ਸਿੱਖ ਕਤਲੇਆਮ ਦੇ ਅੱਠ ਹੋਰ ਕੇਸਾਂ ਦੀ ਮੁੜ ਜਾਂਚ ਹੋਵੇਗੀ

ਸਿੱਖ ਕਤਲੇਆਮ ਦੇ ਅੱਠ ਹੋਰ ਕੇਸਾਂ ਦੀ ਮੁੜ ਜਾਂਚ ਹੋਵੇਗੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਲ 1984 ਦੌਰਾਨ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅੱਠ ਹੋਰ ਕੇਸਾਂ ਦੀ ਮੁੜ ਜਾਂਚ ਕਰੇਗੀ, ਜਿਸ ਨਾਲ ਮੁੜ ਜਾਂਚ ਹੋਣ ਵਾਲੇ ਕੇਸਾਂ ਦੀ ਗਿਣਤੀ 58 ਹੋ ਜਾਵੇਗੀ। ਕੇਂਦਰ ਸਰਕਾਰ ਦਾ ਇਹ ਫ਼ੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਇਆ, ਜਿਥੇ ਅਕਾਲੀ-ਭਾਜਪਾ ਗੱਠਜੋੜ ਦਸ ਸਾਲ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ 30 ਜੁਲਾਈ ਨੂੰ ਅਜਿਹੇ 22 ਕੇਸ ਅਤੇ ਅਗਸਤ ਮਹੀਨੇ 28 ਹੋਰ ਕੇਸ ਮੁੜ ਜਾਂਚ ਲਈ ਐਸਆਈਟੀ ਨੂੰ ਸੌਂਪੇ ਸਨ। ਸਿੱਖ ਕਤਲੇਆਮ ਸਬੰਧੀ ਦਿੱਲੀ ਵਿੱਚ 650 ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ 3325 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 2733 ਮੌਤਾਂ ਦਿੱਲੀ ਵਿੱਚ ਹੀ ਹੋਈਆਂ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰਨਾਂ ਵਿੱਚ ਸੂਬਿਆਂ ਵਿੱਚ ਵੀ ਦੰਗੇ ਭੜਕੇ ਸਨ। ਦਿੱਲੀ ਪੁਲੀਸ ਹੁਣ ਤੱਕ ਸਬੂਤਾਂ ਦੀ ਘਾਟ ਕਾਰਨ 241 ਕੇਸ ਬੰਦ ਕਰ ਚੁੱਕੀ ਹੈ। ਜਸਟਿਸ ਨਾਨਾਵਤੀ ਕਮਿਸ਼ਨ ਦੀ ਸਿਫਾਰਸ਼ ‘ਤੇ ਚਾਰ ਕੇਸ ਮੁੜ ਖੋਲ੍ਹੇ ਗਏ ਸਨ ਪਰ ਭਾਜਪਾ ਸਾਰੇ ਕੇਸਾਂ ਦੀ ਮੁੜ ਜਾਂਚ ਕਰਵਾਉਣਾ ਚਾਹੁੰਦੀ ਹੈ। ਸੀਬੀਆਈ ਨੇ ਕੇਵਲ ਚਾਰ ਕੇਸਾਂ ਨੂੰ ਮੁੜ ਖੋਲ੍ਹਿਆ ਅਤੇ ਮੁੜ ਜਾਂਚ ਕੀਤੀ ਹੈ।