ਕ੍ਰਿਕਟ ਦੀ ਚੈਪਲ ਹੈਡਲੀ ਟਰਾਫੀ ‘ਤੇ ਨਿਊਜ਼ੀਲੈਂਡ ਦਾ ਕਬਜ਼ਾ

ਕ੍ਰਿਕਟ ਦੀ ਚੈਪਲ ਹੈਡਲੀ ਟਰਾਫੀ ‘ਤੇ ਨਿਊਜ਼ੀਲੈਂਡ ਦਾ ਕਬਜ਼ਾ
ਕੈਪਸ਼ਨ-ਚੈਪਲ ਹੈਡਲੀ ਟਰਾਫੀ ਜਿੱਤਣ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਦੇ ਖਿਡਾਰੀ ਤਸਵੀਰ ਖਿਚਵਾਉਂਦੇ ਹੋਏ।

ਹੈਮਿਲਟਨ/ਬਿਊਰੋ ਨਿਊਜ਼ :
ਨਿਊਜ਼ੀਲੈਂਡ ਨੇ ਟ੍ਰੈਂਟ ਬੋਲਟ ਦੀਆਂ ਛੇ ਵਿਕਟਾਂ ਅਤੇ ਰੋਸ ਟੇਲਰ ਦੇ ਸੈਂਕੜੇ ਨਾਲ ਇੱਥੇ ਤੀਜੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੁਕਾਬਲੇ ਵਿੱਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਫਿਰ ਤੋਂ ਚੈਪਲ ਹੈਡਲੀ ਟਰਾਫੀ ‘ਤੇ ਕਬਜ਼ਾ ਕਰ ਲਿਆ ਜਦੋਂਕਿ ਆਸਟਰੇਲੀਆ ਨੇ ਦੁਨੀਆਂ ਦੀ ਨੰਬਰ ਇਕ ਇਕ ਰੋਜ਼ਾ ਰੈਂਕਿੰਗਜ਼ ‘ਤੇ ਆਪਣਾ ਦਬਦਬਾ ਗੁਆ ਦਿੱਤਾ। ਇਸ ਨਾਲ ਆਸਟਰੇਲੀਆ ਦੀ ਟੀਮ 118 ਰੈਂਕਿੰਗਜ਼ ਅੰਕ ਨਾਲ ਦੱਖਣੀ ਅਫਰੀਕਾ ਦੀ ਬਰਾਬਰੀ ‘ਤੇ ਆ ਗਈ। ਦੱਖਣੀ ਅਫਰੀਕਾ ਨੇ ਜੋਹਾਨੈਸਬਰਗ ਵਿੱਚ ਸ੍ਰੀਲੰਕਾ ਨੂੰ ਹਰਾ ਕੇ 3-0 ਦੀ ਬੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕੀ ਟੀਮ ਜੇਕਰ ਲੜੀ ਦੇ ਬਚੇ ਹੋਏ ਦੋਵੇਂ ਮੈਚ ਜਿੱਤ ਲੈਂਦੀ ਹੈ ਤਾਂ ਉਹ ਆਸਟਰੇਲੀਆ ਨੂੰ ਪਿੱਛੇ ਛੱਡ ਦੇਵੇਗੀ।
ਨਿਊਜ਼ੀਲੈਂਡ ਨੇ ਪਹਿਲਾ ਇਕ ਰੋਜ਼ਾ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ ਜਦੋਂਕਿ ਦੂਜਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਟੇਲਰ ਨੇ 101 ਗੇਂਦਾਂ ਵਿੱਚ 107 ਦੌੜਾਂ ਅਤੇ ਡੀਨ ਬਰਾਊਨਲੀ(63 ਦੌੜਾਂ) ਨਾਲ ਉਸ ਦੀ ਸੈਂਕੜਾ ਸਾਂਝੇਦਾਰੀ ਦੇ ਬਾਵਜੂਦ ਟੀਮ ਨੌਂ ਵਿਕਟਾਂ ਗੁਆ ਕੇ 281 ਦੌੜਾਂ ਹੀ ਬਣਾ ਸਕੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ 47 ਓਵਰਾਂ ਵਿੱਚ 257 ਦੌੜਾਂ ‘ਤੇ ਆਊਟ ਹੋ ਗਈ। ਉਸ ਵਾਸਤੇ ਆਰੋਨ ਫਿੰਚ (56 ਦੌੜਾਂ) ਅਤੇ ਸ਼ਾਨ ਮਾਰਸ਼ (22 ਦੌੜਾਂ) ਨੇ ਚੰਗੀ ਸ਼ੁਰੂਆਤ ਕੀਤੀ। ਉਨ੍ਹਾਂ ਟਿਮ ਸਾਊਦੀ ਦੀ ਖ਼ੂਬ ਧੁਨਾਈ ਕੀਤੀ ਜਿਸ ਦੇ ਸ਼ੁਰੂਆਤੀ ਚਾਰ ਓਵਰ ਦੇ ਸਪੈੱਲ ਵਿੱਚ 30 ਦੌੜਾਂ ਬਣੀਆਂ ਜਦੋਂਕਿ ਨਵੀਂ ਗੇਂਦ ਨਾਲ ਉਸ ਦੇ ਸਾਂਝੇਦਾਰ ਅਤੇ ਮੈਨ ਆਫ ਦਿ ਮੈਚ ਬਣੇ ਬੋਲਟ ਨੇ ਉਦੋਂ ਤੱਕ 10 ਦੌੜਾਂ ਦੇ ਕੇ ਇਕ ਵਿਕਟ ਲੈ ਲਿਆ ਸੀ।
ਮਾਰਸ਼ 22 ਦੌੜਾਂ ‘ਤੇ ਰਨ ਆਊਟ ਹੋ ਗਿਆ ਅਤੇ ਪੀਟਰ ਹੈਂਡਜ਼ਕੌਂਬ, ਬੋਲਟ ਦੀ ਪਹਿਲੀ ਗੇਂਦ ‘ਤੇ ਬਾਊਲਡ ਹੋ ਗਿਆ। ਫਿੰਚ ਤੇ ਟ੍ਰੈਵਿਸ ਹੈੱਡ (53 ਦੌੜਾਂ) ਨੇ ਤੀਜੇ ਵਿਕਟ ਲਈ 75 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਨਿਊਜ਼ੀਲੈਂਡ ਨੇ ਦੋ ਵਿਕਟਾਂ ਲਈਆਂ। ਵਿਲੀਅਮਸਨ ਨੇ ਫਿੰਚ ਨੂੰ ਡੀਪ ਮਿੱਡਵਿਕਟ ਵਿੱਚ ਬੋਲਟ ਹੱਥੋਂ ਕੈਚ ਆਊਟ ਕਰਾਇਆ ਜਦੋਂਕਿ ਗਲੈਨ ਮੈਕਸਵੈਲ ਇਕ ਵੀ ਦੌੜ ਜੋੜੇ ਬਿਨਾਂ ਮਿਸ਼ੇਲ ਸੈਂਟਨਰ ਦੀ ਗੇਂਦ ‘ਤੇ ਵਿਕਟਕੀਪਰ ਨੂੰ ਕੈਚ ਦੇ ਬੈਠਾ। ਇਸ ਤੋਂ ਆਸਟਰੇਲੀਆ ਨੇ 120 ਦੌੜਾਂ ‘ਤੇ ਚਾਰ ਵਿਕਟ ਗੁਆ ਦਿੱਤੇ। ਹੈੱਡ ਤੇ ਮਾਰਕਸ ਸਟੋਈਨਿਸ (42 ਦੌੜਾਂ) ਨੇ 53 ਦੌੜਾਂ ਦੀ ਭਾਗੀਦਾਰੀ ਕਰ ਲਈ ਸੀ, ਜਦੋਂ ਬੋਲਟ ਆਪਣੇ ਦੂਜੇ ਸਪੈਲ ਲਈ ਆਇਆ। ਉਸ ਨੇ ਪਹਿਲਾਂ ਹੈੱਡ ਦਾ ਵਿਕਟ ਝਟਕਿਆ ਤੇ ਫਿਰ ਜੇਮਜ਼ ਫਾਲਕਨਰ ਨੂੰ ਸਿਫਰ ‘ਤੇ ਆਊਟ ਕੀਤਾ। ਸੈਂਟਨਰ ਨੇ ਸਟੋਈਨਿਸ ਦਾ ਵਿਕਟ ਲੈ ਕੇ ਆਸਟਰੇਲੀਆ ਦਾ ਸਕੋਰ 198 ਦੌੜਾਂ ‘ਤੇ ਸੱਤ ਵਿਕਟਾਂ ਕਰ ਦਿੱਤਾ। ਮਿਸ਼ੇਲ ਸਟਾਰਫ (ਨਾਬਾਦ 29) ਅਤੇ ਪੈਟ ਕਮਿਨਜ਼ (27) ਨੇ ਆਸਟਰੇਲੀਆ ਨੂੰ ਟੀਚੇ ਤੋਂ 32 ਦੌੜਾਂ ਨੇੜੇ ਪਹੁੰਚਾ ਦਿੱਤਾ ਸੀ ਪਰ ਬੋਲਟ ਨੇ ਆਪਣੇ ਅੰਤਿਮ ਦੋ ਓਵਰਾਂ ਵਿੱਚ ਆਖ਼ਰੀ ਤਿੰਨ ਵਿਕਟਾਂ ਲਈਆਂ। ਉਸ ਨੇ 33 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ।