ਦੋ ਨਾਬਾਲਗ ਧੀਆਂ ਤੇ ਪੁੱਤ ਸਮੇਤ ਕਿਸਾਨ ਵਲੋਂ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ

ਦੋ ਨਾਬਾਲਗ ਧੀਆਂ ਤੇ ਪੁੱਤ ਸਮੇਤ ਕਿਸਾਨ ਵਲੋਂ ਨਹਿਰ ‘ਚ ਛਾਲ ਮਾਰ ਕੇ ਖ਼ੁਦਕੁਸ਼ੀ

ਕੈਪਸ਼ਨ-ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਬਿਰਧ ਮਾਂ ਘਟਨਾ ਬਾਰੇ ਦੱਸਦੀ ਹੋਈ। 
ਫ਼ਰੀਦਕੋਟ/ਬਿਊਰੋ ਨਿਊਜ਼ :
ਇਥੇ ਪਿੰਡ ਮਚਾਕੀ ਮੱਲ ਕੋਲੋਂ ਲੰਘਦੀ ਨਹਿਰ ਵਿੱਚ ਪਿੰਡ ਦੇ ਕਿਸਾਨ ਨੇ ਆਪਣੀਆਂ ਦੋ ਨਾਬਾਲਗ ਧੀਆਂ ਅਤੇ ਇੱਕ ਪੁੱਤਰ ਸਮੇਤ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਦੀ ਪਛਾਣ ਜਗਜੀਤ ਸਿੰਘ (42) ਵਜੋਂ ਹੋਈ ਹੈ। ਕਿਸਾਨ ਨੇ ਆਪਣੇ ਨਾਲ ਆਪਣੀਆਂ ਦੋ ਧੀਆਂ ਹਰਮਨਵੀਰ ਕੌਰ (10), ਜਸ਼ਨਦੀਪ ਕੌਰ (8) ਅਤੇ ਪੁੱਤ ਜਗਸੀਰ ਸਿੰਘ (7) ਨੂੰ ਵੀ ਨਹਿਰ ਵਿੱਚ ਧੱਕਾ ਦੇ ਦਿੱਤਾ। ਕਿਸਾਨ ਜਗਜੀਤ ਸਿੰਘ ਅੱਠ ਲੱਖ ਰੁਪਏ ਦਾ ਕਰਜ਼ਈ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਉਸ ਦੀ ਪਤਨੀ ਸੁਖਜੀਤ ਕੌਰ ਉਸ ਨੂੰ ਛੱਡ ਕੇ ਚਲੀ ਗਈ ਸੀ।
ਕਿਸਾਨ ਜਗਜੀਤ ਸਿੰਘ ਦੀ ਮਾਂ ਗੁਰਮੇਲ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਸ ਨੇ ਬੁੱਧਵਾਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕਿਆ, ਪਰ ਬੱਚੇ ਜ਼ਿੱਦ ਕਰਕੇ ਸਕੂਲ ਚਲੇ ਗਏ। ਫੇਰ ਅਗਲੇ ਦਿਨ ਉਸ ਨੇ ਬੱਚਿਆਂ ਨੂੰ ਸਕੂਲ ਨਹੀਂ ਜਾਣ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਲੈ ਗਿਆ। ਮਗਰੋਂ ਮੋਟਰਸਾਈਕਲ ਪਿੰਡ ਕੋਲੋਂ ਲੰਘਦੀ ਨਹਿਰ ਨੇੜਿਓਂ ਮਿਲਿਆ। ਖ਼ੁਦਕੁਸ਼ੀ ਕਰਨ ਵਾਲਾ ਕਿਸਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਪਿੱਛੇ ਪਰਿਵਾਰ ਵਿੱਚ ਉਸ ਦੀ 70 ਸਾਲਾ ਬਿਰਧ ਮਾਤਾ ਤੋਂ ਬਿਨਾਂ ਹੋਰ ਕੋਈ ਨਹੀਂ ਰਿਹਾ। ਮੌਕੇ ਉੱਤੇ ਪੁੱਜੇ ਜ਼ਿਲ੍ਹਾ ਪੁਲੀਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਨਹਿਰ ਵਿਚੋਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਮੁੱਚੇ ਮਾਮਲੇ ਦੀ ਪੜਤਾਲ ਜਾਰੀ ਹੈ।
ਪਿੰਡ ਬੁਜਾੜ ਦੇ ਕਿਸਾਨ ਨੇ ਵੀ ਕੀਤੀ ਖ਼ੁਦਕੁਸ਼ੀ :
ਫਿਲੌਰ : ਇਥੋਂ ਨੇੜਲੇ ਪਿੰਡ ਬੁਜਾੜ ਦੇ ਕਿਸਾਨ ਨੇ ਕਰਜ਼ੇ ਦੀ ਵਧਦੀ ਪੰਡ ਤੋਂ ਤੰਗ ਆ ਕੇ ਖ਼ੁਦਕਸ਼ੀ ਕਰ ਲਈ। ਪੀੜਤ ਕਿਸਾਨ ਦੀ ਪਛਾਣ ਚਤਿੰਦਰ ਸਿੰਘ ਵਜੋਂ ਹੋਈ ਹੈ। ਉਹ ਪਿੰਡ ਬੁਜਾੜ ਤੇ ਪਿੰਡ ਝੰਗੀਆ ਮਹਾ ਸਿੰਘ ਦੀ ਸਾਂਝੀ ਪੰਚਾਇਤ ਦਾ ਸਰਪੰਚ ਸੀ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਕਰਜ਼ੇ ਕਾਰਨ ਉਨ੍ਹਾਂ ਦਾ ਪਿਤਾ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ ਤੇ ਪਸ਼ੂਆਂ ਵਾਲੀ ਸ਼ੈੱਡ ਦੇ ਗਾਡਰ ਨਾਲ ਫਾਹਾ ਲੈ ਲਿਆ। ਪੀੜਤ ਕਿਸਾਨ ਸਿਰ 13 ਲੱਖ ਰੁਪਏ ਦਾ ਕਰਜ਼ਾ ਸੀ।