ਹੋਰ ਸਚਾਈਆਂ ਵੀ ਹਨ ਕਾਸਤਰੋ ਦੀ ਇਨਕਲਾਬੀ ਸਖਸ਼ੀਅਤ ਦੀਆਂ

ਹੋਰ ਸਚਾਈਆਂ ਵੀ ਹਨ ਕਾਸਤਰੋ ਦੀ ਇਨਕਲਾਬੀ ਸਖਸ਼ੀਅਤ ਦੀਆਂ

ਜਦੋਂ ਤੁਸੀ ਸੱਚੀਂ-ਮੁੱਚੀਂ ਵਾਲੀ ਬਰਾਬਰੀ ਨੂੰ ਧਰਤੀ ਉੱਤੇ ਉਤਾਰਣ ਦੀ ਸੌਂਹ ਹੀ ਖਾ ਲਈ ਹੋਵੇ ਤਾਂ ਸਮਾਜ ਵਿਚ ਇਹੋ ਜਿਹੇ ਵਰਗ ਵੱਡੀ ਗਿਣਤੀ ਵਿਚ ਹੁੰਦੇ ਹਨ ਜਿਨ੍ਹਾਂ ਦੀ ਮਾਨਸਿਕਤਾ ਅਚਨਚੇਤ ਹੋ ਰਹੀ ਇਹੋ ਜਿਹੀ ਸਮਾਜਿਕ ਉੱਥਲ਼ ਪੁੱਥਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ”ਵੰਡ ਕੇ ਛਕਣ” ਦਾ ਸਿਧਾਂਤ ਅਜੇ ਉਨ੍ਹਾਂ ਦੇ ਜਿਸਮੋ-ਰੂਹ ਦਾ ਹਿੱਸਾ ਨਹੀਂ ਬਣਿਆ ਹੁੰਦਾ। ਕਾਸਤਰੋ ਨੇ ਇਨ੍ਹਾਂ ਗਾੜ੍ਹੇ ਹਨੇਰਿਆਂ ਨੂੰ ਚੀਰਿਆ ਸੀ।

ਸ. ਕਰਮਜੀਤ ਸਿੰਘ (ਮੋਬਾਈਲ : 9915091063)

ਰਾਜਨੀਤਿਕ ਝੱਖੜਾਂ ਨਾਲ ਕਈ ਵਾਰ ਇਕੱਲਾ ਵੀ ਟੱਕਰਾਂ ਲੈਣ ਵਾਲਾ 20ਵੀਂ ਸਦੀ ਦਾ ਰੰਗਲਾ ਇਨਕਲਾਬੀ ਹੁਣ ਸਾਡੇ ਵਿਚ ਨਹੀਂ ਰਿਹਾ। ਫੀਦਲ ਕਾਸਤਰੋ ਦੀ ਇਨਕਲਾਬੀ ਸਖਸ਼ੀਅਤ ਲਈ ਪੂਰਾ ਪੂਰਾ ਨਿਆਂ ਕਰਨ ਵਾਸਤੇ ਸ਼ਬਦਾਂ ਦਾ ਅਲੋਪ ਹੋ ਜਾਣਾ ਸੁਭਾਵਕ ਹੈ ਕਿਉਂਕਿ ਥਾਂ-ਥਾਂ ਖਿਲਰੇ ਅਤੇ ਖਿਲਾਰੇ ਗਏ ਕੰਡਿਆਂ ਵਿਚੋਂ ਉਸ ਨੇ ਆਪਣੇ ਅਤੇ ਕਿਊਬਾ ਦੇ ਲੋਕਾਂ ਲਈ ਜਿਵੇਂ ਰਾਹ ਬਣਾਇਆ ਅਤੇ ਜਿਵੇਂ ਆਖਰ ਨੂੰ ਮੰਜ਼ਿਲ ‘ਤੇ ਪਹੁੰਚਿਆ, ਉੱਥੇ ਸਾਰੇ ਸ਼ਬਦ ਅਹਿਸਾਸ ਦੇ ਖਜ਼ਾਨੇ ਵਿਚੋਂ ਹੀ ਸ਼ਰਧਾਂਜਲੀ ਤਲਾਸ਼ ਕਰ ਸਕਦੇ ਹਨ। ਤੁਰਕੀ ਦੇ ਮਹਾਨ ਲੇਖਕ ਮਹਿਮਦ ਮੁਰਾਦ ਇਲਦਾਨ ਇਸ ਤਰ੍ਹਾਂ ਦੇ ਅਹਿਸਾਸ ਨੂੰ ਜੋ ਸ਼ਬਦ ਦਿੰਦੇ ਹਨ, ਉਹ ਹੀ ਕਾਸਤਰੋ ਨਾਲ ਇਨਸਾਫ ਕਰ ਸਕਦੇ ਹਨ। ਇਸ ਲੇਖਕ ਮੁਤਾਬਕ, ”ਕਿਸੇ ਛੋਟੇ ਜਿਹੇ ਪਿੰਡ ਵਿਚ ਰਹਿੰਦਾ ਕੋਈ ਵੱਡਾ ਬੰਦਾ ਇਉਂ ਸਮਝੋ ਜਿਵੇਂ ਇਕ ਛੋਟੀ ਝੀਲ ਵਿਚ ਵੱਡਾ ਜਹਾਜ਼ ਚਲ ਰਿਹਾ ਹੋਵੇ। ਆਓ ਆਪਾਂ ਇਹੋ ਜਿਹੇ ਜਹਾਜ਼ ਨੂੰ ਵੱਡੇ ਸਮੁੰਦਰਾਂ ਵਿਚ ਲੈ ਜਾਈਏ।” ਸਾਰੀ ਦੁਨੀਆ ਨੇ ਵੇਖਿਆ ਕਿ ਇਹ ਕਾਸਤਰੋ ਇਨਕਲਾਬ ਦੀ ਖੁਸ਼ਬੋ, ਤਾਕਤ ਅਤੇ ਪ੍ਰਭਾਵ ਨੂੰ ਸਾਰੀ ਦੁਨੀਆ ਵਿਚ ਲੈ ਗਿਆ। ਇਕ ਵਾਰ ਜ਼ਰਾ ਨਕਸ਼ੇ ਨੂੰ ਨੀਝ ਲਾ ਕੇ ਵੇਖੋ ਤੇ ਧਿਆਨ ਉਸ ਖਿੱਤੇ ਵੱਲ ਲੈ ਕੇ ਜਾਓ ਜਿਸ ਨੂੰ ਭੂਗੋਲ ਵਿਗਿਆਨੀ ਦੱਖਣੀ ਅਮਰੀਕਾ ਕਹਿੰਦੇ ਹਨ। ਇਸ ਖਿੱਤੇ ਵਿਚ ਇਕ ਛੋਟਾ ਜਿਹਾ ਮੁਲਕ ਹੈ ਕਿਉਬਾ ਪਰ ਰਹਿਣ ਵਾਲੇ ਲੋਕ ਵੱਡੇ ਦਿਲਾਂ ਵਾਲੇ ਅਤੇ ਆਪਣੀ ਧੁੰਨ ਦੇ ਪੱਕੇ। ਇਨ੍ਹਾਂ ਹੀ ਦ੍ਰਿੜ ਇਰਾਦੇ ਵਾਲੇ ਲੋਕਾਂ ਵਿਚੋਂ ਹੀ ਕਾਸਤਰੋ ਵੱਡਾ ਹੋਇਆ ਅਤੇ ਇਤਿਹਾਸਕਾਰ ਤੇ ਉੱਘਾ ਪੱਤਰਕਾਰ ਰਿਚਰਡ ਗੋਟ ਠੀਕ ਹੀ ਕਹਿੰਦਾ ਹੈ ਕਿ ਇਹ ਅਸਾਧਾਰਨ ਰਾਜਨੀਤਿਕ ਮਨੁੱਖ ”ਵਿਸ਼ਵ ਦਾ ਨਾਇਕ” ਹੋ ਨਿਬੜਿਆ ਜਿਸ ਨੂੰ 20ਵੀਂ ਸਦੀ ਦਾ ਗੈਰੀਬਾਰਡੀ ਕਿਹਾ ਜਾ ਸਕਦਾ ਹੈ। ਇਹ ਉਹੋ ਗੈਰੀਬਾਰਡੀ ਸੀ ਜਿਸ ਦੀ ਜ਼ਿੰਦਗੀ ਕਾਸਤਰੋ ਵਾਂਗ ਹੀ ਬੇਸ਼ੁਮਾਰ ਘੁੰਮਣਘੇਰੀਆਂ ਅਤੇ ਵਾਵਰੋਲਿਆਂ ਵਿਚੋਂ ਲੰਘੀ ਸੀ। ਪਰ ਉਸ ਨੇ ਬਚਪਨ ਵਿਚ ਹੀ ਸੌਂਹ ਖਾ ਲਈ ਸੀ ਕਿ ਇਟਲੀ ਨੂੰ ਇਕ ਕਰਕੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਾਂਗਾ ਅਤੇ ਹੋਇਆ ਵੀ ਇੰਝ ਹੀ। ਪਰ ਚਲੋ ਇਟਲੀ ਤਾਂ ਵੱਡਾ ਮੁਲਕ ਸੀ ਜਿਸ ਦਾ ਪਿਛਲਾ ਇਤਿਹਾਸ ਦੋ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ ਪਰ ਕਿਊਬਾ ਤਾਂ ਇਕ ਛੋਟਾ ਜਿਹਾ ਮੁਲਕ ਹੈ, ਜਿਹੜਾ ਕੋਲੰਬਸ ਨੇ 1492 ਈ. ਵਿਚ ਹੀ ਲੱਭਿਆ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਦੇ ਗੁਆਂਢ ਵਿਚ ਇਕ ਇਹੋ ਜਿਹਾ ਵੱਡਾ ਰਾਜਨੀਤਿਕ ਮਗਰਮੱਛ ਅਮਰੀਕਾ ਸੀ ਅਤੇ ਕਿਸੇ ਦੀ ਕੀ ਮਜਾਲ ਸੀ ਕਿ ਦੱਖਣੀ ਅਮਰੀਕਾ ਖਿੱਤੇ ਦੇ ਕੀੜੇ ਮਕੌੜਿਆਂ ਵਰਗੇ ਮੁਲਕ ਉਸ ਦੀ ਵਾਅ ਵੱਲ ਵੀ ਵੇਖ ਸਕਣ। ਪਰ ਇਹ ਕਾਸਤਰੋ ਹੀ ਸੀ ਜਿਸ ਨੇ ਕਦੇ ਵੀ ਉਸ ਦੀ ਧੋਂਸ ਨਹੀਂ ਸੀ ਮੰਨੀ ਤੇ ਇਹ ਠੰਢੀ-ਤੱਤੀ ਜੰਗ 60 ਸਾਲ ਤਕ ਚਲਦੀ ਰਹੀ। ਉਸ ਉੱਤੇ 600 ਤੋਂ ਵੀ ਉਪਰ ਸਿੱਧੇ ਅਤੇ ਅਸਿੱਧੇ ਹਮਲੇ ਹੋਏ ਪਰ ਹਰ ਵਾਰ ਉਹ ਬਚਦਾ ਰਿਹਾ।
ਉਸ ਦੀ ਰਾਜਨੀਤਿਕ ਚੜ੍ਹਤ ਨਾਲ ਜੁੜੀਆਂ ਘਟਨਾਵਾਂ ਤਾਂ ਅਖਬਾਰਾਂ ਵਿਚ ਇਨ੍ਹੀਂ ਦਿਨੀਂ ਛੱਪ ਹੀ ਰਹੀਆਂ ਹਨ, ਪਰ ਉਸ ਦੀ ਸ਼ਖਸੀਅਤ ਵਿਚ ਹੋਰ ਵੀ ਕਈ ਦਿਲਚਸਪ ਸਚਾਈਆਂ ਹਨ ਜੋ ਅੱਜ ਦੇ ਸਿਆਸਤਦਾਨਾਂ ਅਤੇ ਸਮਾਜ ਵਿਗਿਆਨੀਆਂ ਲਈ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਰਾਜਨੀਤਿਕ ਕਦਰਾਂ ਕੀਮਤਾਂ ਦਾ ਗਰਾਫ਼ ਨਿਵਾਣਾਂ ਵੱਲ ਜਾ ਰਿਹਾ ਹੈ। ਅਮਰੀਕਾ ਵਿਚ ਟਰੰਪ, ਰੂਸ ਵਿਚ ਪੁਤਿਨ ਅਤੇ ਭਾਰਤ ਵਿਚ ਮੋਦੀ ਦੀ ਰਾਜਨੀਤਿਕ ਬੱਲੇ-ਬੱਲੇ ਦੇ ਕੁਝ ਇਹੋ ਜਿਹੇ ਰੰਗ ਨਜ਼ਰ ਆਉਂਦੇ ਹਨ ਜਿਸ ਨਾਲ ਇਉਂ ਜਾਪਦਾ ਹੈ ਜਿਵੇਂ ਸੰਸਾਰ ਤੇਜ਼ੀ ਨਾਲ ਕਿਸੇ ਅੰਨ੍ਹੀ ਗਲੀ ਵੱਲ ਵੱਧ ਰਿਹਾ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇ ਛੇਤੀ ਹੀ ਫਰਾਂਸ, ਬਰਤਾਨੀਆ ਅਤੇ ਹੋਰ ਮੁਲਕਾਂ ਉੱਤੇ ਵੀ ਇਹੋ ਜਿਹੇ ਰੰਗ ਚੜ੍ਹ ਜਾਣਗੇ। ਫੀਦਲ ਕਾਸਤਰੋ ਨੂੰ ਭਾਵੇਂ ਅਸੀਂ ਪਰਮ ਮਨੁੱਖ ਦਾ ਦਰਜਾ ਨਹੀਂ ਦੇ ਸਕਦੇ ਪਰ ਫੇਰ ਵੀ ਉਸ ਦੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਸਮਾਜ ਦੇ ਸਾਰੇ ਵਰਗਾਂ ਵਿਚ ਹਰ ਪੱਖ ਤੋਂ ਅਤੇ ਵਿਸ਼ੇਸ਼ ਕਰਕੇ ਆਰਥਿਕ ਪੱਖ ਤੋਂ ਬਰਾਬਰੀ ਲਿਆਂਦੀ ਜਾਵੇ। ਇਸ ਹਕੀਕਤ ਤੋਂ ਕੌਣ ਇਨਕਾਰ ਕਰ ਸਕਦਾ ਹੈ ਕਿ ਸੱਚੀਂ-ਮੁੱਚੀਂ ਦੀ ਬਰਾਬਰੀ ਨਾ ਹੀ ਸਾਬਕਾ ਸੋਵੀਅਤ ਯੂਨੀਅਨ ਵਿਚ ਲਿਆਂਦੀ ਜਾ ਸਕੀ ਅਤੇ ਨਾ ਹੀ ਚੀਨ ਇਸ ਆਦਰਸ਼ਕ ਮੰਜ਼ਿਲ ਨੂੰ ਸਰ ਕਰਨ ਦਾ ਦਾਅਵਾ ਕਰ ਸਕਦਾ ਹੈ। ਰੂਸ ਨੇ ਬਰਾਬਰੀ ਦਾ ਨਾਅਰਾ ਬੁਲੰਦ ਕੀਤਾ ਸੀ ਜਿਸ ਦਾ ਫਰਾਂਸ ਦੇ ਇਨਕਲਾਬ ਵਿਚ ਵੱਡਾ ਰੋਲ ਸੀ ਪਰ ਉਹ ਇਨਕਲਾਬ ਵੀ ਬਰਾਬਰੀ ਦਾ ਸੁਪਨਾ ਲਾਗੂ ਨਾ ਕਰ ਸਕਿਆ। ਪਰ ਇਕ ਕਰੋੜ 10 ਲੱਖ ਦੀ ਅਬਾਦੀ ਵਾਲਾ ਕਿਊਬਾ ਐਨੀਆਂ ਭਿਆਨਕ ਰੁਕਾਵਟਾਂ ਤੇ ਮੁਸ਼ਕਲਾਂ ਦਾ ਟਾਕਰਾ ਕਰਦਿਆਂ ਕਰੀਬ-ਕਰੀਬ ‘ਸੱਚੀ-ਮੁੱਚੀਂ’ ਵਾਲੀ ਬਰਾਬਰੀ ਕਿਵੇਂ ਲਿਆ ਸਕਿਆ, ਇਹ ਸਮਾਜਵਾਦੀ ਅਤੇ ਸਰਮਾਏਦਾਰ ਹਕੂਮਤਾਂ ਲਈ ਵੱਡੀ ਚੁਣੌਤੀ ਵੀ ਹੈ ਅਤੇ ਖੋਜ ਦਾ ਵਿਸ਼ਾ ਵੀ ਹੈ।
> ਅੱਜ ਸਿਹਤ ‘ਤੇ ਵਿਦਿਆ ਉੱਤੇ ਵਪਾਰੀਆਂ ਦਾ ਕਬਜ਼ਾ ਹੈ। ਇਨ੍ਹਾਂ ਅੱਤ ਮਹਿੰਗੇ ਖੇਤਰਾਂ ਵਿਚ ਕਿਸੇ ਗਰੀਬ ਦਾ ਪੜ੍ਹ ਸਕਣਾ ਜਾਂ ਇਲਾਜ ਕਰਵਾ ਸਕਣਾ ਏਨਾ ਅਸਾਨ ਨਹੀਂ ਹੈ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਸਮੁੰਦਰ ਦੇ ਕਿਨਾਰੇ ਇਕ ਮੈਡੀਕਲ ਕਾਲਜ ਹੈ ਜੋ ਇਕੱਲੇ ਕਿਊਬਾ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਦੇ ਆਦਰਸ਼ ਅਤੇ ”ਸਭੈ ਸਾਂਝੀਵਾਲ ਸਦਾਇਨੁ” ਨੂੰ ਅਮਲ ਵਿਚ ਉਤਾਰਦਿਆਂ ਸਾਰੀ ਦੁਨੀਆ ਦੇ ਗਰੀਬ ਵਿਦਿਆਰਥੀਆਂ ਲਈ ਹੈ, ਜਿੱਥੇ 110 ਮੁਲਕਾਂ ਦੇ 20,000 ਵਿਦਿਆਰਥੀ ਡਾਕਟਰੀ ਦੀ ਸਿੱਖਿਆ ਲੈਂਦੇ ਹਨ। ਕੋਈ ਫੀਸ ਨਹੀਂ, ਰਿਹਾਇਸ਼ ਮੁਫਤ ਹੈ, ਰੋਟੀ-ਪਾਣੀ ਮੁਫਤ ਹੈ, ਵਿਦਿਆਰਥੀਆਂ ਨੂੰ ਜੇਬ ਖਰਚਾ ਵੀ ਮਿਲਦਾ ਹੈ ਤੇ ਪਾਉਣ ਲਈ ਕੱਪੜੇ ਵੀ। ਹਾਲਤ ਏਥੋਂ ਤਕ ਪਹੁੰਚ ਗਈ ਕਿ ਅਮਰੀਕਾ ਤੋਂ ਵੀ ਗਰੀਬ ਵਿਦਿਆਰਥੀ ਏਥੇ ਹੀ ਪੜ੍ਹਨਾ ਪਸੰਦ ਕਰਦੇ ਹਨ। ਕਿਊਬਾ ਦੇ ਲੋਕਾਂ ਦੀ ਔਸਤ ਉਮਰ 78 ਸਾਲ ਹੈ ਜਦਕਿ ਗੁਆਂਢ ਵਿਚ ਹੀ ਪੈਂਦੇ ਹੈਤੀ ਨਾਂ ਦੇ ਮੁਲਕ ਵਿਚ ਲੋਕ 48 ਸਾਲ ਤਕ ਪਹੁੰਚ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੰਦੇ ਹਨ। ਇਹ ਅੰਕੜੇ ਸਰਕਾਰੀ ਨਹੀਂ ਸਗੋਂ ਸੰਯੁਕਤ ਰਾਸ਼ਟਰ ਵਲੋਂ ਦਿੱਤੇ ਗਏ ਹਨ।
> ਤੁਸੀਂ ਜਾਦੂ ਦੀ ਛੜੀ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਨਹੀਂ ਬਦਲ ਸਕਦੇ। ਮਹਾਨ ਲੋਕਾਂ ਨੂੰ, ਪਰ ਉਹ ਮਹਾਨ ਹੋਣ ਸਹੀ, ਉਨ੍ਹਾਂ ਨੂੰ ਵੀ ਰਾਤਾਂ ਨੂੰ ਜਾਗਣਾ ਪੈਂਦਾ ਹੈ। ਕਾਸਤਰੋ ਦੇਰ ਰਾਤ ਤਕ ਜਾਗਦਾ ਸੀ। ਇਹ ਮਿਸਾਲ ਸ਼ਾਇਦ ਹੀ ਕਿਤੇ ਮਿਲੇਗੀ ਕਿ ਕਾਸਤਰੋ ਸਵੇਰੇ ਤਿੰਨ ਵਜੇ ਦੇ ਕਰੀਬ ਸੌਂਦਾ ਸੀ। ਬਰਤਾਨਵੀ ਇਤਿਹਾਸਕਾਰ ਅਲੈਕਸ ਵੋਨ ਜ਼ੈਲਮਨ ਮੰਨਦਾ ਹੈ ਕਿ ਕਾਸਤਰੋ ਕਈ ਵਾਰ ਬੇਤਰਸ ਤੇ ਕਠੋਰ ਹੋ ਜਾਂਦਾ ਸੀ ਪਰ ਜਿਨ੍ਹਾਂ ਹਾਲਤਾਂ ਦਾ ਉਹ ਸਾਹਮਣਾ ਕਰ ਰਿਹਾ ਸੀ ਉਨ੍ਹਾਂ ਹਾਲਤਾਂ ਵਿਚ ਕਠੋਰ ਹੋਣਾ ਸੁਭਾਵਕ ਸੀ ਪਰ ਵੱਡੀ ਗੱਲ ਇਹ ਸੀ ਕਿ ਉਹ ਖਾਸ ਬੰਦਿਆਂ ਦੇ ਨਾਲ ਨਾਲ ਆਮ ਬੰਦਿਆਂ ਨੂੰ ਮਿਲਣ ਤੇ ਉਨ੍ਹਾਂ ਵਿਚ ਘੁਲ-ਮਿਲ ਜਾਣ ਨੂੰ ਵਧੇਰੇ ਪਸੰਦ ਕਰਦਾ ਸੀ।
> ਉਹ ਤਕਰੀਰ ਦਾ ਧਨੀ ਸੀ ਤੇ ਆਪਣੀ ਤਕਰੀਰ ਨਾਲ ਲੋਕਾਂ ਨੂੰ ਖਿੱਚ ਲੈਂਦਾ ਸੀ। ਉਹ ਘੰਟਿਆਂ ਬੱਧੀ ਬੋਲ ਸਕਦਾ ਸੀ। ਸ਼ੈਕਸਪੀਅਰ ਦੇ ਮਸ਼ਹੂਰ ਨਾਟਕ ‘ਜੂਲੀਅਸ ਸੀਜ਼ਰ’ ਵਿਚ ਜਰਨੈਲ ਐਂਟਨੀ ਆਪਣੀ ਤਕਰੀਰ ਨਾਲ ਹੀ ਪਾਸਾ ਪਲਟ ਦਿੰਦਾ ਹੈ। ਪਰ ਉਹ ਤਾਂ ਇਕ ਨਾਟਕ ਹੀ ਸੀ ਜਿਸ ਵਿਚ ਮਿੱਥ ਤੇ ਹਕੀਕਤ ਦੋਵੇਂ ਹੀ ਸ਼ਾਮਲ ਸਨ। ਪਰ ਕਾਸਤਰੋ ਸੱਚਮੁੱਚ ਦਾ ਦਿਲਕਸ਼ ਬੁਲਾਰਾ ਸੀ। ਏਥੇ ਹੀ ਬਸ ਨਹੀਂ ਉਸ ਦੀ ਤਕਰੀਰ ਵਿਚ ਇਤਿਹਾਸ, ਸਾਹਿਤ, ਫਿਲਮਾਂ, ਖਬਰਾਂ, ਫੌਜੀ ਹੁਨਰ, ਦਰਖਤ ਅਤੇ ਕਿਤਾਬਾਂ ਦਾ ਵੀ ਰੌਣਕ ਮੇਲਾ ਲਗਦਾ ਸੀ। ਭਾਸ਼ਣ ਵੀ ਜੁਬਾਨੀ ਹੀ ਹੁੰਦੇ ਸਨ। ਫਿਰ ਵੀ ਉਸ ਨੇ ਆਪਣੇ ਆਲੇ-ਦੁਆਲੇ ਇਹੋ ਜਿਹਾ ਮਾਹੌਲ ਪੈਦਾ ਨਹੀਂ ਹੋਣ ਦਿੱਤਾ ਜਿਸ ਨਾਲ ਲੋਕ ਉਸ ਦੀ ਪੂਜਾ ਕਰਨ ਲੱਗ ਪੈਣ। ਚਾਪਲੂਸੀ ਕਰਨ ਵਾਲਿਆਂ ਨੂੰ ਉਹ ਬੜੀ ਛੇਤੀ ਪਛਾਣ ਲੈਂਦਾ ਸੀ ਕਿ ਉਹ ਕਿਸ ਇਰਾਦੇ ਨਾਲ ਬੋਲ ਰਹੇ ਹਨ। ਇਕ ਰਾਜਨੀਤਿਕ ਵਿਗਿਆਨੀ ਪਾਲ ਸੋਂਡਰਲ ਨੇ ਵੀ ਇਸ ਗੱਲ ਦੀ ਗਵਾਹੀ ਦਿੱਤੀ ਹੈ।
> ਕਾਸਤਰੋ ਨਾ ਤਾਂ ਪੱਕਾ ਨਾਸਤਿਕ ਸੀ ਤੇ ਨਾ ਹੀ ਪੱਕਾ ਆਸਤਿਕ। ਮਾਰਕਸਵਾਦ ਫਿਲਾਸਫੀ ਉੱਤੇ ਉਸ ਦੀ ਪਕੜ ਕਹਿੰਦੇ ਕਹਾਉਂਦੇ ਸਿਧਾਂਤਕਾਰਾਂ ਵਾਲੀ ਨਹੀਂ ਸੀ ਅਤੇ ਨਾ ਹੀ ਉਹ ਧਰਮ ਨੂੰ ਉਸ ਤਰ੍ਹਾਂ ਮੰਨਦਾ ਸੀ ਜਿਵੇਂ ਕਿ ਧਾਰਮਿਕ ਲੋਕ ਮੰਨਦੇ ਹਨ। ਵੈਸੇ ਉਸ ਨੂੰ ਬਚਪਨ ਵਿਚ ਹੀ ਇਸਾਈ ਮੱਤ ਦੀ ਦੀਖਿਆ ਦਿੱਤੀ ਗਈ ਸੀ ਪਰ ਬਾਅਦ ਵਿਚ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਦਿਆਂ ਉਸ ਦਾ ਧਰਮ ਦੇ ਬਾਹਰੀ ਸਰੂਪਾਂ ਤੋਂ ਯਕੀਨ ਉੱਠ ਗਿਆ ਸੀ। ਬਸ ਉਹ ਤਾਂ ਇਨਸਾਫ ਦੀ ਗੱਲ ਕਰਦਾ ਸੀ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਨਿਰਮਲ ਸਰੂਪ ਵਿਚ ਵਿਸ਼ਵਾਸ ਰੱਖਦਾ ਸੀ। ਇਹ ਜਾਣਕਾਰੀ ਦਿਲਚਸਪ ਹੋਵੇਗੀ ਕਿ 20 ਸਤੰਬਰ 2015 ਨੂੰ ਕਾਸਤਰੋ ਦੀ ਮੁਲਾਕਾਤ ਪੋਪ ਫਰਾਂਸੀਸ ਨਾਲ ਹਵਾਨਾ ਵਿਚ ਹੀ ਹੋਈ। ਕਾਸਤਰੋ ਨੇ ਪੋਪ ਨੂੰ ਇਕ ਕਿਤਾਬ ਭੇਟ ਕੀਤੀ ਜਿਸ ਦਾ ਸਿਰਲੇਖ ਸੀ, ”ਫਿਦੇਲ ਤੇ ਧਰਮ”। ਇਹ ਕਿਤਾਬ 23 ਘੰਟੇ ਲੰਬੀਆਂ ਮੁਲਾਕਾਤਾਂ ਉੱਤੇ ਆਧਾਰਤ ਸੀ। ਉਸ ਨੇ ਪੋਪ ਨਾਲ ਦੁਨੀਆ ਦੇ ਖਰਾਬ ਹੋਏ ਵਾਤਾਵਰਣ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸ਼ਾਇਦ ਇਹ ਜਾਣਕਾਰੀ ਵੀ ਦਿਲਚਸਪ ਹੋਵੇਗੀ ਕਿ 1991 ਵਿਚ ਉਸ ਦੇ ਇਕੋ ਇਕ ਗੂੜ੍ਹੇ ਸਾਥੀ ਸੋਵੀਅਤ ਯੂਨੀਅਨ ਦੇ ਡਿਗਣ ਪਿਛੋਂ ਜਦੋਂ ਉਹ ਇਕੱਲਾ ਹੀ ਰਹਿ ਗਿਆ ਸੀ ਤਾਂ ਉਸ ਸਮੇਂ ਉਸ ਨੇ ਵਾਤਾਵਰਣ ਦੇ ਮੁੱਦੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਉਸ ਨੇ ਪੋਪ ਨਾਲ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਵੀ ਗੱਲਾਂ ਕੀਤੀਆਂ। ਕਾਸਤਰੋ ਨੇ ਜਜ਼ਬਿਆਂ ਵਿਚ ਭਿੱਜੇ ਲਹਿਜ਼ੇ ਵਿਚ ਪੋਪ ਨੂੰ ਯਾਦ ਕਰਵਾਇਆ ਕਿ ਜਿਹੜੇ ਆਪਣੇ ਲੋਕਾਂ ਲਈ ਸੰਜੀਦਾ ਤੇ ਇਮਾਨਦਾਰੀ ਨਾਲ ਸੰਘਰਸ਼ ਕਰਦੇ ਹਨ ਉਹ ਭਾਵੇਂ ਰੱਬ ਨੂੰ ਮੰਨਦੇ ਹੋਣ ਤੇ ਭਾਵੇਂ ਨਾ ਮੰਨਦੇ ਹੋਣ, ਉਹ ਹੀ ਅਸਲੀ ਇਨਸਾਨ ਹੁੰਦੇ ਹਨ। ਉਸ ਨੇ ਪੋਪ ਅੱਗੇ ਤਰਕ ਪੇਸ਼ ਕੀਤਾ ਕਿ ਯਸੂ ਮਸੀਹ ਨੇ ਆਪਣੇ ਨਾਲ ਜਿਹੜੇ 12 ਸਾਥੀਆਂ ਨੂੰ ਚੁਣਿਆ ਉਹ ਗਰੀਬ ਤੇ ਸਾਧਾਰਨ ਲੋਕ ਸਨ। ਕਮਿਊਨਿਸਟਾਂ ਦੇ ਮੁਹਾਵਰੇ ਵਿਚ ਉਹ ਅੱਜ ਦੇ ਪਰੋਲੇਤਾਰੀ ਯਾਨੀ ਕਿਰਤੀ ਲੋਕ ਸਨ। ਇਕ ਹੋਰ ਥਾਂ ‘ਤੇ ਕਾਸਤਰੋ ਨੇ ਯਸੂ ਮਸੀਹ ਨੂੰ ਸੱਚਾ ਕਾਮਿਊਨਿਸਟ ਆਖਿਆ। ਸ਼ਾਇਦ ਅਸੀਂ ਇਹ ਐਲਾਨ ਕਰ ਸਕਦੇ ਹਾਂ ਕਿ ਪਰੋਲੇਤਾਰੀ ਸਿਸਟਮ ਨੂੰ ਅਮਲੀ ਰੂਪ ਵਿਚ ਬਾਦਸ਼ਾਹਤ ਦਾ ਰੁਤਬਾ ਜੇ ਕਿਤੇ ਦਿੱਤਾ ਗਿਆ ਤਾਂ ਮਿਸਾਲ ਲਈ ਕਿਊਬਾ ਨੂੰ ਹੀ ਯਾਦ ਰੱਖਿਆ ਜਾਵੇਗਾ। ਸ਼ਾਇਦ ਇਹੋ ਕਾਰਨ ਸੀ ਕਿ ਉਸ ੀ ਇਕ ਭੈਣ ਜੂਨੈਤਾ ਕਾਸਤਰੋ ਵੀ ਉਸ ਨੂੰ ਛੱਡ ਕੇ ਅਮਰੀਕਾ ਚਲੀ ਗਈ ਸੀ ਕਿਉਂਕਿ ਖੁੱਲ੍ਹੇ ਖਰਚਿਆਂ ਦੀ ਮੌਜ ਕਾਸਤਰੋ ਨਹੀਂ ਸੀ ਦੇ ਸਕਦਾ। ਉਸ ਦੀ ਇਕ ਧੀ ਵੀ ਨਾਰਾਜ਼ ਹੋ ਕੇ ਚਲੀ ਗਈ। ਉਹ ਅਤੇ ਹੋਰ ਅਨੇਕਾਂ ਉਸ ਦੇ ਵਿਰੁੱਧ ਬੋਲਦੇ ਰਹਿੰਦੇ ਸਨ ਪਰ ਕਾਸਤਰੋ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਸੀ ਕਰਦਾ।
> ਕਿਹਾ ਜਾਂਦਾ ਹੈ ਕਿ ਕਾਸਤਰੋ ਇਕ ਤਾਨਾਸ਼ਾਹ ਸੀ, ਕਿ ਉਹ ਅੱਤ ਦਾ ਬੇਰਹਿਮ ਸੀ, ਕਿ ਉਸ ਦੇ ਰਾਜ ਵਿਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ, ਕਿ ਉਸ ਦੀ ਦਹਿਸ਼ਤ ਕਾਰਨ ਹਜ਼ਾਰਾਂ ਲੋਕਾਂ ਨੇ ਅਮਰੀਕਾ ਤੇ ਹੋਰਨੀ ਥਾਈਂ ਰਾਜਨੀਤਿਕ ਸ਼ਰਣ ਲਈ। ਇਹੋ ਜਿਹੇ ਦੋਸ਼ ਕਿਸੇ ਹੱਦ ਤਕ ਠੀਕ ਵੀ ਹਨ। ਇਹ ਸੱਚ ਹੈ ਕਿ ਅਮਰੀਕਾ ਦੇ ਇਕ ਸੂਬੇ ਵਿਚ ਰਾਜਸੀ ਸ਼ਰਨ ਲੈਣ ਵਾਲਿਆਂ ਦਾ ਇਕ ਕਸਬਾ ਵੀ ਹੈ ਜਿਸ ਨੂੰ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਨਾਂ ‘ਤੇ ”ਨਿੱਕਾ ਹਵਾਨਾ” ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਨੇ ਕਾਸਤਰੋ ਦੀ ਮੌਤ ਉੱਤੇ ਖੁਸ਼ੀ ਵਿਚ ਭੰਗੜੇ ਵੀ ਪਾਏ। ਪਰ ਜਦੋਂ ਤੁਸੀ ਸੱਚੀਂ-ਮੁੱਚੀਂ ਵਾਲੀ ਬਰਾਬਰੀ ਨੂੰ ਧਰਤੀ ਉੱਤੇ ਉਤਾਰਣ ਦੀ ਸੌਂਹ ਹੀ ਖਾ ਲਈ ਹੋਵੇ ਤਾਂ ਸਮਾਜ ਵਿਚ ਇਹੋ ਜਿਹੇ ਵਰਗ ਵੱਡੀ ਗਿਣਤੀ ਵਿਚ ਹੁੰਦੇ ਹਨ ਜਿਨ੍ਹਾਂ ਦੀ ਮਾਨਸਿਕਤਾ ਅਚਨਚੇਤ ਹੋ ਰਹੀ ਇਹੋ ਜਿਹੀ ਸਮਾਜਿਕ ਉੱਥਲ਼ ਪੁੱਥਲ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ”ਵੰਡ ਕੇ ਛਕਣ” ਦਾ ਸਿਧਾਂਤ ਅਜੇ ਉਨ੍ਹਾਂ ਦੇ ਜਿਸਮੋ-ਰੂਹ ਦਾ ਹਿੱਸਾ ਨਹੀਂ ਬਣਿਆ ਹੁੰਦਾ। ਕਾਸਤਰੋ ਨੇ ਇਨ੍ਹਾਂ ਗਾੜ੍ਹੇ ਹਨੇਰਿਆਂ ਨੂੰ ਚੀਰਿਆ ਸੀ। ਕੀ ਸਿਹਤ ਤੇ ਉੱਚੀਆਂ ਪੜ੍ਹਾਈਆਂ ਦੀ ਗੱਲ ਭਲਾ ਅੱਜ ਦੇ ਜ਼ਮਾਨੇ ਵਿਚ ਮੁਫਤ ਕਿਤੇ ਮਿਲੇਗੀ? ਇਹ ਦੋਵੇਂ ਬਰਕਤਾਂ ਯਾਨੀ ਸਿਹਤ ਤੇ ਵਿਦਿਆ, ਤਨ ਤੇ ਮਨ ਦੋਵਾਂ ਨੂੰ ਰੌਸ਼ਨ ਕਰਦੀਆਂ ਹਨ ਅਤੇ ਦੁਨੀਆ ਅੱਜ ਇਸੇ ਤੋਂ ਹੀ ਵਾਂਝੀ ਹੈ। ਕਿੰਨੇ ਕੁ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹਨ ਜੋ ਕਿਤਾਬਾਂ ਨੂੰ ਪਿਆਰ ਕਰਦੇ ਹਨ। ਪਰ ਕਾਸਤਰੋ ਨੂੰ ਕਿਤਾਬਾਂ ਨਾਲ ਪਿਆਰ ਸੀ, ਵੱਡੀਆਂ ਫਿਲਮਾਂ ਵੇਖਣ ਦਾ ਸ਼ੌਂਕ ਸੀ, ਬੂਟਿਆਂ ਨੂੰ ਮਿੱਟੀ ਤੋਂ ਬਿਨਾਂ ਹੀ ਉਗਾਉਣ ਦਾ ਸ਼ੌਂਕ ਸੀ, ਵੰਨ-ਸੁਵੰਨੇ ਵਧੀਆ ਖਾਣੇ ਬਣਾਉਣੇ ਪਸੰਦ ਸਨ, ਬਾਸਕਿਟਬਾਲ ਤੇ ਬੇਸਬਾਲ ਖੇਡਣ ਦਾ ਸ਼ੌਂਕ ਸੀ ਅਤੇ ਰੋਜ਼ਾਨਾ ਕਸਰਤ ਕਰਨੀ ਉਸ ਦੇ ਜੀਵਨ ਦਾ ਹਿੱਸਾ ਸੀ। ‘ਬੁੱਢਾ ਆਦਮੀ ਤੇ ਸਮੁੰਦਰ’ ਦਾ ਨਾਇਕ ਤੇ ਉਸ ਮਹਾਨ ਨਾਵਲ ਦਾ ਲੇਖਕ ਉਸ ਨੂੰ ਪਸੰਦ ਸੀ। ਪਰ ”100 ਸਾਲਾਂ ਦਾ ਇਕਲਾਪਾ” ਨਾਵਲ ਦੇ ਲੇਖਕ ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਨਾਲ ਉਸ ਨੂੰ ਇਸ ਹੱਦ ਤਕ ਪਿਆਰ ਹੋ ਗਿਆ ਸੀ ਕਿ ਉਹ ਇਹ ਕਹਿਣੋ ਨਹੀਂ ਰਹਿ ਸਕਿਆ ਕਿ ਜੇ ਮੈਨੂੰ ਅਗਲਾ ਜਨਮ ਮਿਲਿਆ ਤਾਂ ਮੈਂ ਇਕ ਸਿਆਸੀ ਆਗੂ ਬਣਨ ਦੀ ਥਾਂ ਮਾਰਕੁਏਜ਼ ਵਰਗਾ ਲੇਖਕ ਬਣਨਾ ਚਾਹਾਂਗਾ। ਉਸ ਦੇ ਇਹ ਸ਼ਬਦ ਯਾਦ ਰੱਖਣ ਵਾਲੇ ਹਨ ਕਿ ਰਾਜਨੀਤੀ, ਇਨਕਲਾਬ ਅਤੇ ਵਿਚਾਰ ਮਰਦੇ ਦਮ ਤਕ ਉਸ ਦੇ ਅੰਦਰ ਹਰ ਪਲ ਜਗਦੇ ਰਹਿਣਗੇ। ਉਸ ਦੇ ਮੂੰਹੋਂ ਨਿਕਲੇ ਇਹ ਤਿੰਨ ਕੀਮਤੀ ਸ਼ਬਦ 21ਵੀਂ ਸਦੀ ਦੇ ਭਟਕ ਰਹੇ ਸਿਆਸਤਦਾਨਾਂ ਲਈ ਮਾਰਗਦਰਸ਼ਕ ਬਣ ਸਕਦੇ ਹਨ।