ਪੰਜਾਬ ਦੀ ਨਿਘਰੀ ਹਾਲਤ ਲਈ ਕਾਂਗਰਸ ਤੇ ‘ਆਪ’ ਨੇ ਵਿਧਾਨ ਸਭਾ ‘ਚ ਬਾਦਲਾਂ ਨੂੰ ਲਾਏ ਰਗੜੇ

ਪੰਜਾਬ ਦੀ ਨਿਘਰੀ ਹਾਲਤ ਲਈ ਕਾਂਗਰਸ ਤੇ ‘ਆਪ’ ਨੇ ਵਿਧਾਨ ਸਭਾ ‘ਚ ਬਾਦਲਾਂ ਨੂੰ ਲਾਏ ਰਗੜੇ

ਚਿੱਟੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਮਜੀਠੀਆ ਨੂੰ ਘੇਰਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੈਂਬਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਲਾਏ ਰਗੜਿਆਂ ਕਾਰਨ ਅਕਾਲੀ ਮੈਂਬਰਾਂ ਨੂੰ ਭਾਰੀ ਨਮੋਸ਼ੀ ਝੱਲਣੀ ਪਈ। ਕਾਂਗਰਸ ਤੇ ‘ਆਪ’ ਦੇ ਮੈਂਬਰਾਂ ਨੇ ਸੂਬੇ ਦੀ ਨਿਘਰੀ ਹੋਈ ਮਾਲੀ ਹਾਲਤ ਦੇ ਮੁੱਦੇ ‘ਤੇ ਸਾਬਕਾ ਸਰਕਾਰ ਦੇ ਸਿਆਸੀ ਅਹੁਦੇਦਾਰਾਂ ਅਤੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਰੱਖੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਵੱਲੋਂ ਵਿੱਤੀ ਹਾਲਤ ਸਬੰਧੀ ਲਿਆਂਦੇ ਜਾ ਰਹੇ ‘ਵ੍ਹਾਈਟ ਪੇਪਰ’ ਦੇ ਬਹਾਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦਸਾਂ ਸਾਲਾਂ ਦੌਰਾਨ ਪੰਜਾਬ ਦੀ ਹੋਈ ‘ਲੁੱਟ ਨੇ ਪੰਜਾਬੀਆਂ ਦੀ ਹਾਲਤ ਗੁਲਾਮਾਂ ਵਰਗੀ’ ਬਣਾ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਵ੍ਹਾਈਟ ਪੇਪਰ ਵਿਚ ਦੋਸ਼ੀ ਠਹਿਰਾਇਆ ਗਿਆ ਕੋਈ ਵੀ ਵਿਅਕਤੀ ਕਾਰਵਾਈ ਤੋਂ ਬਚ ਨਹੀਂ ਸਕੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ‘ਚਿੱਟੇ’ ਦੇ ਮੁੱਦੇ ‘ਤੇ ਅਕਾਲੀਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਸਾਬਕਾ ਮਾਲ ਮੰਤਰੀ ਬਿਕਰਮ ਮਜੀਠੀਆ ਤੇ ਹੋਰਨਾਂ ਮੈਂਬਰਾਂ ਦੀ ਹਾਲਤ ਵੀ ਪਤਲੀ ਹੋ ਗਈ।
ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਦਲੀਲ ਦਿੱਤੀ ਕਿ ਵ੍ਹਾਈਟ ਪੇਪਰ ਲਿਆਉਣ ਦਾ ਮਾਮਲਾ ਸਮਾਂਬੱਧ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਸਰਕਾਰੀ ਸਰਮਾਇਆ ਲੁੱਟਿਆ ਹੈ, ਉਨ੍ਹਾਂ ਨੂੰ ਪੈਸਾ ਵਿਦੇਸ਼ਾਂ ਵਿਚ ਲਿਜਾਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਦਸ-ਸਾਲਾ ਕਾਰਜਕਾਲ ਦੌਰਾਨ ਹੋਈਆਂ ਵਿੱਤੀ ਬੇਨਿਯਮੀਆਂ ਦੀ ਪੜਤਾਲ ਲਈ ਤੀਜੀ ਧਿਰ ਤੋਂ ਆਡਿਟ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਹੁਸ਼ਿਆਰਪੁਰ ਸ਼ਹਿਰ ਨੂੰ ਸਰਕਾਰੀ ਖ਼ਜ਼ਾਨੇ ਵਿਚੋਂ ਸਾਬਕਾ ਸਰਕਾਰ ਵੱਲੋਂ ਜਾਰੀ ਕੀਤੇ ਪੈਸੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਲਈ 6 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਗਏ ਤੇ ਇਹ ਪੈਸਾ ਖ਼ਰਚ ਕਰਨ ਲਈ ਬਿਨਾਂ ਟੈਂਡਰ ਤੋਂ 300 ਠੇਕੇਦਾਰਾਂ ਨੂੰ ਸਿੱਧਾ ਹੀ ਕੰਮ ਅਲਾਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਕਿ ਬਾਦਲ ਸਰਕਾਰ ਨੇ ਦਿਹਾਤੀ ਵਿਕਾਸ ਫੰਡ ਅਤੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੋਂ ਆਗਾਮੀ 5 ਸਾਲਾਂ ਦੌਰਾਨ ਹੋਣ ਵਾਲੀ ਕਮਾਈ ਵੀ ਗਹਿਣੇ ਰੱਖ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਬੇਨਿਯਮੀਆਂ ਕੀਤੀਆਂ ਉਹ ਬਖ਼ਸ਼ੇ ਨਹੀਂ ਜਾਣਗੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀਆਂ ਖਾਸਕਰ ਬਿਕਰਮ ਸਿੰਘ ਮਜੀਠੀਆ ਨੂੰ ਮੁਖਾਤਿਬ ਹੁੰਦਿਆਂ ਅਕਾਲੀ ਸਰਕਾਰ ਦੌਰਾਨ ‘ਚਿੱਟੇ’ ਦਾ ਬੋਲਬਾਲਾ ਹੋਣ ਤੇ ਪੰਜਾਬ ਦੀਆਂ ਨਸਲਾਂ ਤਬਾਹ ਕਰਨ ਦੇ ਦੋਸ਼ ਲਾਏ। ਸ੍ਰੀ ਸਿੱਧੂ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਹਾ ਕਿ ਕਾਰਵਾਂ ਕਿਵੇਂ ਲੁੱਟਿਆ ਗਿਆ ਇਸ ‘ਤੇ ਵੀ ਚਾਨਣਾ ਜ਼ਰੂਰ ਪਾ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 10 ਸਾਲਾਂ ਦੌਰਾਨ ਜਿਨ੍ਹਾਂ ਅਫ਼ਸਰਾਂ ਨੇ ਸਰਕਾਰੀ ਸਰਮਾਏ ਨੂੰ ਲੁੱਟਣ ਵਿੱਚ ਭੂਮਿਕਾ ਨਿਭਾਈ ਹੈ, ਉਨ੍ਹਾਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਹਰ ਤਰ੍ਹਾਂ ਦੇ ਮਾਫੀਆ ਦਾ ਬੋਲਬਾਲਾ ਰਿਹਾ ਤੇ ਪੰਜਾਬ ਨੂੰ ਰੱਜ ਕੇ ਲੁੱਟਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਾ ਕੇ ਅਕਾਲੀ ਸਰਕਾਰ ਦੌਰਾਨ ਹੋਏ ਘਪਲਿਆਂ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ। ਸ੍ਰੀ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਲਾਹਕਾਰਾਂ ਅਤੇ ਓਐਸਡੀਜ਼ ਦੀ ਫੌਜ ਭਰਤੀ ਕਰਨ ‘ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੂੰ ਇਹ ਨਿਯੁਕਤੀਆਂ ਨਹੀਂ ਕਰਨੀਆਂ ਚਾਹੀਦੀਆਂ। ਸਾਬਕਾ ਵਿੱਤ ਮੰਤਰੀ ਸ੍ਰੀ ਢੀਂਡਸਾ ਨੇ ਬਚਾਅ ਵਾਲਾ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਪੈਸਾ ਜਾਰੀ ਕਰਨ ਵਿਚ ਵਿੱਤ ਵਿਭਾਗ ਨੇ ਕੋਈ ਗੈਰਕਾਨੂੰਨੀ ਕੰਮ ਨਹੀਂ ਕੀਤਾ। ਵਿਰੋਧੀ ਧਿਰ ਤੇ ਸਰਕਾਰੀ ਧਿਰ ਦੇ ਹੱਲਿਆਂ ਕਾਰਨ ਅਕਾਲੀ ਮੈਂਬਰਾਂ ਦੀ ਸਥਿਤੀ ਬੇਹੱਦ ਕਸੂਤੀ ਬਣੀ ਹੋਈ ਸੀ।
ਤਿੰਨ ਮਹੀਨਿਆਂ ਦੇ ਸਰਕਾਰੀ ਖ਼ਰਚੇ ਨੂੰ ਮਨਜ਼ੂਰੀ :
ਪੰਜਾਬ ਵਿਧਾਨ ਸਭਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਉਣ ਵਾਲੇ ਤਿੰਨ ਮਹੀਨਿਆਂ ਅਪ੍ਰੈਲ, ਮਈ ਅਤੇ ਜੂਨ ਲਈ ਪੇਸ਼ ਕੀਤੇ 29 ਹਜ਼ਾਰ 3 ਸੌ ਕਰੋੜ ਰੁਪਏ ਦੇ ਲੇਖਾ ਅਨੁਦਾਨ ਨੂੰ ਮਨਜ਼ੂਰੀ ਦੇ ਦਿੱਤੀ। ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ ਸਰਕਾਰ ਦਾ ਖ਼ਰਚਾ ਚਲਾਉਣ ਲਈ ਲੇਖਾ ਅਨੁਦਾਨ ਲਿਆਂਦਾ ਗਿਆ ਹੈ ਤੇ ਆਗਾਮੀ ਮਾਲੀ ਸਾਲ ਦਾ ਆਮ ਬਜਟ ਜੂਨ ਮਹੀਨੇ ਦੌਰਾਨ ਸੱਦੇ ਜਾਣ ਵਾਲੇ ਬਜਟ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਬਿਲ ਵਿਚ 30 ਵਿਭਾਗਾਂ ਦੇ ਖਰਚਿਆਂ ਦਾ ਜ਼ਿਕਰ ਕੀਤਾ ਗਿਆ ਹੈ। ਵਿੱਤ ਮੰਤਰੀ ਵੱਲੋਂ ਲੰਘੇ ਵਿੱਤੀ ਵਰ੍ਹੇ ਦੀਆਂ 25 ਹਜ਼ਾਰ ਕਰੋੜ ਰੁਪਏ ਦੀਆਂ ਪੂਰਕ ਮੰਗਾਂ ਵੀ ਸਦਨ ਵਿੱਚ ਰੱਖੀਆਂ ਗਈਆਂ ਜਿਨ੍ਹਾਂ ਨੂੰ ਬਿਨਾਂ ਬਹਿਸ ਦੇ ਪਾਸ ਕਰ ਦਿੱਤਾ ਗਿਆ। ਇਨ੍ਹਾਂ ਮੰਗਾਂ ‘ਤੇ ਬੋਲਦਿਆਂ ਵਿੱਤ ਮੰਤਰੀ ਨੇ ਸਾਬਕਾ ਸਰਕਾਰ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਨੁਮਾਨਤ ਬਜਟ ਨਾਲੋਂ 25 ਹਜ਼ਾਰ ਕਰੋੜ ਰੁਪਏ ਦਾ ਫਰਕ ਦਰਸਾਉਂਦਾ ਹੈ ਕਿ ਵਿੱਤੀ ਹਾਲਤ ਨਾਲ ਕਿਸ ਹੱਦ ਤੱਕ ਖਿਲਵਾੜ ਕੀਤਾ ਗਿਆ।
ਬੈਂਸ ਭਰਾਵਾਂ ਦੀਆਂ ਸੀਟਾਂ ‘ਆਪ’ ਨਾਲ ਨਾ ਲਾਉਣ ‘ਤੇ ਹੰਗਾਮਾ:
ਪੰਜਾਬ ਵਿਧਾਨ ਸਭਾ ਵਿੱਚ ਲੁਧਿਆਣਾ ਦੇ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਦੀਆਂ ਸੀਟਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਅਤੇ ਬੈਂਸ ਭਰਾਵਾਂ ਨੇ ਜ਼ੋਰਦਾਰ ਹੰਗਾਮੇ ਕੀਤੇ।
ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਅਤੇ ‘ਆਪ’ ਦੇ ਚੀਫ਼ ਵਿੱਪ੍ਹ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਬੈਂਸ ਵਿਧਾਇਕਾਂ ਦੀਆਂ ਸੀਟਾਂ ‘ਆਪ’ ਵਿਧਾਇਕਾਂ ਦੇ ਨਾਲ ਹੀ ਲਗਾਈਆਂ ਜਾਣ। ਸਪੀਕਰ ਨੇ ਵਿਰੋਧੀ ਧਿਰ ਦੇ ਇਸ ਮੰਗ ਨੂੰ ਰੱਦ ਕਰ ਦਿੱਤਾ ਤੇ ਇਹ ਵੀ ਐਲਾਨ ਕੀਤਾ ਕਿ ਜਿਨਾਂ ਚਿਰ ਬੈਂਸ ਭਰਾ ਆਪਣੀ ਅਲਾਟ ਹੋਈ ਸੀਟ ਤੋਂ ਬਿਨਾਂ ਹੋਰ ਕਿਸੇ ਸੀਟ ਤੋਂ ਬੋਲਣਗੇ ਤਾਂ ਕੋਈ ਵੀ ਗੱਲ ਰਿਕਾਰਡ ‘ਤੇ ਨਹੀਂ ਲਿਆਂਦੀ ਜਾਵੇਗੀ। ਹਾਕਮ ਧਿਰ ਨੇ ਵੀ ਵਿਰੋਧੀ ਧਿਰ ਦੀ ਮੰਗ ਰੱਦ ਕਰਦਿਆਂ ਇਸ ਮੁੱਦੇ ‘ਤੇ ‘ਆਪ’ ਉਤੇ ਨਿਸ਼ਾਨਾ ਸੇਧਿਆ। ‘ਆਪ’ ਵਿਧਾਇਕਾਂ ਨੇ ਇਹ ਵੀ ਦਲੀਲ ਦਿੱਤੀ ਕਿ ਜੇਕਰ ਅਕਾਲੀ-ਭਾਜਪਾ ਮੈਂਬਰਾਂ ਦੀਆਂ ਸੀਟਾਂ ਇਕੱਠੀਆਂ ਲੱਗ ਸਕਦੀਆਂ ਹਨ ਤਾਂ ਚੋਣਾਂ ਤੋਂ ਪਹਿਲਾਂ ਹੋਏ ਗਠਜੋੜ ਮੁਤਾਬਕ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਾਰਾਂ ਦੀਆਂ ਕਿਉਂ ਨਹੀਂ।
ਇਸ ਮੁੱਦੇ ‘ਤੇ ਕਾਂਗਰਸ ਦੇ ਮੈਂਬਰਾਂ ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੰਘ ਸਿੱਧੂ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰਨਾਂ ਦੀ ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾਵਾਂ ਨਾਲ ਸ਼ਬਦੀ ਜੰਗ ਵੀ ਹੋਈ। ਸਦਨ ਵਿੱਚ ਭਾਰੀ ਸ਼ੋਰ ਸ਼ਰਾਬਾ ਹੋਇਆ ਤੇ ਸਪੀਕਰ ਵੱਲੋਂ ਮੰਗ ਰੱਦ ਕੀਤੇ ਜਾਣ ਤੋਂ ਬਾਅਦ ‘ਆਪ’ ਦੇ ਸਾਰੇ ਮੈਂਬਰ ਤੇ ਬੈਂਸ ਭਰਾ ਸਦਨ ਦੇ ਵਿਚਕਾਰ ਆ ਕੇ ਬੈਠ ਗਏ, ਜਦੋਂਕਿ ਸ੍ਰੀ ਫੂਲਕਾ ਆਪਣੀ ਸੀਟ ‘ਤੇ ਬੈਠੇ ਰਹੇ।
ਬਾਦਲ ਪਿਤਾ-ਪੁੱਤ ਫੇਰ ਰਹੇ ਗ਼ੈਰਹਾਜ਼ਰ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹਾਜ਼ਰੀ ਨਹੀਂ ਭਰੀ। ਦੋਵੇਂ ਪਿਓ ਪੁੱਤ ਸਾਰੇ ਦਿਨ ਹੀ ਗ਼ੈਰਹਾਜ਼ਰ ਰਹੇ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਵੱਡੇ ਅਤੇ ਛੋਟੇ ਬਾਦਲ ਨੇ ਵਿਧਾਇਕ ਵਜੋਂ ਸਹੁੰ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਚੈਂਬਰ ਵਿੱਚ ਜਾ ਕੇ ਚੁੱਕੀ ਤੇ ਉਸ ਦਿਨ ਵੀ ਵਿਧਾਨ ਸਭਾ ਵਿੱਚ ਨਹੀਂ ਆਏ। ਪੰਜਾਬ ਦੀ ਸੱਤਾ ‘ਤੇ 10 ਸਾਲ ਕਾਬਜ਼ ਰਹਿਣ ਤੋਂ ਬਾਅਦ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀ ਭਰੀ ਹਾਰ ਹੋਈ ਹੈ। ਇਸ ਕਰਕੇ ਬਾਦਲਾਂ ਦੀ ਸਦਨ ਤੋਂ ਦੂਰੀ ਰਾਜਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।