‘ਆਪ’ ਦੇ ਪਰਵਾਸੀ ਭਾਰਤੀ ਸਮਰਥਕ ਖ਼ਿਲਾਫ਼ ਧੋਖਾਧੜੀ ਮਾਮਲਾ ਦਰਜ

‘ਆਪ’ ਦੇ ਪਰਵਾਸੀ ਭਾਰਤੀ ਸਮਰਥਕ ਖ਼ਿਲਾਫ਼ ਧੋਖਾਧੜੀ ਮਾਮਲਾ ਦਰਜ

ਕੈਪਸ਼ਨ-ਹਰਪਾਲ ਸਿੰਘ ਚੀਮਾ ਅਤੇ ਗੁਰਮਿੰਦਰ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ।
ਸੰਗਰੂਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਸਮਰਥਕ ਸਮਾਜ ਸੇਵੀ ਐਨਆਰਆਈ ਖ਼ਿਲਾਫ਼ ਸੰਦੌੜ ਪੁਲੀਸ ਵਲੋਂ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਐਨਆਰਆਈ ਗੁਰਮਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਪੁਲੀਸ ਵਲੋਂ ਦਰਜ ਕੀਤੇ ਕੇਸ ਨੂੰ ਸਿਆਸੀ ਰੰਜਿਸ਼ ਦੱਸਿਆ ਹੈ। ਪਾਰਟੀ ਨੇ ਵੀ ਇਸ ਮਾਮਲੇ ਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ਹੈ।
ਇਥੇ ਆਮ ਆਦਮੀ ਪਾਰਟੀ ਦੇ ਦਿੜ੍ਹਬਾ ਤੋਂ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸਿਆਸੀ ਰੰਜਿਸ਼ ਤਹਿਤ ਫਸਾਇਆ ਗਿਆ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਹ ‘ਆਪ’ ਦਾ ਸਮਰਥਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪਿੰਡ ਬਿਸ਼ਨਗੜ੍ਹ ਹੈ ਅਤੇ ਉਹ ਪਿਛਲੇ ਪੰਜਾਹ ਸਾਲਾਂ ਤੋਂ ਯੂਕੇ ਦਾ ਪੱਕਾ ਵਸਨੀਕ ਹੈ। ਉਸ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੇ ਨਿਤਿਨ ਗੋਇਲ ਨੇ ਪਹਿਲਾਂ ਵੀ ਮਈ-2016 ਵਿਚ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਉਸ ਦੀ ਪੜਤਾਲ ਰਿਪੋਰਟ ਵਿੱਚ ਡੀਐਸਪੀ ਮਲੇਰਕੋਟਲਾ ਵਲੋਂ ਲਿਖਿਆ ਸੀ ਕਿ ਗੁਰਮਿੰਦਰ ਸਿੰਘ ਨੇ ਕੋਈ ਠੱਗੀ ਨਹੀਂ ਮਾਰੀ। ਇਸ ਲਈ ਦਰਖਾਸਤ ‘ਤੇ ਕਿਸੇ ਕਾਰਵਾਈ ਦੀ ਜ਼ਰੂਰਤ ਨਹੀਂ ਹੈ। ਜ਼ਿਲ੍ਹਾ ਪੁਲੀਸ ਮੁਖੀ ਵਲੋਂ ਵੀ ਅਗਸਤ-16 ਵਿਚ ਦਰਖਾਸਤ ਦਫ਼ਤਰ ਦਾਖਲ ਕਰਨ ਦੀ ਸਿਫ਼ਾਰਸ਼ ਕੀਤੀ  ਗਈ ਸੀ। ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਕੀਤੀ ਸ਼ਿਕਾਇਤ ‘ਤੇ ਸੰਦੌੜ ਪੁਲੀਸ ਵਲੋਂ ਜਿਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਉਸ ਖ਼ਿਲਾਫ਼ ਪੁਲੀਸ ਵਲੋਂ ਅਜੇ ਤੱਕ ਅਦਾਲਤ ਵਿਚ ਚਲਾਨ ਪੇਸ਼ ਨਹੀਂ ਕੀਤਾ ਗਿਆ ਪਰ ਜਿਹੜੀ ਸ਼ਿਕਾਇਤ ਪਹਿਲਾਂ ਪੁਲੀਸ ਦਫ਼ਤਰ ਦਾਖਲ ਕਰ ਚੁੱਕੀ ਹੈ। ਉਸੇ ਵਿਸ਼ੇ ਦੀ ਸ਼ਿਕਾਇਤ ਦੇ ਆਧਾਰ ‘ਤੇ ਹੁਣ ਕਾਂਗਰਸ ਸਰਕਾਰ ਬਣਦਿਆਂ ਹੀ ਉਸ ਦੇ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਰਹੀ ਹੈ। ਪੁਲੀਸ ਵਲੋਂ ਉਸ ਦੇ ਘਰ ਪਿੰਡ ਬਿਸ਼ਨਗੜ੍ਹ ਵਿਚ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ।   ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮ ਦੇ ਖਿਲਾਫ਼ ਚਲਾਨ ਪੇਸ਼ ਕਰਨ ਦੀ ਬਜਾਏ ਮੁਦੱਈ ਖ਼ਿਲਾਫ਼ ਹੀ ਝੂਠੇ ਕੇਸ ਦਰਜ ਕਰ ਰਹੀ ਹੈ। ਥਾਣਾ ਸੰਦੌੜ ਦੀ ਐਸਐਚਓ ਕੁਲਵੰਤ ਕੌਰ ਨੇ ਸਿਆਸੀ ਰੰਜਿਸ਼ ਤਹਿਤ ਕੇਸ ਦਰਜ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਐਨਆਰਆਈ ਗੁਰਮਿੰਦਰ ਸਿੰਘ ਖਿਲਾਫ਼ ਜਾਅਲੀ ਦਸਤਖਤ ਕਰਨ ਦੇ ਦੋਸ਼ ਸਨ। ਜਾਅਲੀ ਦਸਤਖਤ ਬਾਰੇ ਮਾਹਿਰਾਂ ਪਾਸੋਂ ਜਾਂਚ ਕਰਾਉਣ ਮਗਰੋਂ ਹੀ ਕੇਸ ਦਰਜ ਕੀਤਾ ਗਿਆ ਹੈ।