ਫ਼ੌਜ ਦੀ ਜੀਪ ਨਾਲ ਬੰਨ੍ਹੇ ਨੌਜਵਾਨ ਵਾਲੀ ਵੀਡਿਓ ਵਾਇਰਲ ਹੋਣ ‘ਤੇ ਉਮਰ ਨੇ ਪ੍ਰਗਟਾਈ ਹੈਰਾਨੀ

ਫ਼ੌਜ ਦੀ ਜੀਪ ਨਾਲ ਬੰਨ੍ਹੇ ਨੌਜਵਾਨ ਵਾਲੀ ਵੀਡਿਓ ਵਾਇਰਲ ਹੋਣ ‘ਤੇ ਉਮਰ ਨੇ ਪ੍ਰਗਟਾਈ ਹੈਰਾਨੀ

ਕਿਹਾ- ਫੌਜ ਕੋਲੋਂ ਪੱਥਰਬਾਜ਼ਾ ਵਾਂਗ ਕੋਈ ਉਮੀਦ ਨਹੀਂ ਰੱਖਦੇ
ਸ੍ਰੀਨਗਰ/ਬਿਊਰੋ ਨਿਊਜ਼ :
ਕਸ਼ਮੀਰ ਵਿਚ ਨਿੱਤ ਨਵੇਂ ਵਿਵਾਦਾਂ ਵਿਚ ਫੌਜ ਦੀ ਜੀਪ ਅੱਗੇ ਬੰਨ੍ਹੇ ਨੌਜਵਾਨ ਦੀ ਵੀਡਿਓ ਨੂੰ ਉਮਰ ਅਬਦੁੱਲਾ ਵੱਲੋਂ ਵਾਇਰਲ ਕਰਨ ਤੋਂ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਦੇ ਇਸ ਘਟਨਾ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਇਸ ਲਈ ਜੀਪ ਨਾਲ ਬੰਨ੍ਹ ਦਿੱਤਾ ਗਿਆ ਕਿ ਪੱਥਰਬਾਜ਼ੀ ਨੂੰ ਰੋਕਿਆ ਜਾ ਸਕੇ, ਜਿਹੜੀ ਕਿ ਦਿਲ ਹਲਾਉਣ ਵਾਲੀ ਘਟਨਾ ਹੈ। ਕਸ਼ਮੀਰੀ ਪੱਥਰਬਾਜ਼ਾਂ ਵੱਲੋਂ ਸੀ.ਆਰ.ਪੀ.ਐਫ. ਜਵਾਨ ਨਾਲ ਕੀਤੀ ਬਦਸਲੂਕੀ ਬਾਰੇ ਉਨ੍ਹਾਂ ਕਿਹਾ ਕਿ ਉਹ ਫੌਜ ਕੋਲੋਂ ਪੱਥਰਬਾਜ਼ਾ ਵਾਂਗ ਕੋਈ ਉਮੀਦ ਨਹੀਂ ਰੱਖਦੇ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਧਰ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਜ਼ਿਲ੍ਹਾ ਬਡਗਮ ਨਾਲ ਸੰਬੰਧਤ ਇੰਟਰਨੈੱਟ ਸੇਵਾ ਬਹਾਲ ਹੋਣ ਦੇ ਤਰੁੰਤ ਬਾਅਦ ਵਾਇਰਲ ਹੋਈਆਂ ਵੀਡਿਓਜ਼ ‘ਤੇ ਦੁੱਖ ਤੇ ਚਿੰਤਾ ਪ੍ਰਗਟ ਕਰਦਿਆਂ ਪੁਲੀਸ ਨੂੰ ਇਸ ਸਬੰਧ ਵਿਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਸ ਬਾਰੇ ਸਚਾਈ ਦਾ ਪਤਾ ਚਲਾ ਕੇ ਉਚਿੱਤ ਕਾਰਵਾਈ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਉਕਤ ਸਾਰੇ ਵੀਡਿਓ 9 ਅਪ੍ਰੈਲ ਨੂੰ ਸ੍ਰੀਨਗਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਬਡਗਾਮ ਜ਼ਿਲ੍ਹੇ ਵਿਖੇ ਭੜਕੀ ਹਿੰਸਾ ਵਾਲੇ ਦਿਨ ਸ਼ੂਟ ਕੀਤੇ ਗਏ ਸਨ ਤੇ ਪਿਛਲੇ 2 ਦਿਨ ਤੋਂ ਇਹ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ।
ਫੌਜ ਨੇ ਕਿਹਾ ਕਿ ਫੌਜ ਦੀ ਜੀਪ ਨਾਲ ਬੰਨ੍ਹੇ ਨੌਜਵਾਨ ਵਾਲੀ ਵੀਡਿਓ ਮਾਮਲੇ ਦੀ ਜਾਂਚ ਹੋਵੇਗੀ, ਜਿਸ ਵਿਚ ਕਥਿਤ ਤੌਰ ‘ਤੇ ਉਸ ਨੂੰ ਪੱਥਰਬਾਜ਼ੀ ਕਰਨ ਲਈ ਸਜ਼ਾ ਦਿੱਤੀ ਜਾ ਰਹੀ ਹੈ। ਸੁਰੱਖਿਆ ਬੁਲਾਰੇ ਨੇ ਕਿਹਾ ਕਿ ਇਸ ਵੀਡਿਓ ਵਿਚ ਦਿਖਾਈ ਸਮੱਗਰੀ ਦੀ ਪਛਾਣ ਕਰ ਲਈ ਗਈ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਜਵਾਨਾਂ ਦੀ ਕੁੱਟਮਾਰ ਕਰਨ ਵਾਲੇ 3 ਗ੍ਰਿਫ਼ਤਾਰ  :
ਸ੍ਰੀਨਗਰ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਬਡਗਾਮ ਜ਼ਿਲ੍ਹੇ ਦੇ ਇੱਕ ਪੋਲਿੰਗ ਸਟੇਸ਼ਨ ਨੇੜੇ ਭੜਕੀ ਹਿੰਸਾ ਦੌਰਾਨ ਸੀ.ਆਰ.ਪੀ.ਐਫ. ਦੇ ਜਵਾਨਾਂ ਨਾਲ ਹੋਈ ਕੁੱਟਮਾਰ ਤੇ ਬਦਸਲੂਕੀ ਕਰਨ ਦੇ ਦੋਸ਼ ਵਿਚ 3 ਵਿਅਕਤੀਆਂ ਨੂੰ ਚੌਡੂਰਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੀ.ਆਰ.ਪੀ.ਐਫ. ਜਵਾਨ ਵਲੋਂ ਪਥਰਾਅ ਕਰ ਰਹੇ ਇਕ ਨੌਜਵਾਨ ਦੇ ਸਿਰ ਵਿਚ ਸਿੱਧੇ ਫਾਇਰ ਕਰਨ ਦੀ ਘਟਨਾਂ ਦੇ ਸੰਬਧ ਵਿਚ ਵਾਇਰਲ ਹੋਏ ਵੀਡਿਓ ਦੇ ਆਧਾਰ ‘ਤੇ ਬਡਗਾਮ ਦੇ ਬੀਰੂ ਪੁਲੀਸ ਸਟੇਸ਼ਨ ਵਿਖੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲੀਸ ਡੀ.ਜੀ.ਪੀ ਸ੍ਰੀ ਐਸ. ਪੀ. ਵੈਦ ਅਨੁਸਾਰ ਬਡਗਾਮ ਜ਼ਿਲ੍ਹੇ ਵਿਖੇ ਐਤਵਾਰ ਨੂੰ ਹੋਈ ਪੋਲਿੰਗ ਦੌਰਾਨ ਪ੍ਰਦਰਸ਼ਨਕਾਰੀ ‘ਤੇ ਸਿੱਧਾ ਗੋਲੀ ਚਲਾਉਣ ਦੀ ਘਟਨਾ ਵਿਚ ਪ੍ਰਦਰਸ਼ਨਕਾਰੀ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੁਲੀਸ ਮੁਖੀ ਨੇ ਚੋਣਾਂ ਦੌਰਾਨ ਸੀ.ਆਰ.ਪੀ.ਐਫ. ਜਵਾਨਾਂ ਵੱਲੋਂ ਸਹਿਣਸ਼ੀਲਤਾ ਦਿਖਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਦੁਨੀਆ ਦੀ ਕਿਸੇ ਹੋਰ ਫੋਰਸ ਵਾਂਗ ਇਸ ਬਦਸਲੂਕੀ ਤੇ ਅਪਮਾਨ ਦਾ ਜਵਾਬ ਪੂਰੀ ਤਾਕਤ ਦੇ ਨਾਲ ਦਿੱਤਾ ਹੁੰਦਾ ਤਾਂ ਇਸ ਘਟਨਾ ਵਿਚ ਕਈ ਲੋਕਾਂ ਦੀ ਜਾਨ ਚਲੀ ਜਾਣੀ ਸੀ।