ਮੋਦੀ ਦੀ ਕਸ਼ਮੀਰੀ ਨੌਜਵਾਨਾਂ ਨੂੰ ਖ਼ੂਨ ਖਰਾਬੇ ਤੋਂ ਦੂਰ ਰਹਿਣ ਨਸੀਹਤ

ਮੋਦੀ ਦੀ ਕਸ਼ਮੀਰੀ ਨੌਜਵਾਨਾਂ ਨੂੰ ਖ਼ੂਨ ਖਰਾਬੇ ਤੋਂ ਦੂਰ ਰਹਿਣ ਨਸੀਹਤ
Chenani (J&K): Prime Minister Narendra Modi visits Chenani-Nashri Tunnel, in Chenani (J&K) on Sunday.PTI Photo/pib(PTI4_2_2017_000145B)

ਦੇਸ਼ ਦੀ ਸਭ ਤੋਂ ਵੱਡੀ ਚੇਨਾਨੀ-ਨਾਸ਼ਰੀ ਸੁਰੰਗ ਚਾਲੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਜੰਮੂ-ਸ੍ਰੀਨਗਰ ਨੂੰ ਜੋੜਨ ਵਾਲੀ ਚੇਨਾਨੀ-ਨਾਸ਼ਰੀ ਸੁਰੰਗ ਦੇ ਉਦਘਾਟਨ ਮੌਕੇ।
ਸ੍ਰੀਨਗਰ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ‘ਕੁਰਾਹੇ’ ਪਏ ਕਸ਼ਮੀਰੀ ਨੌਜਵਾਨਾਂ ਨੂੰ ਖ਼ੂਨ-ਖਰਾਬੇ ਦਾ ਰਾਹ ਛੱਡਣ ਦਾ ਸੁਨੇਹਾ ਦੇ ਰਹੇ ਸਨ ਤਾਂ ਪੁਰਾਣੇ ਸ੍ਰੀਨਗਰ ਦੇ ਨੌਹੱਟਾ ਇਲਾਕੇ ਵਿੱਚ ਹੋਏ ਇਕ ਗ੍ਰੇਨੇਡ ਹਮਲੇ ਵਿੱਚ ਪੁਲੀਸ ਦਾ ਇਕ ਸਿਪਾਹੀ ਮਾਰਿਆ ਗਿਆ ਅਤੇ 15 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਦੇਸ਼ ਦੀ ਸਭ ਤੋਂ ਵੱਡੀ ਚੇਨਾਨੀ-ਨਾਸ਼ਰੀ ਸੁਰੰਗ ਦੇ ਉਦਘਾਟਨ ਲਈ ਇੱਥੇ ਪੁੱਜੇ ਸ੍ਰੀ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਵੱਖਵਾਦੀ ਗਰੁੱਪਾਂ ਨੇ ਹੜਤਾਲ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਵਾਦੀ ਵਿੱਚ ਆਮ ਜਨ-ਜੀਵਨ ਪ੍ਰਭਾਵਤ ਹੋਇਆ।
ਇਸ ਤੋਂ ਪਹਿਲਾਂ ਕਸ਼ਮੀਰ ਦੇ ਕੁਰਾਹੇ ਪਏ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 40 ਸਾਲਾਂ ਦੇ ਖ਼ੂਨ-ਖਰਾਬੇ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ ਅਤੇ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਅਤਿਵਾਦ ਦੀ ਥਾਂ ਸੈਰ-ਸਪਾਟੇ ਨੂੰ ਚੁਣਨਾ ਚਾਹੀਦਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਅਰੇ ‘ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ’ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ‘ਮੁੱਖ ਨਾਅਰੇ’ ਦੀ ਵਰਤੋਂ ਰਾਜ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਉਤੇ ਲੈ ਜਾਣ ਲਈ ਹੋ ਸਕਦੀ ਹੈ ਅਤੇ ਕੋਈ ਵੀ ਅੜਿੱਕਾ ਸਾਡਾ ਰਾਹ ਨਹੀਂ ਰੋਕ ਸਕਦਾ।
ਇੱਥੇ ਦੇਸ਼ ਦੀ ਸਭ ਤੋਂ ਵੱਡੀ ਸੜਕੀ ਸੁਰੰਗ ਦਾ ਉਦਘਾਟਨ ਕਰਨ ਲਈ ਸੰਖੇਪ ਦੌਰੇ ਉਤੇ ਪੁੱਜੇ ਪ੍ਰਧਾਨ ਮੰਤਰੀ ਨੇ ਇਸ ਮੌਕੇ ਦੀ ਵਰਤੋਂ ਵਾਦੀ ਵਿੱਚ ਪਥਰਾਅ ਕਰਨ ਵਾਲਿਆਂ ਨੂੰ ਨਸੀਹਤ ਦੇਣ ਲਈ ਕੀਤੀ। ਉਨ੍ਹਾਂ ਕਿਹਾ ਕਿ ਪੱਥਰਾਂ ਨੂੰ ਬੁਨਿਆਦੀ ਢਾਂਚਾ ਬਣਾਉਣ ਲਈ ਬਿਹਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕਸ਼ਮੀਰੀ ਨੌਜਵਾਨ ਸੂਫੀ ਸਭਿਆਚਾਰ ਦੀ ਬਹੁਮੁੱਲੀ ਰਵਾਇਤ ਨੂੰ ਨਜ਼ਰਅੰਦਾਜ਼ ਕਰਨਗੇ ਤਾਂ ਉਹ ਆਪਣਾ ਵਰਤਮਾਨ ਗਵਾ ਦੇਣਗੇ ਅਤੇ ਭਵਿੱਖ ਨੂੰ ਹਨੇਰੇ ਵਿੱਚ ਸੁੱਟ ਦੇਣਗੇ।
ਪ੍ਰਧਾਨ ਮੰਤਰੀ ਨੇ ਗੁੱਝੇ ਢੰਗ ਨਾਲ ਪਾਕਿਸਤਾਨੀ ਸ਼ਾਸਕਾਂ ਉਤੇ ਚੋਟ ਕਰਦਿਆਂ ਕਿਹਾ ਕਿ ਉੁਹ ਆਪਣੀ ਹੀ ਸੰਭਾਲ ਨਹੀਂ ਕਰ ਸਕਦੇ। ਰਾਜਪਾਲ ਐਨ.ਐਨ. ਵੋਹਰਾ, ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਕੁੱਝ ਕੇਂਦਰੀ ਤੇ ਰਾਜ ਮੰਤਰੀਆਂ ਦੀ ਸ਼ਮੂਲੀਅਤ ਵਾਲੇ ਇਸ ਸਮਾਰੋਹ ਦੌਰਾਨ ਸ੍ਰੀ ਮੋਦੀ ਨੇ ਜੰਮੂ ਕਸ਼ਮੀਰ ਦੇ ਵਿਕਾਸ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਮਹਿਬੂਬਾ ਮੁਫ਼ਤੀ ਤੇ ਉਨ੍ਹਾਂ ਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਕ ਸਾਲ ਪਹਿਲਾਂ ਦਿੱਤੇ 80 ਹਜ਼ਾਰ ਕਰੋੜ ਦੇ ਪੈਕੇਜ ਵਿਚੋਂ ਅੱਧੇ ਤੋਂ ਵੱਧ ਨੂੰ ਥੋੜ੍ਹੇ ਸਮੇਂ ਵਿੱਚ ਖਰਚ ਦਿੱਤਾ ਗਿਆ, ਜਦੋਂ ਕਿ ਪਹਿਲਾਂ ਪੈਕੇਜ ਸਿਰਫ਼ ਕਾਗਜ਼ਾਂ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਮੋਹਰੀ ਸੂਬਾ ਬਣਨ ਦੀ ਸਮਰੱਥਾ ਹੈ ਅਤੇ ਲੋਕਾਂ ਨੂੰ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ। ਨੌਂ ਕਿਲੋਮੀਟਰ ਲੰਮੀ ਚੇਨਾਨੀ-ਨਾਸ਼ਰੀ ਸੁਰੰਗ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕਸ਼ਮੀਰ ਵਾਦੀ ਵਿੱਚ ਸੈਰ-ਸਪਾਟਾ ਨਵੀਆਂ ਉਚਾਈਆਂ ਛੋਹੇਗਾ।
ਇਸ ਦੌਰਾਨ ਸ੍ਰੀਨਗਰ ਦੇ ਨੌਹੱਟਾ ਇਲਾਕੇ ਵਿੱਚ ਗੰਜਬਖ਼ਸ਼ ਪਾਰਕ ਵਿੱਚ ਪੁਲੀਸ ਪਾਰਟੀ ਉਤੇ ਅਤਿਵਾਦੀਆਂ ਨੇ ਗ੍ਰੇਨੇਡ ਸੁੱਟਿਆ, ਜਿਸ ਕਾਰਨ ਇਕ ਸਿਪਾਹੀ ਮਾਰਿਆ ਗਿਆ ਅਤੇ 15 ਜ਼ਖ਼ਮੀ ਹੋ ਗਏ। ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਵਾਦੀ ਵਿੱਚ ਜਨ ਜੀਵਨ ਪ੍ਰਭਾਵਤ ਹੋਇਆ। ਇਸ ਕਾਰਨ ਸ੍ਰੀਨਗਰ ਵਿੱਚ ਦੁਕਾਨਾਂ, ਵਪਾਰਕ ਅਦਾਰੇ ਅਤੇ ਪੈਟਰੋਲ ਪੰਪ ਬੰਦ ਰਹੇ।