‘ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ’

‘ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ’

ਗੁਰੂ ਨਾਨਕ ਜੀ ਦਾ ਸੰਦੇਸ਼ ਅਤੇ ਅਜੋਕੇ ਸਿੱਖ ਸਮਾਜ ਦੀ ਦਸ਼ਾ

ਪ੍ਰੋ. ਬਲਵਿੰਦਰਪਾਲ ਸਿੰਘ

ਸਿੱਖ ਧਰਮ ਸਰਬੱਤ ਦੀ ਆਜ਼ਾਦੀ ਦੇ ਪੈਗਾਮ ਵਜੋਂ ਉਭਰ ਕੇ ਹੋਂਦ ਵਿਚ ਆਇਆ ਵਿਗਿਆਨਕ ਧਰਮ ਹੈ। ਇਸ ਦੇ ਪੈਗੰਬਰਾਂ ਸੰਤ-ਗੁਰੂਆਂ ਨੇ ਅਧਿਆਤਮਕ ਜੀਵਨ ਦੇ ਨਾਲ-ਨਾਲ ਹਰੇਕ ਖੇਤਰ ਵਿਚ ਮਨੁੱਖਤਾ ਨੂੰ ਅਗਵਾਈ ਦਿੱਤੀ ਹੈ ਜੋ ਕਿ ਅਜੋਕੇ ਯੁੱਗ ਵਿਚ ਵੀ ਪ੍ਰਸੰਗਿਕ ਹੈ। ਸਿੱਖ ਧਰਮ ਦੇ ਬਾਨੀ ਸਾਹਿਬ ਗੁਰੂ ਨਾਨਕ ਸਾਹਿਬ ਅਜਿਹੀ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਮਨੁੱਖੀ ਹਿੱਤਾਂ ਲਈ ਪਹਿਰਾ ਦਿੰਦਿਆਂ ਬਾਬਰ ਨੂੰ ਲਲਕਾਰਿਆ, ਲੋਕਾਈ ਨੂੰ ਜ਼ੁਲਮ ਵਿਰੁੱਧ ਜੂਝਣ ਦਾ ਵੱਲ ਸਿਖਾਇਆ ਅਤੇ ਗੁਲਾਮੀ ਦੇ ਜੀਵਨ ਜਿਉਣ ਨੂੰ ਹਰਾਮ ਤੱਕ ਕਿਹਾ। ਹਰੇਕ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਨੂੰ ਰੱਦ ਕੀਤਾ, ਕਾਜ਼ੀਆਂ, ਬ੍ਰਾਹਮਣਾਂ ਦੇ ਢੌਂਗ ਨੂੰ ਬਿਬੇਕ ਨਾਲ ਲਲਕਾਰਿਆ। ਲੋਕਾਈ ਨੂੰ ਸੱਚ ਪਛਾਨਣ ਅਤੇ ਆਪਣਾ ਮੂਲ ਪਛਾਨਣ ਦੀ ਸਿੱਖਿਆ ਦੇ ਕੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀ ਸਹੀ ਜੀਵਨ ਜਾਚ ਪ੍ਰਦਾਨ ਕੀਤੀ।
ਸਿੱਖ ਸਮਾਜ ਹਰ ਸਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਬੜੀ ਧੂਮ-ਧਾਮ ਨਾਲ ਅਤੇ ਅਥਾਹ ਸ਼ਰਧਾ ਨਾਲ ਮਨਾਉਂਦਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਨ ਦੇ ਨਾਲ-ਨਾਲ ਮੰਨਿਆ ਕਿੰਨਾ ਹੈ। ਸੁਆਲ ਤਾਂ ਮੰਨਣ ਦਾ ਹੈ। ਗੁਰੂ ਨਾਨਕ ਸਾਹਿਬ ਬਾਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ-
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ
ਸੇ ਫਿਰਿ ਗਰਭਾਸਿ ਨ ਪਰਿਆ ਰੇ£
ਗੁਰੂ ਸਾਹਿਬ ਦੇ ਕਥਨ ਅਨੁਸਾਰ ਜਨਮ ਮਰਨ ਦੇ ਦੁੱਖ ਤੋਂ ਬਚਣ ਲਈ ਗੁਰੂ ਪਾਤਸ਼ਾਹ ਨੂੰ ਸੁਣਨਾ ਬਹੁਤ ਜ਼ਰੂਰੀ ਹੈ। ਇਥੇ ਸੁਣਨ ਤੋਂ ਭਾਵ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸੁਣਨਾ, ਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ (ਗੁਰਬਾਣੀ) ਨੂੰ ਕੇਵਲ ਕੰਨਾਂ ਨਾਲ ਸੁਣ ਛੱਡਣਾ ਹੀ ਨਹੀਂ ਅਤੇ ਨਾ ਹੀ ਦਿਮਾਗੀ ਪੱਧਰ ਤੱਕ ਸੁਣਨਾ ਹੈ। ਸਗੋਂ ਇਹ ਸੁਣਨਾ ਅੰਤਰ-ਆਤਮਾ ਦੀ ਡੂੰਘਾਈ ਤੱਕ ਸੁਣਿਆ ਜਾਣਾ ਮੰਨਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਪੈਰੋਕਾਰ ਕਹਾਉਣ ਵਾਲਾ ਬਹੁਤਾ ਸਿੱਖ ਸਮਾਜ ਗੁਰੂ ਉਪਦੇਸ਼ਾਂ ਦਾ ਗਾਇਨ ਤਾਂ ਕਰ ਰਿਹਾ ਹੈ ਪਰ ਉਸ ਨੂੰ ਆਪਣੀ ਅਮਲੀ ਜ਼ਿੰਦਗੀ ਦਾ ਆਧਾਰ ਨਹੀਂ ਬਣਾ ਰਿਹਾ। ਇਸੇ ਕਰਕੇ ਉਹ ਜਾਦੂ, ਟੂਣੇ, ਪਾਖੰਡਾਂ ਵਿਚ ਪੈ ਕੇ ਡੇਰਾਵਾਦ ਅਤੇ ਗੁਰੂ ਡੰਮ ਨਾਲ ਜੁੜਿਆ ਹੋਇਆ ਹੈ ਅਤੇ ਸ਼ਬਦ ਗੁਰੂ ਦੀ ਭਾਵਨਾ ਤੋਂ ਬਹੁਤ ਪਰ੍ਹੇ ਜਾ ਚੁੱਕਿਆ ਹੈ। ਸਿੱਖਾਂ ਦੀ ਵਾਹਿਦ ਜਥੇਬੰਦੀ ਸ਼੍ਰੋਮਣੀ ਕਮੇਟੀ ਇਸ ਪੱਖ ਤੋਂ ਅਵੇਸਲੀ ਰਹੀ ਹੈ ਅਤੇ ਇਸ ਸਬੰਧ ਵਿਚ ਉਹ ਕੋਈ ਵੀ ਸੱਭਿਆਚਾਰਕ ਅਤੇ ਧਾਰਮਿਕ ਪੱਖੋਂ ਬੱਝਵਾਂ ਕਾਰਜ ਨਹੀਂ ਕਰ ਸਕੀ। ਕਾਰਨ ਇਹ ਹੈ ਕਿ ਉਸ ਦਾ ਸਰੂਪ ਧਾਰਮਿਕ ਸੀ ਪਰ ਉਸ ਦੀਆਂ ਸਿਆਸੀ ਗੁੱਟਬੰਦੀਆਂ ਨੇ ਬੇਵਜ੍ਹਾ ਸਿਆਸੀ ਮਸਲਿਆਂ ਨੂੰ ਕੌਮ ਦਾ ਆਧਾਰ ਬਣਾ ਕੇ ਆਪਣੀ ਕਾਰਜ ਸ਼ਕਤੀ ਦੀ ਸਮੁੱਚਤਾ ਨੂੰ ਹੀਣਾ ਬਣਾ ਦਿੱਤਾ ਹੈ। ਇਹ ਠੀਕ ਹੈ ਕਿ ਸਿੱਖ ਧਰਮ ਵਿਚ ਧਰਮ ਅਤੇ ਰਾਜਨੀਤੀ ਦਾ ਰਿਸ਼ਤਾ ਮੀਰੀ-ਪੀਰੀ ਦੇ ਸੰਕਲਪ ਦੇ ਅੰਤਰਗਤ ਹੈ ਪਰ ਸਾਡੀ ਅਜੋਕੀ ਦਸ਼ਾ ਇਹ ਹੈ ਕਿ ਅਸੀਂ ਇਸ ਸਿਧਾਂਤ ਨਾਲ ਖਿਲਵਾੜ ਕਰ ਰਹੇ ਹਾਂ ਅਤੇ ਸਾਡੇ ਕੋਲ ਨਾ ਧਰਮ ਰਿਹਾ ਹੈ ਅਤੇ ਨਾ ਹੀ ਰਾਜਨੀਤੀ। ਨਤੀਜੇ ਵਜੋਂ ਅਸੀਂ ਹਰ ਖੇਤਰ ਵਿਚ ਹਾਰ ਦਾ ਮੂੰਹ ਤੱਕ ਰਹੇ ਹਾਂ। ਇਹ ਸਮਝਣਾ ਅਤਿਅੰਤ ਜ਼ਰੂਰੀ ਹੈ ਕਿ ਸਿੱਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤਾਂ ਦੀ ਆਪਸ ਵਿਚ ਸਾਂਝ ਹੈ ਪਰ ਇਹ ਇਕ ਦੂਜੇ ਦਾ ਬਦਲ ਨਹੀਂ ਹਨ। ਇਸ ਲਈ ਇਨ੍ਹਾਂ ਨੂੰ ਇਕ ਦੂਜੇ ਦੇ ਬਦਲ ਵਿਚ, ਇਕ-ਦੂਜੇ ਦੀ ਬਲੀ ਨਹੀਂ ਚਾੜ੍ਹਨਾ ਚਾਹੀਦਾ। ਸਿੱਖ ਧਰਮ ਵਿਚ ਰਾਜਨੀਤੀ ਨੂੰ ਧਰਮ ਦੀ ਰੱਖਿਆ ਵਜੋਂ, ਧਰਮ ਨੂੰ ਰਾਜਨੀਤੀ ਦੇ ਕੁੰਡੇ ਵਜੋਂ ਪ੍ਰਵਾਨ ਕੀਤਾ ਗਿਆ ਹੈ। ਹਕੀਕਤ ਵਿਚ ਦੇਖੀਏ ਤਾਂ ਹੁਣ ਧਰਮ ਨੂੰ ਉਸ ਰਾਜਨੀਤੀ ਉਪਰ ਕੁਰਬਾਨ ਕੀਤਾ ਜਾਂਦਾ ਹੈ ਜੋ ਜਥੇਬੰਦਕ ਅਤੇ ਕੌਮੀ ਹਿੱਤਾਂ ਲਈ ਨਹੀਂ, ਸਗੋਂ ਜ਼ਾਤੀ ਅਤੇ ਸੁਆਰਥੀ ਹੈ। ਜੇਕਰ ਸ਼੍ਰੋਮਣੀ ਕਮੇਟੀ ਗੁੱਟਬੰਦੀ ਦਾ ਤਿਆਗ ਕਰਕੇ ਬੱਝਵੇਂ ਰੂਪ ਵਿਚ ਗੁਰੂ ਨਾਨਕ ਵਿਚਾਰਧਾਰਾ ਪ੍ਰਸਾਰਨ ਲਈ ਸੰਤੁਲਿਤ ਕਾਰਜ ਕਰੇ ਤਾਂ ਸਿੱਖ ਰਾਜਨੀਤੀ ਵਿਚ ਵੀ ਸੁਧਾਰ ਆ ਸਕਦਾ ਹੈ, ਸ਼੍ਰੋਮਣੀ ਕਮੇਟੀ ਦੀ ਮਾਨਤਾ ਵੀ ਵਧ ਸਕਦੀ ਹੈ ਅਤੇ ਕੌਮੀ ਹਿੱਤ ਵੀ ਸੁਰੱਖਿਅਤ ਰਹਿ ਸਕਦੇ ਹਨ।
ਜੇਕਰ ਸਿੱਖ ਸਮਾਜ ਦੇ ਪ੍ਰਚਾਰਕਾਂ ਦੀ ਦਸ਼ਾ ਦੇਖੀਏ ਤਾਂ ਦੁੱਖ ਹੁੰਦਾ ਹੈ ਕਿ ਇਸ ਦੇ ਬਹੁਤ ਸਾਰੇ ਗ੍ਰੰਥੀ, ਰਾਗੀ ਜਿਥੇ ਅਨਪੜ੍ਹ ਅਤੇ ਗੁਰਮਤਿ ਵਿਚਾਰਧਾਰਾ ਤੋਂ ਪਰ੍ਹੇ ਹਨ, ਉਥੇ ਉਨ੍ਹਾਂ ਦੀ ਸੋਚ ਮਾਇਆ ਦੇ ਅੰਬਾਰ ਲਗਾਉਣ ਨਾਲ ਜੁੜੀ ਹੋਈ ਹੈ। ਇਥੋਂ ਤੱਕ ਕਿ ਇਨ੍ਹਾਂ ਰਾਗੀਆਂ ਨੇ ਫਿਲਮੀ ਗਾਇਕਾਵਾਂ ਨਾਲ ਕੈਸੇਟਾਂ ਕੱਢ ਕੇ, ਕੱਚੀ ਬਾਣੀ ਦਾ ਗਾਇਨ ਕਰਕੇ ਅਤੇ ਇਨ੍ਹਾਂ ਨੂੰ ਕੀਰਤਨ ਦਰਬਾਰਾਂ ਵਿਚ ਸ਼ਾਮਲ ਕਰਕੇ, ਜਿਥੇ ਸਿੱਖ ਪ੍ਰੰਪਰਾਵਾਂ ਦਾ ਮਖੌਲ ਉਡਾਇਆ ਹੈ, ਉਥੇ ਗੁਰਮਤਿ ਸਭਿਆਚਾਰ ਦੀ ਦਿੱਖ ਨੂੰ ਵਿਗਾੜ ਕੇ ਬਾਜ਼ਾਰੂ ਸਭਿਆਚਾਰ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਕੀ ਇਹ ਅਡੰਬਰ ਗੁਰੂ ਨਾਨਕ ਵਿਚਾਰਧਾਰਾ ਦੇ ਸਹਿਜ ਸੰਕਲਪ ਅਤੇ ਸ਼ਬਦ ਗੁਰੂ ਸਿਧਾਂਤ ਅਨੁਸਾਰ ਪ੍ਰਸੰਗਿਕ ਹੈ? ਕੀ ਇਨ੍ਹਾਂ ਸਿੱਖ ਪ੍ਰਚਾਰਕਾਂ ਤੋਂ ਸਿੱਖ ਵਿਰਸੇ ਤੋਂ ਟੁੱਟ ਰਹੀ ਨਵੀਂ ਪੀੜ੍ਹੀ ਪ੍ਰਭਾਵਿਤ ਹੋ ਸਕੇਗੀ? ਲੋੜ ਤਾਂ ਇਸ ਗੱਲ ਦੀ ਸੀ ਕਿ ਸ਼੍ਰੋਮਣੀ ਕਮੇਟੀ ਥਾਂ-ਥਾਂ ‘ਤੇ ਉਸਰਨ ਵਾਲੇ ਗੁਰਦੁਆਰਿਆਂ ‘ਤੇ ਪਾਬੰਦੀ ਲਗਾਉਂਦੀ ਅਤੇ ਅਜਿਹੀ ਸਿੱਖ ਯੂਨੀਵਰਸਿਟੀ ਸਥਾਪਤ ਕਰਦੀ, ਜਿਥੋਂ ਪ੍ਰਚਾਰਕ, ਗ੍ਰੰਥੀ, ਕੀਰਤਨੀਏ, ਗੁਰਮਤਿ ਇਤਿਹਾਸ, ਸੰਗੀਤ, ਵੱਖ-ਵੱਖ ਧਰਮਾਂ ਦੇ ਤੁਲਨਾਤਮਕ ਅਧਿਐਨ ਸਬੰਧੀ ਗਿਆਨ ਹਾਸਲ ਕਰਕੇ ਗੁਰਦੁਆਰਿਆਂ ਵਿਚ ਨਿਯੁਕਤ ਹੁੰਦੇ, ਜਿਥੇ ਕਿ ਇਨ੍ਹਾਂ ਦੀ ਤਨਖਾਹ ਇਕ ਕਾਲਜ ਦੇ ਲੈਕਚਰਾਰ ਦੇ ਬਰਾਬਰ ਹੁੰਦੀ। ਸ਼੍ਰੋਮਣੀ ਕਮੇਟੀ ਦੇ ਇਹ ਕਦਮ ਉਠਾਉਣ ਨਾਲ ਸਿੱਖ ਕੌਮ ਨੂੰ ਇਹ ਫਾਇਦਾ ਹੁੰਦਾ ਕਿ ਉਹ ਮਾਇਆਵਾਦੀ ਕਲਚਰ ਨਾਲ ਜੁੜੇ ਰਾਗੀਆਂ, ਗ੍ਰੰਥੀਆਂ, ਪ੍ਰਚਾਰਕਾਂ, ਸਾਧਾਂ ਦੇ ਸ਼ੋਸ਼ਣ ਤੋਂ ਬਚ ਸਕਦੀ।
ਇਕ ਪਾਸੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੀ ਜਾਂਦਾ, ਦੂਜੇ ਪਾਸੇ ਉਸ ਵਿਚਲੇ ਬੇਅੰਤ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਮਾਨਤਾ ਨਾ ਦੇ ਕੇ ਨਸ਼ਿਆਂ, ਘਟੀਆ ਕਿਰਦਾਰ, ਹਰਾਮ ਦੀ ਕਮਾਈ, ਜਾਤ-ਪਾਤੀ ਸਿਸਟਮ ਨਾਲ ਜੁੜ ਰਿਹਾ ਹੈ, ਜੋ ਕਿ ਗੁਰੂ ਤੋਂ ਬੇਮੁਖ ਹੋਣ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ ਨੇ ਜਾਤ-ਪਾਤ ਵਿਰੁੱਧ ਕਰੜੀ ਮੁਹਿੰਮ ਵਿੱਢ ਕੇ ਆਪਣੇ-ਆਪ ਨੂੰ ‘ਨੀਚਾਂ ਦਾ ਢਾਡੀ’ ਪ੍ਰਵਾਨ ਕਰਕੇ ਨਿਤਾਣਿਆਂ, ਨਿਮਾਣਿਆਂ ਲਈ ਆਪਣਾ ਜੀਵਨ ਅਰਪਨ ਕਰ ਦਿੱਤਾ ਪਰ ਅੱਜ ਅਸੀਂ ਉਨ੍ਹਾਂ ਦੇ ਜੀਵਨ ਵਿਧੀ ਦੇ ਉਲਟ ਜਾ ਕੇ ਜਾਤਾਂ-ਪਾਤਾਂ ਦੇ ਅਡੰਬਰ ਵਿਚ ਬੱਝੇ ਹੋਏ ਹਾਂ। ਪਿੰਡਾਂ ਵਿਚ ਜਾਤਾਂ ਦੇ ਨਾਂਅ ‘ਤੇ ਗੁਰਦੁਆਰੇ, ਬਸਤੀਆਂ ਅਤੇ ਇਥੋਂ ਤੱਕ ਕਿ ਸ਼ਮਸ਼ਾਨ ਘਾਟਾਂ ਉਸਰੀਆਂ ਹੋਈਆਂ ਹਨ। ਇਹ ਸਾਡੇ ਸਮਾਜ ਵਿਚ ਕਿੰਨੀ ਵੱਡੀ ਗਿਰਾਵਟ ਆਈ ਹੈ। ਇਹੀ ਕਾਰਨ ਹੈ ਕਿ ਬ੍ਰਹਿਮੰਡ ਚੇਤਨਾ ਪ੍ਰਗਟਾਉਣ ਵਾਲਾ ਸਿੱਖ ਸਮਾਜ ਗੁਰੂ ਨਾਨਕ ਵਿਚਾਰਧਾਰਾ ਤੋਂ ਟੁੱਟ ਕੇ ਜਾਤੀਵਾਦ ਦੀ ਭਾਵਨਾ ਤੱਕ ਸੀਮਿਤ ਹੋ ਕੇ ਰਹਿ ਗਿਆ, ਜਿਸ ਕਰਕੇ ਇਸ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ।
ਹੋਰ ਤਾਂ ਹੋਰ ਅਸੀਂ ਸਿੱਖੀ ਵਧਾਉਣ ਦੀ ਥਾਂ ਗੁਰਦੁਆਰਿਆਂ ਨੂੰ ਸੰਗਮਰਮਰ ਨਾਲ ਸਜਾ ਕੇ ਮਲਕ ਭਾਗੋਆਂ ਦਾ ਕਲਚਰ ਅਪਣਾ ਲਿਆ ਹੈ ਅਤੇ ਭਾਈ ਲਾਲੋਆਂ ਨੂੰ ਆਪਣੇ ਨਾਲੋਂ ਵਿਛੋੜ ਦਿੱਤਾ ਹੈ। ਹੁਣ ਸਿੱਖੀ ਸਿਰਫ ਗੁਰਦੁਆਰਿਆਂ ਵਿਚ ਸੰਗਮਰਮਰ, ਸੋਨਾ, ਏਅਰ ਕੰਡੀਸ਼ਨ ਲਵਾਉਣ ਤੱਕ ਸੀਮਿਤ ਹੋ ਕੇ ਰਹਿ ਗਈ ਹੈ। ਇਹ ਤਾਂ ਸੱਚ ਹੈ ਕਿ ਜਿਹੜੀ ਦਿਸ਼ਾ ਵੱਲ ਸਮਾਜ ਤਰੱਕੀ ਕਰੇਗਾ, ਵਾਧਾ ਉਸ ਦਿਸ਼ਾ ਵੱਲ ਹੀ ਹੋਵੇਗਾ। ਸਿੱਖ ਸਮਾਜ ਨੇ ਤਰੱਕੀ ਆਪਣੇ ਸਮਾਜ ਦੀ ਬਿਹਤਰੀ ਲਈ, ਗੁਰੂਆਂ ਦੀ ਵਿਚਾਰਧਾਰਾ ਦੇ ਪ੍ਰਚਾਰ ਜਾਂ ਪ੍ਰਸਾਰ ਵੱਲ ਬਿਲਕੁਲ ਨਹੀਂ ਕੀਤੀ, ਜੇਕਰ ਤਰੱਕੀ ਕੀਤੀ ਹੈ ਤਾਂ ਗੁਰਦੁਆਰਿਆਂ ਦੀ ਗਿਣਤੀ ਵਧਾਉਣ ਅਤੇ ਸੰਗਮਰਮਰ ਲਗਵਾਉਣ ਤੱਕ ਕੀਤੀ ਹੈ। ਨਤੀਜਾ ਸਾਫ ਹੈ ਕਿ ਗੁਰਦੁਆਰਿਆਂ ਦੀ ਗਿਣਤੀ ਤਾਂ ਵਧ ਗਈ ਹੈ ਪਰ ਸਿੱਖਾਂ ਦੀ ਗਿਣਤੀ ਵਿਚ ਦਿਨੋਂ-ਦਿਨ ਨਿਘਾਰ ਆ ਰਿਹਾ ਹੈ। ਲੋੜ ਤਾਂ ਇਹ ਸੀ ਕਿ ਲੋੜਵੰਦ ਗੁਰਸਿੱਖਾਂ ਦੇ ਮੂੰਹ-ਮੱਥੇ ਨੂੰ ਸਵਾਰਿਆ ਜਾਂਦਾ, ਕੌਮੀ ਹਿੱਤਾਂ ਲਈ ਰਚਨਾਤਮਕ ਕਾਰਜ ਕੀਤਾ ਜਾਂਦਾ, ਸਿੱਖ ਜਾਗਰਤੀ ਲਹਿਰ ਚਲਾ ਕੇ ਵਿਸ਼ੇ ਵਿਕਾਰਾਂ, ਅੰਧ-ਵਿਸ਼ਵਾਸਾਂ, ਕਰਮਕਾਂਡਾਂ ਵਿਚ ਡਿੱਗ ਰਹੇ ਸਿੱਖਾਂ ਨੂੰ ਰੋਕ ਕੇ ਗੁਰੂ ਨਾਨਕ ਦੇ ਮਾਰਗ ਵੱਲ ਤੋਰਿਆ ਜਾਂਦਾ।
ਸਿੱਖ ਧਰਮ ਦਾ ਵਿਕਾਸ ਭਾਵੇਂ ਵਿਸ਼ਵ ਪੱਧਰ ‘ਤੇ ਹੋ ਚੁੱਕਿਆ ਹੈ ਪਰ ਜਿਸ ਸੰਕਟ ਦਾ ਸਾਹਮਣਾ ਅਜੋਕਾ ਸਿੱਖ ਸਮਾਜ ਕਰ ਰਿਹਾ ਹੈ, ਉਹ ਕਦੇ ਸਾਹਮਣੇ ਨਹੀਂ ਆਇਆ। ਸਿੱਖ ਧਰਮ ਦੇ ਮੁਖੀਆਂ ਨੇ ਪੰਥਕ ਸੰਸਥਾਵਾਂ ਦੀ ਜੋ ਦੁਰਦਸ਼ਾ ਕੀਤੀ ਹੈ, ਉਹ ਕਦੇ ਸਿੱਖ ਕੌਮ ਸੋਚ ਵੀ ਨਹੀਂ ਸੀ ਸਕਦੀ ਅਤੇ ਸਥਿਤੀ ਇਹ ਬਣੀ ਹੋਈ ਹੈ ਕਿ ਇਹ ਆਗੂ ਪੰਥਕ ਸੰਸਥਾਵਾਂ ਦੀ ਮਰਿਯਾਦਾ ਨੂੰ ਰੋਲਣ ਤੋਂ ਬਾਅਦ ਵੀ ਇਨ੍ਹਾਂ ਸੰਸਥਾਵਾਂ ਦੇ ਚੌਧਰੀ ਹੋਣ ਵਜੋਂ ਆਪਣਾ ਮਾਣ ਮਹਿਸੂਸ ਕਰ ਰਹੇ ਹਨ।  ਇਨ੍ਹਾਂ ਦੀ ਬਦੌਲਤ ਹੀ ਸਿੱਖ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਸਿੱਖ ਸਭਿਆਚਾਰ ਨੂੰ ਤਿਆਗ ਕੇ ਮਾਨਸਿਕ ਅਤੇ ਸਰੀਰਕ ਪੱਖੋਂ ਪਤਿਤ ਹੋ ਰਹੀ ਹੈ ਅਤੇ ਜ਼ਿੰਦਗੀ ਦੇ ਸੱਚ ਤੋਂ ਉਪਰਾਮ ਹੋ ਰਹੀ ਹੈ। ਜੇਕਰ ਰੋਮਨ ਕੈਥੋਲਿਕ ਚਰਚ ਦੇ ਪੋਪ ਦੇ ਮੁਕਾਬਲੇ ‘ਤੇ ਆਪਣੇ ਧਾਰਮਿਕ ਆਗੂਆਂ ਵੱਲ ਝਾਤੀ ਮਾਰੀਏ ਤਾਂ ਸ਼ਰਮ ਮਹਿਸੂਸ ਹੁੰਦੀ ਹੈ, ਕਿਉਂਕਿ ਪੋਪ ਨੂੰ ਆਪਣੇ ਧਰਮ ਤੋਂ ਇਲਾਵਾ ਦੁਨੀਆ ਭਰ ਦੇ ਧਰਮਾਂ ਬਾਰੇ ਗਿਆਨ ਹੁੰਦਾ ਹੈ, ਵਿਸ਼ਵ ਵਿਦਿਆਲਿਆਂ ਦੀਆਂ ਉੱਚ ਡਿਗਰੀਆਂ ਉਸ ਕੋਲ ਹੁੰਦੀਆਂ ਹਨ ਪਰ ਇਸ ਦੇ ਉਲਟ ਸਾਡੇ ਧਾਰਮਿਕ ਆਗੂਆਂ ਨੂੰ ਆਪਣੇ ਧਰਮ ਬਾਰੇ ਗਿਆਨ ਕੀ ਹੋਣਾ ਹੈ, ਉਹ ਤਾਂ ਰਸਮੀ ਤੌਰ ‘ਤੇ ਵੀ ਏਨੇ ਪੜ੍ਹੇ ਲਿਖੇ ਨਹੀਂ ਹੁੰਦੇ ਕਿ ਉਹ ਦੂਸਰੇ ਵਿਅਕਤੀ ਨਾਲ ਸੱਭਿਅਕ ਵਿਹਾਰ ਕਰ ਸਕਣ। ਆਖਰ ਕਦੋਂ ਸਾਡੇ ‘ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਵੇਗੀ ਅਤੇ ਕਦੋਂ ਅਸੀਂ ਇਸ ਸੰਕਟ ਤੋਂ ਛੁਟਕਾਰਾ ਪਾਉਣ ਵਿਚ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਢੂੰਡਣ ਵਿਚ ਕਾਮਯਾਬ ਹੋਵਾਂਗੇ। ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਸਰਬੱਤ ਦੇ ਭਲੇ ਲਈ ਸੰਕਲਪ ਨੂੰ ਮੁੱਖ ਰੱਖ ਕੇ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਇਕੱਤਰ ਹੋ ਕੇ ਅਜਿਹਾ ਦਸਵੰਧ ਫੰਡ ਖੋਲ੍ਹਣਾ ਚਾਹੀਦਾ ਹੈ, ਜਿਸ ਦੇ ਅੰਤਰਗਤ ਸਿਹਤਮੰਦ ਕਦਰਾਂ-ਕੀਮਤਾਂ ਪ੍ਰਗਟਾਉਣ ਲਈ ਟੀਵੀ. ਚੈਨਲ ਸਥਾਪਿਤ ਕੀਤਾ ਜਾਵੇ, ਸਸਤੀਆਂ ਦਰਾਂ ‘ਤੇ ਸਿਹਤ ਸਹੂਲਤ ਕੇਂਦਰ ਅਤੇ ਵਿਦਿਅਕ ਅਦਾਰੇ ਖੋਲ੍ਹੇ ਜਾਣ ਤਾਂ ਜੋ ਗੁਰੂ ਨਾਨਕ ਸਾਹਿਬ ਦੀ ਸਾਂਝੀਵਾਲਤਾ ਦਾ ਸਿਧਾਂਤ ਅਮਲੀ ਤੌਰ ‘ਤੇ ਵਿਸ਼ਵ ਪੱਧਰ ‘ਤੇ ਉਜਾਗਰ ਹੋ ਸਕੇ।
ਸੰਪੂਰਨ ਕ੍ਰਾਂਤੀ ਦੇ ਮਹਾਂਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ : ਧਰਮ ਇਨਸਾਨ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦਾ ਹੈ ਅਤੇ ਉਸ ਨੂੰ ਕੁਦਰਤ ਜਾਂ ਰੱਬ ਦੇ ਨੇੜੇ ਹੋਣ ਦਾ ਰਾਹ ਦੱਸਦਾ ਹੈ ਪਰ ਹੌਲੀ-ਹੌਲੀ ਲੋਕਾਂ ਨੂੰ ਧਰਮ ਦਾ ਰਾਹ ਦੱਸਣ ਵਾਲੇ ਪੁਜਾਰੀ ਹੀ ਆਪਣੀ ਰੋਜ਼ੀ-ਰੋਟੀ ਲਈ ਦੂਜਿਆਂ ਨੂੰ ਕਰਮ-ਕਾਂਡਾਂ ਵੱਲ ਪ੍ਰੇਰਿਤ ਕਰਕੇ ਸੱਚਾਈ ਤੋਂ ਦੂਰ ਕਰ ਦਿੰਦੇ ਹਨ। ਸਮੇਂ-ਸਮੇਂ ‘ਤੇ ਧਾਰਮਿਕ ਪੈਗ਼ੰਬਰ ਇਸ ਲੋਕਾਈ ਨੂੰ ਸੱਚ ਦਾ ਰਾਹ ਦੱਸਣ ਲਈ ਇਸ ਸੰਸਾਰ ਵਿੱਚ ਆਉਂਦੇ ਹਨ। ਫੇਰ ਉਨ੍ਹਾਂ ਦੇ ਪੈਰੋਕਾਰ ਦੂਜਿਆਂ ਦੀ ਪੂਜਾ-ਵਿਧੀ ਨੂੰ ਅਸਵੀਕਾਰ ਕਰਕੇ ਆਪਸੀ ਟਕਰਾਓ ਪੈਦਾ ਕਰ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਆਗਮਨ ਸਮੇਂ ਸਮਾਜ ਦੇ ਹਾਲਤ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਧਰਮ ਦੇ ਆਗੂਆਂ ਬਾਰੇ ਲਿਖਦੇ ਹਨ, ”ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ। ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ। ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ ਆਵਣ ਜਾਣੇ£” (ਵਾਰ 1 ਪਉੜੀ 21) ਉਨ੍ਹਾਂ ਰਾਜਸੀ ਖੇਤਰ ਦੇ ਹਾਲਾਤ ਇਸ ਤਰ੍ਹਾਂ ਦਰਜ ਕੀਤੇ, ”ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ£” (ਵਾਰ 1) ਇਸ ਤਰ੍ਹਾਂ ਦੀ ਧਾਰਮਿਕ ਅਤੇ ਰਾਜਸੀ ਸਥਿਤੀ ਨਾਲ ਸਮਾਜ ਦਾ ਹਰ ਵਰਗ ਪ੍ਰਭਾਵਿਤ ਸੀ। ਅਕਾਲ ਪੁਰਖ ਦੇ ਹੁਕਮ ਮੁਤਾਬਕ ਗੁਰੂ ਨਾਨਕ ਦੇਵ ਜੀ ਨੇ ਅਗਿਆਨਤਾ ਦੇ ਹਨ੍ਹੇਰ ਨੂੰ ਦੂਰ ਕਰਨ ਲਈ ਅਵਤਾਰ ਧਾਰਿਆ ਅਤੇ ਧਾਰਮਿਕ ਆਗੂਆਂ ਵੱਲੋਂ ਲੁੱਟ-ਖਸੁੱਟ, ਰਾਜਸੀ ਜ਼ੁਲਮਾਂ, ਕਰਮ-ਕਾਂਡਾਂ ਤੋਂ ਮੁਕਤੀ ਅਤੇ ਸਾਮਾਜਿਕ ਖੇਤਰ ਵਿੱਚ ਸੰਪੂਰਨ ਸੁਧਾਰ ਲਈ ਇੱਕ ਨਵੀਂ ਸੋਚ ਤੇ ਫਲਸਫੇ ਦੀ ਨੀਂਹ ਰੱਖੀ।
ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ”ਵੇਈਂ ਨਦੀ ਵਿੱਚੋਂ ਪ੍ਰਗਟ ਹੋਣ” ਉਪਰੰਤ ਪਹਿਲਾ ਉਪਦੇਸ਼ ਹੀ ਧਾਰਮਿਕ ਸੰਕੀਰਨਤਾ ਅਤੇ ਪੁਜਾਰੀਵਾਦ ਦੇ ਵਿਰੁੱਧ ਸੀ। ਗੁਰੂ ਸਾਹਿਬ ਨੇ ਉਸ ਵਕਤ ਦੇ ਸਭ ਧਰਮ ਕੇਂਦਰਾਂ ਦੀ ਯਾਤਰਾ ਕਰਦੇ ਹੋਏ ਪੁਜਾਰੀਆਂ ਨਾਲ ਸੰਵਾਦ ਕੀਤਾ। ਗੁਰੂ ਜੀ ਕਰਮ-ਕਾਂਡਾਂ ਦੇ ਵਿਰੁੱਧ ਕੰਮ ਕਰਦੇ ਜੋ ਪੁਜਾਰੀਆਂ ਨੂੰ ਮਨਜ਼ੂਰ ਨਾ ਹੁੰਦਾ ਤੇ ਪੁਜਾਰੀਆਂ ਵੱਲੋਂ ਸਵਾਲ ਕਰਨ ‘ਤੇ ਉਹ ਉਹਨਾਂ ਨੂੰ ਧਰਮ ਦੀ ਸਹੀ ਪ੍ਰੀਭਾਸ਼ਾ ਦੱਸਦੇ ਸਨ। ਗੁਰੂ ਜੀ ਦਾ ਉਪਦੇਸ਼ ਸੀ ਕਿ ਅਕਾਲ ਪੁਰਖ ਕੇਵਲ ਇੱਕ ਹੈ, ਜਿਸ ਨੂੰ ਵੱਖ-ਵੱਖ ਨਾਵਾਂ ਨਾਲ ਯਾਦ  ਕੀਤਾ ਜਾਂਦਾ ਹੈ-ਸਾਹਿਬੁ ਮੇਰਾ ਏਕੋ ਹੈ£ ਏਕੋ ਹੈ ਭਾਈ ਏਕੋ ਹੈ£” ਕੇਵਲ ਉਹ ਹੀ ਸੱਚ ਹੈ। ਜਿਸ ਨੂੰ ਪ੍ਰਾਪਤ ਕਰਨ ਲਈ ਕੋਈ ਤੀਰਥ ਯਾਤਰਾ, ਤੋਤਾ ਰਟਨੀ-ਜਾਪ, ਮੰਤਰ, ਰਟਨ, ਮੋਨ ਧਾਰਨ ਕਰਨ ਜਾਂ ਸਮਾਧੀ ਲਾਉਣ ਦੀ ਲੋੜ ਨਹੀਂ। ਉਹ ਸਭ ਅੰਦਰ ਵੱਸਦਾ ਹੈ। ਜਦੋਂ ਉਹ ਸਭ ਅੰਦਰ ਵੱਸਦਾ ਹੈ ਤਾਂ ਜੀਵ ਹੱਤਿਆ ਜਾਂ ਕੁਰਬਾਨੀ ਦੇ ਕੇ ਵੀ ਉਸ ਨੂੰ ਖ਼ੁਸ਼ ਨਹੀਂ ਕੀਤਾ ਜਾ ਸਕਦਾ। ਉਹ ਕੋਈ ਵਿਅਕਤੀ ਨਾ ਹੋ ਕੇ ਸ਼ਕਤੀ ਹੈ। ਗੁਰੂ ਜੀ ਨੇ ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ ਸਾਨੂੰ ਸੱਚੀ ਜੀਵਨ ਜੁਗਤ ਅਪਨਾਉਣ ਲਈ ਪ੍ਰੇਰਿਤ ਕੀਤਾ। ਹੁਕਮ ਹੈ-”ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ£ ੫£” ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਵਿਅਕਤੀ ਤੇ ਚੰਗਾ ਬਣਨ ਲਈ ਮੰਗਣ ਦੀ ਥਾਂ ਹੱਥੀਂ ਕਿਰਤ ਕਰਨ ਲਈ ਪ੍ਰੇਰਿਆ, ”ਘਾਲਿ ਖਾਇ ਕਿਛੁ ਹਥਹੁ ਦੇਇ£ ਨਾਨਕ ਰਾਹੁ ਪਛਾਣਹਿ ਸੇਇ£” ਜੰਤਰ-ਮੰਤਰ ਜੀਵਨ ਵਿੱਚ ਕੋਈ ਅਰਥ ਨਹੀਂ ਰੱਖਦੇ ਅਤੇ ਇਹ ਪਾਖੰਡ ਹਨ। ਜੇਕਰ ਇਸ ਵਿੱਚ ਕੋਈ ਸੱਚਾਈ ਹੁੰਦੀ ਤਾਂ ਕਰੋੜਾਂ ਪੀਰ, ਜਿਨ੍ਹਾਂ ਨੂੰ ਸਿਕੰਦਰ ਲੋਧੀ ਨੇ ਮੁਗ਼ਲ ਫ਼ੌਜਾਂ ‘ਤੇ ਜਾਦੂ ਕਰਨ ਲਈ ਬੁਲਾਇਆ ਸੀ, ਮੁਗ਼ਲ ਫ਼ੌਜਾਂ ਨੂੰ ਅੰਨ੍ਹਾ ਕਰ ਦਿੰਦੇ ਅਤੇ ਬਾਬਰ ਦੀ ਜਿੱਤ ਨਾ ਹੁੰਦੀ, ”ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ£ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ£ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ£” ਅੰਗ ੪੧੭।
ਗੁਰੂ ਨਾਨਕ ਦੇਵ ਜੀ ਨੇ ਦੂਜਾ ਉਪਰਾਲਾ ਸਮਾਜ ਵਿੱਚੋਂ ਜਾਤ-ਪਾਤ, ਊਚ-ਨੀਚ ਦੀ ਵਰਣ ਵੰਡ ਨੂੰ ਖ਼ਤਮ ਕਰਨ ਦਾ ਕੀਤਾ। ”ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ£” ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਭਾਈ ਮਰਦਾਨਾ ਜੀ ਜੋ ਉਸ ਸਮੇਂ ਸਾਮਾਜਿਕ ਵਰਣ-ਵੰਡ ਦੇ ਹੇਠਲੇ ਪਉੜੇ ਵਿੱਚੋਂ ਸਨ, ਨੂੰ ਆਪਣਾ ਸਾਥੀ ਬਣਾਇਆ ਅਤੇ ਭਾਈ ਲਾਲੋ ਵਰਗੇ ਮਿਹਨਤਕਸ਼ਾਂ ਨੂੰ ਪਹਿਲ ਦਿੱਤੀ। ਗੁਰੂ ਜੀ ਨੇ ਉਪਦੇਸ਼ ਕੀਤਾ ਕਿ ਧਰਮ ਤੇ ਜਾਤ ਦੇ ਆਧਾਰ ‘ਤੇ ਵੰਡ ਵੀ ਇਨਸਾਨ ਨੇ ਪੈਦਾ ਕੀਤੀ ਹੈ। ਲੰਗਰ ਨੂੰ ਸਿੱਖ ਧਰਮ ਦੀ ਮਰਿਯਾਦਾ ਬਣਾ ਕੇ ਸੇਵਾ ਤੇ ਬਰਾਬਰੀ ਨੂੰ ਵਿਸ਼ੇਸ਼ਤਾ ਦਿੱਤੀ। ਗੁਰੂ ਜੀ ਨੇ ਖੁਦ ਹੱਥੀਂ ਖੇਤੀ ਕਰਕੇ ਕਰਤਾਰਪੁਰ ਤੋਂ ਪਹਿਲਾ ਲੰਗਰ ਚਾਲੂ ਕੀਤਾ, ਜਿਸ ਵਿੱਚ ਸਭ ਧਰਮ ਅਤੇ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਸ਼ਰਾਧ ਕਰਨੇ ਅਤੇ ਸੂਤਕ ਵੀ ਅਗਿਆਨਤਾ ਹੈ, ਕਿਉਂਕਿ ਜਨਮ ਮਰਨ ਪ੍ਰਭੂ ਦੇ ਹੁਕਮ ਵਿੱਚ ਹੈ। ਮਰਨ ਉਪਰੰਤ ਸਰੀਰ ਨੂੰ ਦਬਾਉਣ ਜਾਂ ਜਲਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੀਵਨ ਵਿੱਚ ਪਰਾਏ ਧਨ, ਤਨ ਤੇ ਨਿੰਦਾ ਦਾ ਤਿਆਗ ਕਰਨ, ਸੱਚ, ਸੰਤੋਖ ਤੇ ਸਿਮਰਨ ਕਰਨ ਅਤੇ ਮਿੱਠਾ ਬੋਲਣ ਦੇ ਗੁਣ ਅਪਨਾਉਣੇ ਚਾਹੀਦੇ ਹਨ। ਗ੍ਰਹਿਸਥ ਸਭ ਤੋਂ ਉੱਤਮ ਹੈ ਅਤੇ ਔਰਤ ਵੀ ਸਨਮਾਨ ਯੋਗ ਹੈ, ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£” (ਅੰਗ ੪੭੩)। ਔਰਤ ਦੀ ਇੱਜ਼ਤ ਕਰਨ ਅਤੇ ਦਾਜ ਪ੍ਰਥਾ ਵਿਰੁੱਧ ਵੀ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ।
ਇਨਸਾਨ ਨੂੰ ਮਿਹਨਤ ਕਰਕੇ ਪੈਸਾ ਕਮਾਉਣਾ ਚਾਹੀਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਬਹੁਤੀ ਮਾਇਆ ਪਾਪਾਂ ਤੋਂ ਬਿਨਾਂ ਇਕੱਤਰ ਨਹੀਂ ਕੀਤੀ ਜਾ ਸਕਦੀ, ਪਰ ਅੰਤ ਵੇਲੇ ਇਹ ਕਿਸੇ ਕੰਮ ਨਹੀਂ ਆਉਂਦੀ, ”ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ£”
ਅਕਾਲ ਪੁਰਖ ਦੀ ਬਣਾਈ ਕਾਇਨਾਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਇੱਕ ਅਸਚਰਜ਼ ਕੌਤਕ ਹੈ, ”ਪਾਤਾਲਾ ਪਾਤਾਲ ਲਖ ਆਗਾਸਾ ਆਗਾਸ£” ਅੰਗ ੫ ਰਾਹੀਂ ਨਵੀਂ ਖੋਜ ਵੱਲ ਇਸ਼ਾਰਾ ਕੀਤਾ, ਜਿਸ ਬਾਰੇ ਅੱਜ ਵੀ ਵਿਗਿਆਨ ਪੂਰੀ ਜਾਣਕਾਰੀ ਨਹੀਂ ਲੱਭ ਸਕੀ।
ਗੁਰੂ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਰੀਰ ਵਿੱਚ ਬਿਮਾਰੀਆਂ ਮਾਨਸਿਕ ਕਾਰਨ ਤੋਂ ਉਤਪੰਨ ਹੁੰਦੀਆਂ ਹਨ। ਪਹਿਲਾਂ ਮਨ ਰੋਗੀ ਹੁੰਦਾ ਹੈ, ਫੇਰ ਲੱਛਣ ਸਰੀਰ ‘ਤੇ ਪ੍ਰਗਟ ਹੁੰਦੇ ਹਨ। ਮਾਨਸਿਕ ਤੰਦਰੁਸਤੀ ਲਈ ਸਿਮਰਨ, ਸੰਤੋਖ ਤੇ ਦਾਨ ਸਹੀ ਰਾਹ ਹਨ। ਕਾਮ ਕ੍ਰੋਧ ਤੇ ਜ਼ੁਬਾਨ ਦੇ ਸਵਾਦ ਤੇ ਭੌਤਿਕ ਵਸਤੂਆਂ ਲਈ ਤ੍ਰਿਸ਼ਨਾਵਾਂ ਨੂੰ ਖ਼ਤਮ ਕਰਨਾ ਹੋਵੇਗਾ। ਜਦੋਂ ਤੱਕ ਰੋਗੀ ਮਾਨਸਿਕ ਤੌਰ ‘ਤੇ ਮਜ਼ਬੂਤ ਨਹੀਂ ਹੁੰਦਾ, ਉਹ ਸਰੀਰਕ ਤੌਰ ‘ਤੇ ਠੀਕ ਨਹੀਂ ਹੋ ਸਕਦਾ। ਜਿਸ ਦੀ ਪ੍ਰਥਾਏ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ ਹੈ-”ਖਸਮੁ ਵਿਸਾਰਿ ਕੀਏ ਰਸ ਭੋਗ£ ਤਾਂ ਤਨਿ ਉਠਿ ਖਲੋਏ ਰੋਗ£ ਮਨ ਅੰਧੇ ਕਉ ਮਿਲੈ ਸਜਾਇ£ ਵੈਦ ਨ ਭੋਲੇ ਦਾਰੂ ਲਾਇ।।” ਅੰਗ ੧੨੫੬। ਇਸ ਦਾ ਦਾਰੂ ਅਤੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੀ ਜੁਗਤ ”ਦੁਖ ਮਹੁਰਾ ਮਾਰਣ ਹਰਿ ਨਾਮੁ£ ਸਿਲਾ ਸੰਤੋਖ ਪੀਸਣੁ ਹਥਿ ਦਾਨੁ£ ਨਿਤ ਨਿਤ ਲੇਹੁ ਨ ਛੀਜੈ ਦੇਹ। ਅੰਤ ਕਾਲਿ ਜਮੁ ਮਾਰੈ ਠੇਹ£੧£ ਐਸਾ ਦਾਰੂ ਖਾਹਿ ਗਵਾਰ£ ਜਿਤੁ ਖਾਧੈ ਤੇਰੇ ਜਾਹਿ ਵਿਕਾਰ£” ਅੰਗ-੧੨੫੬ ਦਰਜ ਕੀਤੀ।
ਗ਼ੁਲਾਮੀ ਤੇ ਜ਼ੁਲਮ ਨੂੰ ਬਰਦਾਸ਼ਤ ਕਰਨਾ ਬੁਜ਼ਦਿਲੀ ਹੈ। ਉਸ ਸਮੇਂ ਦੇ ਹਾਲਾਤ ਬਾਰੇ ਗੁਰੂ ਸਾਹਿਬ ਨੇ ਦੱਸਿਆ, ”ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£” ਵਕਤ ਦੇ ਰਾਜਿਆਂ ਤੇ ਉਨ੍ਹਾਂ ਦੇ ਜ਼ੁਲਮਾਂ ਬਾਰੇ ਗੁਰੂ ਜੀ ਨੇ ਆਵਾਜ਼ ਉਠਾਈ ਤੇ ਆਖਿਆ, ”ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ£ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ£ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ£” (ਅੰਗ-੭੨੨)। ਅਹਿਲਕਾਰਾਂ ਬਾਰੇ ਦੱਸਿਆ, ”ਰਾਜੇ ਸੀਹ ਮੁਕਦਮ ਕੁਤੇ£ ਜਾਇ ਜਗਾਇਨ੍ਰਿ ਬੈਠੇ ਸੁਤੇ£” ਜ਼ੁਲਮ ਤੇ ਕਾਇਰਤਾ ਵਿਰੁੱਧ ਆਵਾਜ਼ ਉਠਾ ਕੇ ਲੋਕਾਈ ਨੂੰ ਜ਼ਾਲਮ ਵਿਰੁੱਧ ਖੜ੍ਹੇ ਹੋਣ ਲਈ ਆਖਿਆ। ਹੁਕਮ ਦਰਜ ਹੈ-”ਜੇ ਜੀਵੈ ਪਤਿ ਲਥੀ ਜਾਇ£ ਸਭੁ ਹਰਾਮੁ ਜੇਤਾ ਕਿਛੁ ਖਾਇ£” (ਅੰਗ-੧੪੨)। ਭਾਵੇਂ ਇਸ ਲਈ ਸ਼ਹਾਦਤ ਹੀ ਕਿਉਂ ਨਾ ਦੇਣੀ ਪਵੇ ”ਜਉ ਤਉ ਪ੍ਰੇਮ ਖੇਲਣ ਕਾ ਚਾਉ£ ਸਿਰੁ ਧਰਿ ਤਲੀ ਗਲੀ ਮੇਰੀ ਆਉ£ ਇਤੁ ਮਾਰਗਿ ਪੈਰੁ ਧਰੀਜੈ£ ਸਿਰੁ ਦੀਜੈ ਕਾਣਿ ਨਾ ਕੀਜੈ£” ਅੰਗ ੧੪੧੨।
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਣ, ਘਰ ਵਿੱਚ ਹੀ ਰਹਿ ਕੇ ਉਸ ਦਾ ਸਿਮਰਨ ਕਰਨ, ਸੱਚੀ ਜੀਵਨ-ਜੁਗਤ, ਸੇਵਾ ਅਤੇ ਬਹਾਦਰੀ ਨਾਲ ਜੀਵਨ ਜਿਊਣ ਦੀ ਨਵੀਂ ਸੋਚ ਦਾ ਆਰੰਭ ਕੀਤਾ-”ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ£” ਅੰਗ ੫੯੮। ਜਿਸ ਵਿੱਚ ਕਰਮ-ਕਾਂਡ, ਘਰ ਤਿਆਗਣ ਨਾਲ ਪ੍ਰਭੂ ਪ੍ਰਾਪਤੀ ਲਈ ਕੋਈ ਥਾਂ ਨਹੀਂ।
ਪਿਛਲੇ 200 ਸਾਲ ਤੋਂ ਇੱਕ ਵਰਗ ਨੇ ਰੱਬ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰ ਕਰਕੇ ਨਵੀਂ ਕ੍ਰਾਂਤੀ ਦੀ ਗੱਲ ਕੀਤੀ ਹੈ। ਕਾਰਲ ਹੈਨਰਿਕ ਮਾਰਕਸ (5 ਮਈ 1818), ਲੇਡੀਮਿਰ ਲਿਚ ਲੇਨਿਨ (ਸੰਨ 1870-1924) ਅਤੇ ਮਾਓ ਜੇ ਤੁੰਗ ਇਸ ਫਲਸਫ਼ੇ ਦੇ ਮੋਢੀ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਕ੍ਰਾਂਤੀਕਾਰੀਆਂ ਨੇ ਜਾਇਦਾਦ ਦੀ ਵੰਡ ਦੇ ਨਾਂ ਹੇਠ ਸਮਾਜ ਵਿੱਚ ਨਵੇਂ ਵਖਰੇਵੇਂ ਪੈਦਾ ਕੀਤੇ ਹਨ। ਸਮਾਜਵਾਦੀ ਸਾਧਨਾਂ ਨੂੰ ਖੋਹਣ ਦੀ ਗੱਲ ਕਰਦੇ ਹਨ। ਗੁਰੂ ਨਾਨਕ ਦੇਵ ਜੀ, ਬਰਾਬਰੀ ਤੇ ਵੰਡ ਕੇ ਛੱਕਣ ਦੀ ਗੱਲ ੫੫੦ ਸਾਲ ਪਹਿਲਾਂ ਸ਼ੁਰੂ ਕਰ ਚੁੱਕੇ ਹਨ। ਪਰਾਏ ਹੱਕ ਨੂੰ ਗੁਰੂ ਜੀ ਨੇ ”ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ”£ ਅੰਗ ੧੪੧, ਆਖਿਆ ਹੈ। ਸਾਧਨਾਂ ਦੀ ਥਾਂ ਉਪਜ ਨੂੰ ਵੰਡ ਕੇ ਛਕਣ ਦੀ ਪ੍ਰੇਰਣਾ ਹੈ, ਜਿਸ ਵਿੱਚ ਕੇਵਲ ਬਰਾਬਰੀ, ਪ੍ਰੇਮ ਅਤੇ ਆਨੰਦ ਹੈ। ਆਪਸੀ ਲੜਾਈ ਝਗੜਾ ਅਤੇ ਵਖਰੇਵਾਂ ਕਿਧਰੇ ਵੀ ਨਹੀਂ ਹੈ। ਗੁਰੂ ਜੀ ਨੇ ਨਵੀਂ ਜੀਵਨ-ਜਾਚ ਨਾਲ ਸਮਾਜ ਤੇ ਦੇਸ਼ ਵਿੱਚ ਮੁਕੰਮਲ ਤਬਦੀਲੀ ਦਾ ਫਲਸਫਾ ਪੇਸ਼ ਕੀਤਾ, ਜਿਸ ਨੂੰ ਹਿੰਦੂ ਤੇ ਮੁਸਲਮਾਨਾਂ ਨੇ ਗੁਰੂ ਜੀ ਦੇ ਜੀਵਨ ਕਾਲ ਵਿਚ ਹੀ ਅਪਣਾ ਲਿਆ ਸੀ। ਲੋਕ ਬੋਲੀਆਂ ਵਿੱਚ ”ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਿਮ ਦਾ ਪੀਰ” ਦਾ ਅਖਾਣ ਬਣ ਗਿਆ। ਬਾਕੀ ਸਿੱਖ ਗੁਰੂ ਸਾਹਿਬਾਨ ਨੇ ਵੀ ਇਸ ਸੋਚ ‘ਤੇ ਆਪਣੀ ਮੋਹਰ ਲਾਈ। ਜਿਨ੍ਹਾਂ ਸਮਾਜਿਕ ਕੁਰੀਤੀਆਂ ਵਿਰੁੱਧ ਗੁਰੂ ਜੀ ਨੇ ਆਵਾਜ਼ ਉਠਾਈ ਸੀ, ਉਹ ਅੱਜ ਫਿਰ ਸਮਾਜ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਲੋੜ ਹੈ, ਇਹ ਹੀ ਸਭ ਤੋਂ ਉੱਤਮ ਰਾਹ ਹੈ।