ਵਿਰਾਟ ਕੋਹਲੀ ‘ਪੌਲੀ ਉਮਰੀਗਰ ਪੁਰਸਕਾਰ’ ਲਈ ਨਾਮਜ਼ਦ

ਵਿਰਾਟ ਕੋਹਲੀ ‘ਪੌਲੀ ਉਮਰੀਗਰ ਪੁਰਸਕਾਰ’ ਲਈ ਨਾਮਜ਼ਦ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਕ੍ਰਿਕਟ ਬੋਰਡ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ‘ਸਾਲ ਦੇ ਬਿਹਤਰੀਨ ਕੌਮਾਂਤਰੀ ਕ੍ਰਿਕਟਰ’ ਨੂੰ ਮਿਲਣ ਵਾਲੇ ਮਾਣਮੱਤੇ ‘ਪੌਲੀ ਉਮਰੀਗਰ ਪੁਰਸਕਾਰ’ ਲਈ ਨਾਮਜ਼ਦ ਕੀਤਾ ਹੈ ਜਦਕਿ ਹਰਫ਼ਨਮੌਲਾ ਰਵੀਚੰਦਰਨ ਅਸ਼ਵਿਨ ਨੂੰ ‘ਦੁਵੱਲੀ ਲੜੀ ਵਿੱਚ ਸਰਵੋਤਮ ਪ੍ਰਦਰਸ਼ਨ’ ਲਈ ‘ਦਿਲੀਪ ਸਰਦੇਸਾਈ ਪੁਰਸਕਾਰ’ ਮਿਲੇਗਾ। ਸਾਲ 2011-12 ਤੇ 2014-15 ਤੋਂ ਬਾਅਦ ਕੋਹਲੀ ਦੀ ਤੀਜੀ ਵਾਰ ਇਸ ਪੁਰਸਕਾਰ ਲਈ ਚੋਣ ਕੀਤੀ ਗਈ ਹੈ।
ਕੋਹਲੀ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਭਾਰਤ ਦਾ ਸਰਵੋਤਮ ਸਕੋਰਰ ਰਿਹਾ ਹੈ ਤੇ ਇਸ ਪੁਰਸਕਾਰ ਦਾ ਹੱਕਦਾਰ ਸੀ। ਅਸ਼ਵਿਨ ਵੀ ਦਲੀਪ ਸਰਦੇਸਾਈ ਪੁਰਸਕਾਰ ਦੂਜੀ ਵਾਰ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣੇਗਾ। ਇਨ੍ਹਾਂ ਪੁਰਸਕਾਰਾਂ ਨੂੰ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਦੁਵੱਲੀ ਲੜੀ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਅਸ਼ਵਿਨ ਨੂੰ ਸਭ ਤੋਂ ਪਹਿਲਾਂ 2011 ਵਿੱਚ ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਲੜੀ ਵਿੱਚ ‘ਮੈਨ ਆਫ਼ ਦਿ ਸੀਰੀਜ਼’ ਬਣਨ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਪਿਛਲੇ ਸਾਲ ਵੈਸਟ ਇੰਡੀਜ਼ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਦੌਰਾਨ ਵੀ ਅਸ਼ਵਿਲ ਮੈਨ ਆਫ਼ ਦਾ ਸੀਰੀਜ਼ ਰਿਹਾ ਸੀ ਤੇ ਗੇਂਦਬਾਜ਼ ਨੇ ਬੱਲੇ ਨਾਲ ਆਪਣਾ ਜਲਵਾ ਵਿਖਾਉਂਦਿਆਂ ਦੋ ਸੈਂਕੜਿਆਂ ਤੋਂ ਇਲਾਵਾ 17 ਵਿਕਟ ਵੀ ਲਏ।