ਖ਼ਾਲਿਸਤਾਨ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਮੌਕੇ ਭਾਈ ਦਲਜੀਤ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ  

ਖ਼ਾਲਿਸਤਾਨ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਮੌਕੇ ਭਾਈ ਦਲਜੀਤ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ  

ਖ਼ਾਲਿਸਤਾਨ ਕੀ ਹੈ?

ਖ਼ਾਲਿਸਤਾਨ ਸ਼ਬਦ ਕੋਈ ਆਮ ਸ਼ਬਦ ਨਹੀਂ ਹੈ ਇਸ ਵਿੱਚ ਬਹੁਤ ਡੂੰਘੀਆਂ ਪਰਤਾਂ ਸਮਾਈਆਂ ਹੋਈਆਂ ਹਨ, ਜੋ ਇਕ ਅਹਿਸਾਸ ਹੈ ।ਅਸੀਂ ਆਮ ਇੱਕ ਗੱਲ ਜਾਣਦੇ ਹਾਂ ਕਿ ਜਦੋਂ  ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਦੋਂ ਭਾਰਤੀ ਫ਼ੌਜ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰੇਗੀ ਉਦੋਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਤੇ  29 ਅਪ੍ਰੈਲ ਨੂੰ  ਖ਼ਾਲਿਸਤਾਨ ਐਲਾਨਨਾਮਾ ਹੋਇਆ ਸੀ। ਪਰ ਇਹ ਗੱਲ ਇਸ ਤਰ੍ਹਾਂ ਨਹੀਂ ਹੈ ਜੋ ਸੰਤਾਂ ਨੇ ਕਿਹਾ ਸੀ ਉਹਨਾਂ ਨੇ ਖ਼ਾਲਿਸਤਾਨ ਦੇ ਸੰਕਲਪ ਨੂੰ  ਦ੍ਰਿੜ੍ਹਤਾ ਦਿੱਤੀ ਸੀ । ਅੱਜ ਦੇ ਸਮਿਆਂ ਲਈ ਕਿ ਉਧਰ ਵਾਪਸ ਆਓ ਉਹ ਸਮਾਂ ਆ ਗਿਆ ਹੈ। ਇਸ ਲਈ ਜਦੋਂ ਅਸੀਂ ਖ਼ਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਉਹ ਸਭ ਆ ਜਾਂਦਾ ਹੈ ਜੋ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਹੈ ਜਿਵੇਂ ,ਹੱਕ, ਸੱਚ, ਨਿਆਂ, ਸਰਬੱਤ ਦਾ ਭਲਾ ,ਹਲੇਮੀ ਰਾਜ ਦਾ ਤੇ ਬੇਗਮਪੁਰ ਖ਼ਾਲਸਾ ਰਾਜ ਦਾ  ਜੋ ਅਕਾਲ ਤਖ਼ਤ ਦੀ ਰਜ਼ਾ ਅਨੁਸਾਰ ਰਾਜ ਹੋਵੇ । ਇਹ ਸਾਰੇ ਨਿਸ਼ਾਨੇ ਸਾਹਮਣੇ ਹੁੰਦੇ ਨੇ ਜਦੋਂ ਅਸੀਂ ਲੜਦੇ ਤੇ  ਸੰਘਰਸ਼ ਕਰਦੇ ਹਾਂ । ਇਹ ਹਲੀਮੀ ਰਾਜ ਹੀ ਅੱਗੇ ਬੇਗਮਪੁਰੇ ਦਾ ਸਮਾਜ ਤੁਹਾਨੂੰ ਸਿਰਜ ਕੇ ਦੇ ਸਕਦਾ ਹੈ। ਹਲੇਮੀ ਰਾਜ, ਖਾਲਸੇ ਦੇ ਬੋਲ ਬਾਲੇ, ਸਰਬੱਤ ਦੇ ਭਲੇ ਆਲਾ ਨਿਜ਼ਾਮ , ਗ਼ਰੀਬ ਦੀ ਰੱਖਿਆ  ਇਹ ਸਭ ਕੁਝ ਖ਼ਾਲਿਸਤਾਨ  ਰਾਜ 'ਚ ਹੈ ।      

 *ਖਾੜਕੂ ਸੰਘਰਸ਼ ਸਿੱਖਾਂ ਵੱਲੋਂ  ਪੁਰਾਤਨ ਸਮਿਆਂ ਤੋਂ ਹੁਣ ਤਕ ਲੜੇ ਗਏ ਸੰਘਰਸ਼ਾਂ ਦੀ ਲੜੀ*

ਇਹ ਇਕ ਅਜਿਹਾ ਸੰਘਰਸ਼ ਹੈ ਜੋ  ਗੁਰੂ ਕਾਲ ਦੇ ਸਮੇਂ, ਬਾਬਾ ਬੰਦਾ ਸਿੰਘ ਬਹਾਦਰ ਸਮੇਂ, ਮਿਸਲਾਂ ਵੇਲੇ, ਸਿੱਖ ਰਾਜ ਦੇ ਸਮੇਂ ਤੇ ਸਿੱਖ ਰਾਜ ਦੀ ਸਥਾਪਤੀ ਦੇ ਸਮੇਂ ਤੇ ਅੰਗਰੇਜ਼ਾਂ ਦੇ ਕਾਲ ਦੌਰਾਨ  ਅਕਾਲੀਆਂ ਦੇ ਮੋਰਚੇ , ਬੱਬਰ ਅਕਾਲੀ ,ਨਾਮਧਾਰੀਆਂ ਦਾ ਸੰਘਰਸ਼ ਹੋਇਆ ,ਗ਼ਦਰੀ ਬਾਬਿਆਂ ਦਾ ਸੰਘਰਸ਼ ਹੋੇਏ, ਇਹ ਸਭ ਕੁਝ ਉਸ ਰੂਹਾਨੀ ਸ਼ਕਤੀ ਨਾਲ ਲੜਿਆ ਇਕ ਸੰਘਰਸ਼ ਹੈ। ਪਰ  1947 ਤੋਂ ਬਾਅਦ ਸਿੱਖ ਕੌਮ ਨੂੰ ਸਾਫ਼ ਨਜ਼ਰ ਆ ਗਿਆ ਕਿ  ਅਸੀਂ ਹਰ ਪੱਖ ਤੋਂ ਗੁਲਾਮ ਹੋ ਗਏ ਹਾਂ ਤੇ ਇੱਕ ਬਰਬਾਦੀ ਦੇ ਰਾਹ ਵੱਲ ਜਾ ਰਹੇ ਹਾਂ ਜਿਸ ਵਿਚ ਆਰਥਿਕ, ਭਾਸ਼ਾ, ਸੱਭਿਆਚਾਰ , ਵਾਤਾਵਰਣ  ਤੇ ਸਭ ਤੋਂ ਜ਼ਿਆਦਾ ਪਵਿੱਤਰ ਧਰਮ ਦੇ ਪੱਖੋਂ ਜਦੋਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੀ ਅਟੈਕ ਹੋ ਗਿਆ । ਗੁਰੂ ਨੂੰ ਹੀ ਮੋਹਰਾ ਬਣਾਇਆ ਜਾਣ ਲੱਗ ਪਿਆ ਉਸ ਸਮੇਂ ਇਸ ਸਦੀ ਦੇ ਸਭ ਤੋਂ ਮਹਾਨ ਸਿੱਖ, ਸ਼ਹੀਦ, ਤੇ ਅਕਾਲ ਤਖਤ ਸਾਹਿਬ ਦੇ ਸਭ ਤੋਂ ਵੱਡੇ ਪਹਿਰੇਦਾਰ, ਖ਼ਾਲਸਾ ਪੰਥ ਦੇ ਸਭ ਤੋਂ ਵੱਡੇ ਨੁਮਾਇੰਦੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੀ ਰਹਿਨੁਮਾਈ ਵਿੱਚ ਅਕਾਲ ਤਖ਼ਤ ਸਾਹਿਬ ਉੱਤੇ  ਇਸ ਬਿਪਰ ਤਖ਼ਤ  ਨੂੰ ਮੁਕਾਬਲਾ ਦਿੱਤਾ ਤੇ ਬਹੁਤ ਸ਼ਾਨਾਮੱਤੀ ਵੱਡੀ ਲੜਾਈ ਲੜੀ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸੇਧ ਵਿੱਚ ਹੀ ਜੋ ਖਾੜਕੂ ਸੰਘਰਸ਼ ਚੱਲਿਆ ਉਹ ਵੀ ਉਸੀ ਸੇਧ ਵਿਚ ਚੱਲਿਆ । ਉਸ ਸਮੇਂ ਇਸ ਦਾ ਜੋ ਇਕੱਠ ਵਾਚਕ ਨਾਮ ਸੀ ਉਸ ਵਿੱਚ ਉਹ ਭਾਵਨਾਵਾਂ ਅਤੇ ਰੂਹਾਨੀਅਤ ਸ਼ਕਤੀ ਦੇ ਸੁਮੇਲ ਦਾ ਨਾਂ ਹੀ ਖ਼ਾਲਿਸਤਾਨ ਹੈ। ਪਿਛਲੇ ਸਮਿਆਂ ਦੌਰਾਨ ਜਿੰਨੇ ਵੀ  ਪੰਥ ਉੱਤੇ ਹਮਲੇ ਹੋਏ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ , ਸਿਰਸਾ ਆਲਾ ਸੰਘਰਸ਼ ਹੋਵੇ ,ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ  ਮਸਲਾ ਹੋਵੇ  ਜਾਂ ਫਿਰ ਕਿਸਾਨ ਸੰਘਰਸ਼ ਹੋਵੇ ਉਸ ਸਭ ਵਿੱਚ  ਜੋ ਖ਼ਾਲਸਾ ਪੰਥ ਦੀ ਰੂਹਾਨੀਅਤ ਸ਼ਕਤੀ,  ਜੁਝਾਰੂਪਨ ਤੇ ਸ਼ਹਾਦਤ ਦਾ ਜੋ ਜਲੌਅ ਦਿਖਾਈ ਦਿੰਦਾ ਹੈ  ਉਹ ਸਭ ਕੁਝ ਸਦੈਵ ਚੱਲਣ ਵਾਲਾ ਸੰਘਰਸ਼ ਹੈ । ਇਹ ਸਭ ਕੁਝ ਉਨ੍ਹਾਂ ਸੰਘਰਸ਼ਾਂ ਦੀ ਹੀ ਬਦੌਲਤ ਹੈ ਜੋ ਤਵਾਰੀਖ ਵਿਚ ਲੜੇ ਗਏ ਸਨ ।

*ਦਿੱਲੀ ਦਰਬਾਰ ਦਾ ਖ਼ਾਲਿਸਤਾਨ ਖ਼ਿਲਾਫ਼ ਪ੍ਰੋਪੇਗੰਡਾ *

ਖ਼ਾਲਿਸਤਾਨ ਦੇ ਬਾਰੇ ਸਾਡੇ ਦੁਸ਼ਮਣਾਂ ਨੇ ਤੇ ਸਟੇਟ ਨੇ ਬਹੁਤ ਹੀ ਵੱਡਾ  ਗ਼ਲਤ ਪ੍ਰਚਾਰ ਕੀਤਾ ਹੈ । ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ 95/ ਕੰਮ ਕਰ ਦਿੱਤਾ,ਪਰ ਸਾਡੇ ਕੋਲੋਂ ਤਾਂ  5/ਵੀ ਨਹੀਂ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਆਪਣਾ ਹੀ ਰੰਗ ਦੇ ਕੇ  ਮੀਡੀਆ ਤੇ  ਅਕਾਦਮਿਕ ਵਿੱਚ ਆਪਣੇ ਅਨੁਸਾਰ ਹੀ ਪ੍ਰਚਾਰ ਤੇ ਪ੍ਰਸਾਰ ਕੀਤਾ  ਹੈ । ਇਸ ਵਿਚ ਕੁਝ ਸਾਡੇ ਆਪਣੇ ਬੰਦੇ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਗ਼ੈਰ ਜ਼ਿੰਮੇਵਾਰੀ ਅਤੇ ਬੇਸਬਰੀ  ਵਿੱਚ ਸਮਝ ਕੇ ਉਨ੍ਹਾਂ ਦੀਆਂ ਵਿਆਖਿਆਵਾਂ ਕੀਤੀਆਂ  ਤੇ ਉਸ ਤਰ੍ਹਾਂ ਦੇ ਹੀ ਅਮਲ ਕੀਤੇ ਤੇ ਜਿਸ ਦੇ ਨਾਲ ਨਾਕਾਰਤਮਕ  ਵਿਚਾਰ ਪੈਦਾ ਹੋਏ ਹਨ।ਪਰ ਜੇਕਰ ਅਸੀਂ ਖ਼ਾਲਿਸਤਾਨ ਨੂੰ ਸਹਿਜ ਤਰੀਕੇ ਨਾਲ ਸਮਝਾਂਗੇ ਤਾਂ ਉਸ ਵਿੱਚ ਕੇਵਲ ਸਰਬੱਤ ਦੇ ਭਲੇ ਦਾ ਸੰਘਰਸ਼ ਹੈ ਜਿਸ ਵਿੱਚ ਸਦਾ  ਭਲੇ ਦੀ ਗੱਲ ਕੀਤੀ ਗਈ ਹੈ । ਜਿਸ ਨੂੰ ਲੈ ਕੇ ਪਹਿਲਾਂ ਏਨਾ ਵੱਡਾ ਖ਼ਾਲਸਾ ਰਾਜ ਸਥਾਪਿਤ ਕੀਤਾ ਗਿਆ ਸੀ । ਅੱਜ ਵੀ ਸਿੱਖਾਂ ਵਿੱਚ ਓਨੀ ਹੀ ਭਰੋਸੇਯੋਗਤਾ ਹੈ ਕਿ ਆਮ ਲੋਕ ਇਹ ਹੀ ਮਹਿਸੂਸ ਕਰਦੇ ਹਨ ਕਿ ਅੱਜ ਦੀ ਹੁਕਮਰਾਨ ਤਾਕਤ ਨੂੰ ਵੀ ਜੇਕਰ ਕੋਈ ਟੱਕਰ ਦੇ ਸਕਦਾ ਹੈ ਤਾਂ ਉਹ ਸਿਰਫ਼ ਖ਼ਾਲਸਾ ਰਾਜ, ਸਿੱਖ ਪੰਥ ਹੀ ਦੇ ਸਕਦਾ ਹੈ । ਇਹ ਸਭ ਕੁਝ  ਸੰਘਰਸ਼ ਦੀ ਬਦੌਲਤ ਹੀ ਹੈ ।

*ਖ਼ਾਲਸੇ ਦਾ ਬਿਰਦ*  

6 ਜੂਨ ਨੂੰ ਜਦੋਂ ਸਾਨੂੰ ਪਤਾ ਚੱਲਿਆ ਕਿ ਸੰਤ ਸ਼ਹੀਦ ਹੋ ਗਏ ਉਸ ਸਮੇਂ ਹੀ ਅਸੀਂ  ਸਾਰੇ ਦੋਸਤਾਂ ਨੇ ਨਿਰਣਾ ਲੈ  ਲਿਆ ਕਿ ਅੱਜ ਸਾਡੀ ਜ਼ਿੰਦਗੀ ਬਦਲ ਗਈ ਹੈ, ਸਾਡੇ ਰਾਹ ਬਦਲ ਗਏ ਹਨ। ਜ਼ਿੰਦਗੀ ਦਾ ਬਤੀਤ ਹੋਇਆ ਪਲ ਅੱਜ ਖ਼ਤਮ ਹੋ ਗਿਆ ਹੈ। ਉਸ ਸਮੇਂ ਸਾਡੇ ਪਿੱਛੇ ਪੰਥ ਦੀ ਅਰਦਾਸ ਖੜੀ ਹੋਈ ਸੀ ਉਨ੍ਹਾਂ ਦੀ ਆਗਿਆ ਅਤੇ ਹੁਕਮ ਸੀ,ਕਿ ਅਸੀਂ ਸੰਘਰਸ਼ ਕਰੀਏ । ਅਸੀਂ ਵੀ ਸੋਚ ਲਿਆ ਸੀ ਕਿ ਅਸੀਂ ਸਿੱਖ ਪੰਥ ਦੇ ਲਈ ਆਏ ਹਾਂ, ਗੁਰੂ  ਦੇ ਲਈ ਆਏ ਹਾਂ ਤੇ ਲੋਕਾਂ ਦੀ ਭਲਾਈ ਕਰਨ ਦੇ ਲਈ ਆਏ ਹਾਂ। ਜੇਕਰ ਭਾਰਤੀ  ਸਟੇਟ ਦਾ ਪੱਖ ਸੁਣੀਏ ਤਾਂ ਉਹ ਵੀ ਇਹੀ ਆਖਦੇ ਹਾਂ ਕਿ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ । ਪਰ ਪ੍ਰੈਕਟੀਕਲ ਤੌਰ ਤੇ ਹੀ ਪਤਾ ਚਲਦਾ ਹੈ ਕਿ ਕੌਣ ਕੀ ਕਰ ਰਿਹਾ ਹੈ  ਇਸ ਬਾਰੇ ਸਾਰੀ ਦੁਨੀਆਂ ਜਾਣਦੀ ਹੈ ਕਿ ਭਾਰਤੀ ਸਟੇਟ ਬਿਪਰ ਦਾ ਰਾਜ ਹੈ ਜਿੱਥੇ ਕਾਰਪੋਰੇਟ ਘਰਾਣਿਆਂ ਦੀ ਹਕੂਮਤ ਚੱਲਦੀ ਹੈ ।

ਜਿਸ ਰਾਜ ਲਈ ਅਸੀਂ ਲੜ ਰਹੇ ਹਾਂ ਉਹ ਇਸ ਤੋਂ ਉਲਟ ਇਕ ਬਿਹਤਰ ਰਾਜ ਹੈ ਜਿਸ ਵਿੱਚ ਨਿਆਂ,ਸਾਂਝੀਵਾਲਤਾ, ਬਰਾਬਰਤਾ,  ਆਨੰਦ, ਮੁਹੱਬਤ ਤੇ ਇਤਫਾਕ ਸਭਨਾਂ ਲਈ ਹੈ । ਇਹ ਰਾਜ ਸਮੁੱਚੀ ਇਨਸਾਨੀਅਤ ਦਾ ਰਾਜ ਹੈ । ਸਾਡੀ ਜੋ ਜੰਗ ਹੈ ਉਹ ਬਿਪਰ ਤਖ਼ਤ ਦੇ ਖ਼ਿਲਾਫ਼ ਹੈ, ਹੋਰ ਜਿੰਨੇ ਵੀ ਭਾਈਚਾਰੇ, ਕੌਮਾਂ , ਦਲਿਤ  ਹਨ  ਉਨ੍ਹਾਂ ਸਭਨਾਂ ਲਈ ਅਸੀਂ ਲੜ ਰਹੇ ਹਾਂ ਤੇ ਅਸੀਂ ਉਨ੍ਹਾਂ ਦੇ ਰਖਵਾਲੇ ਹਾਂ । ਸਾਡੇ ਇਤਿਹਾਸ ਨੇ ਸਾਨੂੰ ਸੰਘਰਸ਼ ਕਰਨਾ ਸਿਖਾਇਆ ਹੈ ਤੇ ਇਹ ਸੰਘਰਸ਼ ਮਜ਼ਲੂਮਾਂ ਦੀ ਰੱਖਿਆ ਲਈ ਹੈ ।

 *ਖ਼ਾਲਿਸਤਾਨ ਨਾਅਰੇ ਦੇ ਮਾਅਨੇ*  

 

ਜਦੋਂ ਅਸੀਂ ਖ਼ਾਲਿਸਤਾਨ ਆਖਦੇ ਹਾਂ ਤਾਂ  ਮੈਨੂੰ ਕਈ ਬੰਦੇ ਇਹ ਕਹਿੰਦੇ ਹਨ ਕਿ ਤੁਸੀਂ  ਖ਼ਾਲਿਸਤਾਨ ਦਾ ਨਾਮ ਬਹੁਤ ਘੱਟ ਲੈਂਦੇ ਹੋ ਤੇ ਨਾ ਹੀ ਕਦੀ ਨਾਅਰਾ ਲਾਉਂਦੇ । ਮੈਨੂੰ ਇਹ ਸਭ ਕੁਝ ਬੜਾ ਹੀ ਅਜੀਬ ਲੱਗਦਾ ਹੈ ਕਿ ਇਹ ਕਿਹੋ ਜਿਹੇ ਹਾਲਾਤ ਪੈਦਾ ਹੋ ਗਏ ਹਨ । ਕੀ ਇਨ੍ਹਾਂ ਨੂੰ ਸਭ ਕੁਝ  ਨਾਅਰੇ ਲਾਉਣ ਵਿੱਚੋਂ ਹੀ ਲੱਗਦਾ ਹੈ । ਮੈਂ ਕਦੀ ਜ਼ਿੰਦਗੀ ਵਿਚ ਨਾਅਰਾ ਹੀ ਨਹੀਂ ਲਾਇਆ ।  ਉਸ ਵਕਤ ਜਦੋਂ ਅਸੀਂ ਲੜ ਰਹੇ ਸੀ ਤਦ ਮੈਂ ਦੇਖਿਆ ਜਿਹੜੇ ਬੰਦੇ ਖ਼ਾਲਿਸਤਾਨ ਦਾ ਨਾਅਰਾ ਲਾ ਰਹੇ ਸਨ ਉਹ ਉਨ੍ਹਾਂ ਦੀ ਰੂਹ ਵਿੱਚੋਂ ਉੱਠਦਾ ਸੀ,  ਦੂਜਾ ਖ਼ਾਲਿਸਤਾਨ ਦਾ ਨਾਅਰਾ ਤਸ਼ੱਦਦ ਦੀਆਂ ਕੋਠੀਆਂ ਵਿੱਚ ਲੱਗਦਾ ਸੀ ਜਦੋਂ ਸ਼ਹਾਦਤਾਂ ਹੁੰਦੀਆਂ ਸਨ ਤੇ ਤੀਜਾ  ਇਹ ਜੰਗੇ ਮੈਦਾਨ ਵਿਚ ਲੱਗਦਾ ਸੀ ਇਨ੍ਹਾਂ ਤਿੰਨ ਥਾਵਾਂ ਦੇ ਉੱਤੇ ਨਾਅਰਾ ਲੱਗਦਾ ਸੀ । ਹੁਣ ਤਾਂ ਖ਼ਾਲਿਸਤਾਨ ਦਾ ਨਾਅਰਾ ਬਿਨਾਂ ਅਮਲਾਂ ਵਾਲੇ ਲੋਕ ਹੀ ਲਾਈ ਜਾ ਰਹੇ ਹਨ । ਜਿਨ੍ਹਾਂ ਨੂੰ ਖ਼ਾਲਸਾ ਰਾਜ ਦਾ ਹੀ ਨਹੀਂ ਪਤਾ ਤੇ ਨਾ ਹੀ ਸਿੱਖੀ ਦਾ, ਤੇ ਕੁਝ ਲੋਕਾਂ ਦੀ ਮਾਨਸਿਕਤਾ ਇਹੋ ਜਿਹੀ ਹੋ ਗਈ ਹੈ ਕਿ ਉਹ ਨਾਅਰੇ ਪਿੱਛੇ ਹੀ ਲੜੀ ਜਾ ਰਹੇ ਹਨ ।ਅੱਜ ਦੇ ਸਮੇਂ ਦੀ ਇਹ ਇੱਕ ਬੜੀ ਅਜੀਬ ਗੱਲ ਹੈ ਤੇ ਸੋਚਣ ਵਾਲੀ ਹੈ ਕਿ ਜੋ ਸੰਘਰਸ਼ ਪਹਿਲਾਂ ਉਠਿਆ ਸੀ ਅੱਜ ਕਿਸ ਰੂਪ ਵਿੱਚ ਹੈ । ਸਿੱਖਾਂ ਨੇ ਕਿੰਨੇ ਚਿਰ ਤੋਂ ਸ਼ਹਾਦਤਾਂ ਛੱਡੀਆਂ ਹੋਈਆਂ ਸਨ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੁੜ ਲੈ ਕੇ ਆਏ । ਨੌਜਵਾਨਾਂ ਨੇ ਅਜਿਹੇ ਢੰਗ ਨਾਲ ਤਲਵਾਰ ਫੜੀ ਕੀ  ਉਨ੍ਹਾਂ ਦੇ ਅੰਦਰ ਜੁਝਾਰੂ ਤੇ ਉਹ ਰੂਹਾਨੀਅਤ ਦਾ ਜਲੌਅ ਨਿਕਲ ਕੇ ਸਾਹਮਣੇ ਆਇਆ  ਜਿਸ ਦੇ ਝਲਕਾਰੇ ਅਲੱਗ ਹੀ ਪਏ ਸਨ ਤੇ ਇਸ ਨੂੰ  ਉਹ ਰੂਹਾਂ ਹੀ ਮਹਿਸੂਸ ਕਰ ਸਕਦੀਆਂ ਹਨ ਜੋ ਅਕਾਲ ਦੇ ਭਾਣੇ ਵਿੱਚ ਜਿਊਂਦੀਆਂ ਨੇ । ਉਸ ਸਮੇਂ ਨੌਜਵਾਨ ਵੀ ਉੱਚੇ ਲੰਮੇ ਕੱਦ ਵਾਲੇ ਅਤੇ ਸੋਹਣੀਆਂ ਸ਼ਕਲਾਂ ਵਾਲੇ ਸਨ । ਉਸ ਸਮੇਂ ਜਿਨ੍ਹਾਂ ਲੋਕਾਂ ਨੂੰ ਮੇਰੇ ਬਾਰੇ ਪਤਾ ਸੀ ਉਨ੍ਹਾਂ ਵਿਚੋਂ ਕੁਝ  20 ਕੁ ਬੰਦਿਆਂ ਉਤੇ ਮੌਤ ਦਾ ਤਸ਼ੱਦਦ ਕੀਤਾ ਗਿਆ ਪਰ ਫੇਰ ਵੀ ਉਨ੍ਹਾਂ ਨੇ ਮੇਰੇ ਬਾਰੇ ਕੁਝ ਨਾ ਦੱਸਿਆ । ਉਨ੍ਹਾਂ ਦੇ ਅੰਦਰ ਇੱਕ ਰੂਹਾਨੀਅਤ ਸ਼ਕਤੀ ਸੀ ਜਿਸ ਨੇ ਉਨ੍ਹਾਂ ਨੂੰ ਸੂਰਮੇ ਬਣਾਇਆ ਤੇ ਤਸ਼ੱਦਦ ਨੂੰ ਸਹਿਣ ਕੀਤਾ ।ਜੇਕਰ ਉਨ੍ਹਾਂ ਵਿਚੋਂ ਕੋਈ ਇਕ ਵੀ ਮੇਰੇ ਬਾਰੇ ਦੱਸ ਦਿੰਦਾ ਤਾ ਮੈਂ ਉਦੋਂ ਹੀ ਫੜਿਆ ਜਾਣਾ ਸੀ ।

ਕਿਹੜਾ ਦੌਰ ਕਾਲਾ ?

ਖ਼ਾਲਿਸਤਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਵਿੱਚ ਸਮੁੱਚੀ ਲੋਕਾਈ ਦੀ ਗੱਲ ਸ਼ਾਮਲ ਹੈ । ਜਿਸ ਵਿੱਚ ਸਭ ਨੂੰ ਨਿਆਂ ਬਰਾਬਰੀ ਦੇ ਕੇ ਤੇ ਸ਼ੋਸ਼ਣ ਦਾ ਅੰਤ ਕੀਤਾ ਜਾਵੇ  ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਦਿੱਤੀ ਜਾਵੇ ਨਾ ਕਿ ਅਜੋਕੇ ਸਮੇਂ ਵਾਲੀ ਜਿਹੜੀ ਕਿ ਇਕ ਮੁਰਦੇ ਵਾਲੀ ਜ਼ਿੰਦਗੀ ਜੀਅ ਰਹੇ ਹਾਂ । ਆਪਣੇ ਵਿੱਚੋਂ ਹੀ ਕਈ ਬੰਦੇ ਉਸ ਸਮੇਂ ਨੂੰ ਕਾਲਾ ਦੌਰ ਆਖਦੇ ਹਨ । ਪਰ ਉਸ ਸਮੇਂ ਨੂੰ ਅਸੀਂ ਕਾਲਾ ਦੌਰ ਕਿਵੇਂ ਆਖ ਸਕਦੇ ਹਾਂ ਜਦੋਂ ਸੂਰਮੇ ਜੰਗਾਂ ਲੜਦੇ ਸਨ ਸ਼ਹਾਦਤਾਂ ਦਿੰਦੇ ਸਨ । ਐਨੇ ਵੱਡੇ ਤਸ਼ੱਦਦ ਸਹਿ ਕੇ ਵੀ ਕੁਝ ਨਹੀਂ ਦੱਸ ਰਹੇ ਸਨ ਤੇ ਇਤਿਹਾਸ ਨੂੰ ਦੁਹਰਾ ਰਹੇ ਸਨ । ਹੱਕ ਸੱਚ ਦੇ ਲਈ ਆਵਾਜ਼ ਉਠਾ ਕੇ  ਸ਼ਾਨਾਮੱਤੀ ਸੰਘਰਸ਼  ਕਰ ਰਹੇ ਸਨ। ਪਰ ਅੱਜ ਦੇ ਸਮੇਂ ਜਦੋਂ ਲੋਕ ਆਤਮਹੱਤਿਆ ਕਰ ਰਹੇ, ਨਸ਼ੇ ਕਰ ਰਿਹੈਂ, ਐਕਸੀਡੈਂਟ ਨਾਲ ਮਰ ਰਹੇ ਨੇ, ਬਿਮਾਰੀਆਂ ਨਾਲ  ਜ਼ਿੰਦਗੀ ਬਤੀਤ ਕਰ ਰਹੇ ਹਨ । ਉਸ ਸਮੇਂ ਦੇ ਨਾਲੋਂ ਅੱਜ ਦੇ ਸਮੇਂ ਚਾਰ ਗੁਣਾ ਲੋਕ ਵੱਧ ਮਰ ਰਹੇ ਹਨ  ਫਿਰ ਅਸੀਂ ਕਿਸ ਸਮੇਂ ਨੂੰ ਕਾਲਾ ਦੌਰ ਤੇ ਕਿਸ ਸਮੇਂ ਨੂੰ ਸੁਨਹਿਰੀ ਦੌਰ ਆਖਾਂਗੇ ।

ਸੰਘਰਸ਼ ਵਿਚ ਕੌਣ ਮਾਰੇ ?

ਉਸ ਸਮੇਂ ਜਿਹੜੇ ਵੀ ਲੋਕ ਮਾਰੇ ਗਏ ਅਸੀਂ ਇਹ ਦੇਖ ਕੇ ਨਹੀਂ ਮਾਰੇ ਕਿ ਉਹ ਸਿੱਖ ਸੀ ਜਾਂ ਹਿੰਦੂ ਸੀ । ਉਸ ਸਮੇਂ ਅਸੀਂ ਇਹ ਦੇਖਿਆ ਕਿ ਉਸ ਦਾ ਕਸੂਰ ਕੀ ਸੀ ਉਹ ਕਿਹੜੇ ਪਾਸੇ ਖੜ੍ਹਾ ਸੀ । ਸਾਡਾ ਸੰਘਰਸ਼ ਨਾ ਤਾਂ ਹਿੰਦੂਆਂ ਦੇ ਖ਼ਿਲਾਫ਼ ਸੀ ,ਨਾ ਹੀ ਹਿੰਦੋਸਤਾਨ ਦੇ ਖਿਲਾਫ  ਅਤੇ ਨਾ ਹੀ ਕਿਸੇ ਧਰਮ ਦੇ ਖ਼ਿਲਾਫ਼ ਸੀ ।  ਜਿਹੜੇ ਬੰਦੇ ਦਿੱਲੀ ਤਖ਼ਤ ਦੇ ਨਾਲ ਖੜ੍ਹਦੇ ਸਨ ਪੰਜਾਬ ਦੇ ਖ਼ਿਲਾਫ਼ ਖੜ੍ਹੇ ਹੁੰਦੇ  ਸਨ ਤੇ ਖ਼ਾਲਸਾ ਰਾਜ ਦੇ ਖ਼ਿਲਾਫ਼ ਖੜ੍ਹੇ ਸਨ ਉਹ ਚਾਹੇ ਹਿੰਦੂ ਸਨ ਚਾਹੇ ਸਿੱਖ ,ਸਾਡੇ ਨਾਲ ਅੱਗੇ ਹੋ ਕੇ ਜਦੋਂ ਉਹ ਲੜੇ ਤਾਂ ਸਾਨੂੰ ਉਹ ਮਾਰਨੇ ਪਏ। ਕੋਈ ਵੀ ਚੋਣਵੇਂ ਨਹੀਂ ਮਾਰੇ ਜਿੱਥੇ ਕੀਤੇ ਚੋਣਵੇਂ ਮਾਰੇ ਗਏ ਉਹ ਕਿਸੇ ਗਰੁੱਪ ਵੱਲੋਂ ਜਾਂ ਗੁੱਸੇ ਵਿੱਚ ਹੋਈ ਕਾਰਵਾਈ ਸੀ ਪਰ ਸੰਘਰਸ਼ ਦੇ ਦੌਰਾਨ  ਕਿਸੇ ਵੀ ਲੀਡਰਸ਼ਿਪ ਦੀ ਅਜਿਹੀ  ਕੋਈ ਵੀ ਮਾਨਸਿਕਤਾ ਨਹੀਂ ਸੀ ਕਿ ਕਿਸੇ  ਘੱਟ ਗਿਣਤੀਆਂ ਨੂੰ ਟਾਰਗੈਟ ਕਰ ਕੇ ਮਾਰਿਆ  ਜਾਵੇ ।

ਕੀ ਖੱਟਿਆ ਕੀ ਖੱਟਣਾ ਸੀ  ?

ਜਿਨ੍ਹਾਂ ਰੂਹਾਂ ਨੇ ਸੰਘਰਸ਼ ਕਰਨਾ ਹੁੰਦਾ ਉਨ੍ਹਾਂ ਨੇ ਰਾਹ ਪਹਿਲਾਂ ਹੀ ਚੁਣੇ ਹੁੰਦੇ ਹਨ । ਮੈਂ ਨਾ ਕਿਸੇ ਲਾਲਚ ਨਾਲ ਗਿਆ ਤੇ ਨਾ ਹੀ ਕੋਈ ਮੈਨੂੰ ਲੈ ਕੇ ਗਿਆ  ।ਸ਼ਹਾਦਤ ਤੋਂ ਵੱਡਾ ਰਾਹ ਹੋਰ ਕਿਹੜਾ ਹੋ ਸਕਦਾ ਹੈ । ਪਿੱਛੇ ਜਿਹੇ ਮੈਂ ਕਿਸੇ ਸ਼ਹੀਦੀ ਸਮਾਗਮ ਦੇ ਇਕੱਠ ਵਿੱਚ ਗਿਆ ਤਾਂ ਉੱਥੇ ਇੱਕ ਵੱਡੀ ਸ਼ਖ਼ਸੀਅਤ ਵਾਲੇ ਦੇ ਪੁੱਤਰ ਨੇ ਮੈਨੂੰ ਵੇਖ ਕੇ  ਕਿਹਾ, ਕੀ ਤੁਸੀਂ ਇਸ ਸੰਘਰਸ਼ ਵਿੱਚੋਂ ਕੀ ਖੱਟਿਆ ?ਉਸ ਸਮੇਂ ਤਾਂ ਮੈਂ ਕੁਝ ਨਹੀਂ ਕਿਹਾ ਪਰ ਮੈਨੂੰ ਅੰਦਰੋ ਅੰਦਰ ਅਫ਼ਸੋਸ ਹੋਇਆ ਕਿ ਐਨੀ ਵੱਡੀ ਸ਼ਖ਼ਸੀਅਤ ਤੇ ਸ਼ਹੀਦ ਘਰ ਦੇ ਮੈਂਬਰ ਹੋਣ ਦੇ ਨਾਤੇ ਕਿਹੋ ਜਿਹੀਆਂ ਗੱਲਾਂ ਆਖ ਰਿਹਾ ਹੈ । ਜੋ ਵੀ ਨੌਜਵਾਨ ਉਥੇ ਆਏ ਸੀ ਪੰਥ ਦੇ ਲਈ ਆਏ ਸੀ ਗੁਰੂ ਲਈ ਆਏ ਸਨ, ਖ਼ਾਲਸੇ ਦੇ ਬੋਲਬਾਲੇ ਲਈ ਆਏ ਸਨ ਤੇ ਖ਼ਾਲਿਸਤਾਨ ਦੇ ਲਈ ਆਏ ਸੀ, ਕੁਝ ਆਪਣਾ ਨਿਜੀ ਬਣਾਉਣ ਦੇ ਲਈ ਨਹੀਂ ਆਏ ਸਨ ,ਨਿੱਜੀ ਤਾਂ ਅਸੀਂ ਆਪਣੀ ਛੱਡ ਕੇ ਆਏ ਸਨ  । ਖੱਟਣਾ ਕੀ ਸੀ ਉਹ ਤਾਂ ਸਾਡੇ ਲਈ ਸੰਘਰਸ਼ ਸੀ ਤੇ ਖੁਸ਼ੀ ਵਾਲੇ ਪਲ ਸਨ ਜਦੋਂ ਅਸੀਂ ਐਡੇ ਸੋਹਣੇ  ਉੱਚੀ ਸੁਰਤ ਦੇ ਬੰਦਿਆਂ ਨਾਲ ਰਹੇ ਤੇ ਉਨ੍ਹਾਂ ਦਾ ਸਾਥ ਮਾਣਿਆ ਹੈ । ਸ਼ਹਾਦਤਾਂ ਦੇਣ ਵਾਲਿਆਂ ਦੇ ਸਾਥੀ ਰਹੇ ਹਾਂ ,ਸਿੱਖੀ ਵਿਚ ਤਾਂ ਸ਼ਹਾਦਤ ਦਾ ਬਹੁਤ ਵੱਡਾ ਰੁਤਬਾ ਹੈ । ਜੇਕਰ ਅਜਿਹੀ ਨੀਵੀਂ ਸੋਚ ਵਾਲੇ ਇਨਸਾਨ ਸ਼ਹਾਦਤ ਨੂੰ ਨੁਕਸਾਨ ਗਿਣਦੇ ਨੇ ਤੇ ਖੱਟੀਆਂ ਨੂੰ ਤਾਂ ਇਹ ਦੁਨਿਆਵੀ ਸੋਚ ਰੱਖਣ ਵਾਲੇ ਜਾਇਦਾਦਾਂ ਨੂੰ ਹੀ ਖੱਟਣਾ ਆਖਦੇ ਹਨ । ਪਰ ਸਾਡੇ ਗੁਰਬੇ ਵਿੱਚ ਅਜਿਹੀ ਕੋਈ ਗੱਲ ਨਹੀਂ ,ਬੇਸ਼ਕ ਸਾਨੂੰ ਸੰਘਰਸ਼ ਦੇ ਦੌਰਾਨ ਸਟੇਟ ਨੇ ਅਜਿਹੀਆਂ ਬਹੁਤ ਜ਼ਿਆਦਾ ਆਫਰਾਂ ਦਿਤੀਆਂ ਸਨ। ਪਰ ਇਹ ਸਾਡਾ ਰਾਹ ਨਹੀਂ ਸੀ ਸਾਨੂੰ ਤਾਂ ਪਾਤਸ਼ਾਹੀ ਗੁਰੂ ਵੱਲੋਂ ਬਖਸ਼ੀ ਗਈ ਸੀ ਨਾ ਕਿ ਸਾਨੂੰ ਦਿੱਲੀ ਤਖ਼ਤ ਨੇ ਦੇਣੀ ਸੀ ।

*ਹੁਣ ਦਾ ਸੰਘਰਸ਼*

ਅੱਜ ਵੀ ਅਸੀਂ ਜੰਗ ਵਿੱਚ ਹੀ ਹੈ । ਕਈ ਲੋਕ ਆਖ ਦਿੰਦੇ ਹਨ ਕੀ ਤੁਸੀਂ ਸੰਘਰਸ਼ ਦੇ ਦੌਰਾਨ ਇਹ ਗਲਤੀਆਂ ਕੀਤੀਆਂ ਇਸ ਦਾ ਜਵਾਬ ਦਿਓ । ਪਹਿਲੀ ਗੱਲ ਤਾਂ ਇਹ ਕਿ ਜੰਗ, ਜੰਗ ਹੀ ਹੈ ਤੇ ਇਹ ਜਾਰੀ ਹੈ । ਉਸ ਸਮੇਂ ਜੰਗ ਹਥਿਆਰਾਂ ਨਾਲ ਸੀ ਬਿਲਕੁਲ ਜਾਇਜ਼ ਸੀ । ਕੌਮ ਦਾ ਹੁਕਮ ਸੀ ਪੰਥ ਦੀ ਅਰਦਾਸ ਸਾਡੇ ਪਿੱਛੇ ਸੀ ਇਸ ਲਈ ਜੰਗ ਕੀਤੀ । ਹੁਣ ਉਸ ਦੀ ਆਗਿਆ ਨਹੀਂ ਹੈ ਤੇ ਨਾ ਹੀ ਸਮਾਂ ਹੈ। ਪੰਥ ਤੇ ਪੰਜਾਬ ਦਾ ਇਸ ਵਿੱਚ ਹੀ ਭਲਾ ਹੈ ਕੀ ਅਸੀਂ ਉਸ ਜੰਗ ਨੂੰ  ਆਪਣੇ ਅਮਲਾਂ ਰਾਹੀਂ ਆਪਣੇ ਵਿਚਾਰਾਂ ਰਾਹੀਂ  ਲੜੀਏ । ਹੁਣ ਖ਼ਾਲਿਸਤਾਨ ਦਾ ਨਾਅਰਾ ਲਾਉਣਾ ਵੀ ਜ਼ਰੂਰੀ ਹੁੰਦਾ  ਮੈਂ ਨਾਅਰੇ ਦੇ ਖ਼ਿਲਾਫ਼ ਨਹੀਂ ਹੈ ਪਰ ਉਸ ਨਾਅਰੇ ਦੇ ਖ਼ਿਲਾਫ਼ ਹਾਂ ਜਿਸ ਦੇ ਪਿੱਛੇ ਕੋਈ  ਕੋਈ ਧਾਰਨਾ ਨਹੀਂ ਹੈ ਤੇ ਨਾ ਹੀ ਕੋਈ ਜੜ੍ਹ ਹੈ ।ਸਿਰਫ਼ ਕਿਸੇ ਨੂੰ ਡਰਾਉਣ ਦੇ ਲਈ ਜਾਂ ਸ਼ੋਹਰਤ ਕਮਾਉਣ ਦੇ ਲਈ ਨਾਅਰਾ  ਨਹੀਂ ਲਾਇਆ ਜਾਂਦਾ, ਪਤਾ ਨਹੀਂ ਕਿਸ ਪਿੱਛੇ ਨਾਅਰੇ ਲਾ ਦਿੰਦੇ ਹਨ ਜਿਸ ਪਿੱਛੇ ਕੁਝ ਹੋਵੇ ਹੀ ਨਾ । ਨਾਅਰਾ ਲਾਓ ਨਾਅਰਾ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਜ਼ਰੂਰੀ ਹੈ ਕਿ ਤੁਸੀਂ ਖ਼ਾਲਿਸਤਾਨ ਨੂੰ ਜਿਊਣਾ ਹੈ। ਅਸੀ ਖ਼ਾਲਿਸਤਾਨ ਦੇ ਸੰਘਰਸ਼ ਵਿਚ ਜੀਅ ਰਹੇ ਹਾਂ, ਹਰ ਇਕ ਪਲ ਨਾਲ ਤੇ ਇਸ ਦੇ ਲਈ ਵੀ ਪਿੱਛੇ ਨਹੀਂ ਹਟੇ,ਸਦਾ ਸਮੁੱਚੀ ਅਰਦਾਸ ਦੇ ਨਾਲ ਖੜ੍ਹੇ ਹਾਂ । ਅਸੀਂ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਪਛਾਣ ਦੇ ਹਾਂ । ਜੰਗ ਜਾਰੀ ਹੈ ,ਵਿਚਾਰਾਂ ਤੇ ਅਮਲਾਂ ਦੇ ਰਾਹੀਂ । ਇਹ ਕੋਈ ਪਤਾ ਨਹੀਂ ਕਿ ਅਗਲਾ ਸਮਾਂ ਕਿਵੇਂ ਦਾ ਹੋਵੇਗਾ ।ਇਹ ਗੁਰੂ ਹੀ ਸਭ ਜਾਣਦਾ ਹੈ ਜਦੋਂ ਉਸ ਦਾ ਹੁਕਮ ਹੋਵੇਗਾ ਉਸ ਨੇ ਆਪ ਹੀ ਸਭ ਕੁਝ ਕਰਵਾ ਲੈਣਾ ਹੈ । ਸ਼ਹਾਦਤਾਂ ਪਾਉਣ ਵਾਲਿਆਂ ਦੇ ਭਾਗ ਵੱਡੇ ਸਨ ਅਤੇ ਉਨ੍ਹਾਂ ਤੋਂ ਪਿੱਛੇ ਅਸੀਂ ਬੈਠੇ ਹਾਂ ।ਅਸੀਂ ਬਿਲਕੁਲ ਉੱਥੇ ਹੀ ਖੜ੍ਹੇ ਹਾਂ ਤੇ ਉਥੇ ਹੀ ਜੁੜੇ ਹਾਂ। ਦੁਨਿਆਵੀ ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ ਹਨ ਪਰ ਖ਼ਾਲਸਾ ਪੰਥ ਅਜਿੱਤ ਹੈ ਤੇ ਸਦਾ ਗੁਰੂ ਦੇ ਨਾਲ ਹੈ । ਰਾਹ ਖੁੱਲ੍ਹ ਰਹੇ ਹਨ, ਸੰਭਾਵਨਾਵਾਂ ਵਧ ਰਹੀਆਂ ਹਨ, ਸਾਨੂੰ ਆਪਣੇ ਆਪੇ ਨੂੰ ਪਛਾਣਨ ਦੀ ਲੋੜ ਹੈ ਕੀ ਅਸੀਂ ਕੀ ਕਰ ਰਹੇ ਹਾਂ  ।ਗੱਲ ਇੱਥੇ ਹੀ ਨਿੱਬੜਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਪੰਥ ਦੇ ਲਈ  ?