ਹਾਂਗਕਾਂਗ ਦੇ ਪੰਜਾਬੀ ਨੌਜਵਾਨ ਤਕਦੀਰ ਸਿੰਘ ਨੇ ਜਿੱਤੀ ਬਾਕਸਿੰਗ ਵਰਲਡ ਚੈਂਪੀਅਨਸ਼ਿਪ

ਹਾਂਗਕਾਂਗ ਦੇ ਪੰਜਾਬੀ ਨੌਜਵਾਨ ਤਕਦੀਰ ਸਿੰਘ ਨੇ ਜਿੱਤੀ ਬਾਕਸਿੰਗ ਵਰਲਡ ਚੈਂਪੀਅਨਸ਼ਿਪ

ਐਮੀਗੋ ਸ਼ੋਈ ਨੂੰ ਮਾਤ ਦੇ ਕੇ ਰਚਿਆ ਇਤਿਹਾਸ
ਹਾਂਗਕਾਂਗ/ਬਿਊਰੋ ਨਿਊਜ਼ :
ਹਾਂਗਕਾਂਗ ਵਿਖੇ ਹੋਈ 58 ਕਿਲੋ ਵਰਗ ਦੀ ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ 2017 ਵਿਚ ਹਾਂਗਕਾਂਗ ਦੇ ਜੰਮਪਲ ਪੰਜਾਬੀ ਨੌਜਵਾਨ ਤਕਦੀਰ ਸਿੰਘ ਵੱਲੋਂ ਜ਼ਬਰਦਸਤ ਮੁਕਾਬਲੇ ਵਿਚ ਚੋਟੀ ਦੇ ਖਿਡਾਰੀ ਐਮੀਗੋ ਸ਼ੋਈ ਨੂੰ ਮਾਤ ਦੇ ਕੇ ਇਤਿਹਾਸ ਰਚ ਦਿੱਤਾ। ਇਸ ਵਰਲਡ ਚੈਂਪੀਅਨਸ਼ਿਪ ਵਿਚ ਹਾਂਗਕਾਂਗ, ਜਾਪਾਨ, ਬਰਤਾਨੀਆ, ਬ੍ਰਾਜ਼ੀਲ, ਕੈਨੇਡਾ, ਤਾਈਵਾਨ ਅਤੇ ਇਟਲੀ ਸਮੇਤ ਕਰੀਬ 7 ਦੇਸ਼ਾਂ ਦੇ ਚੋਟੀ ਦੇ ਬਾਕਸਿੰਗ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ। ਪੰਜਾਬ ਤੋਂ ਪਿੰਡ ਭਲੂਰ ਜ਼ਿਲ੍ਹਾ ਮੋਗਾ ਦੇ ਵਸਨੀਕ ਤਕਦੀਰ ਸਿੰਘ ਦੇ ਪਿਤਾ ਹਰਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਨੇ ਸਾਰੀ ਦੁਨੀਆ ਵਿਚ ਉਨ੍ਹਾਂ ਦਾ ਹੀ ਨਹੀਂ ਸਗੋਂ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਪੰਜਾਬੀ ਭਾਈਚਾਰੇ ਲਈ ਇਸ ਲਈ ਵੀ ਰੌਚਕ ਬਣਿਆ ਹੋਇਆ ਸੀ ਕਿ 58 ਕਿਲੋ ਵਰਗ ਦੇ ਇਸ ਮੁਕਾਬਲੇ ਵਿਚ 15 ਸਾਲਾ ਤਕਦੀਰ ਸਿੰਘ ਦਾ ਮੁੱਖ ਮੁਕਾਬਲਾ 18 ਵਰ੍ਹਿਆਂ ਦੀ ਉਮਰ ਤੋਂ ਬਾਕਸਿੰਗ ਦੀ ਖੇਡ ਵਿਚ ਵਿਸ਼ਵ ਪੱਧਰ ‘ਤੇ ਨਾਮਣਾ ਖੱਟ ਰਹੇ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੈਂਪੀਅਨ ਚੱਲੇ ਆ ਰਹੇ 37 ਸਾਲਾ ਐਮੀਗੋ ਸ਼ੋਈ ਨਾਲ ਹੋਇਆ, ਜਿਸ ਨੂੰ ਅਜਿੱਤ ਸਮਝਿਆ ਜਾਂਦਾ ਸੀ। ਇਸ ਵਿਸ਼ਵ ਪੱਧਰੀ ਪ੍ਰਾਪਤੀ ਕਾਰਨ ਪੰਜਾਬੀ ਨੌਜਵਾਨ ਤਕਦੀਰ ਸਿੰਘ ਅੱਜ ਹਾਂਗਕਾਂਗ ਦੀ ਪ੍ਰਮੁੱਖ ਅੰਗਰੇਜ਼ੀ ਅਤੇ ਚੀਨੀ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਦੀਆਂ ਪ੍ਰਮੁੱਖ ਸੁਰਖੀਆਂ ਵਿਚ ਛਾਇਆ ਰਿਹਾ।