ਗੋਲਡਨ ਗਰਲ ਰਾਜਬੀਰ ਕੌਰ ਨੇ ਫਾਈਨਾਂਸਰ ਨੂੰ ਟਿਕਟ ਦੇਣ ਦਾ ਕੀਤਾ ਵਿਰੋਧ
ਕਿਹਾ-‘ਆਪ’ ‘ਤੇ ਟਿਕਟਾਂ ਵੇਚਣ ਵਾਲਿਆਂ ਦਾ ਕਬਜ਼ਾ
ਜਲੰਧਰ/ਬਿਊਰੋ ਨਿਊਜ਼ :
‘ਆਪ’ ਆਗੂ ਤੇ ਭਾਰਤੀ ਹਾਕੀ ਟੀਮ ਵਿਚ 12 ਸਾਲ ਕਪਤਾਨ ਰਾਹੀਂ ਰਾਜਬੀਰ ਕੌਰ, ਜਿਸ ਨੂੰ ਗੋਲਡਨ ਗਰਲ ਕਰਕੇ ਵੀ ਜਾਣਿਆ ਜਾਂਦਾ ਹੈ, ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਰਟੀ ‘ਤੇ ਉਨ੍ਹਾਂ ਲੋਕਾਂ ਦਾ ਕਬਜ਼ਾ ਹੈ, ਜਿਹੜੇ ਟਿਕਟਾਂ ਵੇਚ ਰਹੇ ਹਨ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਰਹੀ ਰਾਜਬੀਰ ਕੌਰ ਨੇ ਫੇਸਬੁੱਕ ‘ਤੇ ਵੀ ‘ਆਪ’ ਖ਼ਿਲਾਫ਼ ਬਿਆਨ ਦਿੱਤੇ ਹਨ। ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਦੇ ਸਮਰਥਕਾਂ ਨੇ ‘ਆਪ’ ਵੱਲੋਂ ਇਕ ਫਾਇਨਾਂਸਰ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।
ਇਸੇ ਸਾਲ ਜੂਨ ਮਹੀਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੀ ਰਾਜਬੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਪਾਰਟੀ ਵਿਚ ਸ਼ਾਮਲ ਹੋਈ ਸੀ ਤਾਂ ਉਸ ਦੇ ਐਸਪੀ ਪਤੀ ਗੁਰਮੇਲ ਸਿੰਘ ਨੂੰ ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਜਬਰੀ ਸੇਵਾ ਮੁਕਤ ਕਰ ਦਿੱਤਾ ਸੀ। ਫਿਰ ਵੀ ਉਹ ਇਸ ਕਰਕੇ ਪਾਰਟੀ ਵਿੱਚ ਡਟੀ ਰਹੀ ਕਿਉਂਕਿ ਇਸ ਪਾਰਟੀ ਨੇ ਉਮੀਦ ਪੈਦਾ ਕੀਤੀ ਸੀ ਕਿ ਉਹ ਦੇਸ਼ ਨੂੰ ਸਾਫ਼ ਸੁਥਰੀ ਤੇ ਬਦਲਵੀਂ ਰਾਜਨੀਤੀ ਦੇਣ ਜਾ ਰਹੇ ਹਨ, ਪਰ ਟਿਕਟਾਂ ਵੇਚਣ ਦੇ ਮਾਮਲੇ ਵਿੱਚ ‘ਆਪ’ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਛਾੜ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਲੰਧਰ ਛਾਉਣੀ ਵਿਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੀ ਹੈ ਤੇ ਦੁਨੀਆ ਭਰ ਵਿਚ ਉਸ ਦੀ ਹਾਕੀ ਕਾਰਨ ਪਛਾਣ ਬਣੀ ਹੋਈ, ਪਰ ਪਾਰਟੀ ਨੇ ਉਸ ਨੂੰ ਅਣਗੌਲਿਆ ਕੀਤਾ ਹੈ।
ਇਸੇ ਤਰ੍ਹਾਂ ਕੌਮਾਂਤਰੀ ਹਾਕੀ ਖਿਡਾਰੀ ਜਗਦੀਪ ਗਿੱਲ, ਸਾਬਕਾ ਪ੍ਰਿੰਸੀਪਲ ਡਾ. ਜਸਬੀਰ ਕੌਰ ਗਿੱਲ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਸਾਬਕਾ ਪ੍ਰਧਾਨ ਆਤਮਪ੍ਰਕਾਸ਼ ਸਿੰਘ ਬਬਲੂ ਅਤੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਸਮੇਤ ਚਾਰ ਹੋਰ ਆਗੂ ਜਲੰਧਰ ਛਾਉਣੀ ਤੋਂ ਟਿਕਟ ਦੇ ਦਾਅਵੇਦਾਰ ਸਨ, ਪਰ ਇਨ੍ਹਾਂ ਨੂੰ ਅਣਗੌਲਿਆਂ ਕਰਦਿਆਂ ਪਾਰਟੀ ਵੱਲੋਂ ਇਕ ਫਾਇਨਾਂਸਰ ਐਚਐਸ ਵਾਲੀਆ ਨੂੰ ਟਿਕਟ ਦੇਣ ‘ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਇਨ੍ਹਾਂ ਆਗੂਆਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਜਲੰਧਰ ਛਾਉਣੀ ਤੋਂ ਟਿਕਟ ਨਾ ਬਦਲੀ ਗਈ ਤਾਂ ਉਹ ਪਾਰਟੀ ਦੇ ਐਲਾਨੇ ਉਮੀਦਵਾਰ ਦਾ ਤਿੱਖਾ ਵਿਰੋਧ ਕਰਨਗੇ। ਰਾਜਬੀਰ ਕੌਰ ਅਤੇ ਜਗਦੀਪ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ‘ਵਰਤੋ ਤੇ ਸੁੱਟ ਦਿਓ’ ਦੀ ਨੀਤੀ ‘ਤੇ ਚੱਲ ਰਹੀ ਹਨ।
ਨੌਕਰੀਆਂ ਵੀ ਗਈਆਂ ਤੇ ਟਿਕਟ ਵੀ ਨਹੀਂ ਮਿਲੀ :
‘ਆਪ’ ਵਿੱਚ ਸ਼ਾਮਲ ਹੋਏ ਕਈ ਆਗੂਆਂ ਨੂੰ ਆਪਣੀਆਂ ਨੌਕਰੀਆਂ ਵੀ ਛੱਡਣੀਆਂ ਪਈਆਂ ਤੇ ਟਿਕਟ ਵੀ ਨਹੀਂ ਮਿਲੀ। ਹਾਕੀ ਕੋਚ ਜਗਦੀਪ ਸਿੰਘ ਗਿੱਲ ਨੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਦੀ ਨੌਕਰੀ ਛੱਡੀ। ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਵੀ ਆਪਣੇ ਪੇਸ਼ੇ ਨੂੰ ਛੱਡ ਕੇ ਹੀ ‘ਆਪ’ ਦਾ ਪੱਲਾ ਫੜਿਆ ਸੀ। ਰਾਜਬੀਰ ਕੌਰ ਦੇ ਪਤੀ ਗੁਰਮੇਲ ਸਿੰਘ ਨੂੰ ਪੰਜਾਬ ਸਰਕਾਰ ਨੇ ਜਬਰੀ ਸੇਵਾ ਮੁਕਤ ਕਰ ਦਿੱਤਾ ਸੀ। ਮੇਜਰ ਸਿੰਘ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਖੁਦ ਉਨ੍ਹਾਂ ਨੂੰ ਜਲੰਧਰ ਛਾਉਣੀ ਤੋਂ ਚੋਣ ਲੜਨ ਲਈ ਕਿਹਾ ਸੀ ਤੇ ਬਾਅਦ ਵਿੱਚ ਪਾਰਟੀ ਦੀ 12 ਮੈਂਬਰੀ ਪ੍ਰਚਾਰ ਕਮੇਟੀ ਨੇ ਵੀ ਉਨ੍ਹਾਂ ਨੂੰ ਇਸੇ ਹਲਕੇ ਤੋਂ ਚੋਣ ਲੜਨ ਦੀ ਹਾਮੀ ਭਰੀ ਸੀ, ਪਰ ਪਰਗਟ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸੰਜੇ ਸਿੰਘ ਨੇ ਉਨ੍ਹਾਂ ਨੂੰ ਚੋਣ ਨਾ ਲੜਨ ਲਈ ਕਹਿ ਦਿੱਤਾ ਸੀ। ਮੇਜਰ ਸਿੰਘ ਨੇ ਦੋਸ਼ ਲਾਇਆ ਕਿ ‘ਆਪ’ ਵਿਚ ਵੱਡੇ ਸਾਜ਼ਿਸ਼ਕਾਰੀ ਸ਼ਾਮਲ ਹਨ ਜਿਹੜੇ ਫ਼ੈਸਲਿਆਂ ਬਾਰੇ ਪਤਾ ਨਹੀਂ ਲੱਗਣ ਦਿੰਦੇ।
Comments (0)