ਦਿੱਲੀ ਡੇਅਰਡੈਵਿਲਜ਼ ਨੇ ਗੁਜਰਾਤ ਲਾਇਨਜ਼ ਨੂੰ ਹਰਾਇਆ

ਦਿੱਲੀ ਡੇਅਰਡੈਵਿਲਜ਼ ਨੇ ਗੁਜਰਾਤ ਲਾਇਨਜ਼ ਨੂੰ ਹਰਾਇਆ
ਕੈਪਸ਼ਨ-ਗੁਜਰਾਤ ਲਾਇਨਜ਼ ਖ਼ਿਲਾਫ਼ ਮੈਚ ਦੌਰਾਨ ਸ਼ਾਟ ਲਾਉਂਦਾ ਹੋਇਆ ਦਿੱਲੀ ਡੇਅਰਡੈਵਿਲਜ਼ ਦਾ ਸ਼੍ਰੇਅਸ ਅਈਅਰ।

ਕਾਨਪੁਰ/ਬਿਊਰੋ ਨਿਊਜ਼ :
ਇੱਥੋਂ ਦੇ ਗਰੀਨ ਪਾਰਕ ਸਟੇਡੀਅਮ ਵਿੱਚ ਗੁਜਰਾਤ ਲਾਇਨਜ਼ ਖ਼ਿਲਾਫ਼ ਖੇਡੇ ਮੈਚ ਵਿੱਚ ਦਿੱਲੀ ਡੇਅਰਡੈਵਿਲਜ਼ ਦੀ ਟੀਮ 2 ਵਿਕਟਾਂ ਨਾਲ ਜੇਤੂ ਰਹੀ। ਦਿੱਲੀ ਦੀ ਟੀਮ ਵੱਲੋਂ ਸ਼੍ਰੇਅਸ ਅਈਅਰ ਨੇ 57 ਗੇਂਦਾਂ ਉਤੇ 96 ਦੌੜਾਂ ਦਾ ਯੋਗਦਾਨ ਦੇ ਕੇ ਟੀਮ ਨੂੰ ਜੇਤੂ ਟੀਚੇ ਉਤੇ ਪਹੁੰਚਣ ਵਿੱਚ ਮਦਦ ਕੀਤੀ। ਕਰੁਣ ਨਾਇਰ ਨੇ 30 ਅਤੇ ਪੈਨ ਕਮਿਨਜ਼ ਨੇ 24 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਦਿੱਲੀ ਡੇਅਰਡੈਵਿਲਜ਼ ਨੇ ਵਿਰੋਧੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਗੁਜਰਾਤ ਲਾਇਨਜ਼ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਡੀ. ਸਮਿੱਥ ਅਤੇ ਇਸ਼ਾਨ ਕਿਸ਼ਨ ਨੇ ਟੀਮ ਲਈ ਮਜ਼ਬੂਤ ਸ਼ੁਰੂਆਤ ਦੀ ਕੋਸ਼ਿਸ਼ ਕੀਤੀ ਪਰ ਟੀਮ ਦੀ ਪਹਿਲੀ ਵਿਕਟ ਚੌਥੇ ਓਵਰ ਵਿੱਚ 21 ਦੌੜਾਂ ‘ਤੇ ਸਮਿੱਥ ਦੇ ਰੂਪ ਵਿੱਚ ਡਿੱਗੀ। ਸਮਿੱਥ ਨੇ ਅੱਠ ਗੇਂਦਾਂ ਵਿੱਚ ਇਕ ਚੌਕੇ ਦੀ ਮਦਦ ਨਾਲ ਅੱਠ ਦੌੜਾਂ ਬਣਾਈਆਂ। ਕਿਸ਼ਨ ਨੇ 25 ਗੇਂਦਾਂ ਦਾ ਸਾਹਮਣਾ ਕਰਦਿਆਂ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਸਮਿੱਥ ਤੋਂ ਬਾਅਦ ਟੀਮ ਦੀ ਪਾਰੀ ਸਾਂਭਣ ਆਇਆ ਕਪਤਾਨ ਸੁਰੇਸ਼ ਰੈਨਾ ਪੰਜ ਗੇਂਦਾਂ ਵਿੱਚ ਇਕ ਚੌਕੇ ਦੀ ਮਦਦ ਨਾਲ ਛੇ ਦੌੜਾਂ ਹੀ ਬਣਾ ਸਕਿਆ। ਉਸ ਨੂੰ ਛੇਵੇਂ ਓਵਰ ਵਿੱਚ ਪੈੱਟ ਕਮਿਨਜ਼ ਨੇ ਬੋਲਡ ਕੀਤਾ। ਉਸ ਦੇ ਆਊਟ ਹੋਣ ਵੇਲੇ ਟੀਮ ਦਾ ਸਕੋਰ 46 ਦੌੜਾਂ ਸੀ। ਇਸ਼ਾਨ ਕਿਸ਼ਨ ਦੀ ਵਿਕਟ ਸੱਤਵੇਂ ਓਵਰ ਵਿੱਚ ਡਿੱਗੀ। ਏ. ਮਿਸ਼ਰਾ ਦੀ ਗੇਂਦ ‘ਤੇ ਜ਼ਹੀਰ ਖਾਨ ਨੇ ਉਸ ਦਾ ਕੈਚ ਫੜਿਆ। ਟੀਮ ਵੱਲੋਂ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ ਦਿਨੇਸ਼ ਕਾਰਤਿਕ ਨੇ ਚਾਰ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 28 ਗੇਂਦਾਂ ਵਿੱਚ 40 ਦੌੜਾਂ ਬਣਾ ਕੇ ਟੀਮ ਦੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਬਰੈੱਥਵੇਟ ਦੀ ਗੇਂਦ ‘ਤੇ ਉਸ ਦਾ ਕੈਚ ਐਂਡਰਸਨ ਨੇ ਫੜਿਆ। ਗੁਜਰਾਤ ਲਾਇਨਜ਼ ਵੱਲੋਂ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਕਦਿਆਂ ਐਰੋਨ ਫਿੰਚ ਨੇ ਅਰਧ ਸੈਂਕੜਾ ਜੜਿਆ। ਉਸ ਨੇ 39 ਗੇਂਦਾਂ ਵਿੱਚ ਛੇ ਚੌਕੇ ਤੇ ਚਾਰ ਛੱਕੇ ਜੜਦਿਆਂ 69 ਦੌੜਾਂ ਬਣਾਈਆਂ। 19ਵੇਂ ਓਵਰ ਵਿੱਚ ਸ਼ਮੀ ਨੇ ਉਸ ਨੂੰ ਬੋਲਡ ਕੀਤਾ। ਰਵਿੰਦਰ ਜਡੇਜਾ ਤੇ ਜੇਮਜ਼ ਫੌਕਨਰ ਨੇ ਕ੍ਰਮਵਾਰ ਨਾਬਾਦ 13 ਤੇ 14 ਦੌੜਾਂ ਬਣਾਈਆਂ।
ਦਿੱਲੀ ਡੇਅਰਡੈਵਿਲਜ਼ ਵੱਲੋਂ ਮੁਹੰਮਦ ਸ਼ਮੀ ਨੇ ਚਾਰ ਓਵਰਾਂ ਵਿੱਚ 36 ਦੌੜਾਂ ਦੇ ਕੇ ਇੱਕ ਵਿਕਟ, ਪੈੱਟ ਕੁਮਿਨਸ ਨੇ 38 ਦੌੜਾਂ ਦੇ ਕੇ ਇੱਕ ਵਿਕਟ, ਅਮਿਤ ਮਿਸ਼ਰਾ ਨੇ ਦੋ ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ ਅਤੇ ਕਾਰਲੌਸ ਬਰੈੱਥਵੇਟ ਨੇ ਚਾਰ ਓਵਰਾਂ ਵਿੱਚ 38 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ।