30 ਸਾਲਾ ਮਾਂ ਵਿਰੁੱਧ 3 ਬੱਚਿਆਂ ਨੂੰ ਡਬੋ ਕੇ ਮਾਰਨ ਦੇ ਦੋਸ਼ਾਂ ਤਹਿਤ ਕਤਲ ਸਮੇਤ ਹੋਰ ਦੋਸ਼ ਆਇਦ

30 ਸਾਲਾ ਮਾਂ ਵਿਰੁੱਧ 3 ਬੱਚਿਆਂ ਨੂੰ ਡਬੋ ਕੇ ਮਾਰਨ ਦੇ ਦੋਸ਼ਾਂ ਤਹਿਤ ਕਤਲ ਸਮੇਤ ਹੋਰ ਦੋਸ਼ ਆਇਦ

ਮਾਂ ਨੇ ਰਿਸ਼ਤੇਦਾਰਾਂ ਸਾਹਮਣੇ ਆਪਣਾ ਗੁਨਾਹ ਕਬੂਲਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 17 ਸਤੰਬਰ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਕੋਨੀ ਟਾਪੂ ਦੀ ਬੀਚ 'ਤੇ ਇਸ ਹਫਤੇ ਦੇ ਸ਼ੁਰੂ ਵਿਚ ਮਿਲੀਆਂ 3 ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ ਵਿਚ ਬੱਚਿਆਂ ਦੀ 30 ਸਾਲਾ ਮਾਂ ਏਰਿਨ ਮੇਰਡੀ ਵਿਰੁੱਧ ਕਥਿੱਤ ਤੌਰ 'ਤੇ ਬੱਚਿਆਂ ਨੂੰ ਡਬੋ ਕੇ ਕਤਲ ਕਰਨ ਤੋਂ ਇਲਾਵਾ ਹੋਰ ਧਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਜਾਂਚ ਪੜਤਾਲ ਉਪਰੰਤ ਏਰਿਨ ਮੇਰਡੀ ਵਿਰੁੱਧ ਪਹਿਲਾ ਦਰਜਾ ਕਤਲ ਤੋਂ ਇਲਾਵਾ ਹਰੇਕ ਮਾਮਲੇ ਵਿਚ ਦੂਸਰਾ ਦਰਜਾ ਕਤਲ ਤੇ ਮਨੁੱਖੀ ਜੀਵਨ ਪ੍ਰਤੀ ਬੇਰਹਿਮੀ ਵਰਤਣ ਦੇ ਦੇਸ਼ਾਂ ਤਹਿਤ ਮਾਮਲਾ ਦਰਜ ਕਰਕੇ  ਨਿਊਯਾਰਕ ਪੁਲਿਸ ਵਿਭਾਗ ਦੇ ਅਫਸਰਾਂ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ।  ਏਰਿਨ ਜੋ ਲੂਥਰਨ ਮੈਡੀਕਲ ਸੈਂਟਰ ਹਸਪਤਾਲ ਵਿਚ ਦਾਖਲ ਸੀ,ਨੂੰ ਬਰੁਕਲਿਨ ਕ੍ਰਿਮੀਨਲ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਵਾਪਿਸ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ।  ਪੇਸ਼ੀ ਦੌਰਾਨ ਜੱਜ ਅਰਚਨਾ ਰਾਓ ਨੇ ਕੁਝ ਸਵਾਲ ਪੁੱਛੇ ਜਿਸ ਦਾ ਉਸ ਨੇ ਜਵਾਬ ਕੇਵਲ ਹਾਂ ਵਿਚ ਦਿੱਤਾ। ਇਸ ਤੋਂ ਵਧ ਉਹ ਕੁਝ ਨਹੀਂ ਬੋਲੀ। ਪੇਸ਼ੀ ਸਮੇ ਉਸ ਦਾ ਵਕੀਲ ਵੀ ਹਾਜਰ ਸੀ ਜਿਸ ਨੇ ਮਾਮਲੇ 'ਤੇ ਕੋਈ ਟਿਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਸ ਨੂੰ ਅਗਲੇ ਹਫਤੇ ਮੰਗਲਵਾਰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ । ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਡੇਵਿਡ ਇੰਗਲ ਨੇ ਕਿਹਾ ਹੈ ਕਿ ਏਰਿਨ ਨੇ ਆਪਣੇ ਰਿਸ਼ਤੇਦਾਰਾਂ ਸਾਹਮਣੇ ਆਪਣੇ ਬੱਚਿਆਂ ਨੂੰ ਮਾਰਨ ਦੀ ਗੱਲ ਕਬੂਲੀ ਹੈ ਤੇ ਇਹ ਵੀ ਸੱਚ ਹੈ ਕਿ ਬੱਚੇ ਉਸ ਕੋਲ ਹੀ ਰਹਿੰਦੇ ਸਨ।  ਏਰਿਨ ਵੱਲੋਂ ਆਪਣਾ ਗੁਨਾਹ ਕਬੂਲ ਕਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸੱਦਿਆ ਸੀ। ਮਾਰੇ ਗਏ ਬੱਚਿਆਂ ਦੀ ਉਮਰ 3,4 ਤੇ 7 ਸਾਲ ਸੀ ਜਿਨਾਂ ਵਿਚ ਇਕ ਲੜਕਾ ਤੇ ਦੋ ਲੜਕੀਆਂ ਸ਼ਾਮਿਲ ਹਨ।