ਸਾਰਕ ਸੰਮੇਲਨ ‘ਚ ਅਮਰੀਕਾ ਦਾ ਮਸ਼ਵਰਾ :ਗੁਆਂਢੀਆਂ ‘ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਖ਼ਿਲਾਫ਼ਪਾਕਿਸਤਾਨ ਕਾਰਵਾਈ ਕਰੇ

ਸਾਰਕ ਸੰਮੇਲਨ ‘ਚ ਅਮਰੀਕਾ ਦਾ ਮਸ਼ਵਰਾ :ਗੁਆਂਢੀਆਂ ‘ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਖ਼ਿਲਾਫ਼ਪਾਕਿਸਤਾਨ ਕਾਰਵਾਈ ਕਰੇ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਲਈ ਜਿਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਰਾ ਮੰਨਦਾ ਹੈ, ਉਨ੍ਹਾਂ ਸਮੇਤ ਦੇਸ਼ ਦੇ ਸਾਰੇ ਅੱਤਵਾਦੀ ਸਮੂਹਾਂ ਖਿਲਾਫ਼ ਕਾਰਵਾਈ ਕਰੇ। ਖਾਸ ਕਰਕੇ ਉਨ੍ਹਾਂ ਖਿਲਾਫ਼ ਜੋ ਉਸ ਦੇ ਗੁਆਂਢੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਅਮਰੀਕਾ ਨੇ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਦੌਰਾਨ ਭਾਰਤ ਦੇ ਰੁਖ਼ ਦਾ ਵਿਸ਼ੇਸ਼ ਤੌਰ ‘ਤੇ ਸਮਰਥਨ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਉਪਬੁਲਾਰੇ ਮਾਰਕ ਟੋਨਰ ਨੇ ਕਿਹਾ, ‘ਪਾਕਿਸਤਾਨ ਸਰਕਾਰ ਦੇ ਉਚਪੱਧਰੀ ਅਧਿਕਾਰੀਆਂ ਨੂੰ ਅਸੀਂ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗੁਆਂਢੀ ਮੁਲਕਾਂ ‘ਤੇ ਹਮਲਾ ਕਰਨ ਵਾਲੇ ਅੱਤਵਾਦੀ ਸਮੂਹਾਂ ਸਮੇਤ ਸਾਰੇ ਸਮੂਹਾਂ ਦੇ ਖਿਲਾਫ਼ ਕਾਰਵਾਈ ਕਰਨੀ ਹੋਵੇਗੀ। ਅੱਤਵਾਦੀਆਂ ਦੀਆਂ ਪਨਾਹਗਾਹਾਂ ਨੂੰ ਵੀ ਖਤਮ ਕਰਨਾ ਹੋਵੇਗਾ।’ ਉਨ੍ਹਾਂ ਕਿਹਾ, ‘ਪਾਕਿਸਤਾਨ ਨੇ ਭਾਵੇਂ ਇਸ ਦਿਸ਼ਾ ਵਿਚ ਕੰਮ ਕੀਤਾ ਹੈ ਪਰ ਕੇਵਲ ਚੋਣਵੇਂ ਅੱਤਵਾਦੀ ਸਮੂਹਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਅੱਤਵਾਦੀ ਸਮੂਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਤੋਂ ਭਾਵੇਂ ਖੁਦ ਪਾਕਿਸਤਾਨ ਨੂੰ ਖ਼ਤਰਾ ਨਹੀਂ ਪਰ ਜੋ ਉਸ ਦੇ ਗੁਆਂਢੀਆਂ ਲਈ ਖ਼ਤਰਾ ਪੈਦਾ ਕਰਦੇ ਹੋਣ।’ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਇਸਲਾਮਾਬਾਦ ਸਾਰਕ ਸੰਮੇਲਨ ਵਿਚ ਸ਼ਾਮਲ ਹੋਣ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ, ‘ਸਾਡਾ ਨਿਸ਼ਚਿਤ ਤੌਰ ‘ਤੇ ਮੰਨਣਾ ਹੈ ਕਿ ਪਾਕਿਸਤਾਨ ਨੂੰ ਉਸ ਦੀ ਧਰਤੀ ‘ਤੇ ਸਰਗਰਮ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿਚ ਉਸ ਨੇ (ਪਾਕਿਸਤਾਨ) ਨੇ ਪ੍ਰਗਤੀ ਕੀਤੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਉਸ ਦੇ ਪੱਧਰ ‘ਤੇ ਯਤਨਾਂ ਨੂੰ ਹੋਰ ਵਧਾਇਆ ਜਾਵੇ। ਮਾਰਕ ਟੋਨਰ ਨੇ ਕਿਹਾ ਕਿ ਅੱਤਵਾਦ ਨੂੰ ਖਤਮ ਕਰਨ ਲਈ ਅਸੀਂ ਦੁਵੱਲੀ ਗੱਲਬਾਤ ਦੇ ਹੱਕ ਵਿਚ ਹਾਂ। ਦੋਵਾਂ ਮੁਲਕਾਂ ਨੂੰ ਅੱਤਵਾਦ ਖਿਲਾਫ਼ ਲੜਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਦੋਵਾਂ ਮੁਲਕਾਂ ਨੂੰ ਇਕਜੁੱਟਤਾ ਨਾਲ ਸਿੱਝਣਾ ਚਾਹੀਦਾ ਹੈ ਤੇ ਇਸ ਦੇ ਖਿਲਾਫ਼ ਦੋਵਾਂ ਮੁਲਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਹ ਲੰਬੀ ਚੁਣੌਤੀ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਅੱਤਵਾਦ ਖਿਲਾਫ਼ ਲੜਾਈ ਵਿਚ ਨਿਰਪੱਖਤਾ ਨਾਲ ਵਿਚਰਨਾ ਚਾਹੀਦਾ ਹੈ। ਟੋਨਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਖਿਲਾਫ਼ ਲੜਾਈ ਵਿਚ ਅਫਗਾਨਿਸਤਾਨ ਦਾ ਵੀ ਸਾਥ ਦੇਵੇ। ਉਨ੍ਹਾਂ ਕਿਹਾ, ‘ਸਾਨੂੰ ਯਕੀਨ ਹੈ ਕਿ ਪਾਕਿਸਤਾਨ ਅੱਤਵਾਦ ਵਿਰੁੱਧ ਲੜਾਈ ਲੜਦਿਆਂ ਉਨ੍ਹਾਂ ਵੱਲੋਂ ਫੈਲਾਈ ਜਾ ਰਹੀ ਹਿੰਸਾ ਨੂੰ ਰੋਕਣ ਲਈ ਯਤਨ ਕਰੇਗਾ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖੇਗਾ ਕਿ ਇਹ ਪਾਕਿਸਤਾਨ ਜਾਂ ਪਾਕਿਸਤਾਨ ਦੀ ਸਥਿਰਤਾ ਲਈ ਖ਼ਤਰਾ ਹੈ।’ ਕਾਬਲੇ ਗੌਰ ਹੈ ਕਿ ਇਸਲਾਮਾਬਾਦ ਵਿਚ ਗ੍ਰਹਿ ਮੰਤਰੀ ਪੱਧਰ ਦੇ ਸਾਰਕ ਮੁਲਕਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਸੀ ਕਿ ਅੱਤਵਾਦ ਤੇ ਅੱਤਵਾਦੀਆਂ ਦੀ ਨਿੰਦਾ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ ਅਤੇ ਕੋਈ ਵੀ ‘ਚੰਗਾ ਅੱਤਵਾਦੀ ਤੇ ਬੁਰਾ ਅੱਤਵਾਦੀ ਨਹੀਂ ਹੁੰਦਾ।’ ਉਨ੍ਹਾਂ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਸੀ ਕਿ ਉਹ ਅੱਤਵਾਦੀ ਸਮੂਹਾਂ ਨੂੰ ਉਤਸ਼ਾਹਿਤ ਨਾ ਕਰੇ ਅਤੇ ਅੱਤਵਾਦੀਆਂ ਦੀ ਵਡਿਆਈ ਨਾ ਕਰੇ।