ਸਿੱਖ ਕਤਲੇਆਮ ਮਾਮਲੇ ਵਿਚ ਟਾਈਟਲਰ ਲਾਈ ਡਿਟੈਕਸ਼ਨ ਟੈਸਟ ਕਰਾਉਣ ਤੋਂ ਭੱਜਿਆ

ਸਿੱਖ ਕਤਲੇਆਮ ਮਾਮਲੇ ਵਿਚ ਟਾਈਟਲਰ ਲਾਈ ਡਿਟੈਕਸ਼ਨ ਟੈਸਟ ਕਰਾਉਣ ਤੋਂ ਭੱਜਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ‘ਲਾਈ ਡਿਟੈਕਸ਼ਨ ਟੈਸਟ’ ਕਰਵਾਉਣ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਕੇਸ ਵਿਚ ਉਨ੍ਹਾਂ ਨੂੰ ਸੀਬੀਆਈ ਵੱਲੋਂ ਤਿੰਨ ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਅੱਗੇ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਉਨ੍ਹਾਂ ਕਿਹਾ ਕਿ ਉਹ ਇਹ ਟੈਸਟ ਨਹੀਂ ਕਰਵਾਉਣਾ ਚਾਹੁੰਦੇ। ਇਸ ਮਾਮਲੇ ਵਿੱਚ ਮੁੱਖ ਗਵਾਹ ਅਭਿਸ਼ੇਕ ਵਰਮਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਪੋਲੀਗ੍ਰਾਫ਼ ਟੈਸਟ ਕਰਵਾਉਣ ਲਈ ਸ਼ਰਤਾਂ ਦੱਸਣ ਲਈ ਨਿੱਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਹੋਣ ਲਈ ਸਮਾਂ ਚਾਹੀਦਾ ਹੈ। ਅਦਾਲਤ ਨੇ ਸ੍ਰੀ ਵਰਮਾ ਦੇ ਵਕੀਲ ਨੂੰ ਸਮਾਂ ਦਿੰਦਿਆਂ ਅਗਲੀ ਸੁਣਵਾਈ 2 ਜੂਨ ਨੂੰ ਤੈਅ ਕੀਤੀ ਹੈ। ਅਦਾਲਤ ਨੇ 9 ਮਈ ਨੂੰ ਸ੍ਰੀ ਟਾਈਟਲਰ ਅਤੇ ਸ੍ਰੀ ਵਰਮਾ ਨੂੰ ‘ਲਾਈ ਡਿਟੈਕਸ਼ਨ ਟੈਸਟ’ ਕਰਵਾਉਣ ਲਈ ਸਪਸ਼ਟ ਤੌਰ ‘ਤੇ ਜਵਾਬ ਦੇਣ ਲਈ ਆਖਿਆ ਸੀ। ਅਦਾਲਤ ਨੇ ਕਿਹਾ ਸੀ ਕਿ ਟੈਸਟ ਲਈ ਉਨ੍ਹਾਂ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ ਸੀਬੀਆਈ ਦੀ ਅਪੀਲ ਕਾਇਮ ਹੈ। ਅਦਾਲਤ ਨੇ ਕਿਹਾ ਸੀ ਕਿ ਜੇਕਰ ਮਨਜ਼ੂਰੀ ਨਾਲ ਕਿਸੇ ਕਿਸਮ ਦੀਆਂ ਸ਼ਰਤਾਂ ਰੱਖੀਆਂ ਜਾਣੀਆਂ ਹਨ ਤਾਂ ਦੋਵਾਂ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣਾ ਪਵੇਗਾ।