‘ਆਪ’ ਵੱਲੋਂ ਧਮਕੀ- ਜੇਕਰ ਮੁੱਦੇ ਨਾ ਉਠਾਉਣ ਦਿੱਤੇ ਤਾਂ ਸਦਨ ਦੇ ਬਾਹਰ ਬਰਾਬਰ ਸੈਸ਼ਨ ਚਲਾਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਨੇ ਧਮਕੀ ਦਿੱਤੀ ਹੈ ਕਿ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੌਰਾਨ ਕੈਪਟਨ ਸਰਕਾਰ ਨੇ ਵਿਰੋਧੀ ਧਿਰ ਨੂੰ ਮੁੱਦੇ ਉਠਾਉਣ ਦੀ ਇਜ਼ਾਜਤ ਨਾ ਦਿੱਤੀ ਤਾਂ ‘ਆਪ’ ਵਿਧਾਇਕ ਸਦਨ ਦੇ ਬਾਹਰ ਬਰਾਬਰ ਸੈਸ਼ਨ ਚਲਾ ਕੇ ਲੋਕ ਮੁੱਦੇ ਉਠਾਉਣਗੇ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐੱਚ ਐੱਸ ਫੂਲਕਾ ਅਤੇ ਪਾਰਟੀ ਦੇ ਹੋਰ ਵਿਧਾਇਕਾਂ ਅਮਨ ਅਰੋੜਾ, ਪਿਰਮਲ ਸਿੰਘ, ਜਗਤਾਰ ਸਿੰਘ ਹੀਸੋਵਾਲ, ਕੁਲਵੰਤ ਸਿੰਘ ਪੰਡੋਰੀ ਤੇ ਅਮਰਜੀਤ ਸਿੰਘ ਸੰਦੋਆ ਨੇ ਐਲਾਨ ਕੀਤਾ ਕਿ ਜੇ ਕੈਪਟਨ ਸਰਕਾਰ ਨੇ ਨਿਯਮਾਂ ਅਨੁਸਾਰ ਵਿਧਾਨ ਸਭਾ ਦੀਆਂ ਘੱਟੋ-ਘੱਟ 40 ਸਾਲਾਨਾ ਬੈਠਕਾਂ ਕਰਵਾ ਕੇ ਉਨ੍ਹਾਂ ਨੂੰ ਮੁੱਦੇ ਉਠਾਉਣ ਦੀ ਇਜ਼ਾਜਤ ਨਾ ਦਿੱਤੀ ਤਾਂ ਉਹ ਵਿਧਾਨ ਸਭਾ ਤੋਂ ਬਾਹਰ ਬਰਾਬਰ ਸੈਸ਼ਨ ਚਲਾ ਕੇ ਲੋਕ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਪਹਿਲੇ ਵਿਧਾਨ ਸਭਾ ਸੈਸ਼ਨ ਦੌਰਾਨ ਹੀ ਵਿਰੋਧੀ ਧਿਰ ਨੂੰ ਮੁੱਦੇ ਉਠਾਉਣ ਦੀ ਇਜ਼ਾਜਤ ਨਾ ਦੇ ਕੇ ਪਿਛਲੀ ਬਾਦਲ ਸਰਕਾਰ ਦੇ ਰਾਹ ਪੈ ਗਈ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਪਹਿਲੀ ਮਈ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰਾਂ ‘ਤੇ ‘ਪੰਜਾਬ ਯਾਤਰਾ-ਵਿਧਾਨ ਸਭਾ ਦੇ ਮੁੱਦੇ’ ਸ਼ੁਰੂ ਕਰਕੇ ਆਮ ਜਨਤਾ ਕੋਲੋਂ ਮਸਲਿਆਂ ਦੀ ਜਾਣਕਾਰੀ ਲਈ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਹਰੇਕ ਸੈਸ਼ਨ ਤੋਂ ਪਹਿਲਾਂ ਅਜਿਹੀ ਯਾਤਰਾ ਕੱਢੀ ਜਾਵੇਗੀ।
‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਬੁਢਾਪਾ ਤੇ ਵਿਧਵਾ ਪੈਨਸ਼ਨ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਦੇਣੀ ਤਾਂ ਦੂਰ ਦੀ ਗੱਲ ਪੁਰਾਣੀ ਪੈਨਸ਼ਨ ਦਾ ਬਕਾਇਆ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਚਿਰ ਪੈਨਸ਼ਨਾਂ ਦੇਣ ਤੋਂ ਅਸਮਰੱਥ ਹਨ, ਉਦੋਂ ਤੱਕ ਆਪਣੇ ਸਲਾਹਕਾਰਾਂ ਅਤੇ ਓਐਸਡੀਜ਼ ਦੀਆਂ ਤਨਖ਼ਾਹਾਂ ਬੰਦ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਆਪਣੀ ਨਿੱਜੀ ਰੰਜ਼ਿਸ਼ ਕਾਰਨ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲ ਕੇ ਪੰਜਾਬ ਲਈ ਨਿਵੇਸ਼ ਦੇ ਵੱਡੇ ਮੌਕੇ ਖੁੰਝਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਲੋਕ ਲੰਮੇ ਬਿਜਲੀ ਕੱਟਾਂ ਕਾਰਨ ਗਰਮੀ ਵਿੱਚ ਤੜਫ ਰਹੇ ਹਨ ਤੇ ਦੂਜੇ ਪਾਸੇ ਕੈਪਟਨ ਪਾਕਿਸਤਾਨ ਨੂੰ ਬਿਜਲੀ ਵੇਚਣ ਲਈ ਉਤਾਵਲੇ ਹਨ।
ਪਾਰਟੀ ਦੀ ਸੰਵਿਧਾਨਕ ਇਕਾਈ ਬਣੇਗੀ :
ਐੱਚ ਐੱਸ ਫੂਲਕਾ ਨੇ ਕਿਹਾ ਕਿ ਵਿਧਾਇਕ ਸੁਖਪਾਲ ਖਹਿਰਾ ਵਾਂਗ ਉਹ ਵੀ ਖ਼ੁਦਮੁਖਤਿਆਰੀ ਢੰਗ ਨਾਲ ਦਿੱਲੀ ਹਾਈਕਮਾਂਡ ਦੀ ਨਿਗਰਾਨੀ ਹੇਠ ਪੰਜਾਬ ਇਕਾਈ ਬਣਾਉਣ ਦੇ ਹਾਮੀ ਹਨ। ਉਨ੍ਹਾਂ ਕਿਹਾ ਕਿ ਛੇਤੀ ਹੀ ਇਹ ਇਕਾਈ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
Comments (0)