ਪਦਮ ਭੂਸ਼ਣ ਲਈ ਸਿੰਧੂ ਦੇ ਨਾਂ ਦੀ ਸਿਫ਼ਾਰਿਸ਼

ਪਦਮ ਭੂਸ਼ਣ ਲਈ ਸਿੰਧੂ ਦੇ ਨਾਂ ਦੀ ਸਿਫ਼ਾਰਿਸ਼

ਨਵੀਂ ਦਿੱਲੀ/ਬਿਊਰੋ ਨਿਊਜ਼ :
ਖੇਡ ਮੰਤਰਾਲੇ ਨੇ ਇੱਥੇ ਓਲੰਪਿਕ ਤਗ਼ਮਾ ਜੇਤੂ ਬੈਡਮਿੰਟਲ ਖਿਡਾਰਨ ਪੀ.ਵੀ. ਸਿੰਧੂ ਦੇ ਨਾਂ ਦੀ ਸਿਫਾਰਿਸ਼ ਤੀਜੇ ਸਭ ਤੋਂ ਵਕਾਰੀ ਨਾਗਰਿਕ ਸਨਮਾਨ ਪਦਮ ਭੂਸ਼ਣ ਲਈ ਕੀਤੀ ਹੈ।
ਖੇਡ ਮੰਤਰਾਲੇ ਦੇ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪਦਮ ਭੂਸ਼ਣ ਲਈ ਸਿੰਧੂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਤੇ ਇਕ ਵਾਰ ਦੀ ਚਾਂਦੀ ਤਗ਼ਮਾ ਜੇਤੂ ਸਿੰਧੂ ਨੇ ਪਿਛਲੇ ਸਾਲ ਰੀਓ ਓਲੰਪਿਕ ਦੌਰਾਨ ਚਾਂਦੀ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ।
ਹੈਦਰਾਬਾਦ ਦੀ ਇਸ 22 ਸਾਲਾ ਖਿਡਾਰਨ ਨੇ 2016 ਚੀਨ ਓਪਨ ਸੁਪਰ ਸੀਰੀਜ਼ ਪ੍ਰੀਮੀਅਰ, ਇੰਡੀਆ ਓਪਨ ਸੁਪਰ ਸੀਰੀਜ਼ ਤੋਂ ਇਲਾਵਾ ਪਿਛਲੇ ਮਹੀਨੇ ਗਲਾਸਗੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਹ ਇਸ ਮਹੀਨੇ ਕੋਰੀਆ ਓਪਨ ਵਿੱਚ ਆਪਣਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਜਿੱਤਣ ਵਿੱਚ ਵੀ ਸਫ਼ਲ ਰਹੀ। ਸਿੰਧੂ ਨੇ ਇਸ ਸਾਲ ਲਖਨਊ ਵਿੱਚ ਸਈਦ ਮੋਦੀ ਗ੍ਰਾਂ ਪ੍ਰੀ ਗੋਲਡ ਟੂਰਨਾਮੈਂਟ ਵੀ ਜਿੱਤਿਆ। ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਿੰਧੂ ਨੇ ਅਪਰੈਲ ਵਿੱਚ ਕੁਝ ਸਮੇਂ ਲਈ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਦੂਜੀ ਰੈਂਕਿੰਗ ਵੀ ਹਾਸਲ ਕੀਤੀ। ਸਿਓਲ ਵਿੱਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਸਿੰਧੂ ਨੇ ਪਿਛਲੇ ਹਫ਼ਤੇ ਵੀ ਨੰਬਰ ਦੋ ਰੈਂਕਿੰਗ ਹਾਸਲ ਕੀਤੀ।
ਸਿੰਧੂ ਨੇ 2014 ਵਿੱਚ ਰਾਸ਼ਟਰਮੰਡਲ ਖੇਡਾਂ, ਇੰਚਿਓਨ ਏਸ਼ਿਆਈ ਖੇਡਾਂ, ਉਬੇਰ ਕੱਪ ਅਤੇ ਏਸ਼ੀਆ ਚੈਂਪੀਅਨਸ਼ਿਪ ਵਿੱਚ ਕਾਂਸੀ ਤਗ਼ਮਾ ਜਿੱਤਿਆ। ਮਾਰਚ 2015 ਵਿੱਚ ਸਿੰਧੂ ਨੂੰ ਦੇਸ਼ ਦੇ ਚੌਥੇ ਸਭ ਤੋਂ ਵਕਾਰੀ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉੱਧਰ, ਸਟਾਰ ਸ਼ਟਲਰ ਪੀ.ਵੀ. ਸਿੰਧੂ ਨੇ ਪਦਮ ਭੂਸ਼ਣ ਲਈ ਉਸ ਦੇ ਨਾਂ ਦੀ ਸਿਫਾਰਿਸ਼ ਕੀਤੇ ਜਾਣ ‘ਤੇ ਖੇਡ ਮੰਤਰਾਲੇ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਹ ਕਾਫੀ ਖੁਸ਼ ਹੈ ਅਤੇ ਖੇਡ ਮੰਤਰਾਲੇ ਦਾ ਧੰਨਵਾਦੀ ਕਰਦੀ ਹੈ।