ਬਰਨਾਲਾ ਪਰਿਵਾਰ ਫੇਰ ਬਣਿਆ ਅਕਾਲੀ ਦਲ ਦਾ ਹਿੱਸਾ
ਕੈਪਸ਼ਨ-ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼।
ਸੰਗਰੂਰ/ਬਿਊਰੋ ਨਿਊਜ਼ :
ਸੂਬੇ ਦੀ ਸਿਆਸਤ ਵਿੱਚ ਮਜ਼ਬੂਤ ਧੜੇ ਵਜੋਂ ਜਾਣੇ ਜਾਂਦੇ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੇ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਦੇ ਹੋਏ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਸਮਾਗਮ ਦੌਰਾਨ ਬੀਬੀ ਸੁਰਜੀਤ ਕੌਰ ਬਰਨਾਲਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਅਤੇ ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਆਪਣੇ ਸੈਂਕੜੇ ਸਮਰਥਕਾਂ ਸਮੇਤ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੂਬੇ ਦੇ ਹਿੱਤ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡਾ ਪਰਿਵਾਰ ਹੈ ਅਤੇ ਪਰਿਵਾਰਾਂ ਵਿੱਚ ਅਕਸਰ ਗਿਲੇ ਸ਼ਿਕਵੇ ਹੋ ਜਾਂਦੇ ਹਨ, ਪਰ ਜਦੋਂ ਗੱਲ ਪੰਜਾਬ ਦੇ ਹਿੱਤਾਂ ਦੀ ਹੋਵੇ ਤਾਂ ਸਮੂਹ ਅਕਾਲੀ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇੱਕਜੁਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਲੋਕ ਵਿਰੋਧੀ ਪਾਰਟੀਆਂ ‘ਕਾਂਗਰਸ’ ਅਤੇ ‘ਆਪ’ ਤੋਂ ਬਚਾਉਣਾ ਵੀ ਸਮੇਂ ਦੀ ਅਹਿਮ ਲੋੜ ਹੈ। ‘ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕਜੁਟ ਹੋਏ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ।’
ਇਸ ਦੌਰਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬੀਆਂ ਉਪਰ ਕੋਈ ਭਰੋਸਾ ਹੈ। ਇਸੇ ਕਰ ਕੇ ਉਸ ਨੇ ਪੰਜਾਬ ਦੇ ਦੋ ਇੰਚਾਰਜ ਲਗਾਏ, ਜਿਨ੍ਹਾਂ ਵਿਚੋਂ ਇੱਕ ਯੂਪੀ ਤੋਂ ਹੈ ਅਤੇ ਦੂਜਾ ਬਿਹਾਰ ਤੋਂ। ਇਹ ਸਿਰਫ਼ ਕਾਂਗਰਸ ਪਾਰਟੀ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਸੂਬੇ ਦੀ ਖੁਸ਼ਹਾਲੀ ਭੰਗ ਕਰਨਾ ਚਾਹੁੰਦੇ ਹਨ। ਇਹ ਸਿਰਫ਼ ਗੁੰਮਰਾਹਕੁਨ ਪ੍ਰਚਾਰ ਕਰ ਕੇ ਵੋਟ ਬੈਂਕ ਲੁੱਟਣਾ ਚਾਹੁੰਦੇ ਹਨ।
ਹਲਕਾ ਸੰਗਰੂਰ ਤੋਂ ਗਠਜੋੜ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਨਾਲ ਹਲਕਾ ਸੰਗਰੂਰ ਹੀ ਨਹੀਂ, ਸਗੋਂ ਪੂਰੇ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਹੋਰ ਵਧੇਰੇ ਮਜ਼ਬੂਤ ਹੋਇਆ ਹੈ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਬਰਨਾਲਾ ਪਰਿਵਾਰ ਅਤੇ ਸਮਰਥਕਾਂ ਵੱਲੋਂ ਸੁਖਬੀਰ ਬਾਦਲ ਨੂੰ ਭਰੋਸਾ ਦਵਾਇਆ ਕਿ ਉਹ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਧੂਰੀ ਤੋਂ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ, ਪ੍ਰਸਿੱਧ ਗਾਇਕ ਕੇ ਐਸ ਮੱਖਣ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਵਿਨਰਜੀਤ ਸਿੰਘ ਗੋਲਡੀ, ਕਰਨ ਘੁਮਾਣ ਕੈਨੇਡਾ, ਰਾਗੀ ਗ੍ਰੰਥੀ ਸਭਾ ਦੇ ਸੂਬਾ ਪ੍ਰਧਾਨ ਜਗਮੇਲ ਸਿੰਘ ਛਾਜਲਾ ਵੀ ਹਾਜ਼ਰ ਸਨ।
Comments (0)