ਬੀਬੇ ਬਾਲਕ ਬਣਦੇ ਜਾ ਰਹੇ ਨੇ ਉਦਾਰਵਾਦੀ

ਬੀਬੇ ਬਾਲਕ ਬਣਦੇ ਜਾ ਰਹੇ ਨੇ ਉਦਾਰਵਾਦੀ

ਅਚਾਨਕ ਇਹ ਉਦਾਰਵਾਦੀ ਇਹ ਮੰਗ ਕਰਦੇ ਦਿਸਣ ਲੱਗੇ: ”ਬੋਲਣਾ ਬੰਦ ਕਰੋ ਅਤੇ ਸਲਾਮ ਕਰੋ”। ਫ਼ੌਜ ਨੂੰ ਸਲਾਮ ਕਰੋ। ਜਰਨੈਲ ਨੂੰ ਸਲਾਮ ਕਰੋ। ਕਮਾਂਡੋ ਨੂੰ ਸਲਾਮ ਕਰੋ। ਸਾਬਕਾ ਕਰਨੈਲਾਂ ਨੂੰ ਸਲਾਮ ਕਰੋ। ਉਸ਼ਟੰਡਬਾਜ਼ ਸਿਆਸਤਦਾਨਾਂ ਨੂੰ ਸਲਾਮ ਕਰੋ ਜਿਹੜੇ ਨਿੱਤ ਦਿਨ ਜਵਾਨਾਂ ਨੂੰ ਸਲਾਮ ਕਰਨ ਦਾ ਮਕਰ ਕਰਦੇ ਹਨ। ਹਰ ਉਸ ‘ਖਬਰ’ ਜਾਂ ਟਿੱਪਣੀ ਨਾਲ ਸਹਿਮਤ ਹੋਵੋ ਜਿਹੜੀ ‘ਬਹਾਦਰ ਜਵਾਨਾਂ’ ਦੇ ਨਾਂ ਉੱਤੇ ਘੜੀ ਜਾ ਰਹੀ ਹੈ। ਜਾਂ, ਰਾਸ਼ਟਰ ਵਿਰੋਧੀ ਵਜੋਂ ਆਪਣੀ ਮੌਤ ਦਾ ਜੋਖ਼ਿਮ ਉਠਾਉਣ ਲਈ ਤਿਆਰ ਰਹੋ; ਦੇਸ਼ ਭਗਤੀ ਦੀ ਘਾਟ ਦੀ ਨੁਕਤਾਚੀਨੀ ਦਾ ਜੋਖ਼ਿਮ ਉਠਾਉਣ ਲਈ ਤਿਆਰ ਰਹੋ।

ਹਰੀਸ਼ ਖਰੇ
ਪਾਕਿਸਤਾਨ ਖ਼ਿਲਾਫ਼ ਸਾਡੀ ਸਭ ਤੋਂ ਵੱਡੀ ਕੌਮੀ ਤ੍ਰਿਪਤੀ ਵਾਲੇ ਇਨ੍ਹਾਂ ਪਲਾਂ ਦੌਰਾਨ ਅਸੀਂ ਡੋਲ ਰਹੇ ਆਪਣੇ ਗੁਆਂਢੀ ਮੁਲਕ ਲਈ ਸਿਫ਼ਤਾਂ ਨਾਲ ਭਰਪੂਰ ਵਾਲੀ ਟਿੱਪਣੀ ਕੀਤੀ ਹੈ: ਅਸੀਂ ਵੀ ਪਾਕਿਸਤਾਨ ਵਰਗੇ ਹੋ ਗਏ ਹਾਂ। ਅਸੀਂ ਅਸਹਿਣਸ਼ੀਲਤਾ ਅਤੇ ਡਰ ਤੇ ਧਮਕੀਆਂ ਵਰਗੇ ਖਿਆਲਾਂ ਦੇ ਵਹਿਣ ਵਿੱਚ ਵਹਿ ਗਏ ਹਾਂ। ਤੇ ਸਾਡੇ ਉਦਾਰਵਾਦੀਆਂ ਨੇ ਆਪਣੇ ਜਾਹਿਰਾਨਾ ਵਿਸ਼ਵਾਸ ਅਤੇ ਵਿਹਾਰ ਛੱਡ ਦਿੱਤੇ ਹਨ; ਇਸ ਦੀ ਥਾਂ ਅਸੀਂ ਬਿਮਾਰ-ਉਦਾਰਵਾਦ ਅਤੇ ਹਾਂ ਵਿੱਚ ਹਾਂ ਮਿਲਾÀਣ ਵਾਲੀ ਮਾੜੀ ਗੱਲ ਗਲੇ ਨਾਲ ਲਾ ਲਈ ਹੈ।
ਜ਼ਰਾ ਸੋਚੋ। ਭਾਰਤ ਦੇ ਇੱਕ ਸਾਬਕਾ ਗ੍ਰਹਿ ਮੰਤਰੀ ਨੂੰ ਇੱਕ ਅਜਿਹੇ ਅੰਗਰੇਜ਼ੀ ਚੈਨਲ ਨੇ ਤਕੜਾ ਹਲੂਣਾ ਮਾਰਿਆ ਹੈ ਜਿਹੜਾ ਪਿਛਲੇ ਕਈ ਵਰ੍ਹਿਆਂ ਤੋਂ ਉਦਾਰਵਾਦ, ਨਫ਼ਾਸਤ, ਬਹਿਸ-ਮੁਬਾਹਿਸੇ ਅਤੇ ਵਿਰੋਧੀ ਵਿਚਾਰਾਂ ਦੀ ਆਵਾਜ਼ ਉਠਾਉਣ ਦਾ ਦਾਅਵਾ ਕਰਦਾ ਰਿਹਾ ਹੈ। ਤੇ ਸੈਂਸਰ ਕੀਤਾ ਜਾਣ ਵਾਲਾ ਸ਼ਖ਼ਸ ਕੌਣ ਹੈ ਭਲਾ? ਇਹ ਹੋਰ ਕੋਈ ਨਹੀਂ, ਪੀ. ਚਿਦੰਬਰਮ ਹੈ। ਉਹ ਕੋਈ ਅਨਪੜ੍ਹ ਗੰਵਾਰ ਨਹੀਂ ਹੈ। ਉਹ ਕੌਮੀ ਸੁਰੱਖਿਆ ਨਾਲ ਸਬੰਧਤ ਮਾਮਲਿਆਂ ਦਾ ਬੜਾ ਸੁਚੱਜਾ ਜਾਣਕਾਰ ਹੈ ਅਤੇ ਨਫ਼ਾਸਤ ਦਾ ਮੁਜੱਸਮਾ ਹੈ। ਉਹ ਵਿਨਾਸ਼ਕਾਰੀ ਨਹੀਂ, ਨਾ ਹੀ ਕਦੀ ਰਿਹਾ ਹੈ; ਜੇ ਡਾ. ਮਨਮੋਹਨ ਸਿੰਘ ਅਤੇ ਪ੍ਰਣਬ ਮੁਖਰਜੀ ਤੋਂ ਬਾਅਦ ਕੋਈ ਬੰਦਾ ਹੈ, ਜਿਹੜਾ ਭਾਰਤੀ ਸਟੇਟ ਦੇ ਡੂੰਘੇ ਰਹੱਸਾਂ ਬਾਰੇ ਜਾਣਕਾਰੀ ਰੱਖਦਾ ਹੈ, ਤਾਂ ਉਹ ਪੀ. ਚਿਦੰਬਰਮ ਹੀ ਹੈ। ਤਿੰਨ ਵਾਰ ਬਤੌਰ ਵਿੱਤ ਮੰਤਰੀ, ਉਹ ਕਾਰਪੋਰੇਟ ਇੰਡੀਆ ਦਾ ਕੇਂਦਰ ਬਿੰਦੂ ਰਿਹਾ। ਹਰ ਕਾਰੋਬਾਰੀ ਘਰਾਣਾ ਉਸ ਤੱਕ ਰਸਾਈ ਚਾਹੁੰਦਾ ਸੀ ਅਤੇ ਰਸਾਈ ਹੋਈ ਵੀ। ਇਸ ਮਾਹੌਲ ਵਿੱਚ, ਸਾਰੇ (ਉਹ ਪ੍ਰਬੰਧਕ ਵੀ ਜਿਹੜੇ ਸਵਾਲਾਂ ਦੇ ਘੇਰੇ ਵਿੱਚ ਆਏ ਮੀਡੀਆ ਹਾਊਸ ਨਾਲ ਸਬੰਧਤ ਹਨ) ਇਹੀ ਜਚਾਉਂਦੇ ਸਨ ਜਿਵੇਂ ਉਹ ਵੀ ਚਿਦੰਬਰਮ ਦੇ ਨੇੜੇ ਹਨ। ਇਸ ਦੀ ਇੱਕ ਵਜ੍ਹਾ ਹੈ ਬਤੌਰ ਵਿੱਤ ਮੰਤਰੀ ਚਿਦੰਬਰਮ ਨੇ ਸ਼ਾਇਦ ਕਈ ਮੀਡੀਆ ਹਾਊਸਾਂ ਦੇ ਕਰਜ਼ਿਆਂ ਨੂੰ ਲੀਹੇ ਪਾਉਣ ਵਿੱਚ ਮਦਦ ਕੀਤੀ ਸੀ।
ਉਂਜ, ਇੱਥੇ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਚਿਦੰਬਰਮ ਬਹੁਤਾ ਕੂਲਾ, ਬਹੁਤਾ ਉਦਾਰ ਬੰਦਾ ਨਹੀਂ।  ਉਹ ਕਦੇ ਵੀ ਨਰਮ ਉਦਾਰਵਾਦੀ ਨਹੀਂ ਰਿਹਾ। ਉਹ ਕੋਈ ‘ਛੁਪਿਆ’ ਨਕਸਲਵਾਦੀ ਵੀ ਨਹੀਂ। ਕਿਸੇ ਵੀ ਸੂਰਤ ਵਿੱਚ ਨਹੀਂ। ਉਸ ਅੰਦਰ ਅਜਿਹੀ ਕੋਈ ਉਦਾਰ ਰੂਹ ਨਹੀਂ ਧੜਕਦੀ। ਬਤੌਰ ਗ੍ਰਹਿ ਮੰਤਰੀ ਇੱਕ ਵਾਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਵਿੱਚ ਉਸ ਦੇ ਇੱਕ ਸਾਥੀ ਨੇ ਉਸ ਉੱਤੇ ਦੋਸ਼ ਲਗਾਇਆ ਸੀ ਕਿ ਉਹ ਭਾਰਤ ਵਿੱਚ ਵੀ ”ਗੈਸਟਾਪੋ” (ਹਿਟਲਰ ਵੇਲੇ ਦੀ ਜਰਮਨ ਖੁਫ਼ੀਆ ਪੁਲੀਸ) ਬਣਾਉਣਾ ਚਾਹੁੰਦਾ ਹੈ। ਪਰ ਹੁਣ ਇਸੇ ਬੰਦੇ ਦੇ ਵਿਚਾਰਾਂ ਨੂੰ ਕੌਮੀ ਸੁਰੱਖਿਆ ਬਾਰੇ ਧਾਰਨਾ ਲਈ ਧਮਕੀਆਂ ਮੰਨਿਆ ਜਾ ਰਿਹਾ ਹੈ!
ਤੇ, ਕੌਮੀ ਸੁਰੱਖਿਆ ਦੀ ਅਜਿਹੀ ਉਨਮਾਦੀ ਧਾਰਨਾ ਕਿਸ ਨੇ ਪੈਦਾ ਕੀਤੀ? ਯਕੀਨਨ, ਨਰਿੰਦਰ ਮੋਦੀ ਸਰਕਾਰ ਨੇ ਨਹੀਂ। ਇਹ ਕਹਿਣ ਦਾ ਵੀ ਕੋਈ ਆਧਾਰ ਨਹੀਂ ਹੈ ਕਿ ਸਾਊਥ ਜਾਂ ਨੌਰਥ ਬਲਾਕ ਵਿਚਲੀ ਕਿਸੇ ਤਾਕਤ ਨੇ ਚਿਦੰਬਰਮ ਦੇ ਖਿਆਲਾਤ ਨਸ਼ਰ ਹੋਣ ਤੋਂ ਰੋਕਣ ਲਈ ਐਨਡੀਟੀਵੀ ਨੂੰ ਕੁਝ ਕਿਹਾ ਹੋਵੇ। ਇਹ ਹੁਣ ਮੰਨਣਾ ਹੀ ਪੈਣਾ ਹੈ ਕਿ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਨੂੰ ਸੈਂਸਰ ਕਰਨ ਦਾ ਫ਼ੈਸਲਾ ਇਸ ਮੀਡੀਆ ਹਾਊਸ ਦਾ ਆਪਣਾ ਸੀ ਅਤੇ ਸ਼ਾਇਦ ਇਹ ਫ਼ੈਸਲਾ ਦਮ-ਖ਼ਮ ਵਾਲੇ ‘ਖੁਦਮੁਖਤਾਰ’ ਸੰਪਾਦਕਾਂ ਵੱਲੋਂ ਲਿਆ ਗਿਆ।
ਸ਼ਾਇਦ, ਇਸ ਦੀ ਸਭ ਤੋਂ ਸਰਲ ਵਿਆਖਿਆ ਇਹ ਹੋ ਸਕਦੀ ਹੈ ਕਿ ਚੈਨਲ ਅਤੇ ਇਸ ਦੇ ਆਕਾ ‘ਸਰਜੀਕਲ ਸਟਰਾਈਕ’ ਦੇ ਮੱਦੇਨਜ਼ਰ ਉਨਮਾਦੀ ਫੜ੍ਹਾਂ ਦੇ ਮੁਕਾਬਲੇ ਵਿੱਚ ਰੁੜ੍ਹ ਗਏ। ਹੋ ਸਕਦਾ ਹੈ, ਕਿਤੇ ਸਿਧਾਂਤਕ ਸੰਜਮ ਵਾਲੇ ਪੇਸ਼ੇਵਰ ਕਾਰਜਾਂ ‘ਤੇ ਪੂਰੇ ਉਤਰਨ ਲਈ ਲੋੜੀਂਦੇ ਬੌਧਿਕ ਧੀਰਜ ਅਤੇ ਸਵੈ-ਵਿਸ਼ਵਾਸ ਦੀ ਘਾਟ ਕਾਰਨ ਅਜਿਹਾ ਹੋਇਆ ਹੋਵੇ। ਇਹ ਵੀ ਸੋਚਿਆ ਹੋ ਸਕਦਾ ਹੈ ਕਿ ਕੌਮੀ ਮਿਜ਼ਾਜ, ਦਰਅਸਲ, ਬਹੁਤ ਕੁਢੱਬਾ ਹੋ ਗਿਆ ਹੈ ਅਤੇ ਹੁਣ ਭੀੜ ਦੇ ਜਨੂੰਨ ਮੁਤਾਬਕ ਚੱਲਿਆ ਜਾਵੇ। ਹੋਰ ਵੀ ਕਈ ਦਲੀਲਾਂ ਹੋ ਸਕਦੀਆਂ ਹਨ। ਐਨਡੀਟੀਵੀ ਨੂੰ ਫਿਟਕਾਰ ਲਾਜ਼ਮੀ ਹੋ ਸਕਦੀ ਹੈ, ਪਰ ਇਹ ਕਾਫ਼ੀ ਨਹੀਂ। ਅਜਿਹਾ ਸ਼ਾਇਦ ਦਰਬਾਰੀ ਪੱਤਰਕਾਰੀ ਬਾਰੇ ਵੀ ਨਹੀਂ।
ਐਨਡੀਟੀਵੀ-ਚਿਦੰਬਰਮ ਸੈਂਸਰਸ਼ਿਪ ਮਾਮਲੇ ਵਿੱਚ ਸਰਗਰਮ ਹਸਤੀਆਂ ਅਤੇ ਗਿਣਤੀਆਂ-ਮਿਣਤੀਆਂ ਤੋਂ ਪਾਰ, ਸਾਨੂੰ ਜਿਸ ਦਾ ਮਰਸੀਆ ਪੜ੍ਹਨਾ ਚਾਹੀਦਾ ਹੈ, ਉਹ ਹੈ ਉਦਾਰਵਾਦ ਦੀ ਅਚਾਨਕ ਮੌਤ। ਕੁਝ ਕੁ ਸਰਜੀਕਲ ਸਟਰਾਈਕ ਹੋਏ ਅਤੇ ਅਚਾਨਕ ਆਪੂੰ ਬਣੇ ਸਾਰੇ ਉਦਾਰਵਾਦੀ ਖੋਲ ਵਿਚੋਂ ਬਾਹਰ ਆਉਣ ਲੱਗ ਪਏ। ਐਲਾਨ ਹੋਣ ਲੱਗ ਪਏ ਕਿ ਜਮਹੂਰੀ ਵਿਰੋਧ ਅਤੇ ਸੰਵਾਦ ਲਈ ਉਨ੍ਹਾਂ ਦੀ ਮੁਖ਼ਾਲਫ਼ਤ ਅਤੇ ਵਚਨਬੱਧਤਾ ਸਭ ਜਾਅਲੀ ਸੀ। ਤੇ, ਉਹ ਸਾਰੇ ਕੌਮੀ ਸੁਰੱਖਿਆ ਅਸਥਾਨ ਦੇ ਬੀਬੇ ਭਗਤ/ਸ਼ਰਧਾਲੂ ਬਣਨ ਦੀ ਪੁਰਜੋਸ਼ ਇੱਛਾ ਦਿਖਾਉਣ ਲੱਗੇ।
ਇਹ ਬੇਹੱਦ ਅਫ਼ਸੋਸ ਅਤੇ ਦੁੱਖ ਵਾਲਾ ਮਸਲਾ ਹੋ ਸਕਦਾ ਹੈ। ਇਹ ‘ਮੋਦੀ ਪ੍ਰਭਾਵ’ ਹੋ ਵੀ ਸਕਦਾ ਹੈ ਅਤੇ ਨਹੀਂ ਵੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਉਦਾਰਵਾਦੀਆਂ (ਖ਼ਾਸ ਕਰ ਨਹਿਰੂ ਵਾਲੀ ਵੰਨਗੀ ਵਾਲੇ) ਨੂੰ ਆਪਣੇ ਵਿਸ਼ਵਾਸਾਂ, ਵਿਹਾਰਾਂ ਅਤੇ ਮਨਜ਼ੂਰੀ ਤੇ ਨਾ-ਮਨਜ਼ੂਰੀ ਦਾ ਯਕੀਨ ਹੀ ਨਹੀਂ ਰਹਿ ਗਿਆ ਜਿਨ੍ਹਾਂ ਨੂੰ ਇੱਕ ”ਦਲੀਲ-ਪਸੰਦ ਭਾਰਤੀ” ਦੇ ਘੱਟ ਤੋਂ ਘੱਟ ਲਾਜ਼ਮੀ ਸ਼ਰਤ ਵਜੋਂ ਇੰਨੇ ਸਾਲਾਂ ਦੌਰਾਨ ਜਸ਼ਨਾਂ ਵਾਂਗ ਮਨਾਇਆ, ਇੱਥੋਂ ਤੱਕ ਕਿ ਪ੍ਰਚਾਰਿਆ ਵੀ। ਅਚਾਨਕ ਇਹ ਉਦਾਰਵਾਦੀ ਇਹ ਮੰਗ ਕਰਦੇ ਦਿਸਣ ਲੱਗੇ: ”ਬੋਲਣਾ ਬੰਦ ਕਰੋ ਅਤੇ ਸਲਾਮ ਕਰੋ”। ਫ਼ੌਜ ਨੂੰ ਸਲਾਮ ਕਰੋ। ਜਰਨੈਲ ਨੂੰ ਸਲਾਮ ਕਰੋ। ਕਮਾਂਡੋ ਨੂੰ ਸਲਾਮ ਕਰੋ। ਸਾਬਕਾ ਕਰਨੈਲਾਂ ਨੂੰ ਸਲਾਮ ਕਰੋ। ਉਸ਼ਟੰਡਬਾਜ਼ ਸਿਆਸਤਦਾਨਾਂ ਨੂੰ ਸਲਾਮ ਕਰੋ ਜਿਹੜੇ ਨਿੱਤ ਦਿਨ ਜਵਾਨਾਂ ਨੂੰ ਸਲਾਮ ਕਰਨ ਦਾ ਮਕਰ ਕਰਦੇ ਹਨ। ਹਰ ਉਸ ‘ਖਬਰ’ ਜਾਂ ਟਿੱਪਣੀ ਨਾਲ ਸਹਿਮਤ ਹੋਵੋ ਜਿਹੜੀ ‘ਬਹਾਦਰ ਜਵਾਨਾਂ’ ਦੇ ਨਾਂ ਉੱਤੇ ਘੜੀ ਜਾ ਰਹੀ ਹੈ। ਜਾਂ, ਰਾਸ਼ਟਰ ਵਿਰੋਧੀ ਵਜੋਂ ਆਪਣੀ ਮੌਤ ਦਾ ਜੋਖ਼ਿਮ ਉਠਾਉਣ ਲਈ ਤਿਆਰ ਰਹੋ; ਦੇਸ਼ ਭਗਤੀ ਦੀ ਘਾਟ ਦੀ ਨੁਕਤਾਚੀਨੀ ਦਾ ਜੋਖ਼ਿਮ ਉਠਾਉਣ ਲਈ ਤਿਆਰ ਰਹੋ।
ਇਸ ਉਦਾਰਵਾਦੀ ਭੇਖ ਦਾ ਮੁਖੌਟਾ ਲਾਹੁਣਾ ਇੰਨਾ ਹੀ ਸਹਿਜ ਹੈ ਜਿਵੇਂ ਸਰਦੀਆਂ ਦੀ ਕਿਸੇ ਸਵੇਰ ਨੂੰ ਬਾਹਰ ਨਿਕਲਦਿਆਂ ਠੰਢੀ ਸੀਤ ਮੂੰਹ ‘ਤੇ ਪੈਂਦੀ ਹੈ। ਇੰਨੀ ਸ਼ਾਂਤ, ਜਿਵੇਂ ਐਲ.ਕੇ. ਅਡਵਾਨੀ ਨੇ ਐਮਰਜੈਂਸੀ ਦੌਰਾਨ ਭਾਰਤੀ ਮੀਡੀਆ ਬਾਰੇ ਟਿੱਪਣੀ ਕੀਤੀ ਸੀ: ”ਜਦੋਂ ਲਿਫ਼ਣ ਲਈ ਕਿਹਾ ਗਿਆ, ਇਹ ਰੀਂਗਣ ਲਈ ਤਿਆਰ ਹੋ ਗਿਆ।” ਉਹ ‘ਤਾਨਾਸ਼ਾਹ’ ਇੰਦਰਾ ਗਾਂਧੀ ਦਾ ਜ਼ਮਾਨਾ ਸੀ। ਉਸ ਤੋਂ ਬਾਅਦ ਅਸੀਂ ਅਕਸਰ ਆਪਣੀ ਮਜ਼ਬੂਤ, ਖਰੀ ਜਮਹੂਰੀਅਤ ਅਤੇ ਇਸ ਦੇ ਸ਼ੋਰੀਲੇ, ਝਗੜਾਲੂ ਮੀਡੀਆ ਦੇ ਵਿਕਾਸ ਦੇ ਜਸ਼ਨ ਮਨਾਉਂਦੇ ਹਾਂ। ਜੀ ਹਾਂ, ਉਦੋਂ ਤੋਂ ਹੀ ਅਸੀਂ ਸੈਂਸਰਸ਼ਿਪ ਅਤੇ ਸਮਰਪਣ ਦੀ ਮਰਿਆਦਾ ਵੀ ਮੁੜ ਲਿਖ ਲਈ ਹੈ। ਡਰ ਵਾਲਾ ਕੰਮ ਆਪੂੰ ਬਣੇ ਉਦਾਰਵਾਦੀਆਂ ਨੇ ਆਪੇ ਅਗਾਂਹ ਠੇਕੇ ‘ਤੇ ਲੈ ਲਿਆ ਹੈ।
ਨਿਰਪੱਖਤਾ ਨਾਲ ਗੱਲ ਕਰੀਏ ਤਾਂ ਮੋਦੀ ਸਰਕਾਰ ਨੇ ਉਦਾਰਵਾਦੀਆਂ ਨੂੰ ਲਿਫ਼ਣ ਜਾਂ ਰੀਂਗਣ ਲਈ ਨਹੀਂ ਕਿਹਾ। ਹੋ ਸਕਦਾ ਹੈ, ਆਪਣੀ ਗੱਲ ਖਾਤਰ ਇਸ ਨੇ ਆਪਣੀ ਸ਼ਕਤੀ ਅਤੇ ਹੋਰ ਸਾਰੇ ਢੰਗ ਤਰੀਕੇ ਵਰਤੇ ਹੋਣ (ਸਾਰੀਆਂ ਸਰਕਾਰਾਂ ਇਹੀ ਕੋਸ਼ਿਸ਼ ਕਰਦੀਆਂ ਹਨ)। ਕਿਸੇ ਨੂੰ ਵੀ ਪਤਿਆਉਣ ਦਾ, ਸਰਕਾਰ ਦਾ ਇਹੀ ਦਾਅਪੇਚ ਹੁੰਦਾ ਹੈ। ਇਸ ਨੇ ਅਜਿਹਾ (ਵਧੀਆ ਕਾਨੂੰਨੀ ਢੰਗ ਨਾਲ) ਆਪਣੇ ਵਿਸ਼ਾਲ ਸਾਧਨਾਂ ਦੀ ਵਰਤੋਂ ਰਾਹੀਂ ਕੀਤਾ ਹੋਵੇਗਾ, ਤਾਂ ਕਿ ਸਮੁੱਚਾ ਮਾਹੌਲ ਇਸ ਦੇ ਵਿਚਾਰਧਾਰਕ ਵਖਰੇਵਿਆਂ ਅਤੇ ਸਿਆਸੀ ਤਰਜੀਹਾਂ ਨਾਲ ਇਕਸੁਰ ਹੋ ਜਾਵੇ। ਉੱਤਮ ਤਰੀਕੇ ਨਾਲ ਅਜਿਹਾ ਕੰਮ ਕਰਨ ਲਈ ਇਸ ਦੇ ਕੀੜੇ ਨਹੀਂ ਕੱਢੇ ਜਾ ਸਕਦੇ।
ਨਾ ਹੀ ਸਰਹੱਦ ਪਾਰ 29 ਸਤੰਬਰ ਨੂੰ ਕੀਤੇ ‘ਸਰਜੀਕਲ ਸਟਰਾਈਕ’ ਨੂੰ ਈਵੈਂਟ ਮੈਨੇਜਮੈਂਟ ਤੱਕ ਘਟਾਉਣ ਲਈ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਹੁਣ ਜੇ ਇਸ ਸਰਕਾਰ ਨੇ ਜਨਤਕ ਅਤੇ ਸਿਆਸੀ ਤੌਰ ‘ਤੇ ਸਰਹੱਦ ਪਾਰ ਇਹ ਕਾਰਵਾਈ ਕਰਨ ਦਾ ਜ਼ਿੰਮਾ ਲਿਆ ਹੈ ਅਤੇ ਪਿਛਲੀਆਂ ਸਰਕਾਰਾਂ ਅਜਿਹਾ ਕਰਨ ਦੀ ਦਲੇਰੀ ਨਹੀਂ ਦਿਖਾ ਸਕੀਆਂ, ਤਾਂ ਫਿਰ ਇਸ ਸਰਕਾਰ ਨੇ ਹਿੱਕ ਠੋਕਣੀ ਹੀ ਹੈ। ਸੱਚ ਜਾਣੋ, ਪਿਛਲੀਆਂ ਸਰਕਾਰਾਂ ਕੋਲ ਮਨੋਹਰ ਪਰੀਕਰ ਵਰਗਾ ਬਿਲਕੁਲ ਬੇਬਾਕ ਰੱਖਿਆ ਮੰਤਰੀ ਨਹੀਂ ਸੀ। ”ਸਰਜੀਕਲ ਸਟਰਾਈਕਸ” ਤੋਂ ਸਿਆਸੀ ਤੇ ਚੁਣਾਵੀ ਲਾਹਾ ਲੈਣ ਅਤੇ ”ਫ਼ੌਜ” ਨੂੰ ਵਰਤਣ ਦੇ ਮਾਮਲੇ ‘ਤੇ ਮੋਦੀ ਸਰਕਾਰ ਅਤੇ ਭਾਜਪਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਮਈ 2014 ਤੋਂ ਬਾਅਦ ਇਹ ਨਿਜ਼ਾਮ ਇਹੀ ਮੁਹਾਰਨੀ ਹੀ ਤਾਂ ਬੋਲ ਰਿਹਾ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਨਹੀਂ ਕਿ ਨਰਿੰਦਰ ਮੋਦੀ-ਅਮਿਤ ਸ਼ਾਹ ਵਾਲਾ ਬੰਦੋਬਸਤ ਕੀ ਕੁਝ ਕਰ ਰਿਹਾ ਹੈ; ਦਿਲ-ਢਾਹੂ ਅਤੇ ਮਾਯੂਸੀ ਵਾਲਾ ਮਾਮਲਾ ਉਦਾਰਵਾਦੀਆਂ ਦੀ ਸਮੂਹਿਕ ਨਾਕਾਮਯਾਬੀ ਦਾ ਹੈ ਜਿਹੜੇ ਪਾਕਿਸਤਾਨ ਨਾਲ ਟਕਰਾਅ ਨੂੰ ਲੀਡਰੀ ਚਮਕਾਉਣ ਅਤੇ ਸਿਆਸੀ ਲਾਹੇ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਲਾਮਬੰਦ ਕਰਨ ਬਾਰੇ ਰਣਨੀਤੀ ਨੂੰ ਸਮਝ ਵੀ ਨਹੀਂ ਸਕੇ, ਇਸ ਦਾ ਟਾਕਰਾ ਕਰਨ ਤਾਂ ਬਾਅਦ ਦੀ ਗੱਲ ਹੈ। ਮੋਦੀ ਵਾਲੀ ਭੀੜ ਅਜਿਹਾ ਕਪਟ ਘੜਨ ਵਾਲੀ ਕੋਈ ਪਹਿਲੀ ਨਹੀਂ ਹੈ। ਦੁਨੀਆ ਭਰ ਦੇ ਲੀਡਰ (ਜਮਹੂਰੀ, ਅਰਧ-ਜਮਹੂਰੀ, ਸੱਤਾਵਾਦੀ) ਫ਼ੌਜੀਆਂ ਦੀ ਬਹਾਦਰੀ ਅਤੇ ਵਚਨਬੱਧਤਾ ਨੂੰ ਆਪਣੇ ਸਿਆਸੀ ਅਤੇ ਚੁਣਾਵੀ ਲਾਹੇ ਲਈ ਵਰਤਦੇ ਰਹੇ ਹਨ। ਨਰਿੰਦਰ ਮੋਦੀ-ਮਨੋਹਰ ਪਰੀਕਰ ਦੀ ਜੁਗਲਬੰਦੀ ਨੂੰ ਇਹ ਸ਼ਾਬਾਸ਼ੀ ਮਿਲਣੀ ਚਾਹੀਦੀ ਹੈ ਕਿ ਇਨ੍ਹਾਂ ਨੇ ਆਪਣੀ ਖੇਡ ਪੂਰੀ ਸ਼ਾਤਿਰਤਾ ਨਾਲ ਖੇਡੀ ਹੈ।
ਐਨਡੀਟੀਵੀ-ਚਿਦੰਬਰਮ ਮਾਮਲਾ, ਉਦਾਰ ਭਾਰਤ ਦੇ ਸੰਕਟ ਦੀ ਵਿਰਾਟ ਕਮਜ਼ੋਰੀ ਦਾ ਸੰਕੇਤ-ਮਾਤਰ ਹੈ। ਵੀਹ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਹੀ ਉਦਾਰ ਆਵਾਜ਼ਾਂ, ਹਸਤੀਆਂ ਅਤੇ ਸੰਸਥਾਵਾਂ ਗੋਡਣੀਆਂ ਲਾ ਗਈਆਂ ਹਨ। ਹੁਣ ਵੇਲੇ ਸਿਰ ਇਸ ਬਾਰੇ ਖ਼ਬਰ ਹੋ ਗਈ ਹੈ। ਜੇ ਸੰਜੀਦਾ ਉਦਾਰ ਤਾਕਤਾਂ ਸੱਤਾਵਾਦੀਆਂ ਦੀ ਹੇਠਾਂ ਲਾਉਣ ਵਾਲੀ, ਨਵੀਂ ਸਰਦਾਰੀ ਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਰਣਨੀਤੀਆਂ ਨਵੇਂ ਸਿਰਿਓਂ ਘੜਨੀਆਂ ਪੈਣਗੀਆਂ। ਜਮੂਹਰੀ ਭਾਰਤ ਇੰਨੀ ਅਸਾਨੀ ਨਾਲ ਗੋਡੇ ਨਹੀਂ ਲਾਵੇਗਾ।