ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ

ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ
ਕੈਪਸ਼ਨ- ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ (ਖੱਬੇ) ਨਿਊਜ਼ੀਲੈਂਡ ਦੇ ਟਿਮ ਨੂੰ ਇਕ ਰੋਜ਼ਾ ਮੈਚ ਜਿੱਤਣ ‘ਤੇ ਵਧਾਈ ਦਿੰਦਾ ਹੋਇਆ।

ਕਰਾਈਸਟਚਰਚ/ਬਿਊਰੋ ਨਿਊਜ਼ :
ਰੋਸ ਟੇਲਰ ਦੇ ਬਿਹਤਰੀਨ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਦੂਜੇ ਇਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਇਥੇ ਦੱਖਣੀ ਅਫਰੀਕਾ ਨੂੰ ਛੇ ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਟੇਲਰ ਨੇ ਨਾਬਾਦ 102 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਨਿਊਜ਼ੀਲੈਂਡ ਨੇ ਚਾਰ ਵਿਕਟਾਂ ‘ਤੇ 289 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ ਡਵੇਨ ਪ੍ਰੀਟੋਰੀਅਸ (50) ਦੇ 26 ਗੇਂਦਾਂ ‘ਤੇ ਬਣਾਏ ਅਰਧ ਸੈਂਕੜੇ ਦੀ ਮਦਦ ਨਾਲ ਜੇਤੂ ਟੀਚੇ ਦੇ ਨੇੜੇ ਪੁੱਜੀ, ਪਰ ਨੌਂ ਵਿਕਟ ‘ਤੇ 283 ਦੌੜਾਂ ਹੀ ਬਣਾ ਸਕੀ। ਇਸ ਹਾਰ ਨਾਲ ਦੱਖਣੀ ਅਫਰੀਕਾ ਦੇ ਲਗਾਤਾਰ 12 ਜਿੱਤਾਂ ਦੀ ਲੜੀ ਟੁੱਟ ਗਈ। ਟੇਲਰ ਨੇ ਪਾਰੀ ਦੀ ਅੰਤਿਮ ਗੇਂਦ ‘ਤੇ ਚੌਕੇ ਨਾਲ ਸੈਂਕੜਾ ਬਣਾਇਆ। ਉਸ ਨੇ 17 ਵੇਂ ਸੈਂਕੜੇ ਨਾਲ ਨਿਊਜ਼ੀਲੈਂਡ ਵੱਲੋਂ ਸਭ ਤੋਂ ਵਧ 16 ਸੈਂਕੜਿਆਂ ਦਾ ਨਾਥਨ ਐਸਟਲ ਦਾ ਰਿਕਾਰਡ ਤੋੜਿਆ। ਪਾਰੀ ਦੌਰਾਨ 6000 ਦੌੜਾਂ ਪੂਰੀਆਂ ਕਰਨ ਵਾਲੇ ਨਿਊਜ਼ੀਲੈਂਡ ਦੇ ਚੌਥੇ ਬੱਲੇਬਾਜ਼ ਬਣੇ ਟੇਲਰ ਨੇ ਕਪਤਾਨ ਕੇਨ ਵਿਲੀਅਮਸਨ (69) ਦੇ ਨਾਲ ਤੀਜੀ ਵਿਕਟ ਲਈ 104 ਦੌੜਾਂ ਜੋੜੀਆਂ ਜਦੋਂ ਕਿ ਹਰਫਨਮੌਲਾ ਜਿਮੀ ਨੀਸ਼ਾਮ ਨਾਬਾਦ (71) ਦੇ ਨਾਲ ਪੰਜਵੀਂ ਵਿਕਟ ਲਈ 123 ਦੌੜਾਂ ਦੀ ਭਾਈਵਾਲੀ ਕੀਤੀ। ਟੇਲਰ ਨੇ 110 ਗੇਂਦਾਂ ‘ਤੇ ਆਪਣੀ ਪਾਰੀ ਦੌਰਾਨ ਅੱਠ ਚੌਕੇ ਮਾਰੇ। ਦੱਖਣੀ ਅਫਰੀਕਾ ਵੱਲੋਂ ਪ੍ਰੀਟੋਰੀਅਸ ਤੋਂ ਇਲਾਵਾ ਕੁਵਿੰਟਨ ਡਿਕਾਕ (57) ਅਤੇ ਏਬੀ ਡਿਵਿਲੀਅਰਜ਼ (45) ਵੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਮਹਿਮਾਨ ਟੀਮ ਇਕ ਵਾਰੀ 214 ਦੌੜਾਂ ‘ਤੇ ਅੱਠ ਵਿਕਟਾਂ ਦੇ ਨੁਕਸਾਨ ‘ਤੇ ਜੇਤੂ ਟੀਚੇ ਤੋਂ ਬਹੁਤ ਪਿਛਾਂਹ ਦਿਖ ਰਹੀ ਸੀ ਪਰ ਪ੍ਰੀਟੋਰੀਅਸ ਨੇ ਨਿਊਜ਼ੀਲੈਂਡ ਦੀਆਂ ਧੜਕਣਾਂ ਵਧਾ ਦਿੱਤੀਆਂ। ਉਸ ਨੂੰ ਮੇਜ਼ਬਾਨ ਟੀਮ ਦੀ ਖ਼ਰਾਬ ਫੀਲਡਿੰਗ ਅਤੇ ਦਿਸ਼ਾਹੀਣ ਗੇਂਦਬਾਜ਼ੀ ਦਾ ਲਾਭ ਮਿਲਿਆ।