ਲੁੱਟੇ ਜਾ ਰਹੇ ਹਾਂ, ਫਿਰ ਭੀ ਨੀਂਦ ਕਿਉਂ ਆ ਰਹੀ ਹੈ?

ਲੁੱਟੇ ਜਾ ਰਹੇ ਹਾਂ, ਫਿਰ ਭੀ ਨੀਂਦ ਕਿਉਂ ਆ ਰਹੀ ਹੈ?

ਕਰਮਜੀਤ ਸਿੰਘ

ਸੀਨੀਅਰ ਪੱਤਰਕਾਰ ਚੰਡੀਗੜ੍ਹ

ਚੰਡੀਗੜ੍ਹ: ਵੀਰਵਾਰ 10 ਨਵੰਬਰ ਨੂੰ ਸਵੇਰੇ ਛੇ ਵਜੇ ਫੋਨ ਦੀ ਘੰਟੀ ਖੜਕ ਗਈ। ਦੂਜੇ ਪਾਸੇ ਤੋ ਸਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਇਹ ਉਹ ਢਿੱਲੋਂ ਸਾਹਿਬ ਹਨ, ਜਿਹੜੇ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਤਿਹਾਸ ਵਿਭਾਗ ਦੇ ਚੇਅਰਮੈਨ ਰਹਿ ਚੁੱਕੇ ਹਨ। ਇਹ ਉਹ ਢਿੱਲੋਂ ਸਾਹਿਬ ਹਨ, ਜਿਨ੍ਹਾਂ ਨੇ ਪੰਜਾਬ ਦੇ ਦਰਦ ਦੀ ਕਹਾਣੀ ਉੱਤੇ ਪ੍ਰਸਿੱਧ ਕਿਤਾਬ ‘ਇੰਡੀਆ ਕਮਿਟਸ ਸੁਸਾਈਡ’ ਲਿਖੀ। ਇਹ ਉਹ ਢਿੱਲੋਂ ਸਾਹਿਬ ਹਨ, ਜੋ ਉਨ੍ਹਾਂ ਚੰਦ ਵਿਅਕਤੀਆਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਪੰਜਾਬ ਦੇ ਲੁੱਟੇ ਪਾਣੀਆਂ ਦੀ ਤੱਥਾਂ ਅਤੇ ਦਲੀਲਾਂ ਸਮੇਤ ਇਤਿਹਾਸਕ ਸਮਝ ਹੈ ਅਤੇ ਜੋ ਹਰ ਦੂਜੇ ਤੀਜੇ ਦਿਨ ਜਿਸ ਸਟੇਜ ਉੱਤੇ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ, ਉੱਥੇ ਹੀ ਇਸ ਦਰਦ ਭਰੀ ਦਾਸਤਾਨ ਉੱਤੇ ਡੂੰਘੇ ਵੈਣ ਪਾਉਂਦੇ ਰਹਿੰਦੇ ਹਨ।
ਅੱਜ ਫੋਨ ਉੱਤੇ ਉਨ੍ਹਾਂ ਦਾ ਸਾਰਾ ਗੁੱਸਾ ਪਹਿਲਾਂ ਮੇਰੇ ਉੱਤੇ ਨਾਜ਼ਲ ਹੋਇਆ। ਫੇਰ ਲੀਡਰਾਂ ਉੱਤੇ। ਫੇਰ ਰੈਡੀਕਲ ਲੀਡਰਾਂ ਉੱਤੇ। ਫੇਰ ਪੰਜਾਬ ਦੇ ਇਤਿਹਾਸਕਾਰਾਂ ਉੱਤੇ ਅਤੇ ਫੇਰ ਪੰਜਾਬ ਦੇ ਲੇਖਕਾਂ ਉੱਤੇ ਜਿਨ੍ਹਾਂ ਨੇ ਚਿੜੀ-ਕਾਂ ਦੀਆਂ ਕਹਾਣੀਆਂ ਪਾ ਕੇ ਢੇਰਮ-ਢੇਰ ਕਿਤਾਬਾਂ ਲਿਖੀਆਂ ਹਨ, ਪਰ ਆਪਣੀ ਕਲਪਨਾ ਨਾਲ ਕਦੇ ਵੀ ਪੰਜਾਬ ਦੇ ਲੁੱਟੇ ਗਏ ਪਾਣੀਆਂ ਉੱਤੇ ਦੋ ਅੱਖਰ ਨਹੀਂ ਲਿਖੇ, ਦੋ ਹੰਝੂ ਨਹੀਂ ਕੇਰੇ।
”ਕਰਮਜੀਤ! ਤੂੰ ਮਰ ਗਿਐਂ….ਤੈਨੂੰ ਨੀਂਦ ਕਿਵੇਂ ਆ ਰਹੀ ਐ… ਅਸੀਂ ਲੁੱਟੇ ਜਾ ਰਹੇ ਆਂ…ਸਭ ਪੱਤਰਕਾਰ ਮਰ ਗਏ ਨੇ…ਏਥੇ ਪੰਜਾਬ ਦਾ ਹੁਣ ਕੋਈ ਬਾਲੀਵਾਰਸ ਨਹੀਂ ਰਿਹਾ…ਬਣਾ ਲਓ ਤੁਸੀਂ ਆਪਣਾ ਖਾਲਿਸਤਾਨ… ਜਦੋਂ ਪਾਣੀ ਹੀ ਨਾ ਰਿਹਾ ਤਾਂ ਰੇਗਿਸਤਾਨ ਵਿੱਚ ਕਰ ਲਿਓ ਤੁਸੀਂ ਆਪਣਾ ਰਾਜ… ਵੱਡੇ ਆਏ ਖਾਲਿਸਤਾਨੀ…।”
ਉਨ੍ਹਾਂ ਦਾ ਪਿਆਰ ਭਰਿਆ ਗੁੱਸਾ ਜਾਰੀ ਸੀ, ”ਤੈਨੂੰ ਪਤਾ ਹੈ 2009 ਵਿੱਚ ਲੁਧਿਆਣਾ ਵਿੱਚ ਰੈਲੀ ਹੋਈ ਸੀ। ਬੜੀ ਵੱਡੀ ਰੈਲੀ ਸੀ। ਉੱਥੇ ਮੋਦੀ ਵੀ ਆਇਆ ਸੀ ਅਤੇ ਨਿਤੀਸ਼ ਕੁਮਾਰ ਵੀ ਸੀ। ਉਦੋਂ ਉਹ ਐਨ.ਡੀ.ਏ. ਵਿੱਚ ਸੀ, ਯਾਨੀ ਭਾਜਪਾ ਨਾਲ ਸੀ। ਰੈਲੀ ਵਿੱਚ ਬਾਦਲ ਵੀ ਬੈਠਾ ਸੀ। ਮੋਦੀ ਨੇ ਕਿਹਾ ਕਿ ਅਸੀਂ ਹੁਣ ਸਾਰੇ ਭਾਰਤ ਦੇ ਦਰਿਆਵਾਂ ਨੂੰ ਇੱਕ ਕਰ ਦੇਣਾ ਹੈ ਯਾਨੀ ਨੈਸ਼ਨਲ ਗਰਿੱਡ ਬਣਾ ਦੇਣਾ ਹੈ। ਤੈਨੂੰ ਪਤਾ ਹੈ ਗਰਿੱਡ ਕੀ ਹੁੰਦਾ ਏ? ਤੈਨੂੰ ਪਤਾ ਏ ਮੋਦੀ ਨੇ ਕੀ ਆਖਿਆ? ਤੈਨੂੰ ਪਤਾ ਏ ਦਰਿਆਵਾਂ ਨੂੰ ਇਕੱਠੇ ਕਰਨ ਨਾਲ ਸਭ ਤੋਂ ਵੱਧ ਰਾਏਪੇਰੀਅਨ ਰਾਜਾਂ ਨੂੰ ਨੁਕਸਾਨ ਹੁੰਦਾ ਹੈ। ਪੰਜਾਬ ਨੇ ਤਾਂ ਸਭ ਤੋਂ ਪਹਿਲਾਂ ਮਰਨਾ ਹੀ ਮਰਨਾ ਏ ਕਿਉਂਕਿ ਅਸੀਂ ਰਾਏਪੇਰੀਅਨ ਰਾਜ ਹਾਂ। ਪਰ ਮੋਦੀ ਨੇ ਇੱਕ ਗੱਲ ਕਰਕੇ ਹੈਰਾਨ ਕਰ ਦਿੱਤਾ, ਕਹਿੰਦਾ ਸਾਡੇ ਫੈਸਲੇ ਦੀ ਬਾਦਲ ਸਾਹਿਬ ਵੀ ਪੂਰੀ ਹਮਾਇਤ ਕਰ ਰਹੇ ਹਨ। ਹੋਰ ਸੁਣ। ਇਹ ਬਾਦਲ ਘਸਲ ਮਾਰ ਕੇ ਬੈਠਾ ਰਿਹਾ। ਇੱਕ ਅੱਖਰ ਵੀ ਮੂੰਹੋਂ ਨਾ ਬੋਲ ਸਕਿਆ। ਜਦੋਂ ਮੈਂ ਪਿੱਟਿਆ ਤਾਂ ਤੀਜੇ ਦਿਨ ਇਸ ਨੂੰ ਹੋਸ਼ ਆਈ ਤੇ ਫੇਰ ਮੋਦੀ ਦੀ ਗੱਲ ਦਾ ਮਰੀਅਲ ਜਿਹਾ ਵਿਰੋਧ ਕੀਤਾ। ਇਹ ਬਾਦਲ ਕੇਂਦਰ ਦੇ ਹੱਥ ਵਿੱਚ ਪੰਜਾਬ ਦੇ ਵਿਰੁੱਧ ਆਸਾਨੀ ਨਾਲ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬੰਦਾ ਹੈ।”
ਢਿੱਲੋਂ ਸਾਹਿਬ ਦੀ ਦਰਦ ਭਰੀ ਦਾਸਤਾਨ ਵਿੱਚ ਮੈਂ ਕੋਈ ਵਿਘਨ ਨਹੀਂ ਸੀ ਪਾਉਣਾ ਚਾਹੁੰਦਾ ਅਤੇ ਨਾ ਹੀ ਕੋਈ ਸਵਾਲ ਕਰਨਾ ਚਾਹੁੰਦਾ ਸੀ। ਇਸ ਲਈ ਸਿਖਰ ਦੁਪਹਿਰ ਵਾਂਗ ਉਨ੍ਹਾਂ ਦਾ ਚਮਕਦਾ ਗੁੱਸਾ ਜਾਰੀ ਰਿਹਾ, ”ਤੈਨੂੰ ਪਤੈ ਆਸਟਰੇਲੀਆ ਵਿੱਚ ਕੀ ਹੁੰਦੈ? ਉਨ੍ਹਾਂ ਕੋਲ ਪਾਣੀ ਨਹੀਂ। ਸਾਰਾ ਦੇਸ਼ ਖਾਲੀ ਪਿਐ। ਵੱਡੇ ਵੱਡੇ ਪਾਣੀਆਂ ਦੇ ਮਾਹਰ ਦੁਹਾਈ ਦੇ ਰਹੇ ਹਨ ਕਿ ਤੀਜੀ ਜੰਗ ਪਾਣੀ ਤੋਂ ਹੋਣੀ ਏ। ਪਰ ਅਸੀਂ ਚੁੱਪ ਕਰਕੇ ਬੈਠੇ ਆਂ ਅਤੇ ਹੋਰਨਾਂ ਨੂੰ ਪਾਣੀ ਦੇ ਰਹੇ ਆਂ। ਤੈਨੂੰ ਪਤਾ ਏ ਕੈਨੇਡਾ ਕੋਲ ਸਭ ਤੋਂ ਵੱਧ ਪਾਣੀ ਹੈ। ਉਨ੍ਹਾਂ ਦੇ ਦੇਸ਼ ਵਿੱਚ 20-20 ਮੀਲ ਲੰਮੀਆਂ ਝੀਲਾਂ ਹਨ। ਤੂੰ ਕਿਊਬੇਕ ਬਾਰੇ ਜਾਣਦਾ ਏਂ। ਸਭ ਤੋ ਵੱਧ ਪਾਣੀ ਕੈਨੇਡਾ ਵਿੱਚ ਕਿਊਬੇਕ ਕੋਲ ਏ। ਨਾਲ ਦੇ ਰਾਜਾਂ ਨੇ ਪਾਣੀ ਮੰਗਿਆ, ਉਨ੍ਹਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਇੱਕ ਬੂੰਦ ਵੀ ਨਹੀਂ ਦੇ ਸਕਦੇ। ਪਰ ਆਪਾਂ ਸਾਰਾ ਪਾਣੀ ਬਾਹਰ ਵੰਡ ਦਿੱਤਾ। ਹੁਣ ਸਾਡਾ ਖੂਨ ਹੋਰ ਲੋਕ ਪੀਂਦੇ ਜਾ ਰਹੇ ਹਨ। ਬਸ ਹੁਣ ਅਸੀਂ ਲਾਸ਼ਾਂ ਹੀ ਬਣਾਗੇਂ।”
ਮੈਂ ਝਿਜਕਦਿਆਂ ਝਿਜਕਦਿਆਂ ਸਵਾਲ ਕਰਨ ਦਾ ਹਂੌਸਲਾ ਕਰ ਲਿਆ। ਢਿੱਲੋਂ ਸਾਬ, ਹੁਣ ਆਪਾਂ ਸੁਪਰੀਮ ਕੋਰਟ ਦੇ ਫੈਸਲੇ ਪਿੱਛੋਂ ਹੋਰ ਕਿੱਥੇ ਜਾਵਾਗੇਂ? ਡਾਕਟਰ ਸਾਹਿਬ ਨੇ ਹੁਣ ਬੇਬਸੀ ਦੇ ਲਹਿਜ਼ੇ ਵਿੱਚ ਆਪਣਾ ਸਹਿੰਦਾ ਸਹਿੰਦਾ ਇਤਰਾਜ਼ ਕੁੱਛ ਇਵੇਂ ਜ਼ਾਹਰ ਕੀਤਾ, ”ਉਦੋਂ ਸੁਪਰੀਮ ਕੋਰਟ ਕਿੱਥੇ ਸੀ ਜਦੋਂ 3 ਹਜ਼ਾਰ ਸਿੱਖ ਦਿੱਲੀ ਵਿੱਚ ਮਾਰੇ? ਨਿੱਕੇ ਨਿੱਕੇ ਮਸਲਿਆਂ ‘ਤੇ ਸੂਔ ਮੋਟੋ ਨੋਟਿਸ ਜਾਰੀ ਕਰ ਦਿੰਦੇ ਹਨ। ਪਰ 3 ਹਜ਼ਾਰ ਮਾਰੇ ਸਿੱਖਾਂ ਸਮੇਂ ਕੋਈ ਸੂਔ ਮੋਟੋ ਨੋਟਿਸ ਕਿਉਂ ਨਾ ਜਾਰੀ ਹੋਇਆ? ਸਾਡੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਉਦੋਂ ਸੁਪਰੀਮ ਕੋਰਟ ਕਿੱਥੇ ਸੀ? ਸਾਡੇ ਗੁਰੂ ਗ੍ਰੰਥ ਸਾਹਿਬ ਸਾੜੇ ਗਏ ਸਾਡੇ ਗੁਰੂ ਘਰਾਂ ਨੂੰ ਅੱਗਾਂ ਲਾਈਆਂ ਗਈਆਂ, ਉਦੋਂ ਸੁਪਰੀਮ ਕੋਰਟ ਕਿੱਥੇ ਸੀ? ਕਰਮਜੀਤ! ਸਾਡੀ ਟਰੈਜ਼ਡੀ ਬਹੁਤ ਵੱਡੀ ਹੈ…ਬਹੁਤ ਪਾਸਿਆਂ ਤੋਂ…ਅਸੀਂ ਤਬਾਹ ਹੋ ਰਹੇ ਹਾਂ…ਸਾਰੀਆਂ ਬਿਜਲੀਆਂ ਸਾਡੇ ਉੱਤੇ ਹੀ ਕਿਉਂ ਡਿੱਗਦੀਆਂ ਨੇ…? ਸਾਨੂੰ ਅੱਖਾਂ ਖੋਲ੍ਹ ਕੇ ਪੜ੍ਹਨਾ ਪੈਣਾ ਹੈ…ਦਿਮਾਗਾਂ ਉੱਤੇ ਬੋਝ ਪਾਉਣਾ ਪੈਣਾ ਹੈ…ਇੰਟਰਨੈਸ਼ਨਲ ਲਾਅ ਦੇਖਣੇ ਪੈਣੇ…ਰਾਏਪੇਰੀਅਨ ਰਾਈਟਸ ਕੀ ਕਹਿੰਦੇ ਹਨ…ਉਪਰੋਂ ਉਪਰੋਂ ਇਹ ਲੀਡਰ ਕਿੰਨਾ ਬਕਵਾਸ ਕਰ ਰਹੇ ਨੇ…ਇੱਕ ਦੂਜੇ ਉੱਤੇ ਤੋਹਮਤਾਂ ਲਾਅ ਰਹੇ ਨੇ…ਅਸਲ ਵਿੱਚ ਇਹ ਸਾਰੇ ਦੋਸ਼ੀ ਨੇ…ਹੁਣ ਸਾਰੇ ਲੀਡਰ ਲੋਕਾਂ ਦੇ ਜਜ਼ਬਿਆਂ ਨੂੰ ਭੜਕਾਉਣਗੇ ਅਤੇ ਕਹਿੰਦੇ ਰਹਿਣਗੇ ਕਿ ਇੱਕ ਬੂੰਦ ਵੀ ਪਾਣੀ ਨਹੀਂ ਜਾਣ ਦੇਵਾਂਗੇ। ਇਹ ਗੱਲ ਹੁਣ ਇਨ੍ਹਾਂ ਦੀ ਤਕੀਆ ਕਲਾਮ ਬਣ ਚੁੱਕੀ ਹੈ…ਮੈਂ ਤੈਨੂੰ ਕਹਿੰਨਾ ਕਿ ਕਿਸੇ ਨੇ ਲੜਾਈ ਨਹੀਂ ਲੜਨੀ ਨਾ ਕਾਂਗਰਸ ਨੇ, ਨਾ ਬਾਦਲ ਨੇ ਅਤੇ ਨਾ ‘ਆਪ’ ਨੇ। ਉੱਪਰੋਂ ਉੱਪਰੋਂ ਬਕਵਾਸ ਜਾਰੀ ਰਹੇਗੀ ਪਰ ਅੰਦਰਲੀ ਤਹਿ ਤੱਕ ਕਿਸੇ ਨੇ ਨਹੀਂ ਜਾਣਾ… ਹਾਂ ਸ਼ਾਇਦ ਅਮਰਿੰਦਰ ਕੁਛ ਕਰ ਸਕਦਾ ਏ ਪਰ ਮੈਨੂੰ ਪਤਾ ਲੱਗਿਆ ਉਸ ਦੀ ਸਿਹਤ ਵੀ ਬਹੁਤੀ ਚੰਗੀ ਨਹੀਂ। ਉਸ ਨੂੰ ਸਾਹ ਚੜ੍ਹਦਾ ਏ।”
ਡਾਕਟਰ ਗੁਰਦਰਸ਼ਨ ਸਿੰਘ ਫੇਰ ਸੰਗਤ ਸਿੰਘ ਉੱਤੇ ਵਰ੍ਹਨ ਲੱਗੇ। ਕੀ ਲਿਖਿਐ ਉਸ ਨੇ? ਅਖਬਾਰਾਂ ਦੀਆਂ ਕਾਤਰਾਂ ਕੱਟ ਕੱਟ ਕੇ ਕਿਤਾਬ ਲਿਖ ਦਿੱਤੀ ‘ਸਿੱਖਸ ਇਨ ਹਿਸਟਰੀ’। ਇਤਿਹਾਸ ਅਖਬਾਰਾਂ ਤੋਂ ਨਕਲ ਮਾਰ ਕੇ ਲਿਖੇ ਜਾਂਦੇ। ਪਾਣੀ ਬਾਰੇ ਉਸ ਨੇ ਇੱਕ ਅੱਖਰ ਨਹੀਂ ਲਿਖਿਆ। ਪਾਣੀ ਨੇ ਹੀ ਸਾਡੇ ਭਵਿੱਖ ਦਾ ਫੈਸਲਾ ਕਰਨਾ ਹੈ। ਪਾਣੀ ਨੇ ਹੀ ਸਾਡਾ ਅੱਜ, ਸਾਡੀ ਹਸਤੀ ਤੈਅ ਕਰਨੀ ਹੈ। ਮੈਂ ਹਰ ਰੋਜ਼ ਰੌਲਾ ਪਾਉਂਦਾਂ, ਲੋਕ ਮੈਨੂੰ ਪਾਗਲ ਕਹਿੰਦੇ ਨੇ…ਆਖੀ ਜਾਣ ਪਰ ਮੈਂ ਤਾਂ ਬੋਲਦਾ ਹੀ ਰਵਾਗਾਂ। ਤੈਨੂੰ ਪਤੈ ਪੁਲੀਟੀਕਲ ਸਾਇੰਸ ਵਿੱਚ ‘ਸਟੇਟ’ ਕਿਸ ਨੂੰ ਕਹਿੰਦੇ ਹਨ? ‘ਸਟੇਟ’ ਕੋਲ ਆਪਣੀ ਜ਼ਮੀਨ (ਟੈਰੀਟਰੀ) ਹੁੰਦੀ ਹੈ, ਆਪਣੀ ਵੱਸੋਂ ਹੁੰਦੀ ਹੈ। ਇਹੋ ਗੱਲ ਉਸ ਨੂੰ ਸੌਵਰਨ ਬਣਾਉਂਦੀ ਹੈ, ਜਿਸ ਨੂੰ ਤੂੰ ਪ੍ਰਭੂ ਸੰਪੰਨ ਕਹਿੰਦਾ ਆ। ਕੇਂਦਰ ਸਰਕਾਰ ਕੋਲ ਕੋਈ ਟੈਰੀਟਰੀ ਨਹੀਂ ਹੁੰਦੀ। ਰਾਜਾਂ ਕੋਲ ਟੈਰੀਟਰੀ ਹੁੰਦੀ ਹੈ। ਏਸੇ ਲਈ ਉਹ ਸੌਵਰਨ ਹੁੰਦੀਆਂ ਹਨ। ਅਮਰੀਕਾ ਵਿੱਚ ਫੈਡਰਲ ਢਾਂਚਾ ਹੈ ਪਰ ਉੱਥੇ ਕੇਂਦਰ ਕੋਲ ਕੋਈ ਟੈਰੀਟਰੀ ਨਹੀਂ। ਉਨ੍ਹਾਂ ਕੋਲ ਕਰੰਸੀ ਹੋ ਸਕਦੀ ਹੈ, ਫੌਜ ਹੋ ਸਕਦੀ ਹੈ ਪਰ ਟੈਰੀਟਰੀ ਨਹੀਂ ਹੁੰਦੀ। ਉੱਥੇ ਰਾਜ ਅਰਥਾਤ ਸੂਬੇ ਆਜ਼ਾਦ ਹਨ। ਉਹ ਆਪਣੇ ਅਧਿਕਾਰਾਂ ਉੱਤੇ ਕੇਂਦਰ ਨੂੰ ਛਾਪਾ ਮਾਰਨ ਦੀ ਖੁੱਲ੍ਹ ਹੀ ਨਹੀਂ ਦਿੰਦੇ। ਪਰ ਅਸੀਂ?…ਅਸੀਂ ਬੋਲਦੇ ਹੀ ਨਹੀਂ, ਜੇ ਬੋਲਦੇ ਹਾਂ ਤਾਂ ਗ਼ਲਤ-ਮਲਤ ਬੋਲਦੇ ਹਾਂ। ਨਾ ਹੀ ਸੀਰੀਅਸ ਗੱਲਾਂ ਪੜ੍ਹਦੇ ਹਾਂ। ਤੈਨੂੰ ਪਤੈ ਬਾਦਲ ਸਾਬ ਤਾਂ ਖੁਦ ਹੀ ਮੰਨਦੇ ਨੇ ਕਿ ਮੈਂ ਤਾਂ ਕਿਤਾਬ ਪੜ੍ਹਦਾ ਈ ਨਹੀਂ, ਦੱਸੋ ਜਿਸ ਨੇ ਕਿਤਾਬ ਈ ਨਹੀਂ ਪੜ੍ਹਨੀ ਉਸ ਨੂੰ ਪਾਣੀ ਦੇ ਗੁੰਝਲਦਾਰ ਮਸਲੇ ਦਾ ਕਿਵੇਂ ਪਤਾ ਲੱਗੂ? ਤੇ ਉਹ ਲੋਕਾਂ ਨੂੰ ਕੀ ਦੱਸੂ?
ਜਦੋਂ ਡਾਕਟਰ ਗੁਰਦਰਸ਼ਨ ਸਿੰਘ ਦਾ ਫ਼ੋਨ ਖ਼ਤਮ ਹੋਇਆ ਤਾਂ ਮੈਨੂੰ ਪਾਣੀਆਂ ਦੇ ਮੁੱਦੇ ਉੱਤੇ ਬਰਨਾਲਾ ਸਰਕਾਰ ਦੌਰਾਨ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪੰਜਾਬ ਨਾਲ ਕੀਤੀ ਸਭ ਤੋਂ ਵੱਡੀ ਗੱਦਾਰੀ ਯਾਦ ਆਈ। ਉਨ੍ਹਾਂ ਦਿਨਾਂ ਵਿੱਚ ਮੈਨੂੰ ‘ਸਿੱਖ ਇਨਕਲਾਬ’ ਕਿਤਾਬ ਦੇ ਮਹਾਨ ਲੇਖਕ ਸਰਦਾਰ ਜਗਜੀਤ ਸਿੰਘ, ਸਰਦਾਰ ਦਲਜੀਤ ਸਿੰਘ ਆਈ.ਏ.ਐਸ., ਸਰਦਾਰ ਗੁਰਤੇਜ ਸਿੰਘ ਆਈ.ਏ.ਐਸ. ਅਤੇ ਉੱਘੇ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਨੂੰ ਕਈ ਵਾਰ ਮਿਲਣ ਦੇ ਮੌਕੇ ਮਿਲਦੇ ਰਹਿੰਦੇ ਸਨ। ਇਨ੍ਹਾਂ ਹੀ ਸੱਜਣਾਂ ਨੇ ਪਾਣੀਆਂ ਦੇ ਲੁੱਟੇ ਜਾਣ ਦੀ ਦਾਸਤਾਨ ਪੰਜਾਬ ਦੇ ਲੋਕਾਂ ਨੂੰ ਸਭ ਤੋ ਪਹਿਲਾਂ ਦੱਸੀ ਸੀ। ਉਦੋਂ ਤੱਕ ਅਕਾਲੀਆਂ ਦੇ ਵੱਡੇ ਵੱਡੇ ਲੀਡਰਾਂ ਨੂੰ ਵੀ ਪਾਣੀਆਂ ਬਾਰੇ ਹੋਏ ਵਿਤਕਰੇ ਸੰਬੰਧੀ  À, ਅ ਵੀ ਨਹੀਂ ਸੀ ਆਉਂਦਾ ਤੇ ਸ਼ਾਇਦ ਹਾਲਤ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਹੀ ਦਿਨਾਂ ਵਿੱਚ ਮੈਂ ਸਰਦਾਰ ਦਲਜੀਤ ਸਿੰਘ ਦੇ ਘਰ 9 ਸੈਕਟਰ ਵਿੱਚ ਗਿਆ। ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਐਲਆਰ ਦੇ ਹੱਥ ਫਾਈਲ ਭੇਜੀ ਤੇ ਉਨ੍ਹਾਂ ਤੋਂ ਪਾਣੀਆਂ ਦੇ ਮੁੱਦੇ ‘ਤੇ ਟ੍ਰਿਬਿਊਨਲ ਕਾਇਮ ਕਰਨ ਬਾਰੇ ਸਲਾਹ ਮੰਗੀ। ਦਲਜੀਤ ਸਿੰਘ ਨੇ ਦੁਹਾਈ ਦਿੱਤੀ ਕਿ ਰੱਬ ਦੇ ਵਾਸਤੇ ਇਹ ਮਾਮਲਾ ਭੁੱਲ ਕੇ ਵੀ ਟ੍ਰਿਬਿਊਨਲ ਨੂੰ ਨਾ ਸੌਂਪ ਦੇਣਾ। ਜੇ ਸੌਂਪ ਦਿੱਤਾ ਤਾਂ ਸੁਪਰੀਮ ਕੋਰਟ ਵਿੱਚ ਜਾਣ ਦਾ ਹੱਕ ਸਦਾ ਲਈ ਗੁਆ ਬੈਠੋਗੇ। ਪਰ ਬਰਨਾਲੇ ਨੇ ਦਲਜੀਤ ਸਿੰਘ ਦੀ ਸਲਾਹ ਨਹੀ ਮੰਨੀ ਤੇ ਕੇਂਦਰ ਦੇ ਦਬਾਅ ਹੇਠ ਆ ਕੇ ਆਪਣੀ ਸਰਕਾਰ ਨੂੰ ਬਚਾਉਣ ਲਈ ਟ੍ਰਿਬਿਊਨਲ ਮੰਨ ਲਿਆ। ਜਦੋਂ ਮੈਂ ਦਲਜੀਤ ਸਿੰਘ ਦੇ ਘਰ ਗਿਆ ਤਾਂ ਉਹ ਬੇਹੱਦ ਮਾਯੂਸ ਸਨ। ਜ਼ਿੰਦਗੀ ਵਿੱਚ ਏਨਾ ਉਦਾਸ ਉਹ ਕਦੇ ਵੀ ਨਹੀਂ ਸਨ ਹੋਏ। ਉਨ੍ਹਾਂ ਦਾ ਅੰਦਰ ਧਾਹਾਂ ਮਾਰ ਕੇ ਰੋ ਰਿਹਾ ਸੀ। ਰਾਜੀਵ ਗਾਂਧੀ ਨੇ ਛੇਤੀ ਹੀ ਬਰਨਾਲਾ ਸਰਕਾਰ ਨੂੰ ਚੱਲਦਾ ਕਰ ਦਿੱਤਾ। ਲੇਕਿਨ ਸਦੀਵੀਂ ਗੱਦਾਰੀ ਦਾ ਦਾਗ਼ ਉਸ ਦੇ ਮੱਥੇ ‘ਤੇ ਲੱਗ ਗਿਆ। ਅੱਜ ਕਿਸੇ ਨੂੰ ਵੀ ਨਹੀਂ ਪਤਾ ਕਿ ਪਾਣੀਆਂ ਦੇ ਸਵਾਲ ‘ਤੇ ਉਹ ਵੀ ਇੱਕ ਦੋਸ਼ੀ ਹੈ। ਹਾਲਾਂਕਿ ਉਸ ਦੇ ਨਰਮ ਦਿਸਦੇ ਸੁਭਾਅ ਪਿੱਛੇ ਇਹ ਵੱਡਾ ਗੁਨਾਹ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ।
ਖੈਂਰ ਮੈਂ ਸਰਦਾਰ ਦਲਜੀਤ ਸਿੰਘ ਦੀ ਗੱਲ ਕਰਦਾ ਹਾਂ ਜੋ ਅਕਸਰ ਹੀ ਅਫਸਰਸ਼ਾਹੀ ਪ੍ਰਣਾਲੀ ਦੇ ਉੱਚੇ ਪਦ ਉੱਤੇ ਹੋਣ ਕਾਰਨ ਆਪਣੇ ਸੁਭਾਵ ਮੁਤਾਬਕ ਵੀ ਬੜੇ ਸੰਕੋਚ ਅਤੇ ਸੰਜਮ ਨਾਲ ਹੀ ਆਪਣੀ ਗੱਲ ਕਰਦੇ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਹੁਣ ਕੁਝ ਹੋ ਸਕਦਾ ਹੈ। ਉਨ੍ਹਾਂ ਨੇ ਮੱਥੇ ਉੱਤੇ ਹੱਥ ਮਾਰਿਆ ਅਤੇ ਕਿਹਾ ਨਹੀਂ ਹੁਣ ਕੁਝ ਨਹੀਂ ਹੋ ਸਕਦਾ। ਮੈਂ ਫਿਰ ਸੁਆਲ ਕੀਤਾ ਕਿ ਤੁਹਾਡਾ ਐਨਾ ਵੱਡਾ ਅਤੇ ਵਿਸ਼ਾਲ ਅਨੁਭਵ ਹੈ, ਕ੍ਰਿਪਾ ਪਰਕੇ ਕੁਛ ਤਾਂ ਦੱਸੋ। ਉਨ੍ਹਾਂ ਜਵਾਬ ਦਿੱਤਾ ਕਿ ਜੇਕਰ ਸੁਪਰੀਮ ਕੋਰਟ ਵਿੱਚ ਪੰਜਾਬ ਪੁਨਰਗਠਨ ਐਕਟ ਨੂੰ ਹੀ ਚੈਲੰਜ ਕਰ ਦਿੱਤਾ ਜਾਵੇ ਤਾਂ ਸ਼ਾਇਦ ਕੁਝ ਰਾਹਤ ਮਿਲ ਸਕਦੀ ਹੈ। ਪਰ ਕਿਸੇ ਨੇ ਵੀ ਇਸ ਐਕਟ ਨੂੰ ਚੈਲੰਜ ਕਰਨ ਦੀ ਲੋੜ ਨਾ ਸਮਝੀ। ਕੁੱਝ ਹੀ ਮਿੰਟਾਂ ਪਿੱਛੋਂ ਦਲਜੀਤ ਸਿੰਘ ਮੈਨੂੰ ਕਹਿਣ ਲੱਗੇ ਕਿ ਮੁੰਡਿਆਂ ਦਾ ਅੰਦੋਲਨ ਵੀ ਤਾਂ ਚੱਲ ਹੀ ਰਿਹਾ ਹੈ। ਉਨ੍ਹਾਂ ਦਾ ਇਸ਼ਾਰਾ ਜੁਝਾਰੂ ਲਹਿਰ ਵੱਲ ਸੀ ਜੋ ਪੰਜਾਬ ਦੀ ਆਜ਼ਾਦੀ ਲਈ ਮੈਦਾਨੇ ਜੰਗ ਵਿੱਚ ਜੂਝ ਰਹੇ ਸਨ। ਪਤਾ ਨਹੀਂ ਇਹ ਗੁਪਤ ਇਸ਼ਾਰਾ ਮੁੰਡਿਆਂ ਤੱਕ ਕਦੋਂ ਅਤੇ ਕਿਵੇਂ ਪਹੁੰਚ ਗਿਆ ਅਤੇ ਫੇਰ ਉਹ ਦਿਨ ਆ ਗਿਆ ਜਦੋਂ ਜੁਝਾਰੂਆਂ ਨੇ ਵੱਡਾ ਕਾਰਨਾਮਾ ਕਰਕੇ ਨਹਿਰ ਨੂੰ ਰੋਕ ਦਿੱਤਾ ਅਤੇ ਫੇਰ ਉਸ ਤੋਂ ਪਿੱਛੋਂ ਨਹਿਰ ਪੂਰੀ ਕਰਨ ਦਾ ਕਿਸੇ ਨੇ ਵੀ ਹੌਸਲਾ ਨਾ ਕੀਤਾ।
ਫੇਰ ਇੱਕ ਦਿਨ ਮੈਂ ਕਿਸੇ ਹੋਰ ਕੰਮ ਸਰਦਾਰ ਦਲਜੀਤ ਸਿੰਘ ਦੇ ਘਰ ਗਿਆ ਤਾਂ ਐਸਵਾਈਐਲ ਨਹਿਰ ਦੇ ਰੋਕੇ ਜਾਣ ਬਾਰੇ ਸਰਸਰੀ ਗੱਲ ਚੱਲ ਨਿਕਲੀ। ਦਲਜੀਤ ਸਿੰਘ ਨੇ ਮੁਸਕਰਾਉਂਦਿਆਂ ਅੰਗਰੇਜ਼ੀ ਵਿੱਚ ਕਿਹਾ ‘ਸਮਟਾਈਮਸ ਵਾਇਲੈਂਸ ਇਜ਼ ਗਰੇਟ ਕਮਨੀਕੇਸ਼ਨ’ ਯਾਨੀ ਕਈ ਵਾਰ ਹਿੰਸਾ ਵੀ ਇੱਕ ਵੱਡਾ ਸੁਨੇਹਾ ਦੇ ਜਾਂਦੀ ਹੈ। ਮੈਂ ਮੋੜਵਾਂ ਜਵਾਬ ਦਿੱਤਾ :ਸਰ, ਹਿੰਸਾ ਨਹੀਂ ਇਨਕਲਾਬੀ ਹਿੰਸਾ। ਉਹ ਫਿਰ ਮੁਸਕਰਾਏ ਤੇ ਹੁਣ ਮੇਰੇ ਲਈ ਇਹ ਸਮਝਣਾ ਔਖਾ ਨਹੀਂ ਸੀ ਕਿ ਉਨ੍ਹਾਂ ਦੀ ਮੁਸਕਰਾਹਟ ਵਿੱਚ ਬਿਨਾਂ ਬੋਲਿਆਂ ਹੀ ਮੇਰੇ ਨਾਲ ਸਹਿਮਤੀ ਸੀ।
ਇਸ ਗੱਲ ਨੂੰ ਕਿੰਨੇ ਸਾਲ ਬੀਤ ਗਏ ਹਨ। ਸਰਦਾਰ ਦਲਜੀਤ ਸਿੰਘ ਵੀ ਇਸ ਦੁਨੀਆ ਵਿੱਚ ਨਹੀਂ ਰਹੇ। ਪਰ ਅੱਜ ਜਦੋਂ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ ਕਿ ਸਾਡੇ ਆਗੂ ਕਿਵੇਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਟਾਹਰਾਂ ਮਾਰ ਰਹੇ ਹਨ ਕਿ ਅਸੀਂ ਗੋਲੀਆਂ ਖਾ ਲਵਾਂਗੇ, ਅਸੀਂ ਖੂਨ ਬਹਾ ਦੇਵਾਂਗੇ ਪਰ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ। ਪਰ ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਸਭਨਾਂ ਨੇ ਨਹਿਰ ਤਾਂ ਕੱਢਵਾ ਹੀ ਦਿੱਤੀ ਸੀ। ਜਦੋਂ ਪਹਿਲਾਂ ਟੱਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਕੋਲ ਖੜ੍ਹੇ ਸਨ। ਸੁਰਜੀਤ ਸਿੰਘ ਬਰਨਾਲਾ ਦੀ ਗੱਦਾਰੀ ਸਾਰਿਆਂ ਨੇ ਵੇਖ ਹੀ ਲਈ ਹੈ ਅਤੇ ਬਾਦਲ ਸਾਬ ਨੇ ਵੀ ਹਰਿਆਣੇ ਤੋਂ 2 ਕਰੋੜ ਲੈ ਲਏ ਸਨ ਅਤੇ ਦਰਬਾਰਾ ਸਿੰਘ ਨੇ ਵੀ ਇੰਦਰਾ ਗਾਂਧੀ ਦੇ ਕਹਿਣ ‘ਤੇ ਸੁਪਰੀਮ ਕੋਰਟ ਤੋਂ ਕੇਸ ਵਾਪਸ ਲੈ ਲਿਆ ਸੀ। ਲੇਕਿਨ ਇਨ੍ਹਾਂ ਜੁਝਾਰੂ ਨੌਜਵਾਨਾਂ ਨੇ ਅਸਲ ਵਿੱਚ ਆਪਣਾ ਖੂਨ ਵਹਾ ਕੇ ਨਹਿਰ ਨੂੰ ਰੋਕਿਆ ਸੀ, ਉਨ੍ਹਾਂ ਨੂੰ ਅੱਜ ਕੋਈ ਵੀ ਯਾਦ ਨਹੀਂ ਕਰਦਾ। ਇਹ ਕੈਸੇ ਆਗੂ ਹਨ ਜੋ ਉਨ੍ਹਾਂ ਦੇ ਡੁੱਲੇ ਖੂਨ ਉੱਤੇ ਅੱਜ ਆਪਣੀਆਂ ਆਪਣੀਆਂ ਰੋਟੀਆਂ ਸੇਕ ਰਹੇ ਹਨ। ਇਤਿਹਾਸ ਇਨ੍ਹਾਂ ਦੀ ਜਵਾਬਦੇਹੀ ਕਦੋਂ ਲਵੇਗਾ। ਇਨ੍ਹਾਂ ਆਗੂਆਂ ਬਾਰੇ ਹੇਠ ਲਿਖਿਆ ਸ਼ੇਅਰ ਕਾਫੀ ਠੀਕ ਰਹੇਗਾ:

ਹਾਲਾਤ ਕੀ ਤਬਦੀਲੀ ਸ਼ਾਇਦ ਇਸੇ ਕਹਿਤੇ ਹੈ
ਜੋ ਬਾਗ ਕਾ ਦੁਸ਼ਮਨ ਹੈ ਵਹੀ ਬਾਗ ਕਾ ਮਾਲੀ ਹੈ

ਪਰ ਜਿਨ੍ਹਾਂ ਨੇ ਖੂਨ ਡੋਲ੍ਹ ਕੇ ਇਸ ਨਹਿਰ ਨੂੰ ਰੋਕਿਆ ਸੀ ਉਨ੍ਹਾਂ ਦੀਆਂ ਰੂਹਾਂ ਅੱਜ ਇਹ ਕਹਿ ਰਹੀਆਂ ਹਨ:

ਗੁਲਿਸਤਾਂ ਕੋ ਲਹੂ ਕੀ ਜ਼ਰੂਰਤ ਪੜੀ
ਸਬਸੇ ਪਹਿਲੇ ਹਮਾਰੀ ਹੀ ਗਰਦਨ ਕਟੀ
ਫਿਰ ਭੀ ਕਹਿਤੇ ਹੈ ਮੁਝਸੇ, ਯੇ ਅਹਿਲੇ ਚਮਨ
ਯੇ ਚਮਨ ਹੈ ਹਮਾਰਾ, ਤੁਮਹਾਰਾ ਨਹੀਂ।