ਟਰੰਪ ਦੀ ਜਿੱਤ ਮਗਰੋਂ ਮੁਸਲਮਾਨਾਂ ‘ਤੇ ਹਮਲਿਆਂ ‘ਚ ਵਾਧਾ

ਸਿਰ ‘ਤੇ ਕੱਪੜਾ ਲਪੇਟੀ ਭਾਰਤੀ ਕੁੜੀ ‘ਤੇ ਹਿਜਾਬ ਦੇ ਭੁਲੇਖੇ ਹਮਲਾ
ਸਾਨ ਫਰਾਂਸਿਕੋ/ਬਿਊਰੋ ਨਿਊਜ਼ :
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਮੁਸਲਮਾਨਾਂ ਉੱਪਰ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਕਿਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਕਿਤੇ ਮੁਸਲਿਮ ਔਰਤਾਂ ਦੇ ਹਿਜਾਬ ਲਾਹੇ ਜਾ ਰਹੇ ਹਨ। ਇਥੋਂ ਤਕ ਕਿ ਸਿੱਖਾਂ ਉੱਪਰ ਵੀ ਮੁਸਲਮਾਨ ਦੇ ਭੁਲੇਖੇ ਹਮਲੇ ਹੋ ਰਹੇ ਹਨ, ਜਿਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਪਿਛਲੇ ਦਿਨੀਂ ਭਾਰਤੀ ਮੂਲ ਦੀ ਅਮਰੀਕੀ ਮਹਿਲਾ ‘ਤੇ ਕੈਲੀਫੋਰਨੀਆ ਵਿਚ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਿਰ ‘ਤੇ ਸਕਾਰਫ਼ ਲਪੇਟੀ ਆਪਣੀ ਗੱਡੀ ਵਿਚ ਬੈਠਣ ਲੱਗੀ ਸੀ।
ਜ਼ਿਕਰਯੋਗ ਹੈ ਕਿ ਨਿੱਕੀ ਪੰਚੋਲੀ ‘ਪੀਸ ਵਾਕ’ ਤੋਂ ਵਾਪਸ ਆ ਰਹੀ ਸੀ ਕਿ ਉਸ ਨੇ ਆਪਣੀ ਕਾਰ ਦਾ ਸ਼ੀਸ਼ਾ ਟੁੱਟਿਆ ਵੇਖਿਆ। ਉਸ ਦਾ ਪਰਸ ਗਾਇਬ ਸੀ ਤੇ ਇਕ ਨੋਟ ਲਿਖਿਆ ਸੀ। ਇਸ ਨੋਟ ਵਿਚ ਉਸ ਦੇ ਹਿਜਾਬ ਪਹਿਣਨ ਤੇ ਉਸ ਨੂੰ ਮੁਲਕ ਛੱਡ ਕੇ ਜਾਣ ਦੀ ਧਮਕੀ ਸੀ। ਦਰਅਸਲ, ਪੰਚੋਲੀ ਮੁਸਲਮਾਨ ਨਹੀਂ ਹੈ ਤੇ ਨਾ ਹੀ ਉਸ ਨੇ ਹਿਜਾਬ ਪਾਇਆ ਹੋਇਆ ਸੀ। ਉਹ ਪਿਛੋਂ ਰਾਜਸਥਾਨ ਦੀ ਹੈ ਤੇ ਲੂਪਸ ਨਾਂ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਬਿਮਾਰੀ ਕਾਰਨ ਸਿਰ ਦੇ ਵਾਲ ਝੜ ਜਾਂਦੇ ਹਨ। ਨਿੱਕੀ ਪੰਚੋਲੀ ਨੇ ਕਿਹਾ, ‘ਉਹ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਈ ਕਿ ਕੋਈ ਤੁਹਾਨੂੰ ਇਸ ਹੱਦ ਤਕ ਨਫ਼ਰਤ ਕਿਵੇਂ ਕਰ ਸਕਦਾ ਹੈ। ਮੈਂ ਮਹਿਸੂਸ ਕੀਤਾ ਕਿ ਚੋਣਾਂ ਤੋਂ ਬਾਅਦ ਅਜਿਹਾ ਮਾਹੌਲ ਬਣ ਗਿਆ ਹੈ। ਪਰ ਮੈਂ ਨਹੀਂ ਸਮਝਦੀ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਤੇ ਇਸ ਨਾਲ ਉਸ ਨੂੰ ਬਹੁਤ ਧੱਕਾ ਲੱਗਾ ਹੈ।” ਨਿੱਕੀ ਨੇ ਦੱਸਿਆ, ”ਮੈਂ ਆਪਣੇ ਸਿਰ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਇਸ ਲਈ ਕਿ ਮੈਂ ਕੋਈ ਧਾਰਮਿਕ ਹਾਂ। ਪਰ ਇਸ ਲਈ ਕਿ ਮੈਂ ਆਪਣੇ ਸਿਰ ਦੀ ਚਮੜੀ ਨੂੰ ਧੁੱਪ ਤੋਂ ਬਚਾਅ ਰਹੀ ਸੀ। ਮੈਨੂੰ ਲੂਪਸ ਨਾਂ ਦੀ ਬਿਮਾਰੀ ਹੈ ਜਿਸ ਕਾਰਨ ਸਿਰ ਦੇ ਵਾਲ ਝੜ ਜਾਂਦੇ ਹਨ, ਟਿਸ਼ੂ ਤੇ ਆਰਗਨ ਡੈਮੇਜ ਹੋ ਜਾਂਦੇ ਹਨ।” ਨਿੱਕੀ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਸ਼ਾਂਤੀ ਮਿਸ਼ਨ ਲਈ ਨਿਕਲਦੀ ਹੈ। ਉਸ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਮੇਰੇ ‘ਤੇ ਕਿਸੇ ਨੇ ਨਜ਼ਰ ਰੱਖੀ ਹੋਈ ਸੀ। ਮੈਂ ਚਾਹੁੰਦੀ ਹਾਂ ਕਿ ਇਹ ਹਿੰਸਾ ਮੇਰੇ ਨਾਲ ਹੀ ਖ਼ਤਮ ਹੋ ਜਾਵੇ।”
ਫਰੀਮੋਂਟ ਸਿਟੀ ਕੌਂਸਲਰ ਰਾਜ ਸਲਵਾਨ ਨੇ ਕਿਹਾ, ”ਸਾਡੇ ਬਹੁਤੇ ਗਵਾਂਢੀ, ਦੋਸਤ ਤੇ ਪਰਿਵਾਰਕ ਮੈਂਬਰ ਦੇਸ਼ ਵਿਚ ਪੈਦਾ ਹੋਏ ਮੌਜੂਦਾ ਹਾਲਾਤ ਤੋਂ ਸਹਿਮੇ ਹੋਏ ਹਨ। ਸਾਨੂੰ ਸਾਰੀਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।”
ਪੁਲੀਸ ਜਾਂਚ ਕਰ ਰਹੀ ਹੈ ਕਿ ਹਿ ਨਸਲੀ ਹਮਲਾ ਹੈ ਜਾਂ ਲੁੱਟ-ਖੋਹ ਦੀ ਘਟਨਾ ਹੈ ਕਿਉਂਕਿ ਨਿੱਕੀ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਪਰਸ ਅਤੇ ਚੈੱਕਬੁੱਕ ਕੱਢੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਨਿੱਕੀ ਵਰਗੇ ਲੋਕਾਂ ਦੀ ਤਾਦਾਦ ਦੇਸ਼ ਭਰ ਵਿਚ ਵਧਦੀ ਜਾ ਰਹੀ ਹੈ। ਇਥੋਂ ਤਕ ਕਿ ਡੈਮੋਕਰੈਟਿਕ ਪ੍ਰਭਾਵ ਵਾਲੇ ਬੇ-ਏਰੀਏ ਵਿਚ ਵੀ ਟਰੰਪ ਦੀ ਜਿੱਤ ਮਗਰੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ ਹਫ਼ਤੇ ਮਿਨੀਸੋਟਾ ਵਿਚ ਮੁਸਲਿਮ ਔਰਤ ਦਾ ਹਿਜਾਬ ਲਾਹ ਦਿੱਤਾ ਗਿਆ ਸੀ।
ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹਿਆ :
ਮਿਨੀਸੋਟਾ : ਇਥੋਂ ਦੇ ਇਕ ਸਕੂਲ ਵਿੱਚ ਸਹਿਪਾਠੀ ਨੇ ਕਥਿਤ ਤੌਰ ‘ਤੇ ਇਕ ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹ ਦਿੱਤਾ ਅਤੇ ਉਸ ਦੇ ਵਾਲ ਖਿੱਚੇ। ਇਹ ਘਟਨਾ ਨਾਰਥਡੇਲ ਮਿਡਲ ਸਕੂਲ, ਕੂਨ ਰੈਪਿਡਜ਼ (ਮਿਨੀਸੋਟਾ) ਵਿੱਚ ਵਾਪਰੀ। ਅਨੋਕਾ-ਹੈਨੇਪਿਨ ਸਕੂਲ ਡਿਸਟ੍ਰਿਕਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕੌਂਸਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਨੇ ਇਸ ਨੂੰ ਹਮਲਾ ਕਰਾਰ ਦਿੱਤਾ ਹੈ।
ਸੀਏਆਈਆਰ ਦੇ ਮਿਨੀਸੋਟਾ ਚੈਪਟਰ ਨੇ ਬਿਆਨ ਜਾਰੀ ਕਰਦਿਆਂ ਇਸ ਘਟਨਾ ਬਾਰੇ ਸਕੂਲ ਡਿਸਟ੍ਰਿਕਟ ਦੀ ਮੱਠੀ ਕਾਰਵਾਈ ਪ੍ਰਕਿਰਿਆ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿਦਿਆਰਥਣ ਦੇ ਪਰਿਵਾਰ ਨੇ ਸੀਏਆਈਆਰ ਨੂੰ ਰਿਪੋਰਟ ਦਿੱਤੀ ਹੈ ਕਿ ਇਕ ਵਿਦਿਆਰਥੀ ਮਗਰੋਂ ਦੀ ਆਇਆ ਅਤੇ ਉਸ ਦਾ ਹਿਜਾਬ ਲਾਹ ਕੇ ਭੁੰਜੇ ਸੁੱਟ ਦਿੱਤਾ ਅਤੇ ਬਾਅਦ ਵਿੱਚ ਹੋਰ ਵਿਦਿਆਰਥੀਆਂ ਸਾਹਮਣੇ ਉਸ ਦੇ ਵਾਲ ਖਿੱਚੇ ਗਏ। ‘ਸਟਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸੀਏਆਈਆਰ ਨੇ ਦੋਸ਼ ਲਾਇਆ ਕਿ ਸਕੂਲ ਡਿਸਟ੍ਰਿਕਟ ਨੇ ਇਸ ਘਟਨਾ ਉਤੇ ਕੋਈ ਕਾਰਵਾਈ ਨਹੀਂ ਕੀਤੀ। ਸੀਏਆਈਆਰ-ਐਮਐਨ ਕਾਰਜਕਾਰੀ ਡਾਇਰੈਕਟਰ ਜੇਲਾਨੀ ਹੁਸੈਨ ਨੇ ਬਿਆਨ ਵਿੱਚ ਕਿਹਾ, ‘ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਿੱਖਿਆ ਮਾਹੌਲ ਦੇਣ ਲਈ ਸਕੂਲ ਅਧਿਕਾਰੀਆਂ ਨੂੰ ਧਰਮ ਤੇ ਅਕੀਦੇ ਦੇ ਨਾਂ ‘ਤੇ ਭੇਦ-ਭਾਵ ਬਿਨਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਕਾਰਵਾਈ ਲਈ ਕਈ ਦਿਨ ਨਹੀਂ ਲੈਣੇ ਚਾਹੀਦੇ, ਜੋ ਸਪਸ਼ਟ ਤੌਰ ‘ਤੇ ਪੱਖਪਾਤ ਹੈ।’
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਮਿਸ਼ੀਗਨ ਯੂਨੀਵਰਸਿਟੀ ਦੀ ਇਕ ਮੁਸਲਿਮ ਵਿਦਿਆਰਥਣ ਕੋਲ ਅਣਪਛਾਤਾ ਵਿਅਕਤੀਆਂ ਆਇਆ, ਜਿਸ ਨੇ ਮੰਦਾ ਬੋਲਦਿਆਂ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਹਿਜਾਬ ਨਾ ਲਾਹਿਆ ਤਾਂ ਉਹ ਉਸ ਨੂੰ ਅੱਗ ਲਗਾ ਦੇਵੇਗਾ।
ਪਿਛਲੇ ਹਫ਼ਤੇ ਜੌਰਜੀਆ ਵਿੱਚ ਇਕ ਮੁਸਲਿਮ ਹਾਈ ਸਕੂਲ ਅਧਿਆਪਕਾ ਨੂੰ ਕਲਾਸਰੂਮ ਵਿੱਚ ਹੱਥ ਲਿਖਤ ਪੱਤਰ ਮਿਲਿਆ ਸੀ, ਜਿਸ ‘ਤੇ ਲਿਖਿਆ ਸੀ ਉਹ ਆਪਣੇ ਸਿਰ ਢਕਣ ਵਾਲੇ ਕੱਪੜੇ ਨਾਲ ਫਾਹਾ ਲੈ ਲਵੇ।
ਮੁਸਲਮਾਨ ਟੈਕਸੀ ਡਰਾਈਵਰ ਨਾਲ ਬਦਸਲੂਕੀ :
ਨਿਊਯਾਰਕ : ਇਕ ਵਿਅਕਤੀ ਨੇ ਮੁਸਲਮਾਨ ਟੈਕਸੀ ਚਾਲਕ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕਰਦਿਆਂ ਉਸ ਨੂੰ ਦਹਿਸ਼ਤਗਰਦ ਆਖਿਆ। ਉਸ ਨੇ ਇਹ ਵੀ ਕਿਹਾ ਕਿ ਡੋਨਾਲਡ ਟਰੰਪ ਹੁਣ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲਾ ਹੈ ਤੇ ਟੈਕਸੀ ਚਾਲਕ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ। ਇਸ ਸਾਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਵੀ ਹੋਈ ਹੈ, ਜਿਸ ਵਿੱਚ ਇੱਕ ਵਿਅਕਤੀ ਅਰਬ ਅਮਰੀਕੀ ਊਬਰ ਡਰਾਈਵਰ ਨਾਲ ਬਦਸਲੂਕੀ ਕਦਰਾ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਚਿੱਟੇ ਰੰਗ ਦੇ ਯੂਟੀਲਿਟੀ ਵਾਹਨ ਵਿੱਚ ਸਵਾਰ ਇੱਕ ਵਿਅਕਤੀ ਟੈਕਸੀ ਚਾਲਕ ਨੂੰ ‘ਅਰਬ’ ਅਤੇ ‘ਦਹਿਸ਼ਤਗਰਦ’ ਆਖਦਾ ਸੁਣਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਟਰੰਪ ਹੁਣ ਰਾਸ਼ਟਰਪਤੀ ਹੈ ਤੇ ਤੁਹਾਨੂੰ ਹੁਣ ਦੇਸ਼ ਵਿਚੋਂ ਕੱਢ ਦਿੱਤਾ ਜਾਵੇਗਾ। ਇਹ ਘਟਨਾ ਪਿਛਲੇ ਹਫ਼ਤੇ ਨਿਊਯਾਰਕ ਨੇੜੇ ਸਥਿਤ ਐਸਟੋਰੀਆ ਦੀ ਕ੍ਰੀਸੈਂਟ ਸਟਰੀਟ ਵਿਚ ਵਾਪਰੀ। ਇੱਥੋਂ ਸੇਂਟ ਜੌਹਨ ਯੂਨੀਵਰਸਿਟੀ ਦੇ ਪ੍ਰੋਫੈਸਰ ਕਰਿਸ ਕੋਡੀ ਨੇ ਟੈਕਸੀ ਲਈ ਸੀ। ਪ੍ਰੋਫੈਸਰ ਜੋ ਕਿ ਅਰਬੀ ਜਾਣਦਾ ਹੈ, ਨੇ ਦੱਸਿਆ ਕਿ ਉਸ ਨੂੰ ਇਸ ਘਟਨਾ ਬਾਰੇ ਟੈਕਸੀ ਚਾਲਕ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ। ਪ੍ਰੋਫੈਸਰ ਨੂੰ ਉਸ ਚਾਲਕ ਦਾ ਕੇਵਲ ਪਹਿਲਾ ਨਾਮ ਹੀ ਪਤਾ ਹੈ, ਜੋ ਕਿ ਮੁਹੰਮਦ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਟੈਕਸੀ ਚਾਲਕ ਨਾਲ ਉਸ ਦੀ ਭਾਸ਼ਾ ਵਿੱਚ ਗੱਲ ਕੀਤੀ ਤਾਂ ਉਹ ਹੈਰਾਨ ਹੋ ਗਿਆ। ਚਾਲਕ ਇਸ ਗੱਲੋਂ ਵੀ ਹੈਰਾਨ ਸੀ ਕਿ ਪ੍ਰੋਫੈਸਰ ਨੇ ਮੁਸਲਿਮ ਭਾਈਚਾਰੇ ਖ਼ਿਲਾਫ਼ ਕੁਝ ਨਹੀਂ ਆਖਿਆ।
ਸਵੈ ਰੱਖਿਆ ਦੇ ਗੁਰ ਸਿੱਖ ਰਹੀਆਂ ਨੇ ਮੁਸਲਿਮ ਔਰਤਾਂ :
ਵਾਸ਼ਿੰਗਟਨ : ਡੋਨਾਲਡ ਟਰੰਪ ਦੀ ਜਿੱਤ ਮਗਰੋਂ ‘ਹਿਜਾਬ-ਝਪਟਣ’ ਦੀਆਂ ਘਟਨਾਵਾਂ ਵਿੱਚ ਹੋਏ ਵਾਧੇ ਕਾਰਨ ਅਮਰੀਕਾ ਭਰ ਦੀਆਂ ਜ਼ਿਆਦਾਤਰ ਮੁਸਲਿਮ ਔਰਤਾਂ ਹੁਣ ਸਵੈ ਰੱਖਿਆ ਦੀਆਂ ਕਲਾਸਾਂ ਲਾ ਰਹੀਆਂ ਹਨ।
‘ਦਿ ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ ਟਰੰਪ ਦੀ ਚੋਣ ਤੋਂ ਕੁੱਝ ਮਹੀਨੇ ਬਾਅਦ ‘ਸਾਊਦਰਨ ਪਾਵਰਟੀ ਲਾਅ ਸੈਂਟਰ, ‘ਕੌਂਸਲ ਆਫ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼’ ਅਤੇ ‘ਐਂਟੀ ਡੈਫਾਮੇਸ਼ਨ ਲੀਗ’ ਵਰਗੀਆਂ ਤਿੰਨ ਜਥੇਬੰਦੀਆਂ ਨੇ ਨਸਲੀ ਜੁਰਮਾਂ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ। ਕਈ ਮੁਸਲਿਮ ਔਰਤਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ‘ਹਿਜਾਬ ਝਪਟਣ’ ਦੇ ਹਮਲਿਆਂ ਦਾ ਜ਼ਿਕਰ ਕੀਤਾ। ਰਿਪੋਰਟ ਮੁਤਾਬਕ ਚੋਣ ਪਿੱਛੋਂ ਦੇ ਭਾਸ਼ਣਾਂ ਅਤੇ ਨਸਲੀ ਹਮਲਿਆਂ ਵਿੱਚ ਯਕਦਮ ਵਾਧੇ ਦਾ ਜਵਾਬ ਦੇਣ ਲਈ ਸ਼ਹਿਰਾਂ ਦੀਆਂ ਮੁਸਲਿਮ ਔਰਤਾਂ ਸਵੈ-ਰੱਖਿਆ ਕਲਾਸਾਂ ਦਾ ਪ੍ਰਬੰਧ ਕਰ ਰਹੀਆਂ ਹਨ। ਸ਼ਿਕਾਗੋ ਵਿੱਚ ਸਵੈ-ਰੱਖਿਆ ਦੇ ਬੁਨਿਆਦੀ ਤਰੀਕੇ ਦੀ ਸਿਖਲਾਈ ਦੇ ਰਹੀ ਜ਼ੈਨਬ ਅਬਦੁੱਲਾ ਨੇ ਕਿਹਾ ਕਿ ਜਦੋਂ ਉਹ ਅੱਠ ਸਾਲਾਂ ਦੀ ਸੀ ਤਾਂ ਪਹਿਲੀ ਵਾਰ ਕਿਸੇ ਨੇ ਉਸ ਦੇ ਮੂੰਹ ਉਤੇ ਸਿਰਫ਼ ਇਸ ਲਈ ਥੁੱਕਿਆ ਸੀ ਕਿਉਂਕਿ ਉਹ ਮੁਸਲਮਾਨ ਹੈ। ਪੰਜ ਫੁੱਟ ਤੋਂ ਥੋੜ੍ਹੇ ਵੱਧ ਕੱਦ ਵਾਲੀ ਹਿਜਾਬਧਾਰੀ 24 ਸਾਲਾ ਜ਼ੈਨਬ ਨੇ ਦੱਸਿਆ ਕਿ ਉਸ ਨੂੰ ਹਮੇਸ਼ਾ ਖ਼ੁਦ ਦੀ ਰੱਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਜ਼ੈਨਬ ਹੋਰ ਔਰਤਾਂ ਨੂੰ ਸਵੈ ਰੱਖਿਆ ਦੇ ਗੁਰ ਸਿਖਾਉਂਦੀ ਹੈ। ਟਰੰਪ ਦੀ ਜਿੱਤ ਤੋਂ ਅਗਲੀ ਸਵੇਰੇ ਉਸ ਨੂੰ ਕਈ ਮੁਸਲਿਮ ਔਰਤਾਂ ਨੇ ਫੋਨ ਕਰ ਕੇ ਵਿਸ਼ੇਸ਼ ਕਿਸਮ ਦੀ ਸਵੈ-ਰੱਖਿਆ ਸਿਖਲਾਈ ਬਾਬਤ ਪੁੱਛਿਆ। ਇਹ ਔਰਤਾਂ ਜਾਣਨਾ ਚਾਹੁੰਦੀਆਂ ਸਨ ਕਿ ਜੇ ਕੋਈ ਹਿਜਾਬ ਉਤਾਰਨ ਦੀ ਕੋਸ਼ਿਸ਼ ਕਰੇ ਤਾਂ ਉਹ ਕੀ ਕਰ ਸਕਦੀਆਂ ਹਨ? ਮੈਂਫਿਸ ਵਿੱਚ ਮੁਸਲਿਮ ਕਾਰਕੁਨ ਖਲੀਮਾ ਅਜ਼ੀਜ਼ ਨੇ ਸਥਾਨਕ ਪੁਲੀਸ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਸਥਾਨਕ ਮਸਜਿਦ ਵਿੱਚ ਸਵੈ-ਰੱਖਿਆ ਕੋਰਸ ਚਲਾਉਣ ਦੀ ਯੋਜਨਾ ਸਾਂਝੀ ਕੀਤੀ।
Comments (0)