈ।(ਗੁਰ ਬਿਲਾਸ ਪਾ: 10ਵੀਂ)

ਬੁਲੰਦ ਆਵਾਜ਼ ‘ਚ ਹੋਇਆ ਬਚਨ ਸੁਣਿਆ ਗਿਆ। ਦੂਰ ਦੂਰ ਤਕ ਵੱਡੀ ਚੁੱਪ ਵਰਤ ਗਈ, ਚਾਰੇ ਪਾਸੇ ਸਨਾਟਾ ਛਾ ਗਿਆ। ਸੁਣ ਕੇ ਕੋਈ ਨਾ ਉਠਿਆ । ਗੁਰੂ ਸਾਹਿਬ ਨੇ ਦੂਜੀ ਵਾਰ ਫਿਰ ਫਰਮਾਇਆ, ‘‘ ਮੈਨੂੰ ਇਕ ਸੀਸ ਚਾਹੀਦਾ ਮੇਰੇ ਸੱਚੇ ਸਿੱਖਾਂ ਚੋਂ ਕੋਈ ਅੱਗੇ ਆਵੇ”।
ਫਿਰ ਵੀ ਕੋਈ ਨਹੀਂ ਉਠਿਆ ।  ਤੀਜੀ ਵਾਰ ਪੁਕਾਰਨ ‘ਤੇ ਪਾਤਸ਼ਾਹ ਦੇ ਹੁਕਮ ਦਾ ਤੇਜ਼ ਝੱਲਣ ਲਈ ਲਾਹੌਰ ਦਾ ਦਇਆ ਰਾਮ ਉਠ ਖਲੋਤਾ।  ਵੇਖ ਕੇ ਲੋਕਾਂ ਦੀਆਂ ਨਿਗਾਹਾਂ ਘੁੰਮ ਗਈਆਂ। ਗੁਰੂ ਸਾਹਿਬ ਨੇ ਕੋਲ ਬੁਲਾਇਆ ।  ਉਸ ਨੂੰ ਪਿਛੇ ਨੀਲੇ ਤੰਬੂ ਵਿਚ ਲੈ ਗਏ । ਗੁਰੂ ਸਾਹਿਬ ਨੇ ਫਿਰ ਆ ਕੇ ਖੂਨ ਭਿੱਜੀ  ਕਿਰਪਾਨ ਲਹਿਰਾਈ ਤੇ ਪਹਿਲਾਂ ਵਾਂਗ ਫਿਰ ਫਰਮਾਇਆ , ‘‘ਮੈਨੂੰ ਇਕ ਹੋਰ ਸੀਸ ਚਾਹੀਦਾ ਮੇਰੇ ਸੱਚੇ ਸਿੱਖਾਂ ਚੋਂ ਕੋਈ ਅੱਗੇ ਆਵੇ”। ਫਿਰ ਕਿਸੇ ਦੇ ਨਹੀਂ ਉੱਠਣ ‘ਤੇ ਦੂਜੀ ਵਾਰ ਫਿਰ ਤੀਜੀ ਵਾਰ ਪੁਕਾਰਿਆ ਗਿਆ। ਦੂਜੀ ਵਾਰ ਹਸਤਨਾਪੁਰ (ਦਿੱਲੀ) ਦਾ ਰਹਿਣ ਵਾਲਾ ਜੱਟ ਧਰਮ ਦਾਸ ਉਠਿਆ । ਗੁਰੂ ਸਾਹਿਬ ਉਸ ਨੂੰ ਵੀ ਪਿੱਛੇ ਤੰਬੂ ਵਿਚ ਲੈ ਗਏ। ਫਿਰ ਵਾਪਸ ਸਿੰਘਾਸਨ ਤੇ ਆ ਕੇ ਤੀਜੇ ਸੀਸ ਦੀ ਮੰਗ ਕੀਤੀ ।ਤੀਜੀ ਵਾਰ  ਜਗਨ ਨਾਥ ਪੁਰੀ ਦੇ  ਹਿੰਮਤ ਰਾਇ ਜੀ ਸੀਸ ਦੇਣ ਲਈ ਉੱਠ ਖਲੋਤੇ।ਇਸ ਤਰ੍ਹਾਂ ਗੁਰੂ ਸਾਹਿਬ ਨੇ ਪੰਜ ਸੀਸ ਮੰਗੇ ਤਾਂ ਚੌਥੀ ਵਾਰ  ਦਵਾਰਕਾ (ਗੁਜਰਾਤ) ਦੇ  ਮੁਹਕਮ ਚੰਦ ਜੀ ਤੇ ਪੰਜਵੀਂ ਵਾਰ ਬਿਦਰ (ਆਂਧਰਾ ਪ੍ਰਦੇਸ਼) ਦੇ ਨਾਈ ਬਰਾਦਰੀ ਚੋਂ  ਸਾਹਿਬ ਚੰਦ ਜੀ  ਸੀਸ ਭੇਟ ਕਰਨ ਲਈ ਆਏ।

ਇਹ ਕੌਤਕ ਰਚਣ ਪਿਛੋਂ ਫਿਰ ਗੁਰੂ ਸਾਹਿਬ ਪੰਜਾਂ ਦੇ  ਨਵੇਂ ਪੌਸ਼ਾਕੇ ਪਹਿਨਾ ਕੇ  ਉਨ੍ਹਾਂ ਨੂੰ  ਤੰਬੂ ਤੋਂ ਬਾਹਰ ਲੈ ਆਏ । ਉੇਨ੍ਹਾਂ ਨੂੰ  ਸੰਗਤਾਂ ਦੇ ਸਨਮੁੱਖ ਕੀਤਾ ਤਾਂ  ਪੰਜਾਂ ਨਵੀਨ ਸਰੂਪਾਂ ਨੂੰ ਵੇਖ ਕੇ ਸਮੁੱਚੀ ਸੰਗਤ ਉਨ੍ਹਾਂ ਵਰਗੀ ਹੋ ਗਈ।  ਜਾਣੋ ਸਿੱਖ ਪੰਥ ,ਉਨ੍ਹਾਂ ਪੰਜਾਂ ਵਿਚ ਅਭੇਦ ਹੋ ਗਿਆ। ਤਦ ਗੁਰੂ ਸਾਹਿਬ ਨੇ  ਫਰਮਾਇਆ-ਖਾਲਸਾ ਜੀ ਇਹ ਪੰਜ ਮੇਰੇ ਪਿਆਰੇ ਹਨ ; ਤੁਸੀਂ ਸਾਰੇ ਹੀ ਮੇਰੇ ਹੋ  ਮੇਰਾ ਸਭ ਕੁਝ ਤੁਹਾਡਾ ਹੈ-।ਗੁਰੂ ਸਾਹਿਬ ਦਾ ਇਹ ਬਚਨ ਸਿਣਆ ਤਾਂ   ਸਿੱਖ ਕੌਮ ਨੇ ਦਸਾਂ ਪਾਤਸ਼ਾਹੀਆਂ ਦੇ ਆਖਰੀ ਰੂਪ ਅੱਗੇ  ਭਾਵ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਸਿਜਦਾ ਕੀਤਾ ਸਿਰ ਝੁਕਾ ਦਿਤਾ ; ਗੁਰੂ ਦਾ ਆਦੇਸ਼ ਅੰਗੀਕਾਰ ਕਰ ਲਿਆ।ਫਿਰ  ਗੁਰੂ ਸਾਹਿਬ ਫਰਮਾਇਆ –ਖਾਲਸਾ ਜੀ  ਆਪ ਲਈ ਮਂੈ  ਅੰਮ੍ਰਿਤ ਤਿਆਰ ਕਰਾਂਗਾ –।ਗੁਰ ਬਿਲਾਸ ਪਾਤਸ਼ਾਹੀ 10ਵੀਂ ਦਾ ਰਚੈਤਾ  ਭਾਈ ਕੁਇਰ ਸਿੰਘ ਲਿਖਦਾ ਹੈ ਕਿ Àਪਰੋਕਤ ਕੌਤਕ ਤੋਂ ਬਾਅਦ ਜਦ ਪੰਜੇ ਸਿੱਖ ਤੰਬੂ ਚੋਂ ਬਾਹਰ ਆ ਗਏ ਸਨ । ਤਦ ਸਤਲੁਜ ਦਰਿਆ  ਤੋਂ  ਪਵਿੱਤਰ ਜਲ ਮੰਗਵਾ ਕੇ ਲੋਹ-ਪਾਤ੍ਰ ( ਸਰਬ ਲੋਹ ਦੇ ਬਾਟੇ) ਵਿਚ ਪਾਇਆ ਗਿਆ ।ਸ੍ਰੀ ਗੁਰੂ ਕਥਾ ਦਾ ਰਚੈਤਾ ਭਾਈ ਜੀਵਨ ਸਿੰਘ(ਜੈਤਾ) ਲਿਖਦਾ ਹੈ ਉਸ ਵਕਤ  ਅੰਮ੍ਰਿਤ ਵਿਧੀ  ਵਿਚ ਜਪੁ, ਜਾਪੁ, ਸਵੈਯੇ, ਚੌਪਈ ਤੇ ਅਨੰਦੁ ਸਾਹਿਬ  ਦਾ ਪਾਠ ਕੀਤਾ ਗਿਆ ।ਇਸ ਵਰਤ ਰਹੇ ਕੌਤਕ ਬਾਰੇ ਜਦ ਮਾਤਾ ਜੀ ਨੂੰ ਪਤਾ ਲੱਗਾ ਤਾਂ ਉਹ ਪਤਾਸੇ ਲੈ ਕੇ ਆਏ ਤੇ  ਅੰਮ੍ਰਿਤ ਤਿਆਰ ਹੋਣ ਦੌਰਾਨ ਉਨ੍ਹਾਂ ਨੇ ਜਲ ਵਿਚ ਉਹ ਪਤਾਸੇ ਪਾ ਦਿਤੇ।
ਪ੍ਰੇਮ ਪਤਾਸੇ ਡਾਰੇ ਅਬ ਮਾਤ ਨੇ , ਯੋ ਅਤਿ ਸੰਗਤ ਮੋਦ ਧਰਾਈ।( ਗੁਰ ਬਿਲਾਸ ਪਾ; 10)।

ਕਈ ਵਿਦਵਾਨਾਂ ਦਾ ਮੱਤ ਹੈ ਪਤਾਸੇ ਪਾਉਣ ਵਾਲੀ ਮਾਤਾ ਦਾ ਨਾਮ  ਮਾਤਾ ਜੀਤੋ ਜੀ  ਹੈ।ਕਈਆਂ ਨੇ ਮਾਤਾ ਸਾਹਿਬ ਦੇਵਾਂ ਜੀ ਦਾ । ਪਰ ਸਿੱਖ ਪਰੰਪਰਾ  ਵਿਚ ਮਾਤਾ ਸਾਹਿਬ ਕੌਰ ਖਾਲਸੇ ਦੀ ਮਾਤਾ ਹੈ  ਇਥੇ ਇਨ੍ਹਾਂ ਦਾ ਪਤਾਸੇ ਪਾਉਣਾ ਜਿਆਦਾ ਤਰਕਸੰਗਤ ਜਾਪਦਾ ਹੈ ।‘‘ ਗੁਰੂ ਕੀਆਂ ਸਾਖੀਆਂ” ਦੇ ਰਚੈਤਾ ਨੇ ਵੀ ਮਾਤਾ ਸਾਹਿਬ ਕੌਰ ਜੀ ਦੇ ਨਾਮ ਦਾ ਇਸ਼ਾਰਾ ਕਰਦਿਆਂ ਲਿਖਿਆ  ਕਿ ਜਦ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ ਸੀ ਤਾਂ :
‘ਮਾਤਾ ਸਾਹਿਬ ਦੇਈ ਜੋ ਸਾਵਨ 1757 ਬਿ: ਮੇਂ ਅਨੰਦਪੁਰ ਆਈ ਥੀ ਉਸ  ਨੇ ਭਾਈ ਕ੍ਰਿਪਾ ਰਾਮ ਸੇ ਪੂਛਾ ਕਿ ਗੁਰੂ ਜੀ ਕਿਆ ਕਰ ਰਹੇਂ ਹੈਂ? ਇਨੈ ਆਗੇ ਬਤਾਇਆ ਮਾਤਾ ਜੀ! ਗੁਰੂ ਜੀ ਸਿੱਖੋਂ ਕੋ ਦੇਨੇ ਕੇ ਲੀਏ   ਖਾਂਡੇ ਕੀ ਪਾਹੁਲ  ਤਿਆਰ ਕਰ ਰਹੇਂ ਹੈਂ । ਮਾਤਾ ਜੀ ਇਤਨਾ ਬਚਨ ਸੁਨ ਵੈਰਾਗ ਮੇਂ ਆਇ  ਗਈ। ਉਸੀ ਸਮੇਂ ਝੋਲੀ ਮੇਂ ਪਤਾਸੇ ਪਾਇ  ਗੁਰ-ਦਰਬਾਰ ਮੈਂ ਆਇ ਗਈ।ਪ੍ਰਿਥਮੇਂ ਇਸੇ ਸਤਿਗੁਰਾਂ ਕੋ ਸੀਸ ਨਿਵਾਇ, ਝੋਲੀ ਮੇਂ ਸੇ ਪਤਾਸੇ ਬਾਟੇ ਮੇਂ ਪਾਇ ਦੀਏ।”

ਭਾਈ ਚਉਪਾ ਸਿੰਘ ਆਪਣੇ ਰਹਿਤਨਾਮੇ ਵਿਚ ਲਿਖਦੇ ਹਨ ਕਿ ਅੰਮ੍ਰਿਤ ਤਿਆਰ ਹੋਣ ਤੋਂ ਬਾਅਦ ਪੰਜ ਚੁਲੇ ਅੰਮ੍ਰਿਤ ਦੇ ਪੰਜਾਂ ਸਿੰਘਾਂ ਦੇ ਨੇਤਰਾਂ ਵਿਚ ਪਾਏ ਗਏ , ਪੰਜ ਚੁਲੇ ਹਰ ਸਿੰਘ ਨੂੰ ਪਿਲਾਏ ਗਏ ਤੇ ਪੰਜ ਚੁਲੇ ਹਰੇਕ ਸਿੰਘ ਦੇ ਸੀਸ ‘ਤੇ ਪਾਏ  । ਭਾਈ ਸੰਤੋਖ ਸਿੰਘ ਜੀ ਇਸ ਗੱਲ ‘ਤੇ ਸਹਿਮਤੀ ਭਰਦੇ ਹਨ ।

ਕਮਲ ਪਾਨ ਅੰਮ੍ਰਿਤ ਕੋ ਲੀਨੋ। ਦੇ ਕਰਿ ਤਿਨਹਿ ਪਿਆਵਨਿ ਕੀਨੋ। ਲੋਚਨ ਮਹਿਂ ਛਿਰਕੇ ਫੁਨ ਮਾਰੇ। ਕੇਸ ਜੂੜ ਮੈਂ  ਅੰਜੁਲ  ਡਾਰੇ।ਰੁਤ 3,  ਅਧਿ 19, ਬੰਦ 29। ਗੂ;ਪ੍ਰ; ਸੂਰਜ ਗ੍ਰੰਥ

ਇਸ ਵਿਧੀ  ਨਾਲ  ਪੰਜਾਂ ਸਿੰਘਾਂ ਨੂੰ ਖੰਡੇ  ਦੀ ਪਾਹੁਲ ਦਿਤੀ , ਬਾਹਰਲਾ ਭੇਖ (ਪਹਿਰਾਵਾ)ਦਿਤਾ ਅਤੇ ਹਿਰਦੇ ਵਿਚ ਗਿਆਨ ਦੇ ਕੇ ਉਨ੍ਹਾਂ ਨੂੰ ਆਪਣੇ ਬਰਾਬਰ ਕਰ ਲਿਆ;

ਇਸ ਬਿਧਿ  ਪੰਚਹੁਂ ਸਿੰਘ ਕੌ ਖੰਡੇ ਪਾਹੁਲ ਦੀਨਿ। ਵਹਿਰ ਭੇਖ ਉਰ ਗਿਆਨ ਦੇ  ਅਪਨੇ ਸਮ ਸੋ ਕੀਨਿ।(ਰੁੱਤ 3, ਅਧਿ 19, ਅੰਕ,45)

ਪੰਜਾਂ ਸਿੰਘਾ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸੱਭ ਨੂੰ ‘ਸਿੰਘ” ਦਾ ਲਕਬ (ਉਪ-ਨਾਮ) ਦਿੱਤਾ ਤੇ ਉਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਦਿੱਤੀ । ਗੁਰ ਬਿਲਾਸ ਪਾਤਸ਼ਾਹੀ  ਅਨੁਸਾਰ ਫਿਰ ਗੁਰੂ ਸਾਹਿਬ  ਸੱਭ ਨੂੰ  ਰਹਿਤ ਮਰਯਾਦਾ ਤੇ ਉਪਦੇਸ਼ ਦ੍ਰਿੜ ਕਰਵਾਉਣ ਪਿਛੋਂ   ਸਿੰਘਾਸਨ ਤੋਂ ਹੇਠ ਉਤੱਰ ਆਏ ਤੇ ਦੋਵੇਂ ਹੱਥ ਜੋੜ ਕੇ ‘ਪੰਜਾਂ ਪਿਆਰਿਆਂ” ਅੱਗੇ ਨਿਮਰ ਹੋ ਬੇਨਤੀ ਕੀਤੀ  ਕਿ ਅੰਮ੍ਰਿਤ ਦੀ ਦਾਤ ਹੁਣ ਮੈਨੂੰ ਵੀ ਬਖਸ਼ੋ।  ਹੁਣ ਉਚੇ ਨੀਂਵੇਂ, ਗੁਰੂ ਚੇਲੇ ,ਜਾਤ- ਪਾਤ ਦਾ ਫਰਕ ਨਹੀਂ ਰਿਹਾ ਹੈ ।ਮੈਨੂੰ ਵੀ ਖਾਲਸਾ ਸਜਾਉ ਜਿਵੇਂ ਗੁਰੂ ਨੇ  ਤੁਹਾਨੂੰ ਬਣਾਇਆ ਹੈ।
ਉਤਰ ਸਿੰਘਾਸਨ ਜੁਗ ਕਰ ਜੋਰੀ।
ਅੰਮ੍ਰਿਤ ਲੇਤ ਆਪ ਸੁਖ ਗੋਰੀ।56£

ਗੁਰੂ ਸਾਹਿਬ ਦੀ ਇਸ ਵਿਡੱਤਣ ਨੂੰ ਮੁੱਖ ਰਖਦਿਆ  ਭਾਈ ਗੁਰਦਾਸ (ਦੂਜਾ) ਲਿਖਦਾ ਹੈ
‘‘ਵਾਹੁ ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ ‘‘

ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ  (ਰੁਤ 3, ਅਧਿ 19 ) ‘ਤੇ ਮਰਯਾਦਾ ਦ੍ਰਿੜ ਕਰਾਉਣ ਬਾਰੇ ਲਿਖਦੇ ਹਨ:

ਕਰ ਅਰਦਾਸ ਰਹਿਤ ਕੀ ਭਲੇ।
ਪੰਚਾਮ੍ਰਿਤ ਅਚਿ ਪਾਂਚਹੁਂ ਮਿਲੇ।
ਜਾਤਿ ਪਾਤਿ ਕੋ ਭੇਦ ਨਾ ਕੋਈ।
ਚਾਰ ਬਰਨ ਅਚਵਹਿਂ ਇਕ ਹੋਈ।
ਮਤਿ ਊਚੀ ਰਾਖਹੁ ਮਨ ਨੀਵਾਂ।
ਸਿਮਰਹੁ ਵਾਹਿਗੁਰੂ ਸੁਖ ਸੀਵਾ।
ਗੋਰ ਮੜ੍ਹੀ ਅਰ ਪੰਥ ਅਨੇਕਾਂ।
ਆਨਿ ਨਾ ਮਾਨਹਿ ਰਾਖ ਬਿਬੇਕਾ।43।

ਉਸ ਵੇਲੇ ਜੋ ਰਹਿਤ ਬਾਰੇ ਆਦੇਸ਼ ਦਿਤਾ ਗਿਆ ;ਉਸ ਬਾਰੇ ਗੁਰ ਬਿਲਾਸ 10 ਵੀਂ ਕ੍ਰਿਤ ਭਾਈ ਕੁਇਰ ਸਿੰਘ ਰਹਿਤ ਦੱਸਣ ਉਪਰੰਤ ਕਹਿੰਦੇ ਹਨ ; ਸਦਾ ਉੱਜਲ ਬਸਤਰ ਪਹਿਨਣੇ, ਅਲਪ ਅਹਾਰ,  ਕੇਸਾਂ ਦੀ ਸੰਭਾਲ, ਲੋੜਵੰਦ ਦੀ ਲੋੜ ਪੂਰੀ ਕਰਨੀ, ਗੁਰਦੁਆਰੇ ਜਾ ਕੇ ਨਿੱਤ ਸ਼ਬਦ ਸੁਣਨਾ ਤੇ ਗੁਰੂ ਗ੍ਰੰਥ ਸਾਹਿਬ  ਜੀ ਦੀ ਅਗਵਾਈ ਲੈਣੀ ਹੈ।
ਗੁਰੂ ਗ੍ਰੰਥ ਜਾਨੋ ਸਦਾ ਅੰਗ   ਸੰਗੰ।44££

ਸ੍ਰੀ ਗੁਰਸੋਭਾ ਦਾ ਕਰਤਾ ਸੈਨਾਪਤਿ ਲਿਖਦਾ ਹੈ ਕਿ ਖਾਲਸਾ ਸਾਜਣ ਨਾਲ ਮਸੰਦਾਂ ਦਾ ਪੂਰੀ ਤਰ੍ਹਾਂ ਤਿਆਗ ਕਰ ਦਿੱਤਾ ਗਿਆ ਤੇ ਸਤਿਸੰਗਤ ਦਾ ‘ਖਾਲਸਾ’ ਬਣਾ ਕੇ  ਗੁਰੂ ਨਾਲ ਸਿੱਧਾ ਸੰਪਰਕ ਹੋ ਗਿਆ।ਖਾਲਸਾ ਜਾਣੀ  ਸਿੱਖ  ਸਿੱਧਾ ਵਾਹਿਗੁਰੂ ਦਾ ਹੋ ਗਿਆ।

ਗੁਰਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ£ ਭਾਈ: ਗੁਰਦਾਸ , ਵਾਰ 41

ਇਸ ਤਰਾਂ ਬਿਨਾਂ ਕਿਸੇ ਵੰਡ- ਵਰਨ ਦੇ ਸੱਭ ਜਾਤਾਂ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ। ਵੈਸ ਸ਼ੂਦਰ ਜਟ ਸਾਰੇ ਪੰਥ ਵਿਚ ਆ ਗਏ। ਪੰਥ ਖਾਲਸਾ ਸ਼ੋਭਾ ਖਾਤਰ ਨਹੀਂ   ਸਗੋਂ ‘ਗਰੀਬ ਸਿੱਖਨ’ ਨੂੰ ਅਣਖ ਨਾਲ ਜਿਉਣ ਮਰਨ ਲਈ ਬਣਾਇਆ ।

ਕਨਿੰਘਮ ਲਿਖਦਾ ਹੈ ਕਿ ਖਾਲਸਾ ਸਾਜਨਾ ਦਾ ਮਹਾਨ ਕੰਮ ਗੁਰੂ ਨਾਨਕ ਦੇਵ ਜੀ ਦਾ ਹੀ ਸੀ ਜਿਨ੍ਹਾਂ ਨੇ ਸੁਧਾਰ ਦੇ ਸੱਚੇ ਸੁੱਚੇ ਅਸੂਲ ਲੱਭੇ,ਵੱਡੀਆਂ ਬੁਨਿਆਦਾਂ ਰੱਖੀਆਂ ਜਿਨਾਂ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵੀਂ ਕੌਮੀਅਤ ਦਾ ਰੂਪ ਜਦੇ ਕੇ ਅਮਲੀ ਤੌਰ ਤੇ ਸ਼ਕਲ ਪ੍ਰਦਾਨ ਕਰ ਦਿੱਤੀ । ਗੁਰੂ ਨੇ ਜਾਣ ਲਿਆ ਸੀ ਕਿ ਹਿੰਦੂ ਇਕ ਨਿਰੀ ਧਾਰਮਿਕ ਸੰੰਸਥਾ ਹੈ ਜਿਸ ਨੂੰ ਸਮੇਂ ਦੀਆ ਚਪੇੜਾਂ ਨੇ ਕਮਜ਼ੋਰ ਕਰ ਦਿੱਤਾ ਹੈ ਸੋ ਐਸੀ ਸ਼ਕਤੀਸ਼ਾਲੀ ਜੱਥੇਬੰਦੀ ਬਣਾਉਣ ਦੀ ਲੋੜ ਹੈ ਜੋ ਧਰਮ ਨਿਭਾਉਣ ਦੇ ਨਾਲ, ਮਰਨ ਦਾ ਜ਼ਜ਼ਬਾ ਵੀ ਭਰ ਸਕੇ।

‘ਸਹਿਜੇ ਰਚਿਯੋ ਖਾਲਸਾ ਦਾ ਰਚੈਤਾ ਲਿਖਦਾ ਹੈ ਕਿ ਇਸ ਤਰਾਂ ਗੁਰਬਾਣੀ ਦੇ ਮੁੱਖ ਵਾਕ ਅਨੁਸਾਰ – ਜਾਗਤ ਜੋਤਿ ਜਪੈ ਨਿਸ ਬਾਸਰੁ ਏਕ ਬਿਨਾ ਮਨ ਨੈਕ ਨ ਆਨੈ-। ਕਲਗੀਆਂ ਵਾਲੇ ਨੇ  ਖਾਲਸਾ ਜੀ ਦੀ ਉਚੀ ਸੁਰਤਿ ਵਿਚ ਅਕਾਲ ਦੀ ਧੁਨੀ ਪੈਦਾ ਕਰ ਦਿੱਤੀ। ਕਰਮ ਕਾਂਡੀ ਪ੍ਰਤੀਕ-ਸੂਚੀ ਦੇ ਸਾਰੇ ਪੁਰਾਤਨ ਨਿਸ਼ਾਨ ਸਦਾ ਲਈ ਅਲੋਪ ਹੋ ਗਏ। ਇਹ ਅਵਸਥਾ ਪਾਉਣ ਪਿਛੌਂ ਉਹ  ਸਿੱਧਾ ਅਕਾਲ ਪੁਰਖ ਦੀ ਬਖਸ਼ਸ਼ ਦਾ ਹਿੱਸਾ ਬਣ ਗਿਆ । ਰਾਮ , ਕ੍ਰਿਸ਼ਨ ਸ਼ਿਵ ਜੀ, ਵਿਸ਼ਨੂੰ ਦੁਰਗਾ ਤੇ ਹੋਰ ਪੌਰਾਣਿਕ  ਨਾਇਕ  ਦੂਜੇ ਦਰਜੇ ਦੀ ਸ਼੍ਰਿਸਟੀ  ਮੰਨੇ ਗਏ।  ਖਾਲਸੇ  ਵਾਸਤੇ  ਕੋਈ ਅਵਤਾਰ ਕੋਈ ਦੇਵੀ ਦੇਵਤਾ ਨਾ ਰਿਹਾ।

*ਸੀਨੀਅਰ ਰਿਸਰਚ ਸਕਾਲਰ
ਸਿੱਖ ਸਰੋਤ ਇਤਿਹਾਸਕ ਗ੍ਰੰਥ –ਸੰਪਾਦਨਾ ਪ੍ਰੌਜੈਕਟ
ਚੰਡੀਗੜ੍ਹ।