ਲਾਹੌਰ ਵਿਚ ਖੇਡਣ ਤੋਂ ਝਿਜਕ ਰਹੇ ਹਨ ਵਿਦੇਸ਼ੀ ਖਿਡਾਰੀ

ਲਾਹੌਰ ਵਿਚ ਖੇਡਣ ਤੋਂ ਝਿਜਕ ਰਹੇ ਹਨ ਵਿਦੇਸ਼ੀ ਖਿਡਾਰੀ

ਲਾਹੌਰ/ਬਿਊਰੋ ਨਿਊਜ਼ :
ਅਤਿਵਾਦੀ ਹਮਲਿਆਂ ਦੇ ਬਾਵਜੂਦ ਪਾਕਿਸਤਾਨ ਕਿਰਕਟ ਬੋਰਡ ਦੇ ਪੀਐਸਐਲ ਟਵੰਟੀ-20 ਟੂਰਨਾਮੈਂਟ ਦਾ ਫਾਈਨਲ ਲਾਹੌਰ ਵਿੱਚ ਕਰਾਉਣ ਦੀ ਜ਼ਿੱਦ ਦੇ ਮੱਦੇਨਜ਼ਰ ਵੱਖ ਵੱਖ ਫਰੈਂਚਾਇਜ਼ੀਆਂ ਦੇ ਕਾਊਂਟੀ ਖਿਡਾਰੀ ਅਸੁਰੱਖਿਅਤ ਮਾਹੌਲ ਵਿੱਚ ਖੇਡਣ ਲਈ ਦੁਚਿੱਤੀ ਵਿੱਚ ਹਨ।
ਪੀਸੀਬੀ ਦੇ ਲਾਹੌਰ ਵਿੱਚ ਹੀ ਪੀਐਸਐਲ ਫਾਈਨਲ ਖੇਡਣ ਦਾ ਐਲਾਨ ਕੀਤੇ ਜਾਣ ਦੇ ਇਕ ਦਿਨ ਮਗਰੋਂ ਜ਼ਿਆਦਾਤਰ ਖਿਡਾਰੀ ਪਾਕਿਸਤਾਨ ਦਾ ਦੌਰਾ ਕਰਨ ਲਈ ਦੁਚਿੱਤੀ ਵਿੱਚ ਹਨ। ਪਾਕਿਸਤਾਨ ਵਿੱਚ ਬੀਤੇ 10 ਦਿਨਾਂ ਵਿੱਚ ਤਿੰਨ ਤੋਂ ਵਧ ਅਤਿਵਾਦੀ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 100 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀਐਸਐਲ ਟੂਰਨਾਮੈਂਟ ਵਿੱਚ ਪੰਜ ਫਰੈਂਚਾਇਜ਼ੀਆਂ ਨੇ ਪੀਸੀਬੀ ਨੂੰ 54 ਵਿਦੇਸ਼ੀ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹਨ। ਇਨ੍ਹਾਂ ਵਿੱਚ 15 ਖਿਡਾਰੀ ਵੱਖ ਵੱਖ ਦੇਸ਼ਾਂ ਦੀ ਕੌਮੀ ਟੀਮ ਦੇ ਕਰਾਰ ਵਾਲੇ ਖਿਡਾਰੀ ਹਨ, ਜਿਨ੍ਹਾਂ ਵਿੱਚ ਸਾਬਕਾ ਬਰਤਾਨਵੀ ਖਿਡਾਰੀ ਜੇਡ ਡਰਨਬਾਕ ਅਤੇ ਫਿਲ ਮਸਟਰਡ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਵਿੱਚ ਵਧੇਰੇ ਉਹ ਖਿਡਾਰੀ ਹਨ ਜਿਨ੍ਹਾਂ ਨੂੰ ਬੀਤੇ ਵਰ੍ਹੇ ਅਕਤੂਬਰ ਵਿੱਚ ਕਿਸੇ ਟੀਮ ਨੇ ਨਹੀਂ ਖਰੀਦਿਆ। ਇਹ ਮੰਨਿਆ ਜਾ ਰਿਹਾ ਹੈ ਕਿ ਪੀਐਸਐਲ ਫਾਈਨਲ ਤੋਂ ਪਹਿਲਾਂ ਪੀਸੀਬੀ ਉਨ੍ਹਾਂ ਵਿਦੇਸ਼ੀ ਖਿਡਾਰੀਆਂ ਦਾ ਡਰਾਫਟ ਤਿਆਰ ਕਰਨ ਜਾ ਰਿਹਾ ਹੈ ਜਿਹੜੇ ਲਾਹੌਰ ਵਿੱਚ ਖੇਡਣ ਲਈ ਤਿਆਰ ਹਨ। ਉਥੇ ਪੰਜ ਮਾਰਚ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ ਲਈ ਫਰੈਂਚਾਇਜ਼ੀਆਂ ਨੂੰ ਆਪਣੇ ਖਿਡਾਰੀਆਂ ਨੂੰ ਮਨਾਉਣਾ ਵੱਡੀ ਚੁਣੌਤੀ ਹੋਵੇਗਾ।
ਸੁਰੱਖਿਆ ਕਾਰਨਾਂ ਕਾਰਨ ਪੀਐਸਐਲ ਟੂਰਨਾਮੈਂਟ ਦੁਬਈ ਵਿੱਚ ਖੇਡਿਆ ਜਾ ਰਿਹਾ ਹੈ। ਦੂਜੇ ਪਾਸੇ ਪੀਸੀਬੀ ਦੇ ਦਾਅਵਿਆਂ ਦੇ ਉਲਟ ਇੰਗਲੈਂਡ ਦੇ ਵਧੇਰੇ ਖਿਡਾਰੀ ਲਾਹੌਰ ਜਾਣ ਲਈ ਕੋਈ ਵਾਅਦਾ ਨਹੀਂ ਕਰ ਰਹੇ। ਸੂਚੀ ਵਿੱਚ ਸ਼ਾਮਲ ਖਿਡਾਰੀਆਂ ਦੀ ਥਾਂ ਜੇਕਰ ਰਿਜ਼ਰਵ ਖਿਡਾਰੀਆਂ ਨੂੰ ਫਾਈਨਲ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹ ਵੀ ਲਿਖਤੀ ਸੁਰੱਖਿਆ ਦੀ ਮੰਗ ਕਰ ਰਹੇ ਹਨ। ਖਿਡਾਰੀਆਂ ਦੀ ਕੌਮਾਂਤਰੀ ਸੰਸਥਾ (ਫਿਕਾ) ਨੇ ਵੀ ਖਿਡਾਰੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਹੈ।