ਵੇਟਲਿਫਟਰ ਸੁਸ਼ੀਲਾ ਪੰਵਾਰ ਡੋਪ ਟੈੱਸਟ ਵਿੱਚ ਫੇਲ੍ਹ

ਵੇਟਲਿਫਟਰ ਸੁਸ਼ੀਲਾ ਪੰਵਾਰ ਡੋਪ ਟੈੱਸਟ ਵਿੱਚ ਫੇਲ੍ਹ

ਨਵੀਂ ਦਿੱਲੀ/ਬਿਊਰੋ ਨਿਊਜ਼ :
ਫੁਟਬਾਲਰ ਸੁਬਰਤ ਪਾਲ ਦੇ ਡੋਪ ਟੈੱਸਟ ਵਿੱਚ ਫੇਲ੍ਹ ਹੋਣ ਤੋਂ ਕੁਝ ਦਿਨ ਬਾਅਦ ਹੀ ਵੇਟਲਿਫਟਰ ਸੁਸ਼ੀਲਾ ਪੰਵਾਰ ਵੀ ਡੋਪ ਟੈੱਸਟ ਵਿੱਚ ਫੇਲ੍ਹ ਹੋ ਗਈ ਹੈ ਤੇ ਉਸ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਪੰਵਾਰ ਦਾ ‘ਏ’ ਸੈਂਪਲ ਪੌਜ਼ੇਟਿਵ ਆਉਣ ਤੋਂ ਬਾਅਦ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐਫ) ਨੇ ਉਸ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕੀਤਾ ਹੈ।
ਭਾਰਤੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਕੌਮੀ ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਦਾ ਪਟਿਆਲਾ ਵਿੱਚ 25 ਮਾਰਚ ਨੂੰ ਡੋਪ ਟੈੱਸਟ ਕੀਤਾ ਸੀ। ਆਈਡਬਲਿਊਐਫ ਦੇ ਸਕੱਤਰ ਸਹਿਦੇਵ ਯਾਦਵ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ’42 ਵੇਟਲਿਫਟਰਾਂ ਦਾ ਡੋਪ ਟੈੱਸਟ ਕੀਤਾ ਗਿਆ ਅਤੇ ਸਿਰਫ਼ ਸੁਸ਼ੀਲਾ ਦਾ ਸੈਂਪਲ ਪੌਜ਼ੇਟਿਵ ਆਇਆ।’
ਉੱਤਰ ਪ੍ਰਦੇਸ਼ ਦੀ ਸੁਸ਼ੀਲਾ ਪਿਛਲੇ ਸਾਲ ਗੁਹਾਟੀ ਵਿੱਚ 12ਵੀਆਂ ਦੱਖਣੀ ਏਸ਼ਿਆਈ ਖੇਡਾਂ ਦੌਰਾਨ 75 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਚਰਚਾ ਦਾ ਵਿਸ਼ਾ ਬਣੀ ਸੀ। ਸੁਸ਼ੀਲਾ ਨੇ ਭਾਰਤ ਲਈ ਵੇਟਲਿਫਟਿੰਗ ਵਿੱਚ ਇੱਕੋ-ਇੱਕ ਸੋਨ ਤਗ਼ਮਾ ਜਿੱਤਿਆ ਸੀ।